ਧਰਮ ਪ੍ਰਚਾਰ ਲਈ 84 ਕਰੋੜ ਤੇ 550ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਲਈ 12ਕਰੋੜ 63 ਲੱਖ ਰੁਪਏ
ਅੰਮ੍ਰਿਤਸਰ: (ਨਰਿੰਦਰ ਪਾਲ ਸਿੰਘ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਥੇ ਹੋਏ ਸਾਲਾਨਾ ਬਜਟ ਅਜਲਾਸ ਦੌਰਾਨ ਹਾਜਰ ਮੈਂਬਰਾਨ ਨੇ ਸ਼੍ਰੋਮਣੀ ਕਮੇਟੀ ਦਾ ਸਾਲ 2019-20 ਦਾ 12 ਅਰਬ 5 ਕਰੋੜ 3 ਲੱਖ ਰੁਪਏ ਦਾ ਸਾਲਾਨਾ ਬਜਟ ਜੈਕਾਰਿਆਂ ਦੀ ਗੂੰਜ ਵਿਚ ਪਾਸ ਕਰ ਦਿੱਤਾ ਹੈ।ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਗੁਰਬਚਨ ਸਿੰਘ ਕਰਮੂੰਵਾਲਾ ਨੇ ਬਜਟ ਪੇਸ਼ ਕੀਤਾ।ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਸਾਲ ਦੇ ਸਾਲਾਨਾ ਬਜਟ ਵਿੱਚ ਜਨਰਲ ਬੋਰਡ ਫੰਡ ਲਈ 72 ਕਰੋੜ 50 ਲੱਖ ਰੁਪਏ, ਟਰੱਸਟ ਫੰਡ ਲਈ 50 ਕਰੋੜ 60 ਲੱਖ ਰੁਪਏ, ਵਿਦਿਆ ਫੰਡ 37 ਕਰੋੜ 40 ਲੱਖ ਰੁਪਏ, ਪ੍ਰਿੰਟਿੰਗ ਪ੍ਰੈਸਾਂ ਲਈ 7 ਕਰੋੜ 65 ਲੱਖ ਰੁਪਏ, ਧਰਮ ਪ੍ਰਚਾਰ ਕਮੇਟੀ ਲਈ 84 ਕਰੋੜ ਰੁਪਏ, ਗੁਰਦੁਆਰਾ ਸਾਹਿਬਾਨ ਸੈਕਸ਼ਨ-85 ਲਈ 7 ਅਰਬ 1 ਕਰੋੜ 52 ਲੱਖ ਰੁਪਏ, ਸਿੱਧੇ ਅਤੇ ਅਟੈਚ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬਾਨ ਲਈ 13 ਕਰੋੜ 36 ਲੱਖ ਰੁਪਏ ਅਤੇ ਵਿਦਿਅਕ ਅਦਾਰਿਆਂ ਲਈ 2 ਅਰਬ 38 ਕਰੋੜ ਰੁਪਏ ਰੱਖੇ ਗਏ ਹਨ। ਇਸ ਵਾਰ ਦੇ ਬਜਟ ਵਿਚ ਪਿਛਲੇ ਸਾਲ ਤੋਂ ਕਰੀਬ 4 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਇਸਤੋਂ ਪਹਿਲਾਂ ਜਨਰਲ ਇਜਲਾਸ ਦੀ ਆਰੰਭਤਾ ਅਰਦਾਸ ਮਗਰੋਂ ਹੁਕਮਨਾਮੇ ਨਾਲ ਹੋਈ ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਭਾਈ ਸੁਲਤਾਨ ਸਿੰਘ ਅਰਦਾਸੀਆ ਵੀ ਮੌਜੂਦ ਸਨ।ਲੇਕਿਨ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ,ਕ੍ਰਿਪਾਲ ਸਿੰਘ ਬਡੂੰਗਰ,ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ,ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ,ਅਮਰੀਕ ਸਿੰਘ ਸ਼ਾਹਪੁਰ ਗੈਰ ਹਾਜਰ ਸਨ।
ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਇਸ ਸਾਲ ਨਵੰਬਰ ਮਹੀਨੇ ਵਿਚ ਪਹਿਲੇ ਪਾਤਸ਼ਾਹ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਕੌਮਾਂਤਰੀ ਪੱਧਰ 'ਤੇ ਮਨਾਣ ਲਈ 12 ਕਰੋੜ 63 ਲੱਖ ਰੁਪਏ ਦੀ ਵਿਸ਼ੇਸ਼ ਰਾਸ਼ੀ ਰੱਖੀ ਗਈ ਹੈ। ਇਸ ਤੋਂ ਇਲਾਵਾ ਸਿੱਖ ਇਤਿਹਾਸ ਸਬੰਧੀ ਪ੍ਰਤੀਯੋਗਤਾ ਮੁਕਾਬਲਿਆਂ, ਧਾਰਮਿਕ ਪ੍ਰੀਖਿਆ, ਪੱਤਰ ਵਿਹਾਰ ਕੋਰਸ ਆਦਿ ਲਈ 19 ਕਰੋੜ 30 ਲੱਖ ਰੁਪਏ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਬਜਟ ਵਿਚ ਸਿਕਲੀਗਰ, ਵਣਜਾਰੇ ਸਿੱਖਾਂ, ਪੰਜਾਬ ਤੇ ਪੰਜਾਬ ਤੋਂ ਬਾਹਰਲਿਆਂ ਗੁਰਦੁਆਰਾ ਸਾਹਿਬਾਨ ਅਤੇ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਲਈ 14 ਕਰੋੜ 50 ਲੱਖ ਰੁਪਏ ਰਾਖਵੇਂ ਹੋਣਗੇ। ਕੌਮੀ ਮਸਲਿਆਂ ਦੀ ਪੈਰਵਾਈ ਲਈ ਵੀ ਵਿਸ਼ੇਸ਼ ਰਾਸ਼ੀ ਰੱਖੀ ਗਈ ਹੈ। ਖ਼ਾਲਸਾਈ ਖੇਡਾਂ ਲਈ 60 ਲੱਖ ਰੁਪਏ, ਸਿੱਖ ਖਿਡਾਰੀਆਂ ਲਈ 1 ਕਰੋੜ ਰੁਪਏ, ਧਰਮੀ ਫੌਜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ 2 ਕਰੋੜ ਰੁਪਏ, ਸਿੱਖ ਮਿਸ਼ਨਾਂ ਲਈ 8 ਕਰੋੜ ਰੁਪਏ, ਸਿੱਖ ਇਤਿਹਾਸ ਖੋਜ ਅਤੇ ਛਪਾਈ ਲਈ 70 ਲੱਖ ਰੁਪਏ ਅਤੇ ਕੁਦਰਤੀ ਆਫਤਾਂ ਲਈ ਵੀ 70 ਲੱਖ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਜਨਰਲ ਇਜਲਾਸ ਦੌਰਾਨ ਵਿਚਾਰ ਰੱਖਦਿਆਂ ਕਮੇਟੀ ਮੈਂਬਰ ਜਥੇਦਾਰ ਤੋਤਾ ਸਿੰਘ ਨੇ ਮੈਂਬਰਾਂ ਲਈ ਯਾਤਰਾ ਭੱਤਾ ਵਧਾਏ ਜਾਣ ਦੀ ਮੰਗ ਰੱਖੀ ਜਿਸਨੂੰ ਜਿਆਦਾਤਾਰ ਮੈਂਬਰਾਂਨ ਨੇ ਰੱਦ ਕਰ ਦਿੱਤਾ। ਬੀਬੀ ਕਿਰਨਜੋਤ ਕੌਰ ਨੇ ਸਵਾਲ ਕੀਤਾ ਕਿ ਜਦੋਂ ਪਿਛਲੇ ਸਾਲ ਮੈਂਬਰਾਂ ਲਈ 10 ਲੱਖ ਰੁਪਏ ਰੱਖੇ ਗਏ ਸਨ ਤਾਂ ਫਿਰ 85 ਲੱਖ ਕਿਵੇਂ ਖਰਚ ਕਰ ਦਿੱਤੇ ਗਏ?ਇਸਤੋਂ ਪਹਿਲਾਂ ਕਿ ਉਹ ਆਪਣੀ ਗਲ ਅੱਗੇ ਤੋਰਦੇ ਮੈਂਬਰਾਂ ਦਾ ਰੌਲਾ ਸ਼ੁਰੂ ਹੋ ਗਿਆ ਤੇ ਕਾਹਲੀ ਨਾਲ ਅਨੰਦ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਗਿਆ।
ਬਜਟ ਇਜਲਾਸ ਦੌਰਾਨ ਪਾਸ ਕੀਤੇ ਮਤਿਆਂ ਰਾਹੀਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੇ ਯਾਤਰੂਆਂ ਦੀ ਸਹੂਲਤ ਵਾਸਤੇ ਬੁਰਜ ਅਕਾਲੀ ਬਾਬਾ ਫੂਲਾ ਸਿੰਘ, ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਅਤੇ ਸੁਲਤਾਨਵਿੰਡ ਗੇਟ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਰਸਤਿਆਂ ਖੁੱਲ੍ਹਾ ਕਰਕੇ ਸਿੱਖ ਵਿਰਾਸਤੀ ਦਿੱਖ ਦੇਣ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ। ਮਾਂ ਬੋਲੀ ਪੰਜਾਬੀ ਨਾਲ ਪੰਜਾਬ, ਚੰਡੀਗੜ੍ਹ ਤੇ ਇਸ ਦੇ ਨਾਲ ਲਗਦੇ ਹਰਿਆਣਾ, ਹਿਮਾਚਲ, ਦਿੱਲੀ ਸਮੇਤ ਹੋਰ ਪੰਜਾਬੀ ਵੱਸੋਂ ਵਾਲੇ ਸੂਬਿਆਂ ਵਿਚ ਹੋ ਰਹੇ ਵਿਤਕਰੇ ਨੂੰ ਖ਼ਤਮ ਕਰਨ ਲਈ ਭਾਰਤ ਅਤੇ ਸੂਬਾ ਸਰਕਾਰਾਂ ਪਾਸੋਂ ਮੰਗ ਕੀਤੀ ਗਈ। ਪੰਜਾਬੀਆਂ ਨੂੰ ਵੀ ਇਸ ਮਤੇ ਰਾਹੀਂ ਅਪੀਲ ਕੀਤੀ ਗਈ ਕਿ ਉਹ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੁੜ ਕੇ ਬੋਲਚਾਲ ਅਤੇ ਲਿਖਤ ਵਿਚ ਇਸ ਨੂੰ ਸਨਮਾਨਯੋਗ ਰੁਤਬਾ ਦੇਣ।
ਇਕ ਮਤੇ ਰਾਹੀਂ ਦੇਸ਼ ਦੀਆਂ ਵੱਖ-ਵੱਖ ਜ਼ੇਲ੍ਹਾਂ ਵਿਚ ਪਿਛਲੇ ਲੰਮੇ ਸਮੇਂ ਤੋਂ 'ਟਾਡਾ' ਤੇ ਹੋਰ ਕਾਲੇ ਕਾਨੂੰਨਾਂ ਅਧੀਨ ਨਜ਼ਰਬੰਦ ਨਿਰਦੋਸ਼ ਸਿੱਖਾਂ ਦੀ ਰਿਹਾਈ ਲਈ ਭਾਰਤ ਅਤੇ ਵੱਖ-ਵੱਖ ਰਾਜ ਸਰਕਾਰਾਂ ਨੂੰ ਅਪੀਲ ਕੀਤੀ। ਇਸ ਤੋਂ ਇਲਾਵਾ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਬਾਰੇ ਕੇਸ ਨਿਬੇੜਨ ਲਈ ਭਾਰਤ ਸਰਕਾਰ ਪਾਸੋਂ ਰਾਸ਼ਟਰਪਤੀ ਨੂੰ ਅਪੀਲ ਕਰਨ ਦੀ ਮੰਗ ਵੀ ਕੀਤੀ ਗਈ।
ਇਕ ਅਹਿਮ ਮਤਾ ਪਾਸ ਕਰਦਿਆਂ ਗੁਰੂਆਂ ਦੀ ਧਰਤੀ ਤੋਂ ਨੌਜੁਆਨੀ ਦੇ ਪੱਕੇ ਤੌਰ 'ਤੇ ਵਿਦੇਸ਼ ਵੱਸਣ ਦੇ ਰੁਝਾਨ ਸਬੰਧੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਮਤੇ ਰਾਹੀਂ ਇਸ ਚਲਣ ਨੂੰ ਭਵਿੱਖ ਅੰਦਰ ਪੰਜਾਬ ਦੀ ਆਰਥਿਕਤਾ, ਸਮਾਜਿਕ, ਭਾਈਚਾਰਕ, ਰਾਜਨੀਤਕ ਤੇ ਸਿੱਖਿਆ ਦੇ ਖੇਤਰ ਲਈ ਘਾਟੇਵੰਦਾ ਦੱਸਿਆ। ਇਸ ਸਬੰਧੀ ਪੰਜਾਬ ਦੀ ਮੌਜੂਦਾ ਸਰਕਾਰ ਤੋਂ ਮੰਗ ਕੀਤੀ ਗਈ ਕਿ ਸੂਬੇ ਦੀ ਆਰਥਿਕ, ਸਮਾਜਿਕ, ਸੱਭਿਆਚਾਰਕ ਤੇ ਸਿੱਖਿਅਕ ਖ਼ੁਸ਼ਹਾਲੀ ਲਈ ਬੇਹਤਰ ਵਾਤਾਵਰਨ ਤਿਆਰ ਕੀਤਾ ਜਾਵੇ, ਤਾਂ ਜੋ ਨੌਜੁਆਨਾਂ ਨੂੰ ਇਥੇ ਹੀ ਸਾਰੀਆਂ ਸਹੂਲਤਾਂ ਮਿਲ ਸਕਣ।
ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਲਈ ਲਾਂਘਾ ਖੋਲ੍ਹਣ ਸਬੰਧੀ ਮਤਾ ਪਾਸ ਕਰਦਿਆਂ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਦੀ ਸ਼ਲਾਘਾ ਕੀਤੀ ਗਈ।ਲੇਕਿਨ ਪੰਜਾਬ ਸਰਕਾਰ ਦੇ ਸਹਿਯੋਗ ਬਾਰੇ ਇੱਕ ਵੀ ਸਬਦ ਨਹੀ ਬੋਲਿਆ ਗਿਆ।ਦੇਸ਼ ਅੰਦਰ ਹੁੰਦੀਆਂ ਉੱਚ ਮੁਕਾਬਲਾ ਪ੍ਰੀਖਿਆਵਾਂ ਵਿਚ ਗੁਰਸਿੱਖ ਵਿਦਿਆਰਥੀਆਂ ਨੂੰ ਕਕਾਰਾਂ ਸਮੇਤ ਬੈਠਣ ਨੂੰ ਯਕੀਨੀ ਬਣਾਉਣ ਦੀ ਭਾਰਤ ਸਰਕਾਰ ਪਾਸੋਂ ਮੰਗ ਕੀਤੀ ਗਈ ਹੈ। ਪਾਸ ਕੀਤੇ ਇਕ ਹੋਰ ਮਤੇ ਰਾਹੀਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਨੂੰ ਆਉਂਦੇ ਰਸਤਿਆਂ ਵਿਚ ਪਾਨ, ਬੀੜੀ, ਸ਼ਰਾਬ, ਤੰਬਾਕੂ ਆਦਿ ਦੀਆਂ ਦੁਕਾਨਾਂ ਬੰਦ ਕਰਵਾਉਣ ਦੀ ਮੰਗ ਕੀਤੀ ਗਈ।
ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਮੌਕੇ ਜੂਨੀਅਰ ਮੀਤ ਸ. ਬਿੱਕਰ ਸਿੰਘ ਚੰਨੂ, ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਜਥੇਦਾਰ ਤੋਤਾ ਸਿੰਘ, ਅੰਤ੍ਰਿੰਗ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਸ. ਸ਼ਿੰਗਾਰਾ ਸਿੰਘ ਲੋਹੀਆ, ਸ. ਭੁਪਿੰਦਰ ਸਿੰਘ ਭਲਵਾਨ, ਸ. ਅਮਰੀਕ ਸਿੰਘ ਕੋਟਸ਼ਮੀਰ, ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ, ਸ. ਜਗਜੀਤ ਸਿੰਘ ਤਲਵੰਡੀ, ਬੀਬੀ ਜਸਬੀਰ ਸਿੰਘ ਜ਼ਫਰਵਾਲ, ਸ. ਖੁਸ਼ਵਿੰਦਰ ਸਿੰਘ ਭਾਟੀਆ, ਸ. ਤਾਰਾ ਸਿੰਘ ਸੱਲਾ, ਸ. ਜਰਨੈਲ ਸਿੰਘ ਕਰਤਾਰਪੁਰ, ਸ. ਅਮਰੀਕ ਸਿੰਘ ਵਿਛੋਆ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਗੁਰਚਰਨ ਸਿੰਘ ਗਰੇਵਾਲ, ਭਾਈ ਰਾਮ ਸਿੰਘ, ਸ. ਬਲਦੇਵ ਸਿੰਘ ਚੂੰਘਾ, ਸ. ਭਗਵੰਤ ਸਿੰਘ ਸਿਆਲਕਾ, ਸ. ਨਵਤੇਜ ਸਿੰਘ ਕਾਉਣੀ, ਸ. ਬਲਜੀਤ ਸਿੰਘ ਜਲਾਲਉਸਮਾ, ਸ. ਪਰਮਜੀਤ ਸਿੰਘ ਖ਼ਾਲਸਾ ਬਰਨਾਲਾ ਸਮੇਤ ਕੋਈ ਸੌ ਦੇ ਕਰੀਬ ਮੈਂਬਰ ਸ਼੍ਰੋਮਣੀ ਕਮੇਟੀ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਮਨਜੀਤ ਸਿੰਘ ਬਾਠ, ਸ. ਅਵਤਾਰ ਸਿੰਘ ਸੈਂਪਲਾ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਮਹਿੰਦਰ ਸਿੰਘ ਆਹਲੀ, ਸ. ਕੇਵਲ ਸਿੰਘ ਗਿੱਲ, ਨਿੱਜੀ ਸਕੱਤਰ ਇੰਜ: ਸੁਖਮਿੰਦਰ ਸਿੰਘ, ਵਧੀਕ ਸਕੱਤਰ ਬਿਜੈ ਸਿੰਘ ਬਾਦੀਆਂ ਸ. ਸੁਖਦੇਵ ਸਿੰਘ ਭੂਰਾਕੋਹਨਾ, ਡਾ. ਪਰਮਜੀਤ ਸਿੰਘ ਸਰੋਆ ਆਦਿ ਹਾਜ਼ਰ ਸਨ।


