ਚੰਡੀਗੜ੍ਹ - ਦੇਹਰਾਦੂਨ ਵਿਚ ਅਤੇ ਮੁਲਾਣਾ ਦੇ ਇਕ ਕਾਲਜ ਵਿਚ ਕਸ਼ਮੀਰੀ ਵਿਦਿਆਰਥੀਆਂ ਉਤੇ ਹਮਲੇ ਮਗਰੋਂ ਚੰਡੀਗੜ੍ਹ ਦੇ ਆਲੇ-ਦੁਆਲੇ ਪੰਜਾਬ ਦੇ ਕਾਲਜਾਂ ਵਿਚ ਪੜ੍ਹਦੇ ਜੰਮੂ-ਕਸ਼ਮੀਰ ਦੇ ਵਿਦਿਆਰਥੀ ਕਾਫੀ ਸੁਚੇਤ ਹੋ ਗਏ ਹਨ। ਚੰਡੀਗੜ੍ਹ ਦੇ ਵਾਸੀਆਂ ਨੇ ਆਲੇ-ਦੁਆਲੇ ਦੇ ਕਾਲਜਾਂ ’ਚ ਪੜ੍ਹਦੇ ਜੰਮੂ-ਕਸ਼ਮੀਰੀ ਵਿਦਿਆਰਥੀਆਂ ਲਈ ਘਰ ਖੋਲ੍ਹ ਦਿੱਤੇ ਹਨ। ਗੁਰਦੁਆਰੇ ਵੀ ਇਸ ਕਾਰਜ ’ਚ ਹਿੱਸੇਦਾਰ ਬਣ ਰਹੇ ਹਨ। ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਅਜੇ ਪੰਜਾਬੀ ਵਿਭਾਗ ਦੇ ਵਿਦਿਆਰਥੀ ਵਿਜੈ ਨੇ ਦੱਸਿਆ ਕਿ ਉਹ ਹੋਰ ਵਿਦਿਆਰਥੀਆਂ ਨਾਲ ਰਲ ਕੇ ਇਨ੍ਹਾਂ ਦੀ ਸੁਰੱਖਿਆ ਅਤੇ ਰਿਹਾਇਸ਼ ਦੇ ਪ੍ਰਬੰਧਾਂ ਵਿਚ ਜੁਟੇ ਹੋਏ ਹਨ। ਵਿਜੇ ਨੇ ਦੱਸਿਆ ਕਿ ਦੇਹਰਾਦੂਨ ਵਿਚ ਕਸ਼ਮੀਰੀ ਵਿਦਿਆਰਥੀਆਂ ਦੀ ਖਿੱਚਧੂਹ ਕੀਤੇ ਜਾਣ ਕਾਰਨ ਉਨ੍ਹਾਂ ਵਿਚ ਖੌਫ ਹੈ ਤੇ 700 ਦੇ ਕਰੀਬ ਇਹ ਵਿਦਿਆਰਥੀ ਦਿੱਲੀ ਤੇ ਚੰਡੀਗੜ੍ਹ ਲਈ ਚੱਲੇ ਹੋਏ ਹਨ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਤੇ ਇਸ ਦੇ ਆਸ-ਪਾਸ ਦੇ ਕਾਲਜਾਂ ਵਿਚ ਪੜ੍ਹ ਰਹੇ ਕਸ਼ਮੀਰੀ ਵਿਦਿਆਰਥੀ ਕੁਝ ਹੱਦ ਤਕ ਸੰਗਠਿਤ ਹੋ ਰਹੇ ਹਨ ਤੇ ਖਤਰਾ ਭਾਂਪਦਿਆਂ ਫੌਰੀ ਇਕ-ਦੂਜੇ ਨਾਲ ਸੰਪਰਕ ਕਰ ਲੈਂਦੇ ਹਨ। ਵੱਡੀ ਗਿਣਤੀ ਵਿਦਿਆਰਥੀਆਂ ਲਈ ਮੁਹਾਲੀ-ਸੋਹਾਣਾ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਵਿਚ ਰਿਹਾਇਸ਼ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਚੰਡੀਗੜ੍ਹ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਮਰਿੰਦਰ ਸਿੰਘ ਦੇ ਯਤਨਾਂ ਨਾਲ ਗੁਰਦੁਆਰਾ ਸਿੰਘ ਸ਼ਹੀਦਾਂ ਵਿਚ ਰਿਹਾਇਸ਼ ਦੇ ਇਹ ਪ੍ਰਬੰਧ ਕੀਤੇ ਜਾ ਰਹੇ ਹਨ। ਗੁਰਦੁਆਰੇ ਦੇ ਸਾਬਕਾ ਪ੍ਰਧਾਨ ਸੰਤ ਸਿੰਘ ਨੇ ਦੱਸਿਆ ਕਿ ਚਾਰ ਕਮਰੇ ਹਾਲ ਦੀ ਘੜੀ ਵਿਦਿਆਰਥੀਆਂ ਲਈ ਰੱਖੇ ਗਏ ਹਨ ਤੇ ਉਨ੍ਹਾਂ ਲਈ ਲੰਗਰ ਤੇ ਰਿਹਾਇਸ਼ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ 40-50 ਦੇ ਕਰੀਬ ਬੱਚਿਆਂ ਵਿਚ 10-15 ਲੜਕੇ ਹਾਲੇ ਇਥੇ ਠਹਿਰੇ ਹਨ ਅਤੇ ਬੱਚਿਆਂ ਦੇ ਦੱਸਣ ਮੁਤਾਬਕ ਕੁਝ ਵਿਦਿਆਰਥੀ ਹਾਲੇ ਪੁੱਜ ਰਹੇ ਹਨ। ਕੁਝ ਵਿਦਿਆਰਥੀ ਜੰਮੂ ਵੱਲ ਰਵਾਨਾ ਹੋ ਗਏ ਹਨ। ਵਿਦਿਆਰਥੀਆਂ ਵਿਚ ਲੜਕੀਆਂ ਵੀ ਸਨ, ਪਰ ਉਹ ਘਰਾਂ ਵੱਲ ਰਵਾਨਾ ਹੋ ਗਈਆਂ ਹਨ। ਸ੍ਰੀ ਅਮਰਿੰਦਰ ਸਿੰਘ ਅਨੁਸਾਰ ਜੇਕਰ ਹੋਰ ਵਿਦਿਆਰਥੀ ਪੁੱਜਦੇ ਹਨ ਤਾਂ ਹੋਰ ਗੁਰੂਘਰਾਂ ’ਚ ਉਨ੍ਹਾਂ ਦੀ ਰਿਹਾਇਸ਼ ਦੇ ਪ੍ਰਬੰਧ ਕੀਤੇ ਜਾਣਗੇ।
ਵਿਜੈ ਅਨੁਸਾਰ ਉਨ੍ਹਾਂ ਨਾਲ ਉੱਤਰ ਪੂਰਬੀ ਰਾਜਾਂ ਦੇ ਵਿਦਿਆਰਥੀ ਅਤੇ ਪੰਜਾਬ ਦੇ ਵਿਦਿਆਰਥੀ ਪੂਰਾ ਸਾਥ ਦੇ ਰਹੇ ਹਨ। ਪੁਲਵਾਮਾ ਵਿਚ ਆਤਮਘਾਤੀ ਹਮਲੇ ਮਗਰੋਂ ਕਸ਼ਮੀਰ ਦੇ ਵਿਦਿਆਰਥੀਆਂ ਉਤੇ ਇਹ ਹਮਲੇ ਸ਼ੁਰੂ ਹੋਏ ਦੱਸੇ ਜਾ ਰਹੇ ਹਨ। ਚੰਡੀਗੜ੍ਹ ਦੇ ਕੁਝ ਪ੍ਰੋਗਰੈਸਿਵ ਤੇ ਲੋਕ-ਪੱਖੀ ਜਥੇਬੰਦੀਆਂ ਨਾਲ ਜੁੜੇ ਲੋਕਾਂ ਨੇ ਆਪਣੇ ਘਰ ਵੀ ਇਨ੍ਹਾਂ ਲਈ ਖੋਲ੍ਹੇ ਹਨ। ਇਸ ਤੋਂ ਪਹਿਲਾਂ ਬੰਗਲੌਰ ਵੱਸਦੇ ਅੰਗਰੇਜ਼ੀ ਦੇ ਨਾਵਲਕਾਰ ਅਮਨਦੀਪ ਸਿੰਘ ਸੰਧੂ ਨੇ ਇਹ ਵਰਤਾਰਾ ਵਾਪਰਨ ਦੀ ਸੂਹ ਮਿਲਦਿਆਂ ਸਾਰ ਆਪਣਾ ਘਰ ਇਨ੍ਹਾਂ ਨੌਜਵਾਨਾਂ ਲਈ ਖੁੱਲ੍ਹਾ ਹੋਣ ਦੀ ਪੋਸਟ ਸੋਸ਼ਲ ਮੀਡੀਆ ’ਤੇ ਪਾਈ ਸੀ। ਹੁਣ ਵੱਖ-ਵੱਖ ਗੁਰਦੁਆਰੇ ਅਤੇ ਲੋਕ, ਵਿਦਿਆਰਥੀ ਜਥੇਬੰਦੀਆਂ ਇਨ੍ਹਾਂ ਦੇ ਹੱਕ ਵਿਚ ਅੱਗੇ ਆ ਰਹੀਆਂ ਹਨ। ਲੋਕਗੀਤ ਪ੍ਰਕਾਸ਼ਨ ਦੇ ਹਰੀਸ਼ ਜੈਨ ਨੇ ਵੀ ਜੰਮੂ-ਕਸ਼ਮੀਰ ਵਿਚਲੇ ਆਪਣੇ ਦੋਸਤਾਂ ਨੂੰ ਸੁਨੇਹੇ ਦੇ ਕੇ ਆਪਣੇ ਘਰ ਦੇ ਬੂਹੇ ਇਸ ਘੜੀ ਖੁੱਲ੍ਹੇ ਹੋਣ ਦਾ ਸੱਦਾ ਦਿੱਤਾ ਹੈ ਤਾਂ ਕਿ ਜਿਨ੍ਹਾਂ ਦੇ ਬੱਚੇ ਇਧਰ ਪੜ੍ਹਦੇ ਹੋਣ, ਉਹ ਉਨ੍ਹਾਂ ਕੋਲ ਟਿਕ ਸਕਣ।


