ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਮਾਂ-ਬੋਲੀ ਨਾਲ ਹੀ ਹੈ ਸਾਡੀ ਅਸਲ ਪਛਾਣ

  - ਬੱਬੂ ਤੀਰ
  ਬਹੁਤ ਸਾਰੇ ਜਜ਼ਬੇ ਜ਼ਹਿਨ ਅੰਦਰ ਅੱਧ ਜਾਗਦੇ ਜਿਹੇ ਹੁੰਦੇ ਹਨ। ਕੋਈ ਹਵਾ ਤੇਜ਼ ਹੁੰਦਿਆਂ ਉਨ੍ਹਾਂ ਦੀ ਸੁਸਤੀ ਲਾਹ ਸੁੱਟਦੀ ਹੈ। ਫਿਰ ਉਹ ਜਾਗਰੂਕ ਹੋ ਕੇ ਮਨ ਨੂੰ ਝਿੰਜੋੜ ਦਿੰਦੇ ਹਨ ਕਿ ਮਨਾਂ ਚੁੱਪ ਕਿਉਂ ਅਖ਼ਤਿਆਰ ਕੀਤੀ? ਕੁਝ ਕਿਹਾ ਹੁੰਦਾ ਵੇਲੇ ਸਿਰ। ਸ਼ਾਇਦ ਗੱਲ ਕਹਿਣ ਦਾ ਵੇਲਾ ਆ ਗਿਆ ਹੈ। ਤਿੰਨ ਕੁ ਦਹਾਕੇ ਪਹਿਲਾਂ ਮੈਂ ਅੰਗਰੇਜ਼ੀ ਦੇ ਮਕਬੂਲ ਅਖ਼ਬਾਰਾਂ ਦੀ ਦੁਨੀਆ ਵਿਚੋਂ ਡਰਦੇ-ਡਰਦੇ ਪੰਜਾਬੀ ਦੇ ਅਖ਼ਬਾਰਾਂ ਦੀ ਦੁਨੀਆ ਵਿਚ ਪੈਰ ਧਰਿਆ। ਡਰਨ ਦੀ ਵਜ੍ਹਾ ਇਹ ਸੀ ਕਿ ਇਸ ਦੁਨੀਆ ਵਿਚ ਅਨੇਕਾਂ ਬਾਬਾ ਬੋਹੜ ਬਿਰਾਜਮਾਨ ਸਨ, ਜਿਨ੍ਹਾਂ ਦੇ ਸਨਮੁੱਖ ਮੇਰੀ ਗੱਲ ਦਾ ਕੱਦ ਛੋਟਾ ਹੀ ਰਹਿਣਾ ਸੀ। ਭਾਸ਼ਾ 'ਤੇ ਲਿਖਤੀ ਪਕੜ ਘੱਟ ਸੀ ਪਰ ਬੋਲਣ ਵੇਲੇ ਪੂਰਾ ਹੌਸਲਾ ਰਹਿੰਦਾ। ਸੋ, ਜਜ਼ਬਾਤੀ ਜ਼ਿੰਮੇਵਾਰੀ ਸਮਝਦਿਆਂ ਕਿ ਇਹ ਤਖੱਲਸ ਇਸ ਭਾਸ਼ਾ ਦੀ ਅਮਾਨਤ ਤੇ ਬਦੌਲਤ ਹੈ, ਪੈਰ ਪੁੱਟ ਲਿਆ। ਇਹ ਸ਼ਾਇਦ ਜ਼ਿੰਦਗੀ ਦਾ ਸਭ ਤੋਂ ਸਿਆਣਾ ਫ਼ੈਸਲਾ ਸੀ। ਨਹੀਂ ਤਾਂ ਸਾਰੀ ਉਮਰ ਪਛਤਾਵਾ ਰਹਿਣਾ ਸੀ ਕਿ ਆਪਣੇ ਲੋਕਾਂ ਨਾਲ ਆਪਣੀ ਭਾਸ਼ਾ ਵਿਚ ਕੋਈ ਗੱਲ ਨਹੀਂ ਕੀਤੀ। ਅੱਜ ਜਿਹੜਾ ਵਿਵਾਦ ਛਿੜਿਆ ਹੈ, ਉਸ ਨੇ ਹਰ ਮਨ ਅੰਦਰ ਸਵਾਲ ਪੈਦਾ ਕਰ ਦਿੱਤਾ। ਦਰਅਸਲ, ਸੰਵਿਧਾਨ 22 ਭਾਸ਼ਾਵਾਂ ਨੂੰ ਮਾਨਤਾ ਦਿੰਦਾ ਹੈ। 24 ਭਾਸ਼ਾਵਾਂ 'ਚ ਤਾਂ ਲੇਖਕ ਸਾਹਿਤਕ ਪੁਰਸਕਾਰ ਪ੍ਰਾਪਤ ਕਰਦੇ ਹਨ। ਜਿਸ ਭਾਸ਼ਾ 'ਚ ਤੁਸੀਂ ਆਪਣੀ ਮਾਂ ਤੋਂ ਝਿੜਕਾਂ ਤੇ ਲਾਡ ਪ੍ਰਾਪਤ ਕੀਤਾ, ਜਿਸ ਭਾਸ਼ਾ ਵਿਚ ਤੁਸੀਂ ਆਪਣੇ ਰਿਸ਼ਤੇ-ਨਾਤੇ ਸਾਂਭਣੇ ਸਿੱਖੇ, ਜਿਸ ਭਾਸ਼ਾ ਵਿਚ ਤੁਸੀਂ ਇਸ਼ਕ ਕੀਤਾ, ਉਹ ਅੱਜ ਦਰਜਾ ਗੁਆ ਬੈਠੇ ਤਾਂ ਕੀ ਅਸੀਂ ਅੱਧੇ-ਅਧੂਰੇ ਜਿਹੇ ਨਹੀਂ ਹੋ ਜਾਵਾਂਗੇ? ਰਾਬਿੰਦਰ ਨਾਥ ਟੈਗੋਰ ਨੇ ਆਪਣੀ ਮਾਂ-ਬੋਲੀ ਵਿਚ ਵਿਸ਼ਵ ਪ੍ਰਸਿੱਧ ਸਾਹਿਤ ਰਚਿਆ। ਤਰਜਮਾ ਕਈ ਭਾਸ਼ਾਵਾਂ ਵਿਚ ਹੋਇਆ। ਉਹ ਵੱਖਰੀ ਗੱਲ ਹੈ ਪਰ ਆਪਣੀ ਭਾਸ਼ਾ ਤੋਂ ਇਲਾਵਾ ਉਹ ਕਿਸੇ ਭਾਸ਼ਾ ਵਿਚ 'ਕਾਬਲੀਵਾਲੇ' ਜਿਹੀ ਕਹਾਣੀ ਨਾਲ ਇਨਸਾਫ਼ ਨਹੀਂ ਸੀ ਕਰ ਸਕਦੇ। ਜਜ਼ਬਾਤ ਤੁਹਾਡੇ ਅੰਦਰੂਨੀ ਅਹਿਸਾਸ ਦਾ ਤਰਜਮਾ ਹੁੰਦੇ ਹਨ। ਜੇਕਰ ਕਿਸੇ ਨੂੰ ਆਖੋ, ਤੂੰ ਲੜ ਆਪਣੀ ਪੂਰੀ ਭੜਾਸ ਕੱਢ ਤਾਂ ਉਹ ਆਪਣੀ ਮਾਂ-ਬੋਲੀ ਤੋਂ ਇਲਾਵਾ ਕਿਸੇ ਭਾਸ਼ਾ 'ਚ ਨਹੀਂ ਕੱਢ ਸਕੇਗਾ। ਆਪਣੇ ਇਕ ਵੇਲੇ ਦੇ ਮੁੱਖ ਮੰਤਰੀ ਸਾਹਿਬ, ਹਰ ਗੱਲ ਦੀ ਤਹਿ ਤੱਕ ਪਹੁੰਚਦੇ ਸਨ ਤੇ ਪਰਖਦੇ ਸਨ ਕਿ ਉਨ੍ਹਾਂ ਦੀਆਂ ਹਦਾਇਤਾਂ ਦਾ ਪਾਲਣ ਹੋਇਆ ਕਿ ਨਹੀਂ। ਇਕ ਸੀਨੀਅਰ ਅਫ਼ਸਰ ਦੂਜੇ ਪ੍ਰਾਂਤ ਤੋਂ ਡੈਪੂਟੇਸ਼ਨ 'ਤੇ ਪੰਜਾਬ ਆਇਆ। ਮਾਮਲਾ ਨਹਿਰਾਂ ਦੇ ਪ੍ਰਾਜੈਕਟ ਦਾ ਸੀ। ਮੁੱਖ ਮੰਤਰੀ ਸਾਹਿਬ ਨੇ ਆਦੇਸ਼ ਦਿੱਤਾ ਕਿ ਹੜ੍ਹ ਵਾਲੀ ਸਥਿਤੀ ਨਹੀਂ ਬਣਨੀ ਚਾਹੀਦੀ, ਕੁਝ ਅਜਿਹੀ ਵਿਉਂਤ ਬਣਾਓ। ਅਫ਼ਸਰ ਸਾਹਿਬ ਤਜਰਬੇ ਕਰਨ ਲੱਗ ਪਏ ਤੇ ਇਕ ਬੰਨ੍ਹ ਨਰਮ ਪੈ ਗਿਆ। ਮੁੱਖ ਮੰਤਰੀ ਸਾਹਿਬ ਨੇ ਉਹਨੂੰ ਸੱਦ ਲਿਆ। ਪੰਜ ਕੁ ਮਿੰਟਾਂ ਮਗਰੋਂ ਹੀ ਵਾਪਸ ਭੇਜ ਦਿੱਤਾ। ਸਲਾਹਕਾਰ ਪੁੱਛਣ ਲੱਗੇ, 'ਸਰ ਤੁਸੀਂ ਗੱਲ ਕਰ ਲਈ ਹੁਣ ਕੋਈ ਕਾਰਵਾਈ ਪਾਉਣ ਦੀ ਲੋੜ ਹੈ?' ਮੁੱਖ ਮੰਤਰੀ ਸਾਹਿਬ ਕਹਿੰਦੇ, 'ਕੋਈ ਸਵਾਦ ਨਹੀਂ ਆਇਆ ਗੱਲ ਕਰਨ ਦਾ। ਮੈਨੂੰ ਅੰਗਰੇਜ਼ੀ 'ਚ ਲਾਹ-ਪੱਤ ਕਰਨੀ ਨਾ ਆਵੇ ਤੇ ਉਹਦੇ ਪੱਲੇ ਪੰਜਾਬੀ ਦਾ ਕੋਈ ਕੌੜਾ ਲਫ਼ਜ਼ ਨਾ ਪਵੇ।' ਸੋ, ਮਸਲਾ ਇਹ ਵੀ ਰਹਿੰਦਾ ਹੈ ਕਿ ਤੁਸੀਂ ਗੱਲਾਂ ਨਾਲ ਪੁੱਲ ਬੰਨ੍ਹ ਸਕਦੇ ਹੋ ਕਿ ਨਹੀਂ।
  ਆਮ ਤੌਰ 'ਤੇ ਬਾਹਰਲੇ ਮੁਲਕਾਂ ਵਿਚ ਲੋਕ ਆਪਣੀ ਬੋਲੀ ਸਾਂਭਣ ਦੀ ਲੋੜ ਇਸ ਕਰਕੇ ਵੀ ਮਹਿਸੂਸ ਕਰਦੇ ਹਨ, ਕਿਉਂਕਿ ਜੜ੍ਹਾਂ ਤੋਂ ਉੱਖੜੇ ਬੂਟੇ ਸੁੱਕ ਜਾਂਦੇ ਹਨ। ਜੇ ਉਨ੍ਹਾਂ ਮੁਲਕਾਂ ਦੇ ਬਹੁਭਾਸ਼ਾਈ ਤੇ ਬਹੁ-ਸੱਭਿਅਕ ਮਾਹੌਲ ਵਿਚ ਪੰਜਾਬੀ ਦਾ ਝੰਡਾ ਝੁਲਦਾ ਰੱਖਿਆ ਜਾ ਸਕਦਾ ਹੈ ਤਾਂ ਸੱਜਣੋ, ਇਹ ਤਾਂ ਆਪਣਾ ਘਰ ਹੈ। ਇਥੇ ਬੱਚਿਆਂ ਨੂੰ ਉਨ੍ਹਾਂ ਦੇ ਵਿਰਸੇ ਨਾਲ ਜੋੜ ਕੇ ਰੱਖੀਏ। ਕੋਸ਼ਿਸ਼ ਕਰੀਏ ਕਿ ਘਰਾਂ ਵਿਚ ਪੰਜਾਬੀ ਹੀ ਬੋਲੀ ਜਾਵੇ। ਬਾਹਰ 10 ਭਾਸ਼ਾਵਾਂ ਸਿੱਖਣਾ ਕੋਈ ਮਾੜੀ ਗੱਲ ਨਹੀਂ ਪਰ ਇਹ ਕੋਈ ਰਿਵਾਜ ਨਹੀਂ ਕਿ ਆਪਣੀ ਬੋਲੀ ਨੂੰ ਬੇਪਛਾਣ ਕਰ ਛੱਡੀਏ। ਗੱਲ ਦੇ ਵਿਚ ਵਜ਼ਨ ਹੋਵੇ ਤਾਂ ਉਸ ਗੱਲ ਨੂੰ ਸੁਣਨ-ਸਮਝਣ ਉਹ ਵੀ ਆਉਂਦੇ ਹਨ ਜਿਹੜੇ ਤੁਹਾਡੀ ਭਾਸ਼ਾ ਤੋਂ ਨਾਵਾਕਫ਼ ਹਨ। ਜੇਕਰ ਕਹਿਣ ਨੂੰ ਹੌਲੇ ਬੋਲ ਹਨ ਤੇ ਭਾਸ਼ਾ ਫਿਰੰਗੀ ਵੀ ਹੈ ਤਾਂ ਉਸ ਦਾ ਮੁੱਲ ਕਿਤੇ ਨਹੀਂ ਪੈਣਾ। ਜਦੋਂ ਤੁਸੀਂ ਸੂਬਾ ਪੱਧਰ ਦਾ ਜਾਂ ਰਾਜਸੀ ਪੱਧਰ ਦਾ ਇਮਤਿਹਾਨ ਦੇਣ ਜਾਂਦੇ ਹੋ ਤਾਂ ਵੀ ਤੁਹਾਡੀ ਕਾਬਲੀਅਤ ਤੁਹਾਡੀ ਜਾਣਕਾਰੀ ਤੋਂ ਪਰਖੀ ਜਾਂਦੀ ਹੈ। ਤੁਹਾਡੇ ਜਵਾਬ, ਤੁਹਾਡੀ ਸ਼ੈਲੀ, ਤੁਹਾਡੀ ਸਮਝ ਦਾ ਸਬੂਤ ਹੁੰਦੀ ਹੈ। ਤੁਸੀਂ ਉਸੇ ਭਾਸ਼ਾ ਵਿਚ ਗੱਲ ਖੁੱਲ੍ਹ ਕੇ ਕਰ ਸਕਦੇ ਹੋ, ਜਿਸ ਦੇ ਲਫ਼ਜ਼ ਤੁਹਾਥੋਂ ਖਹਿੜਾ ਛੁਡਾ ਕੇ ਨਾ ਭੱਜਣ। ਜਿਹੜੇ ਤੁਹਾਡੇ ਮੂੰਹ ਚੜ੍ਹੇ ਹੋਣ ਤੇ ਜੇਕਰ ਤੁਸੀਂ ਆਪਣੀ ਭਾਸ਼ਾ ਆਪਣੀ ਗੁਫ਼ਤਗੂ ਨਾਲ ਸਾਂਭ ਲਈ, ਆਪਣੇ ਗੀਤਾਂ ਵਿਚ ਸਾਂਭ ਲਈ, ਆਪਣੇ ਫ਼ਲਸਫ਼ੇ ਵਿਚ ਸਾਂਭ ਲਈ ਤਾਂ ਇਹ ਕਿਤੇ ਨਹੀਂ ਗੁਆਚਦੀ। ਇਸ ਖ਼ਾਤਰ ਘਰ-ਘਰ ਦੀਵਾ ਇਲਮ ਦਾ ਜਗਣਾ ਜ਼ਰੂਰੀ ਹੈ। ਇਸ ਨੂੰ ਬਚਾਉਣ ਤੇ ਅੱਗੇ ਵਧਾਉਣ ਲਈ ਇਸ ਦੇ ਬੱਚੇ ਹੱਠ ਕਰਨ ਤਾਂ ਗੱਲ ਬਣੇ। ਕਾਫ਼ਲੇ ਜਿਥੋਂ ਦੀ ਹੋ ਕੇ ਲੰਘਦੇ ਹਨ, ਉਥੇ ਇਕ ਦੀਵਾ ਬਲਦਾ ਛੱਡ ਦਿੰਦੇ ਹਨ, ਨਿਸ਼ਾਨੀ ਦੇ ਰੂਪ ਵਿਚ। ਪੰਜਾਬੀਓ, ਵੇਖਿਓ ਕਿਤੇ ਤੁਹਾਡੀ ਹੋਂਦ ਦਾ ਸਬੂਤ, ਤੁਹਾਡਾ ਚਾਨਣ ਕਿਤੇ ਮੱਠਾ ਨਾ ਪੈ ਜਾਵੇ। ਇਸ ਨੂੰ ਦੋਵੇਂ ਹੱਥੀਂ ਸਾਂਭੋ ਤੇ ਇਸ ਨਾਲ ਜੱਗ ਨੂੰ ਰੁਸ਼ਨਾਵੋ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com