ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਪੰਜਾਬੀ ਲੋਕਧਾਰਾ ਦਾ ਮੁਹਾਂਦਰਾ ਕਿਤਾਬ ਦਾ ਸਰਵਰਕ ਪੰਜਾਬੀ ਲੋਕਧਾਰਾ ਦਾ ਮੁਹਾਂਦਰਾ ਕਿਤਾਬ ਦਾ ਸਰਵਰਕ

  ਪੰਜਾਬੀ ਲੋਕਧਾਰਾ ਦਾ ਮੁਹਾਂਦਰਾ (ਪੁਸਤਕ ਰੀਵਿਊ)

  ਪੁਸਤਕ ਰੀਵਿਊ
  ਕਿਤਾਬ: ਪੰਜਾਬੀ ਲੋਕਧਾਰਾ ਦਾ ਮੁਹਾਂਦਰਾ
  ਸੰਪਾਦਕ: ਪ੍ਰਬੰਧਕ, ਪੰਜਾਬੀ ਲੋਕਧਾਰਾ ਫੇਸਬੁੱਕ ਸਮੂਹ
  ਪੰਨੇ 256, ਮੁੱਲ: 250
  ਰੀਵਿਊਕਾਰ: ਡਾ. ਸੁਖਦੇਵ ਸਿੰਘ ਝੰਡ
  —————————
  ਲੋਕਧਾਰਾ ਅੰਗਰੇਜ਼ੀ ਦੇ ਸ਼ਬਦ ‘ਫੋਕਲੋਰ’ ਦਾ ਪੰਜਾਬੀ ਰੁਪਾਂਤਰਣ ਹੈ ਅਤੇ ਸ਼ਬਦ-ਕੋਸ਼ਾਂ ਵਿਚ ਇਸ ਨੂੰ ‘ਲੋਕ-ਸਮੂਹ’ ਦੇ ਜੀਵਨ ਅਤੇ ਸਭਿਆਚਾਰ ਦਾ ਪ੍ਰਗਟਾਵਾ ਦਰਸਾਇਆ ਗਿਆ ਹੈ। ਕਈਆਂ ਵਿਦਵਾਨਾਂ ਨੇ ਇਸ ਨੂੰ ਕਿਸੇ ਖ਼ਾਸ ਲੋਕ-ਸਮੂਹ ਦੀ ‘ਜੀਵਨ-ਜਾਚ’ ਦਾ ਨਾਂ ਵੀ ਦਿੱਤਾ ਹੈ। ਵੱਖ-ਵੱਖ ਜਨ-ਸਮੂਹਾਂ ਦੀ ਜੀਵਨ-ਜਾਚ ਜਾਂ ਉਨ੍ਹਾਂ ਦੀ ਲੋਕਧਾਰਾ ਵੱਖੋ-ਵੱਖਰੀ ਹੋ ਸਕਦੀ ਹੈ ਅਤੇ ਇਹ ਹੈ ਵੀ। ਦਰਅਸਲ, ਲੋਕਧਾਰਾ ਮਨੁੱਖੀ ਵਰਤਾਰੇ ਦੇ ਨਿੱਤ ਪ੍ਰਤੀ ਕਾਰ-ਵਿਹਾਰ ਅਤੇ ਵਰਤਾਰੇ ਦੀ ਸਮੁੱਚੀ ਤਸਵੀਰ ਹੈ।

  ਇਸ ਦਾ ਘੇਰਾ ਬੜਾ ਵਿਸ਼ਾਲ ਹੈ ਅਤੇ ਇਸ ਦੀ ਜ਼ਦ ਵਿਚ ਆਮ ਲੋਕਾਂ ਦੀਆਂ ਗੱਲਾਂ-ਬਾਤਾਂ, ਉਨ੍ਹਾਂ ਦੀ ਰਹਿਣੀ-ਬਹਿਣੀ, ਬੋਲੀ, ਸਭਿਆਚਾਰ, ਪਹਿਰਾਵਾ, ਗਹਿਣੇ-ਗੱਟੇ, ਰਸਮੋ-ਰਿਵਾਜ਼, ਅਖਾਣ, ਮੁਹਾਵਰੇ, ਟੱਪੇ, ਬੋਲੀਆਂ, ਘੋੜੀਆਂ, ਸੁਹਾਗ, ਲੋਕ-ਗੀਤ, ਲੋਕ-ਸੰਗੀਤ, ਲੋਕ-ਕਹਾਣੀਆਂ, ਲੋਕ-ਸਾਜ਼, ਕਿੱਸਾ-ਕਾਵਿ, ਲੰਮੀਆਂ ਬਾਤਾਂ, ਲੰਮੇ ਗੀਤ, ਵੈਣ, ਬੁਝਾਰਤਾਂ, ਗਾਲ੍ਹਾਂ, ਦੇਸੀ ਟੋਟਕੇ, ਦੇਸੀ ਦਵਾ-ਦਾਰੂ, ਵਹਿਮ-ਭਰਮ, ਝਾੜ-ਫ਼ੂਕ, ਫਾਂਡੇ ਅਤੇ ਪਤਾ ਨਹੀਂ ਹੋਰ ਕੀ ਕੁੱਝ ਆ ਜਾਂਦਾ ਹੈ।
  ‘ਲੋਕਧਾਰਾ’ ਯੂਨੀਵਰਸਿਟੀ ਪੱਧਰ ‘ਤੇ ਪੜ੍ਹਨ-ਪੜ੍ਹਾਉਣ ਅਤੇ ਖੋਜ ਦਾ ਵਿਸ਼ਾ ਬਣ ਚੁੱਕਾ ਹੈ ਅਤੇ ਇਸ ‘ਤੇ ਹੁਣ ਤੱਕ ਕਈ ਪੁਸਤਕਾਂ ਛਪ ਚੁੱਕੀਆਂ ਹਨ ਜਿਨ੍ਹਾਂ ਵਿਚ ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਦੀਆਂ ‘ਪੰਜਾਬੀ ਲੋਕਧਾਰਾ ਵਿਸ਼ਵਕੋਸ਼’ (1981), ‘ਲੋਕਧਾਰਾ ਅਤੇ ਸਾਹਿਤ’ (1986), ਡਾ. ਨਾਹਰ ਸਿੰਘ ਦੀਆਂ ‘ਲੋਕ-ਕਾਵਿ ਦੀ ਸਿਰਜਣ ਪ੍ਰਕ੍ਰਿਆ’ (1983), ‘ਮਾਲਵੇ ਦੇ ਟੱਪੇ’ (1986′, ‘ਲੌਂਗ ਬੁਰਜੀਆਂ ਵਾਲਾ’ (1986) ਡਾ. ਗੁਰਮੀਤ ਸਿੰਘ ਦੀ ‘ਪੰਜਾਬੀ ਲੋਕਧਾਰਾ ਦੇ ਕੁੱਝ ਪੱਖ’ (1986), ਬਲਬੀਰ ਸਿੰਘ ਪੂਨੀ ਦੀ ‘ਪੰਜਾਬੀ ਲੋਕਧਾਰਾ ਤੇ ਸਭਿਆਚਾਰ’ (1992) ਸ਼ੁਰੂ-ਸ਼ੁਰੂ ਵਿਚ ਕਾਫ਼ੀ ਮਸ਼ਹੂਰ ਹੋਈਆਂ।
  ਇਸ ਦੇ ਨਾਲ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿਦਵਾਨ ਪ੍ਰੋਫ਼ੈਸਰ ਡਾ. ਕਰਨੈਲ ਸਿੰਘ ਥਿੰਦ ਵੱਲੋਂ ‘ਫੋਕਲੋਰ’ ਨੂੰ ਨਵਾਂ ਨਾਂ ‘ਲੋਕਯਾਨ’ ਦੇਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਨੇ ਸੱਤਰਵਿਆਂ ਦੇ ਅਖੀਰ ਵਿਚ ਆਪਣੇ ਪੀ.ਐੱਚ.ਡੀ. ਥੀਸਿਜ਼ ‘ਪੰਜਾਬੀ ਸਾਹਿਤ ਦਾ ਲੋਕਯਾਨਿਕ ਅਧਿਐੱਨ’ ਵਿਚ ਇਸ ਨਾਂ ਦੀ ਵਰਤੋਂ ਕੀਤੀ ਪਰ ਸ਼ਾਇਦ ਇਸ ਦਾ ਹਿੰਦੀ ਪਿਛੋਕੜ ਹੋਣ ਕਰਕੇ ਇਹ ਨਾਂ ਪੰਜਾਬੀ ਜਗਤ ਵਿਚ ਵਿਚ ਵਧੇਰੇ ਪ੍ਰਚੱਲਿਤ ਨਾ ਹੋ ਸਕਿਆ ਅਤੇ ਸ਼ਬਦ ‘ਲੋਕਧਾਰਾ’ ਹੀ ‘ਫੋਕਲੋਰ’ ਦੇ ਪੰਜਾਬੀ ਰੂਪ ਵਜੋਂ ਲੋਕਾਂ ਦੇ ਸਾਹਮਣੇ ਆਇਆ। ਇਸ ਨੂੰ ਲੋਕ-ਜੀਵਨ ਦੀ ਵਗਦੀ ‘ਧਾਰਾ’ ਮੰਨਿਆ ਅਤੇ ਸਮਝਿਆ ਗਿਆ। ਅਲਬੱਤਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਹੀ ਇਕ ਹੋਰ ਵਿਦਵਾਨ ਇਕਬਾਲ ਸੌਂਦ ਨੇ 1986 ਵਿਚ ਛਪੀ ਆਪਣੀ ਪੁਸਤਕ ‘ਪੰਜਾਬੀ ਲੋਕਯਾਨ’ ਲਈ ਸ਼ਬਦ ‘ਲੋਕਯਾਨ’ ਦਾ ਪ੍ਰਯੋਗ ਕੀਤਾ। ਬੇਸ਼ੱਕ, ਇਸ ਦੇ ਬਾਅਦ ਕਈ ਹੋਰ ਪੁਸਤਕਾਂ ਜਿਵੇਂ ‘ਲੋਕ-ਗੀਤਾਂ ਦੇ ਨਾਲ-ਨਾਲ’ (2003), ‘ਕੂੰਜਾਂ ਪਰਦੇਸਣਾਂ’ (2005), ‘ਪੰਜਾਬੀ ਲੋਕਧਾਰਾ ਸਮੀਖਿਆ’ (2012) ਤੇ ਕਈ ਹੋਰ ਪ੍ਰਕਾਸ਼ਿਤ ਹੋਈਆਂ।
  ਹਥਲੀ ਪੁਸਤਕ ‘ਪੰਜਾਬੀ ਲੋਕਧਾਰਾ ਦਾ ਮੁਹਾਂਦਰਾ’ ਫੇਸਬੁੱਕ ਉੱਪਰ 16 ਮਾਰਚ 2013 ਨੂੰ ਹੋਂਦ ਵਿਚ ਆਏ ‘ਪੰਜਾਬੀ ਲੋਕਧਾਰਾ ਗਰੁੱਪ’ ਵੱਲੋਂ ਕੀਤਾ ਗਿਆ ਆਪਣੀ ਹੀ ਕਿਸਮ ਦਾ ਇਕ ਵੱਖਰਾ ਉਪਰਾਲਾ ਹੈ ਜਿਸ ਵਿਚ ਇਸ ਗਰੁੱਪ ਦੇ ਮੈਂਬਰਾਂ ਦੀਆਂ ਪੰਜਾਬੀ ਲੋਕਧਾਰਾ ਨਾਲ ਜੁੜੀਆਂ ਵੱਖ-ਵੱਖ ਰਚਨਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਇਹਨਾ ਵਿਚੋਂ ਬਹੁਤੇ ਪੰਜਾਬੀ ਭਾਸ਼ਾ ਦੇ ਕੋਈ ਪ੍ਰੋੜ੍ਹ-ਲੇਖਕ ਨਹੀਂ ਹਨ ਅਤੇ ਇਹ ਵੀ ਹੋ ਸਕਦਾ ਹੈ ਕਿ ਇਨ੍ਹਾਂ ਵਿਚੋਂ ਕਈਆਂ ਦੀ ਇਹ ਪਹਿਲ-ਪਲੇਠੀ ਰਚਨਾ ਹੀ ਹੋਵੇ, ਪਰ ਇਨ੍ਹਾਂ ਰਚਨਾਵਾਂ ਵਿਚੋਂ ‘ਪੰਜਾਬੀ ਲੋਕਧਾਰਾ’ ਦੀ ਇਕ ‘ਨਦੀ’ ਵਹਿ ਰਹੀ ਪ੍ਰਤੀਤ ਹੁੰਦੀ ਹੈ, ਚਾਹੇ ਉਹ ‘ਨੂੰਹ ਸੱਸ ਦਾ ਰਿਸ਼ਤਾ’ ਤੇ ‘ਲੋਕਧਾਰਾ ਕੀ ਹੈ?’ ਵਰਗੇ ਛੋਟੇ-ਛੋਟੇ ਨਿਬੰਧ ਹੋਣ ਜਾਂ ‘ਲਾਲ-ਚੂੜਾ’ ਵਰਗੀ ਆਪ-ਬੀਤੀ ਹੋਵੇ ਜਾਂ ਕਿਸੇ ਪਿੰਡ ਦੇ ‘ਨਾਜ਼ਰ ਸਾਧ’ ਦੀ ਵਿਥਿਆ ਹੋਵੇ ਜਾਂ ਪੰਜਾਬੀ ਦੇ ਮਹਾਨ ਲੋਕ-ਵਿਰਸੇ ‘ਤਾਣੀ’ ਬਾਰੇ ਵਡਮੁੱਲੀ ਜਾਣਕਾਰੀ ਜਾਂ ‘ਗਿੱਡੂਆਂ ਦੀ ਘੁਲਾੜੀ’ ਤੋਂ ਰਾਤ ਨੂੰ ਰਾਖੇ ‘ਬੱਗੇ’ ਨੂੰ ਭੂਤਾਂ ਦਾ ਡਰ ਪਾ ਕੇ ਭਜਾਉਣ ਤੋਂ ਬਾਅਦ ਗੰਨੇ ਚੂਪਣ ਦੀ ਦਿਲਚਸਪ ਹੱਡ-ਬੀਤੀ ਹੋਵੇ ਜਾਂ ਫਿਰ ‘ਤੀਜ ਦੀਆਂ ਤੀਆਂ’ ਦਾ ਖ਼ੂਬਸੂਰਤ ਜ਼ਿਕਰ ਹੋਵੇ, ਸਾਰੇ ਹੀ ਬੜੇ ਰੋਚਕ ਵਿਸ਼ੇ ਹਨ।
  ਇਨ੍ਹਾਂ ਤੋਂ ਇਲਾਵਾ ਜਿੱਥੇ ਇਸ ਪੁਸਤਕ ਵਿਚ ਸ਼ਾਮਲ ਕਹਾਣੀਆਂ ‘ਗੁਨਾਹਗਾਰ’,’ਹਰਿਆਵਲ ਬਾਕੀ ਹੈ’, ‘ਹੂਕ’, ‘ਇਕ ਪਰੀ’, ‘ਸਕੇ ਸੋਧਰੇ’, ‘ਬੁੱਢੀ ਔਰਤ’, ‘ਗੋਹੇ ਵਾਲੇ ਹੱਥ’, ‘ਚਿੜੀਆਂ ਦਾ ਮਰਨ’, ‘ਬਾਬਾ ਤਾਂਗੇ ਵਾਲਾ’ ਆਦਿ ਪੰਜਾਬੀ ਲੋਕ-ਜੀਵਨ ਦੀ ਪੂਰੀ ਤਰਜਮਾਨੀ ਕਰਦੀਆਂ ਹਨ, ਉੱਥੇ ਇਸ ਵਿਚਲੇ ਛੰਦ, ਬਾਤਾਂ, ‘ਕਿੱਸੇ ਰਾਮਗੜ੍ਹੀਆਂ ਦੇ’, ‘ਸਾਂਝੀ’, ਦਰੀਆਂ ਬੁਣਨ ਤੇ ਖੂਹ ਦੇ ‘ਚੱਕ’ ਬਾਰੇ ਰੌਚਕ ਜਾਣਕਾਰੀ ਅਤੇ ‘ਮੱਲ ਸਿਉਂ ਦੇ ਕਿੱਸੇ’ ਵਰਗੇ ਹਾਸਰਸ-ਟੋਟਕੇ ਇਸ ਨੂੰ ਹੋਰ ਵੀ ਚਾਰ-ਚੰਨ ਲਾਉਂਦੇ ਹਨ। ਪੁਸਤਕ ਦੇ ਅਖੀਰਲੇ 100 ਤੋਂ ਵਧੇਰੇ ਪੰਨਿਆਂ ਵਿਚ ਵੱਖ-ਵੱਖ ਲੋਕ-ਕਵੀਆਂ ਦੀਆਂ ਕਵਿਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ ਜੋ ਲੋਕਧਾਰਾ ਦੇ ਵੱਖੋ-ਵੱਖਰੇ ਰੰਗਾਂ ਨੂੰ ਉਜਾਗਰ ਕਰਦੀਆਂ ਹਨ ਜਿਨ੍ਹਾਂ ਵਿਚ ਬਹੱਤਰ ਕਲਾ ਛੰਦ, ਚਰਖਾ, ਪਿੰਡ ਦਾ ਗੇੜਾ, ਲੋਕ-ਤੱਥ, ਮਾਂ, ਧੀਆਂ, ਪੰਜਾਬੀ ਦਾ ਕੈਦਾ, ਪੰਜਾਬੀ ਮੇਰੀ ਬੋਲੀ, ਨਾਰੀ ਦਿਵਸ, ਜ਼ਹਿਰੀਲੇ ਗੀਤ, ਆਦਿ ਵਿਸ਼ਿਆਂ ਨੂੰ ਪਹਿਲ ਦਿੱਤੀ ਗਈ ਹੈ।
  ਇਸ ਪੁਸਤਕ ਦੇ ਸੰਪਾਦਕ ਵੀ ਕੋਈ ਹੋਰ ਨਹੀਂ ਸਗੋਂ ਇਸ ਫੇਸਬੁੱਕ-ਗਰੁੱਪ ਦੇ ਸੰਚਾਲਕ ਗੁਰਸੇਵਕ ਸਿੰਘ ਧੌਲਾ, ਵਰਿੰਦਰਜੀਤ ਕੌਰ ਸਿੰਮੀ ਤੇ ਮਨਜੀਤ ਸਿੰਘ ਮੰਨੀ ਹਨ। ਸਾਲ 2013 ਵਿਚ ਫੇਸਬੁੱਕ ਉੱਪਰ ਸ਼ੁਰੂ ਕੀਤਾ ਗਿਆ ਇਹ ਗਰੁੱਪ ਕੁੱਝ ਮਹੀਨਿਆਂ ਵਿਚ ਹੀ ਇਸ ‘ਤੇ ਛਾ ਗਿਆ। ਦਿਨੋਂ-ਦਿਨ ਇਸ ਦੇ ਮੈਂਬਰਾਂ ਦੀ ਗਿਣਤੀ ਵਧਣ ਲੱਗੀ ਅਤੇ ਹੌਲੀ-ਹੌਲੀ ਪੰਜਾਬੀ ਲੋਕਧਾਰਾ ਲਈ ਫ਼ਿਕਰਮੰਦ ਸੈਂਕੜੇ ਨਹੀਂ, ਸਗੋਂ ਹਜ਼ਾਰਾਂ ਹੀ ਮੈਂਬਰ ਇਸ ਦੇ ਨਾਲ ਜੁੜ ਗਏ। ਗਰੁੱਪ ਦੇ ਸੰਚਾਲਕਾਂ ਅਨੁਸਾਰ ਇਸ ਸਮੇਂ ਇਸ ਦੇ ਮੈਂਬਰਾਂ ਦੀ ਗਿਣਤੀ 10,500 ਤੋਂ ਵਧੇਰੇ ਹੈ ਅਤੇ ਇਨ੍ਹਾਂ ਵਿਚੋਂ ਬਹੁਤ ਸਾਰੇ ਫੇਸਬੁੱਕ-ਗਰੁੱਪ ਵਿਚ ਪੂਰੀ ਤਰ੍ਹਾਂ ਕਿਰਿਆਸ਼ੀਲ ਹਨ। ਉਹ ਵਧ-ਚੜ੍ਹ ਕੇ ਲੋਕਧਾਰਾ ਸਬੰਧੀ ਪੋਸਟਾਂ ਪਾਉਂਦੇ ਹਨ ਅਤੇ ਉਨ੍ਹਾਂ ਉੱਪਰ ਖ਼ੂਬਸੂਰਤ ਕੁਮੈਂਟ ਕਰਦੇ ਹਨ। ਉਹ ਸਾਰੇ ਇਕ ਪਰਿਵਾਰ ਦੇ ਜੀਆਂ ਵਾਂਗ ਵਿਚਰਦੇ ਹਨ ਅਤੇ ਕੋਈ ਵੀ ਕਿਸੇ ਦੀ ਕਹੀ ਜਾਂ ਲਿਖੀ ਹੋਈ ਗੱਲ ਦਾ ਗ਼ੁੱਸਾ ਨਹੀਂ ਕਰਦਾ।
  ਪੁਸਤਕ ਦੇ ਆਰੰਭ ਵਿਚ ਮੁੱਖ-ਬੰਦ ਵਜੋਂ ਡਾ. ਹਰਦੀਪ ਕੌਰ ਸੰਧੂ ਦਾ ਲਿਖਿਆ ਹੋਇਆ ਖ਼ੂਬਸੂਰਤ ਸੰਖੇਪ ਆਰਟੀਕਲ ਹੈ ਜਿਸ ਵਿਚ ਉਹ ‘ਪੰਜਾਬੀ ਲੋਕਧਾਰਾ’ ਨੂੰ ਪੰਜਾਬੀ ਸਭਿਅਤਾ ਦਾ ‘ਪੰਘੂੜਾ’ ਕਹਿ ਕੇ ਬੁਲਾਉਂਦੇ ਹਨ ‘ਜਿੱਥੇ ਸਾਡੀ ਵਿਰਾਸਤ ਪਲਦੀ, ਪਣਪਦੀ ਅਤੇ ਵਿਸਤਰਿਤ ਹੁੰਦੀ ਹੈ’ ਜੋ ਕਿ ਸੌ ਫ਼ੀਸਦੀ ਸਹੀ ਹੈ। ਪੁਸਤਕ ਵਿਚ ਪੰਜਾਬੀ ਲੋਕਧਾਰਾ ਗਰੁੱਪ ਦੇ ‘ਚਾਚੇ’ ਜਨਮੇਜਾ ਸਿੰਘ ਜੌਹਲ ਦਾ ਸੰਦੇਸ਼ ਸਤਿਕਾਰ ਸਹਿਤ ਸ਼ਾਮਲ ਕੀਤਾ ਗਿਆ ਹੈ ਜਿਸ ਵਿਚ ਉਹ ਫ਼ਰਮਾਉਂਦੇ ਹਨ,”ਫੇਸਬੁੱਕ ‘ਤੇ ਲੱਖਾਂ ਹੀ ਗਰੁੱਪ ਹੋਣੇ ਨੇ ਅਤੇ ਹਰ ਇਕ ਦਾ ਕੋਈ ਮਕਸਦ ਹੋਵੇਗਾ। ਪਰ ਦੇਰ ਸਵੇਰ ਇਹ ਆਪਣੇ ਮਕਸਦ ਤੋਂ ਭਟਕ ਜਾਂਦੇ ਹਨ ਜਾਂ ਇਨ੍ਹਾਂ ਵਿਚ ਨੀਰਸਤਾ ਪੈਦਾ ਹੋ ਜਾਂਦੀ ਹੈ।” ਉਨ੍ਹਾਂ ਦੇ ਮੁਤਾਬਿਕ,”ਪੰਜਾਬੀ ਲੋਕਧਾਰਾ ਹੀ ਅਜਿਹਾ ਗਰੁੱਪ ਹੈ ਜੋ ਆਪਣੇ ਟੀਚੇ ਬਾਰੇ ਸਪਸ਼ਟ ਹੈ ਅਤੇ ਉਸ ਦੇ ਅਸੂਲਾਂ ‘ਤੇ ਡਟ ਕੇ ਪਹਿਰਾ ਦੇ ਰਿਹਾ ਹੈ। ਸੱਚੀ ਗੱਲ ਤਾਂ ਇਹ ਹੈ ਕਿ ਇਹ ਗਰੁੱਪ ਨਹੀਂ, ਇਕ ਪਰਿਵਾਰ ਹੈ ਅਤੇ ਇਸ ਦੇ ਰਿਸ਼ਤੇ ਸਕਿਆਂ ਨੂੰ ਵੀ ਮਾਤ ਪਾਉਂਦੇ ਹਨ।” ਇੰਜ ਹੀ ਪੁਸਤਕ ਵਿਚ ਇਸ ਗਰੁੱਪ ਦੇ ਸੰਚਾਲਕ ਮਨਜੀਤ ਸਿੰਘ ਮਨੀ ਦਾ ਛੋਟਾ ਜਿਹਾ ਸੰਦੇਸ਼ ਵੀ ਮੌਜੂਦ ਹੈ।
  ਡਾ. ਕੁਲਦੀਪ ਸਿੰਘ ਦੀਪ ਦਾ ਲੇਖ ‘ਪੰਜਾਬੀ ਲੋਕਧਾਰਾ ਦੇ ਵੱਖ-ਵੱਖ ਪਹਿਲੂ’ ਨੈਤਿਕ ਮੁੱਲਾਂ, ਅਲਿਖਤ ਕਾਨੂੰਨਾਂ, ਸੰਪਰਦਾਇਕਤਾ, ਸਿਆਸੀ ਵਿਚਾਰਧਾਰਾ, ਆਰਥਿਕ ਵਿਲੱਖਣਤਾ, ਲੋਕ ਮਨ, ਲੋਕ ਵਿਸ਼ਵਾਸ, ਲੋਕਧਾਰਾ ਦੀ ਪਛਾਣ ਅਤੇ ਲੋਕਧਾਰਾ ਤੇ ਸਾਹਿਤ ਦੀ ਗੱਲ ਛੇੜਦਾ ਹੈ। ਇੰਜ ਹੀ, ਡਾ. ਸੁਖਦੇਵ ਸਿੰਘ ਝੰਡ ਦਾ ਲੇਖ ‘ਲੋਕਧਾਰਾ ਅਤੇ ਸਾਡਾ ਪੰਜਾਬੀ ਜੀਵਨ’ ਲੋਕਧਾਰਾ ਕੀ ਹੈ? ਤੋਂ ਸ਼ੁਰੂ ਹੋ ਕੇ ਲੋਕਧਾਰਾ ਸ਼ਬਦ ਦੇ ਮੁੱਢ, ਇਸ ਦੇ ਖੇਤਰ, ਪੰਜਾਬੀ ਜਨ-ਜੀਵਨ, ਅਖਾਉਤਾਂ, ਅਖਾਣਾਂ, ਮੁਹਾਵਰਿਆਂ, ਕਾਰ-ਵਿਹਾਰਾਂ, ਸੰਦਾਂ, ਸਹਾਇਕ ਧੰਦਿਆਂ, ਤਿੱਥਾਂ ਤੇ ਦਿਨ-ਤਿਉਹਾਰਾਂ, ਸੋਸ਼ਲ ਮੀਡੀਆ ਅਤੇ ਪੰਜਾਬੀ ਲੋਕਧਾਰਾ ਦੀ ਅਜੋਕੀ ਸਥਿਤੀ ਬਾਰੇ ਚਰਚਾ ਕਰਦਾ ਹੈ।
  ਇਸ ਤਰ੍ਹਾਂ ਇਹ ਪੁਸਤਕ ਪੰਜਾਬੀ ਲੋਕਧਾਰਾ ਦੇ ਵੱਖ-ਵੱਖ ਕਿਸਮ ਦੇ ਬਹੁਮੁੱਲੇ ਮੋਤੀਆਂ ਦੀ ‘ਮਾਲਾ’ ਬਣ ਗਈ ਹੈ ਜਿਸ ਵਿਚ ਇਹ ਮੋਤੀ ਇਕ ਖ਼ੂਬਸੂਰਤ ਲੜੀ ਵਿਚ ਪਰੋਏ ਹੋਏ ਹਨ। ਪਾਠਕ ਇਸ ਪੁਸਤਕ ਨੂੰ ਪੜ੍ਹ ਕੇ ਜਿੱਥੇ ਇਨ੍ਹਾਂ ਵਿਚਲੀਆਂ ਰੌਚਕ ਵੰਨਗੀਆਂ ਦਾ ਅਨੰਦ ਮਾਣਨਗੇ, ਉੱਥੇ ਇਸ ਦੇ ਨਾਲ ਨਾਲ ਪੰਜਾਬੀ ਲੋਕਧਾਰਾ ਬਾਰੇ ਭਰਪੂਰ ਜਾਣਕਾਰੀ ਵੀ ਪ੍ਰਾਪਤ ਕਰਨਗੇ।
  ‘ਪੰਜਾਬੀ ਲੋਕਧਾਰਾ ਗਰੁੱਪ’ ਵੱਲੋਂ ਪੰਜਾਬੀ ਲੋਕਧਾਰਾ ਬਾਰੇ ਪ੍ਰਕਾਸ਼ਿਤ ਕੀਤੀ ਗਈ ਇਸ ਪਲੇਠੀ ਪੁਸਤਕ ਦਾ ਮੈਂ ਭਰਪੂਰ ਸੁਆਗਤ ਕਰਦਾ ਹਾਂ ਅਤੇ ਪੰਜਾਬੀ ਪਾਠਕਾਂ ਨੂੰ ਇਸ ਦੇ ਪੜ੍ਹਨ ਦੀ ਸਿਫ਼ਾਰਸ਼ ਕਰਦਾ ਹਾਂ। ਇਸ ਦੇ ਨਾਲ ਹੀ ਮੈਂ ਇਸ ਦੇ ਸੰਪਾਦਕਾਂ ਨੂੰ ਇਹ ਖ਼ੂਬਸੂਰਤ ਪੁਸਤਕ ਲਿਆਉਣ ‘ਤੇ ਹਾਰਦਿਕ ਮੁਬਾਰਕਬਾਦ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਉਹ ਅੱਗੋਂ ਵੀ ਅਜਿਹੇ ਉਪਰਾਲੇ ਕਰਦੇ ਰਹਿਣਗੇ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com