ਸੰਗਰੂਰ - ਸੀਨੀਅਰ ਅਕਾਲੀ ਆਗੂ ਅਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਨੇ ਦੁੱਖ ਪ੍ਰਗਟ ਕੀਤਾ ਹੈ ਕਿ ਅੱਜ ਸਿਆਸੀ ਪਾਰਟੀਆਂ ਵਲੋਂ ਆਪਣੇ ਰਾਜਸੀ ਹਿੱਤਾਂ ਨੰੂ ਮੁੱਖ ਰੱਖਿਆ ਜਾ ਰਿਹਾ ਹੈ ਅਤੇ ਪੰਜਾਬ ਦੀ ਕੋਈ ਪ੍ਰਵਾਹ ਨਹੀਂ ਕਰ ਰਿਹਾ | ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਵਿਦੇਸ਼ਾਂ ਵੱਲ ਜਾ ਰਹੀ ਹੈ, ਕਿਸਾਨ ਅਤੇ ਮੁਲਾਜ਼ਮ ਖੱਜਲ ਖੁਆਰ ਹੋ ਰਹੇ ਹਨ | ਇਨ੍ਹਾਂ ਮੁੱਦਿਆਂ 'ਤੇ ਧਿਆਨ ਦੇਣ ਦੀ ਲੋੜ ਹੈ ਜੋ ਨਹੀਂ ਦਿੱਤਾ ਜਾ ਰਿਹਾ | ਸ. ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੇ ਕਿਹਾ ਸੀ ਕਿ ਅਕਾਲੀ ਦਲ ਨੰੂ ਬਚਾਉਣ ਲਈ ਬਾਦਲ ਪਰਿਵਾਰ ਨੰੂ ਕੁਰਬਾਨੀ ਦੇ ਕੇ ਇਕ ਪਾਸੇ ਹੋ ਜਾਣਾ ਚਾਹੀਦਾ ਹੈ ਪਰ ਇਹ ਗੱਲ ਸਵੀਕਾਰ ਨਹੀਂ ਕੀਤੀ ਗਈ ਅਤੇ ਵਾਰ-ਵਾਰ ਕਹਿਣਾ ਚੰਗਾ ਵੀ ਨਹੀਂ ਲਗਦਾ | ਉਨ੍ਹਾਂ ਕਿਹਾ ਕਿ ਸੱਚ ਇਹ ਹੈ ਕਿ ਅੱਜ ਤਕਰੀਬਨ ਹਰੇਕ ਪਾਰਟੀ 'ਚ ਲੋਕਤੰਤਰ ਵਾਲੀ ਰਿਵਾਇਤ ਖ਼ਤਮ ਹੋ ਚੁੱਕੀ ਹੈ | ਉਨ੍ਹਾਂ ਮੰਨਿਆ ਕਿ ਟਕਸਾਲੀ ਆਗੂਆਂ ਵਲੋਂ ਪਾਰਟੀ ਛੱਡੇ ਜਾਣ ਨਾਲ ਪਾਰਟੀ ਨੰੂ ਨੁਕਸਾਨ ਪਹੁੰਚ ਰਿਹਾ ਹੈ | ਸ. ਢੀਂਡਸਾ ਨੇ ਕਿਹਾ ਕਿ ਅੱਜ ਪੰਜਾਬ 'ਚ ਅਕਾਲੀ ਦਲ ਹੀ ਨਹੀਂ ਸਗੋਂ ਆਮ ਆਦਮੀ ਪਾਰਟੀ ਨੰੂ ਵੀ ਫੁੱਟ ਦਾ ਸੇਕ ਝੱਲਣਾ ਪੈ ਰਿਹਾ ਹੈ | ਪੰਜਾਬ 'ਚ ਬੈਂਸ ਗਰੁੱਪ, ਖਹਿਰਾ ਗਰੁੱਪ, ਟਕਸਾਲੀ ਗਰੁੱਪ, ਬਰਗਾੜੀ ਗਰੁੱਪ ਲੋਕ ਸਭਾ ਚੋਣਾਂ ਲਈ ਆਪੋ ਆਪਣੇ ਰਾਗ ਅਲਾਪ ਰਹੇ ਹਨ ਪਰ ਇਸ ਦਾ ਫ਼ਾਇਦਾ ਕਾਂਗਰਸ ਨੰੂ ਹੋ ਸਕਦਾ ਹੈ | ਇਸ ਮੌਕੇ ਜਥੇਦਾਰ ਰਜਿੰਦਰ ਸਿੰਘ ਕਾਂਝਲਾ, ਅਮਨਵੀਰ ਸਿੰਘ ਚੈਰੀ, ਜਸ਼ਨਦੀਪ ਸਿੰਘ ਅਤੇ ਹੋਰ ਆਗੂ ਵੀ ਮੌਜੂਦ ਸਨ |


