ਸ੍ਰੀ ਆਨੰਦਪੁਰ ਸਾਹਿਬ - ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸਮੁੱਚੀ ਕੌਮ ਨੂੰ ਇਕਜੁੱਟ ਕਰਨ ਦਾ ਸੱਦਾ ਦੇਣ ਵਾਲੀ ਸ਼੍ਰੋਮਣੀ ਕਮੇਟੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਹੋਲੇ ਮਹੱਲੇ ਮੌਕੇ ਨਿਹੰਗ ਸਿੰਘਾਂ ਨੂੰ ਵੱਖਰੇ ਤੌਰ ’ਤੇ ਮਹੱਲਾ ਕੱਢਣ ਤੋਂ ਰੋਕਣ ਦੀ ਬਜਾਏ ਆਪਣੇ ਕੁਨਬੇ ਨੂੰ ਹੀ ਇੱਕ ਝੰਡੇ ਹੇਠਾਂ ਲੈ ਕੇ ਆਉਣ ’ਚ ਬੁਰੀ ਤਰ੍ਹਾਂ ਨਾਕਾਮ ਰਹੀ। ਕੇਸਗੜ੍ਹ ਸਾਹਿਬ ਤੋਂ ਸਜਾਏ ਗਏ ਮਹੱਲੇ ਵਿੱਚ ਪਹਿਲੀ ਵਾਰ ਬਾਕੀ ਸਾਰੇ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਗ਼ੈਰਹਾਜ਼ਰੀ ਨੇ ਪੰਥਕ ਸਫਾਂ ’ਚ ਨਵੀਂ ਚਰਚਾ ਛੇੜ ਦਿੱਤੀ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸਜਾਏ ਗਏ ਮਹੱਲੇ ਦੀ ਅਗਵਾਈ ਸਿਰਫ ਇੱਕ ਹੀ ਜਥੇਦਾਰ ਨੇ ਕੀਤੀ। ਇਸ ਮੌਕੇ ਥੋੜਾ ਸਮਾਂ ਕੱਢ ਕੇ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਮਰਿਆਦਾ ਤੋਂ ਉਲਟ ਤਖ਼ਤ ਕੇਸਗੜ੍ਹ ਵਿਖੇ ਗੁਲਾਲ ਖੇਡ ਕੇ ਸੰਬੋਧਨ ਕਰਨ ਉਪਰੰਤ ਚਲਦੇ ਬਣੇ। ਇਸ ਦੀ ਚੁਫੇਰਿਓਂ ਨਿੰਦਾ ਕੀਤੀ ਜਾ ਰਹੀ ਹੈ। ੂਸਰੇ ਪਾਸੇ 13 ਸਾਲਾਂ ਤੱਕ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ ਪ੍ਰੋਫੈਸਰ ਮਨਜੀਤ ਸਿੰਘ ਨੇ ਗੁਲਾਲ ਲਗਵਾਉਣ ਤੋਂ ਸਾਫ ਇਨਕਾਰ ਕਰ ਦਿੱਤਾ। ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਨਾਮ ਦੇ ਰੰਗ ’ਚ ਰੰਗਣ ਦੀ ਗੱਲ ਆਖੀ ਸੀ ਨਾ ਕਿ ਦੁਨਿਆਵੀ ਰੰਗਾਂ ’ਚ ਰੰਗਣ ਨੂੰ ਤਰਜੀਹ ਦਿੱਤੀ ਸੀ। ਬੀਤੇ ਕਈ ਦਿਨਾਂ ਤੋਂ ਇਹ ਵਿਵਾਦ ਚੱਲ ਰਿਹਾ ਸੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਹੱਲਾ 21 ਮਾਰਚ ਨੂੰ ਕੱਢਿਆ ਜਾਵੇਗਾ ਜਦਕਿ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਪੁਰਾਤਨ ਰਵਾਇਤ ਅਨੁਸਾਰ ਮਹੱਲਾ 22 ਮਾਰਚ ਨੂੰ ਕੱਢਣ ਲਈ ਬਜ਼ਿੱਦ ਸਨ। ਇਸ ਕਾਰਨ ਖਾਲਸਾ ਪੰਥ ਇਸ ਦਿਹਾੜੇ ਨੂੰ ਮਨਾਉਣ ਲਈ ਦੁਬਿਧਾ ਵਿੱਚ ਸੀ। ਨਿਹੰਗ ਸਿੰਘਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਰਖਵਾਏ ਅਖੰਡ ਪਾਠ ਦੇ ਭੋਗ ਮੌਕੇ ਤਾਂ ਕੇਸਗੜ੍ਹ ਸਾਹਿਬ ’ਚ ਆਪਣੀ ਹਾਜ਼ਰੀ ਲਵਾਈ ਪਰ ਸ਼੍ਰੋਮਣੀ ਕਮੇਟੀ ਵੱਲੋਂ ਸਜਾਏ ਮਹੱਲੇ ’ਚ ਉਨ੍ਹਾਂ ਸ਼ਿਰਕਤ ਨਾ ਕੀਤੀ।
ਸ਼੍ਰੋਮਣੀ ਕਮੇਟੀ ਵੱਲੋਂ 21 ਮਾਰਚ ਨੂੰ ਸਜਾਏ ਗਏ ਮਹੱਲੇ ’ਚ ਜਥੇਦਾਰ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਹਿਮਾਚਲ ਪ੍ਰਦੇਸ਼ ਤੋਂ ਮੈਂਬਰ ਡਾ. ਦਿਲਜੀਤ ਸਿੰਘ ਭਿੰਡਰ, ਸਹਾਇਕ ਹੈੱਡ ਗ੍ਰੰਥੀ ਦਰਬਾਰ ਸਾਹਿਬ ਗਿਆਨੀ ਜਗਤਾਰ ਸਿੰਘ ਅਤੇ ਹੈੱਡ ਗ੍ਰੰਥੀ ਕੇਸਗੜ੍ਹ ਸਾਹਿਬ ਗਿਆਨੀ ਫੂਲਾ ਸਿੰਘ ਹੀ ਸ਼ਾਮਲ ਹੋਏ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤਾਂ ਆਪਣੇ ਜ਼ਰੂਰੀ ਰੁਝੇਵਿਆਂ ਕਰਕੇ ਮਹੱਲੇ ’ਚ ਸ਼ਾਮਲ ਨਾ ਹੋ ਸਕੇ ਪਰ ਸ਼੍ਰੋਮਣੀ ਕਮੇਟੀ ਦੇ ਆਲਾ ਮਿਆਰੀ ਸੂਤਰਾਂ ਅਨੁਸਾਰ ਇਸ ਵਾਰ ਹੋਲੇ ਮਹੱਲੇ ’ਚ ਸ਼ਮੂਲੀਅਤ ਵਾਸਤੇ ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰਾਂ ਨੂੰ ਸੱਦੇ ਤਕ ਨਹੀਂ ਭੇਜੇ ਗਏ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਜ਼ਿਲ੍ਹਾ ਰੂਪਨਗਰ ਦੇ ਸ਼੍ਰੋਮਣੀ ਕਮੇਟੀ ਮੈਂਬਰ, ਦੁਆਬੇ ਨਾਲ ਸਬੰਧਤ ਮੈਂਬਰਾਂ ਅਤੇ ਹੋਰ ਆਗੂਆਂ ਦੀ ਗ਼ੈਰਹਾਜ਼ਰੀ ਨੇ ਮਹੱਲੇ ਦੇ ਰੰਗ ਨੂੰ ਫਿੱਕਾ ਕਰਨ ’ਚ ਅਹਿਮ ਭੂਮਿਕਾ ਨਿਭਾਈ। ਇਹ ਵੀ ਸ਼ਾਇਦ ਪਹਿਲੀ ਵਾਰ ਹੋਇਆ ਹੋਵੇਗਾ ਕਿ ਪੰਥਕ ਅਖਵਾਉਣ ਵਾਲੀ ਪਾਰਟੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਰਪ੍ਰਸਤ ਹੀ ਨਹੀਂ ਬਲਕਿ ਟਕਸਾਲੀ ਅਕਾਲੀ ਦਲ ਦੇ ਆਗੂਆਂ ਨੇ ਵੀ ਹੋਲਾ ਮਹੱਲਾ ਦੇ ਕਿਸੇ ਵੀ ਦਿਨ ਤਖ਼ਤ ਸਾਹਿਬ ’ਤੇ ਨਤਮਸਤਕ ਹੋਣਾ ਜ਼ਰੂਰੀ ਨਹੀਂ ਸਮਝਿਆ।


