ਅੰਮ੍ਰਿਤਸਰ - ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਸਰਕਾਰ ਵਲੋਂ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਰਿਹਾਅ ਕਰਨ ਦੇ ਕੀਤੇ ਐਲ਼ਾਨ ਉਪਰ ਟਿਪਣੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ 'ਅਭੀ ਅਭੀ ਏਕ ਪਾਇਲਟ ਪ੍ਰੋਜੈਕਟ ਪੂਰਾ ਕੀਆ ਹੈ'। ਜਦੋਂ ਕਿ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਸ੍ਰ:ਨਵਜੋਤ ਸਿੰਘ ਸਿੱਧੂ ਨੇ ਇਸ ਫੈਸਲੇ ਨੂੰ ਨੋਬਲ ਕਾਰਜ ਦੱਸਿਆ ਹੈ।ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਪਹਿਲ ਕਦਮੀ ਨੂੰ ਖਿੱਤੇ ਵਿਚ ਸ਼ਾਂਤੀ ਬਹਾਲੀ ਲਈ ਚੰਗਾ ਕਦਮ ਦੱਸਿਆ ਹੈ। ਬੀਤੇ ਕਲ੍ਹ ਹੀ ਪਾਕਿਸਤਾਨੀ ਹਵਾਈ ਸੈਨਾਂ ਦੇ ਜਹਾਜਾਂ ਦਾ ਪਿੱਛਾ ਕਰਦਿਆਂ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਨ ਪਾਕਿਸਤਾਨੀ ਸੈਨਾ ਦੇ ਹੱਥ ਆ ਗਏ ਸਨ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਫਰਾਖਦਿਲੀ ਵਿਖਾਉਂਦਿਆਂ ਅੱਜ ਐਲਾਨ ਕੀਤਾ ਹੈ ਕਿ ਵਿੰਗ ਕਮਾਂਡਰ ਨੂੰ ਸੁਕਰਵਾਰ ਵਾਲੇ ਦਿਨ ਭਾਰਤ ਸਰਕਾਰ ਨੂੰ ਸੌਪ ਦਿੱਤਾ ਜਾਵੇਗਾ।ਇਮਰਾਨ ਖਾਨ ਨੇ ਆਪਣੇ ਐਲਾਨ ਵਿੱਚ ਕਿਹਾ ਹੈ ਕਿ ਖਿੱਤੇ ਵਿੱਚ ਸ਼ਾਂਤੀ ਲਈ ਪਹਿਲ ਵਜੋਂ ਇਹ ਤੋਹਫਾ ਹੈ ।


