ਵਾਹਘਾ ਬਾਰਡਰ - ਪਿਛਲੇ ਤਿੰਨ ਦਿਨਾਂ ਤੋਂ ਪਾਕਿਸਤਾਨ ਦੇ ਕਬਜ਼ੇ ਵਿਚ ਆਉਣ ਕਾਰਨ ਬਹੁਚਰਚਿਤ ਭਾਰਤੀ ਹਵਾਈ ਫ਼ੌਜ ਦੇ ਪਾਇਲਟ ਅਭਿਨੰਦਨ ਅੱਜ ਦੇਰ ਰਾਤ ਪਾਕਿਸਤਾਨ ਵਲੋਂ ਭਾਰਤ ਦੇ ਹਵਾਲੇ ਕਰ ਦਿੱਤੇ ਗਏ। ਭਾਵੇਂਕਿ ਅਭਿਨੰਦਨ ਨੂੰ ਭਾਰਤ ਹਵਾਲੇ ਕਰਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪੂਰੇ ਵਿਸ਼ਵ ਵਿਚ ਆਪਣੇ ਚੰਗੇ ਨੰਬਰ ਬਣਾ ਲਏ ਹਨ, ਪ੍ਰੰਤੂ ਦੂਜੇ ਪਾਸੇ ਭਾਰਤੀ ਮੀਡੀਏ ਵਲੋਂ ਪਾਕਿਸਤਾਨ ਦੇ ਇਸ ਕਦਮ ਨੂੰ ਪਾਕਿਸਤਾਨ ਦੇ ਡਰ ਵਜੋਂ ਪੇਸ਼ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਗਈ। ਅਭਿਨੰਦਨ ਦੀ ਵਾਪਸੀ ਨੂੰ ਲੈ ਕੇ ਭਾਰਤ ਵਿਚ ਇਕ ਤਰ੍ਹਾਂ ਖੁਸ਼ੀ ਦਾ ਮਾਹੌਲ ਸਿਰਜਿਆ ਗਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰਕੇ ਅਭਿਨੰਦਨ ਦੀ ਵਾਪਸੀ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਪਾਕਿਸਤਾਨ ਵਲੋਂ ਪਾਇਲਟ ਨੂੰ ਦੇਰ ਰਾਤ ਭਾਰਤ ਨੂੰ ਸੌਂਪਣ ਕਾਰਨ ਭਾਰਤੀ ਪ੍ਰਸ਼ਾਸਨ ਵਲੋਂ ਇਸ ਵਾਪਸੀ ਨੂੰ ਵੱਡੇ ਪੱਧਰ ਤੇ ਉਭਾਰਨ ਦਾ ਮੌਕਾ ਗੁਆਚ ਗਿਆ।
ਪਾਕਿਸਤਾਨੀ ਫੌਜ ਦੇ ਕਈ ਰਿਟਾਇਰਡ ਜਰਨੈਲਾਂ ਨੇ ਭਾਰਤੀ ਹਵਾਈ ਫੌਜ ਦੇ ਪਾਇਲਟ ਅਭਿਨੰਦਨ ਦੀ ਰਿਹਾਈ ਦੇ ਫੈਸਲੇ ਦਾ ਸਵਾਗਤ ਕੀਤਾ ਅਤੇ ਆਸ ਪ੍ਰਗਟਾਈ ਹੈ ਕਿ ਅਮਨ ਦੇ ਇਸ ਸੰਕੇਤ ਨਾਲ ਪਾਕਿਸਤਾਨ ਅਤੇ ਭਾਰਤ ਵਿਚਕਾਰ ਖਿਚਾਅ ਨੂੰ ਘਟਾਉਣ 'ਚ ਮਦਦ ਮਿਲੇਗੀ। ਇਕ ਰਿਟਾਇਰਡ ਫੌਜੀ ਜਰਨੈਲ ਨੇ ਇਹ ਵੀ ਦਾਅਵਾ ਕੀਤਾ ਕਿ ਭਾਰਤੀ ਹਵਾਈ ਜਹਾਜ਼ ਨੂੰ ਨਿਸ਼ਾਨਾ ਬਣਾਏ ਜਾਣ ਪਿੱਛੋਂ ਭਾਰਤ ਬੁੱਧਵਾਰ ਦੀ ਰਾਤ ਨੂੰ ਪਾਕਿਸਤਾਨ ਵਿਰੁੱਧ ਗੰਭੀਰ ਕਾਰਵਾਈ ਕਰਨ ਨੂੰ ਤਿਆਰ ਸੀ। ਪਾਕਿਸਤਾਨ ਦੀ ਸਰਕਾਰ ਨੂੰ ਇਹ ਸੂਚਨਾ ਭਰੋਸੇਯੋਗ ਗੁਪਤ ਸੂਤਰਾਂ ਤੋਂ ਮਿਲੀ ਸੀ। ਪਰ ਵਿਸ਼ਵ ਬਰਾਦਰੀ ਅਤੇ ਖਾਸ ਕਰਕੇ ਪੱਛਮੀ ਦੇਸ਼ਾਂ ਨੇ ਭਾਰਤ ਨੂੰ ਅਜਿਹਾ ਕਰਨ ਤੋਂ ਰੋਕਣ 'ਚ ਆਪਣਾ ਰੋਲ ਅਦਾ ਕੀਤਾ। ਇਨ੍ਹਾਂ ਜਰਨੈਲਾਂ ਦਾ ਇਹ ਵੀ ਮੰਨਣਾ ਹੈ ਕਿ ਭਾਰਤੀ ਪਾਇਲਟ ਅਭਿਨੰਦਨ ਦੀ ਰਿਹਾਈ ਦਾ ਫੈਸਲਾ ਉਚ ਸੈਨਿਕ ਲੀਡਰਸ਼ਿਪ ਦੀ ਸਲਾਹ ਨਾਲ ਕੀਤਾ ਗਿਆ ਹੈ ਅਤੇ ਇਹ ਨਿਰਣਾ ਸਦਭਾਵਨਾ ਨੂੰ ਪੈਦਾ ਕਰੇਗਾ।
ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਭਾਰਤ ਪੁੱਜ ਗਏ ਹਨ। ਉਨ੍ਹਾਂ ਦਾ ਵਾਪਸੀ ਸਬੰਧੀ ਪੂਰੇ ਦੇਸ਼ ਵਿੱਚ ਤਿਓਹਾਰ ਵਰਗਾ ਮਾਹੌਲ ਹੈ। ਉਨ੍ਹਾਂ ਦੀ ਵਤਨ ਵਾਪਸੀ 'ਤੇ ਬੀਜੇਪੀ ਸੰਸਦ ਮੈਂਬਰ ਸ਼ੱਤਰੂਘਨ ਸਿਨ੍ਹਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਤਾਰੀਫ ਕੀਤੀ ਹੈ। ਸ਼ੱਤਰੂਘਨ ਸਿਨ੍ਹਾ ਨੇ ਟਵੀਟ ਕੀਤਾ ਕਿ ਅਸੀਂ ਤਹਿ ਦਿਲ ਤੋਂ ਬਹਾਦੁਰ ਆਈਏਐਫ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦਾ ਸਵਾਗਤ ਕਰਦੇ ਹਾਂ। ਭਾਰਤ ਸਰਕਾਰ ਦੇ ਗੰਭੀਰ ਯਤਨਾਂ ਦੀ ਵੀ ਸ਼ਲਾਘਾ ਕਰਦੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਲਿਖਿਆ ਕਿ ਇਮਰਾਨ ਖ਼ਾਨ ਦੇ ਸ਼ਾਂਤੀ ਪ੍ਰਤੀ ਕਦਮਾਂ ਨੂੰ ਵੀ ਭੁੱਲਣਾ ਨਹੀਂ ਚਾਹੀਦਾ। ਦੱਸ ਦੇਈਏ ਕਿ 27 ਫਰਵਰੀ ਨੂੰ ਪਾਕਿਸਤਾਨੀ ਲੜਾਕੂ ਜਹਾਜ਼ ਐਫ਼ 16 ਡੇਗਣ ਬਾਅਦ ਅਭਿਨੰਦਨ ਦਾ ਲੜਾਕੂ ਜਹਾਜ਼ ਮਿਗ ਵੀ ਕਰੈਸ਼ ਹੋ ਗਿਆ ਸੀ। ਇਸ ਦੇ ਬਾਅਦ ਅਭਿਨੰਦਨ ਦਾ ਪੈਰਾਸ਼ੂਟ ਪੀ ਓ ਕੇ ਵਿੱਚ ਪਹੁੰਚ ਗਿਆ ਜਿੱਥੋਂ ਪਾਕਿਸਤਾਨੀ ਫੌਜ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਨ੍ਹਾਂ ਨੂੰ ਵਾਹਗਾ-ਅਟਾਰੀ ਸਰਹੱਦ ਜ਼ਰੀਏ ਭਾਰਤੀ ਹਵਾਈ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਹੈ।


