ਜੰਮੂ - ਜੰਮੂ ਦੇ ਡਿਪਟੀ ਕਮਿਸ਼ਨਰ ਰਮੇਸ਼ ਕੁਮਾਰ ਵੱਲੋਂ ਸ਼ੁੱਕਰਵਾਰ ਨੂੰ ਜੰਮੂ ਸ਼ਹਿਰ ਵਿਚ ਕਰਫਿਊ ਲਗਾ ਦਿੱਤਾ ਗਿਆ। ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਵਿਚ 40 ਸੀਆਰਪੀਐਫ ਦੇ ਜਵਾਨ ਸ਼ਹੀਦ ਹੋਣ ਤੋਂ ਬਾਅਦ ਸ਼ਹਿਰ ਵਿਚ ਰੋਸ ਮੁਜ਼ਾਹਰਿਆਂ ਦੌਰਾਨ ਸੰਭਾਵੀ ਹਿੰਸਾ ਦੀਆਂ ਘਟਨਾਵਾਂ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ।ਫੌਜ ਦੇ ਅਧਿਕਾਰੀਆਂ ਨੇ ਸਥਾਨਕ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਲਾਅ ਐਂਡ ਅਰਡਰ ਨੂੰ ਬਣਾਈ ਰੱਖਣ ਲਈ ਅਤੇ ਫਲੈਗ ਮਾਰਚ ਕਰਨ ਲਈ ਮਦਦ ਕਰੇ। ਜੰਮੂ ਜ਼ਿਲ੍ਹੇ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਮੱਦੇ ਨਜ਼ਰ ਕਰਫਿਊ ਲਗਾਇਆ ਗਿਆ ਹੈ। ਜੰਮੂ ਵਿਚ ਰੋਸ ਮੁਜ਼ਾਹਰਿਆਂ ਦੌਰਾਨ ਸਾੜਫੂਕ ਕੀਤੇ ਜਾਣ ਦਾ ਡਰ ਹੈ, ਜਿਸ 'ਚ ਵਾਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਅਤੇ ਕਿਸੇ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਅਜਿਹੀਆਂ ਮੰਦਭਾਗੀ ਘਟਨਾਵਾਂ ਨੂੰ ਰੋਕਣ ਲਈ ਜੰਮੂ ਦੇ ਖੇਤਰ ਵਿਚ ਕਰਫਿਊ ਲਗਾਇਆ ਗਿਆ ਹੈ। ਜੰਮੂ ਸ਼ਹਿਰ 'ਚ ਕਰਫਿਊ ਲਗਾਏ ਜਾਣ ਤੋਂ ਬਾਅਦ ਇਸ ਦਾ ਸਪੀਕਰਾਂ ਰਾਹੀਂ ਐਲਾਨ ਕੀਤਾ ਗਿਆ, ਪ੍ਰੰਤੂ ਪ੍ਰਦਰਸ਼ਨਕਾਰੀ ਦੇ ਖਿੰਡਣ ਤੋਂ ਇਨਕਾਰ ਕਰ ਦਿੱਤਾ। ਜੰਮੂ ਸ਼ਹਿਰ ਦੀਆਂ ਸੜਕਾਂ ਉਤੇ ਆਵਾਜਾਈ ਬੰਦ ਰਹੀ ਅਤੇ ਸ਼ਹਿਰ ਤੇ ਮਾਰਕੀਟ ਵੀ ਪੂਰੀ ਤਰ੍ਹਾਂ ਬੰਦ ਰਹੀ। ਜੰਮੂ ਸ਼ਹਿਰ 'ਚ ਵੱਖ ਵੱਖ ਥਾਵਾਂ ਉਤੇ ਪਾਕਿਸਤਾਨ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਗਏ।
ਪਾਕਿਸਤਾਨ ਨੇ ਹਮਲੇ ਬਾਰੇ ਭਾਰਤ ਦੇ ਦਾਅਵੇ ਨਕਾਰੇ
ਇਸਲਾਮਾਬਾਦ - ਪਾਕਿਸਤਾਨ ਨੇ ਪੁਲਵਾਮਾ ਜ਼ਿਲ੍ਹੇ ’ਚ ਸੀਆਰਪੀਐੱਫ ਦੇ ਕਾਫਲੇ ’ਤੇ ਹੋਏ ਅਤਿਵਾਦੀ ਹਮਲੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਭਾਰਤ ਬਿਨਾਂ ਕਿਸੇ ਜਾਂਚ ਦੇ ਇਸਲਾਮਾਬਾਦ ਦਾ ਸਬੰਧ ਇਸ ਘਟਨਾ ਨਾਲ ਜੋੜ ਰਿਹਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਅੱਧੀ ਰਾਤ ਨੂੰ ਬਿਆਨ ਜਾਰੀ ਕਰਕੇ ਕਿਹਾ ਕਿ ਜੰਮੂ ਕਸ਼ਮੀਰ ’ਚ ਹੋਇਆ ਅਤਿਵਾਦੀ ਹਮਲਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਧਰ ਪਾਕਿਸਤਾਨ ਨੇ ਅੱਜ ਭਾਰਤੀ ਉਪ ਹਾਈ ਕਮਿਸ਼ਨਰ ਨੂੰ ਤਲਬ ਕਰਕੇ ਭਾਰਤ ਵੱਲੋਂ ਲਾਏ ਗਏ ਦੋਸ਼ਾਂ ਨੂੰ ਆਧਾਰਹੀਣ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਤੇ ਮੀਡੀਆ ਵੱਲੋਂ ਬਿਨਾਂ ਕਿਸੇ ਜਾਂਚ ਦੇ ਪਾਕਿਸਤਾਨ ਦਾ ਸਬੰਧ ਇਸ ਹਮਲੇ ਨਾਲ ਜੋੜੇ ਜਾਣ ਦੇ ਦਾਅਵੇ ਨੂੰ ਉਹ ਨਕਾਰਦੇ ਹਨ।


