ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਸ਼ਰੀਕ

  ਦਰਸ਼ਨ ਸਿੰਘ ਦਰਸ਼ਨ, ਸਾਬਕਾ ਐਡਵੋਕੇਟ
  ਫ਼ੋਨ: 647-608-1062

  ਮਿਥਿਹਾਸ ਅਨੁਸਾਰ ਧਰਤੀ ਉੱਪਰ ਮਨੁੱਖੀ ਹੋਂਦ ‘ਆਦਮ’ ਅਤੇ ‘ਈਵ’ ਤੋਂ ਹੋਈ ਮੰਨੀ ਜਾਂਦੀ ਹੈ। ਇਹ ਵੀ ਮੰਨਿਆਂ ਜਾਂਦਾ ਹੈ ਕਿ ਜਿ਼ੰਦਗੀ ਦੇ ਵਿਕਾਸ ਲਈ ਹਵਾ ਅਤੇ ਪਾਣੀ ਦੀ ਜ਼ਰੂਰਤ ਹੈ। ਇਸ ਤਰ੍ਹਾਂ ਸੰਸਾਰ ਦੇ ਪਹਿਲੇ ਕਥਿਤ ਜੋੜੇ ਦੀ ਉਤਪਤੀ ਵੀ ਦਰਿਆ ਜਾਂ ਸਮੁੰਦਰ ਦੇ ਕੰਢੇ ਕਿਸੇ ਜੰਗਲ ਵਿਚ ਹੀ ਕਿਆਸੀ ਜਾ ਸਕਦੀ ਹੈ ਜਿੱਥੇ ਪਾਣੀ ਅਤੇ ਹਵਾ ਦੋਵੇਂ ਹੀ ਮੌਜੂਦ ਸਨ। ਜਿਉਂ-ਜਿਉਂ ਮਨੁੱਖਤਾ ਦਾ ਪਸਾਰ ਹੋਇਆ ਹੈ, ਤਿਉਂ-ਤਿਉਂ ਚੌਧਰ ਲਈ ‘ਆਪਸੀ ਵਿਰੋਧ’ ਨੇ ਵੀ ਜਨਮ ਲੈ ਲਿਆ ਹੈ। ਇਹ ਵੀ ਇਕ ਅਟੱਲ ਸਚਾਈ ਹੈ ਕਿ ਇਹ ਵਿਰੋਧ ਕਿਸੇ ਦੂਸਰੇ ਨਾਲ ਘੱਟ ਪਰ ਇੱਕੋ ਢਿੱਡੋਂ ਜੰਮੇਂ ਭਰਾਵਾਂ ਵਿਚਕਾਰ ਵਧੇਰੇ ਵੇਖਣ ਨੂੰ ਮਿਲਦਾ ਹੈ। ਇਤਿਹਾਸ ਗਵਾਹ ਹੈ ਕਿ ਭਰਾ ਨੇ ਭਰਾ ਮਾਰ ਕੇ, ਪੁੱਤ ਨੇ ਪਿਓ ਨੂੰ ਕਤਲ ਕਰਕੇ ਰਾਜ ਪਲਟਾ ਕਰਕੇ ਆਪਣਾ ਰਾਜ ਸਥਾਪਿਤ ਕੀਤਾ ਹੈ। ਇਸੇ ਤਰ੍ਹਾਂ ਗੁਰੂਘਰਾਂ ਵਿਚ ਵੀ ‘ਗੁਰ-ਗੱਦੀ’ ਦੀ ਪ੍ਰਾਪਤੀ ਲਈ ਗੁਰੂ ਪੁੱਤਰਾਂ ਵੱਲੋਂ ਵੀ ਆਪਣੇ ਭਰਾਵਾਂ ਦਾ ਵਿਰੋਧ ਹੁੰਦਾ ਰਿਹਾ ਹੈ। ਇਸ ਵਿਰੋਧ ਦਾ ਹੀ ਦੂਸਰਾ ਰੂਪ ‘ਸ਼ਰੀਕਾ’ ਹੈ।


  ਜਿਵੇਂ-ਜਿਵੇਂ ਕਬੀਲੇ ਵਿਕਾਸ ਕਰਦੇ ਗਏ, ਜਾਇਦਾਦਾਂ ਦੀਆਂ ਵੰਡੀਆਂ ਪੈਂਦੀਆਂ ਗਈਆਂ। ਚੰਗੀ ਜਾਂ ਵਧੇਰੇ ਜਾਇਦਾਦ ਲਈ ਅਤੇ ਚੌਧਰ ਹਾਸਲ ਕਰਨ ਲਈ ਸ਼ਰੀਕੇਬਾਜ਼ੀ ਦੇ ਕਲਾਤਮਿਕ ਸ਼ਬਦ 'ਤੇ ਪੱਕੀ ਮੋਹਰ ਲੱਗ ਗਈ। ਅਗਿਆਨਤਾ-ਵੱਸ, ਖੁੰਧਕ ਕਾਰਨ ਜਾਂ ਫਿਰ ਖੋਟੀ ਤੇ ਲਾਲਚੀ ਨੀਯਤ ਨਾਲ ਇਕ ਦੂਸਰੇ ਨੂੰ ਨੀਵਾਂ ਵਿਖਾਉਣ ਜਾਂ ਉਸ ਦਾ ਹੱਕ ਖੋਹਣ ਦਾ ਨੀਵਾਂ ਚੱਲਣ ਸ਼ੁਰੂ ਹੋ ਗਿਆ। ਅੱਜ ਇਹ ਰੀਤ ਹਰ ਘਰ, ਹਰ ਕਬੀਲੇ, ਪਿੰਡ, ਸ਼ਹਿਰ, ਸੂਬੇ, ਦੇਸ਼ ਅਤੇ ਅੰਤਰ-ਰਾਸ਼ਟਰੀ ਪੱਧਰ 'ਤੇ ਬਾ-ਦਸਤੂਰ ਜਾਰੀ ਹੈ। ਇਸ ਦਾ ਕਾਰਨ ਭਾਵੇਂ ਕੋਈ ਵੀ ਹੋਵੇ ਪਰ ਇਹ ਬੀਮਾਰੀ ਹੈ ਬੜੀ ਨਾ-ਮੁਰਾਦ ਅਤੇ ਸਾਡਾ ਸਮਾਜ ਇਸ ਦੀ ਪੂਰੀ ਤਰ੍ਹਾਂ ਪਕੜ ਵਿਚ ਹੈ। ਸ਼ਰੀਕਪੁਣੇ ਦੇ ਬੀਜ ਏਨੇ ਕਠੋਰ ਹਨ ਕਿ ਇਨ੍ਹਾਂ ਨੂੰ ਕੋਈ ਘੁਣ ਜਾਂ ਕਿਸੇ ਵੀ ਕਿਸਮ ਦਾ ਕੋਈ ਕੀੜਾ ਨਸ਼ਟ ਨਹੀਂ ਕਰ ਸਕਦਾ। ਇਸ ਲਈ ਇਹ ਸਾਡੇ ਸਮਾਜ ਵਿਚ ਪਹਿਲਾਂ ਵੀ ਮੌਜੂਦ ਸੀ, ਹੁਣ ਵੀ ਹੈ ਅਤੇ ਅੱਗੋਂ ਵੀ ਚੱਲਦਾ ਰਹੇਗਾ।
  ਸ਼ਰੀਕਪੁਣੇ ਦੀ ਇਕ ਅੱਖੀਂ ਵੇਖੀ ਘਟਨਾ ਦਾ ਨਮੂੰਨਾ ਪਾਠਕਾਂ ਦੇ ਗਿਆਨ ਹਿੱਤ ਉਨ੍ਹਾਂ ਦੇ ਸਨਮੁੱਖ ਕੀਤਾ ਜਾਂਦਾ ਹਾਂ। ਗੱਲ ਅਪ੍ਰੈਲ 1963 ਦੀ ਹੈ। ਹੋਇਆ ਇਸ ਤਰ੍ਹਾਂ ਕਿ ਨਸੀਬ ਸਿੰਘ ਦਾ ਵਿਆਹ ਸੀ ਅਤੇ ਉਸ ਨੇ ਆਪਣੇ ਨਿੱਜੀ ਦੋਸਤ ਹਰਬੰਸ ਸਿੰਘ ਅਤੇ ਦੋ ਹੋਰ ਦੋਸਤਾਂ ਨੂੰ ਵਿਆਹ ਤੋਂ ਇਕ ਦਿਨ ਪਹਿਲਾਂ ਹੀ ਸੱਦ ਲਿਆ। ਹਰਬੰਸ ਦਾ ਪਿੰਡ ਨਸੀਬ ਦੇ ਪਿੰਡ ਤੋਂ 3-4 ਕਿਲੋ ਮੀਟਰ ਦੂਰ ਹੀ ਸੀ ਅਤੇ ਉਹ ਸਾਈਕਲ ‘ਤੇ ਸਵਾਰ ਹੋ ਕੇ ਸਵੇਰੇ 10 ਕੁ ਵਜੇ ਹੀ ਉੱਥੇ ਪਹੁੰਚ ਗਿਆ। ਦੂਸਰੇ ਦੋਵੇਂ ਦੋਸਤ ਵੀ ਲੁਧਿਆਣੇ ਤੋਂ ਅੱਧੇ ਕੁ ਘੰਟ ਬਾਅਦ ਪਹੁੰਚ ਗਏ। ਨਸੀਬ ਦਾ ਰਿਸ਼ਤਾ ਉਸ ਦੇ ਸ਼ਰੀਕੇ ਦੇ ਘਰਾਂ ਵਿੱਚੋਂ ਲੱਗਦੇ ਇਕ ‘ਚਾਚੇ’ ਨੇ ਹੀ ਕਰਵਾਇਆ ਸੀ। ਚਾਹ-ਪਾਣੀ ਪੀਣ ਤੋਂ ਬਾਅਦ ਵਿਹਲੇ ਹੋ ਕੇ ਨਸੀਬ ਕਹਿਣ ਲੱਗਾ,”ਮੇਰੇ ਵਿਚੋਲੇ ਨੇ ਸਾਨੂੰ ਦੁਪਹਿਰ ਦੇ ਖਾਣੇ ‘ਤੇ ਬੁਲਾਇਆ ਹੈ। ਉਹ ਬੜਾ ਸ਼ਾਤਰ ਹੈ ਅਤੇ ਮੈਂ ਚਾਹੁੰਨਾਂ ਪਈ ਉਸ ਦੀ ਪਿੱਠ ਲਵਾਉਣ ਲਈ ਹਰਬੰਸ ਕੋਈ ਜੁਗਤ ਕੱਢੇ।” ਦਰਅਸਲ, ਉਸ ਨੂੰ ਪੂਰਾ ਯਕੀਨ ਸੀ ਕਿ ਹਰਬੰਸ ਦਿਮਾਗ਼ੀ ਬੰਦਾ ਹੈ ਅਤੇ ਉਸ ਨੇ ਇਸ ਦੇ ਲਈ ਕੋਈ ਨਾ ਕੋਈ ਜੁਗਾੜ ਬਣਾ ਹੀ ਲੈਣਾ ਹੈ।
  ਇਹ ਸੁਣ ਕੇ ਹਰਬੰਸ ਕਹਿਣ ਲੱਗਾ,”ਭਰਾਵਾ, ਇਹ ਕੰਮ ਤਾਂ ਔਖਾ ਈ ਲੱਗਦੈ। ਵੈਸੇ ਵੀ, ਹਾਲੇ 11 ਕੁ ਹੀ ਵੱਜੇ ਹਨ। ਸਵੇਰ ਦੀਆਂ ਦਹੀਂ ਨਾਲ ਖਾਧੀਆਂ ਦੋ-ਤਿੰਨ ਮਿੱਸੀਆਂ ਰੋਟੀਆਂ ਅਤੇ ਨਾਲ ਛਕੀ ਹੋਈ ਲੱਸੀ ਹੀ ਚੰਗੀ ਤਰ੍ਹਾਂ ਨਹੀਂ ਸੀ ਪਚੀ ਕਿ ਉੱਤੋਂ ਚਾਹ ਨਾਲ ਦੋ-ਦੋ ਵੱਡੇ ਸਾਰੇ ਲੱਡੂ ਛਕ ਲਏ ਹਨ। ਹੁਣ 12 ਵਜੇ ਰੋਟੀ ਕਿੱਥੇ ਖਾਧੀ ਜਾਣੀ ਆਂ।” ਨਸੀਬ ਕਹਿਣ ਲੱਗਾ,”ਮੈਂ ਤੇਰੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਅਤੇ ਦੋਸਤੀ ਨਿਭਾਉਣ ਲਈ ਚਾਚੇ ਦੀ ਢੁਈ ਲਾਉਣ ਵਾਲੀ ਇਹ ਖੇਡ ਵੀ ਤੇਰੇ ਵੱਲੋਂ ਹੀ ਖੇਡੀ ਜਾਣੀ ਏ।” ਬਚਪਨ ਦਾ ਆੜੀ ਹੋਣ ਕਾਰਨ ਉਸ ਨੂੰ ਪਤਾ ਸੀ ਕਿ ਹਰਬੰਸ ਭਾਵੇਂ ਪੀਣ ਦਾ ਸ਼ੌਕੀਨ ਤਾਂ ਨਹੀਂ ਪਰ ਦਿਨ-ਦਿਹਾਰ ‘ਤੇ ਦੋ ਕੁ ਪੈੱਗ ਲਾ ਹੀ ਲੈਂਦਾ ਹੈ। ਉਹ ਹਰਬੰਸ ਨੂੰ ਮੁਖ਼ਾਤਬ ਹੋ ਕੇ ਬੋਲਿਆ,”ਫਿ਼ਕਰ ਨਾ ਕਰ, ਤੇਰੀਆਂ ਮਿੱਸੀਆਂ ਰੋਟੀਆਂ ਤੇ ਦਹੀਂ-ਲੱਸੀ ਵੀ ਹੇਠਾਂ ਕਰ ਲੈਨੇਂ ਆਂ, ਬੱਸ ਤੂੰ ਉਸ ਕੰਮ ਲਈ ਆਪਣੇ ਵੱਲੋਂ ਤਿਆਰੀ ਖਿੱਚ।”
  ਬੱਸ ਫਿਰ ਕੀ ਸੀ, ਬੋਤਲ ਆ ਗਈ ਅਤੇ ਸਾਰਿਆਂ ਨੇ ਲੂਣ ਵਾਲੀਆਂ ਸੇਵੀਆਂ ਨਾਲ ਦੋ-ਦੋ ਪੈੱਗ ਅੰਦਰ ਸੁੱਟੇ। ਉਨ੍ਹਾਂ ਨੂੰ ਜਾਣ ਦੀ ਵੀ ਕਾਹਲੀ ਸੀ ਅਤੇ ਸਾਢੇ ਕੁ ਬਾਰਾਂ ਵਜੇ ਉਹ ਵਿਚੋਲੇ-ਚਾਚੇ ਦੇ ਘਰ ਪਹੁੰਚ ਗਏ। ਉਨ੍ਹਾਂ ਸਮਿਆਂ ਵਿਚ ਪਿੰਡਾਂ ਵਿਚ ਰੋਟੀ ਹਾਲੇ ਧਰਤੀ ‘ਤੇ ਹੀ ਬੋਰੀਆਂ ਜਾਂ ਖੇਸ ਵਿਛਾ ਕੇ ਪਰੋਸੀ ਜਾਂਦੀ ਸੀ। ਖਾਣੇ ਲਈ ਬੈਠਣ ਤੋਂ ਪਹਿਲਾਂ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਖਾਣੇ ਵਿਚ ਹਲਵੇ ਦੇ ਨਾਲ ਸਿਰਫ਼ ਮੋਠਾਂ ਦੀ ਦਾਲ ਹੀ ਬਣੀ ਹੈ ਅਤੇ ਹੋਰ ਕੋਈ ਸਬਜ਼ੀ ਜਾਂ ਦਹੀਂ-ਬੂੰਦੀ ਵਗ਼ੈਰਾ ਕੁਝ ਵੀ ਨਹੀਂ ਹੈ। ਹਰਬੰਸ ਨੇ ਫ਼ੁਰਤੀ ਨਾਲ ਦਾਲ ਵਾਲੀ ਵੱਡੀ ਤੌੜੀ ਆਪਣੀ ਤੇਜ਼-ਤਰਾਰ ਨਿਗਾਹ ਵਿਚ ਦੀ ਕੱਢ ਲਈ। ਮੋਠਾਂ ਦੀ ਦਾਲ ਵੈਸੇ ਵੀ ਉਸ ਦੀ ਮਨ-ਪਸੰਦ ਦਾਲ ਸੀ। ਉਸ ਨੇ ਹੌਲੀ ਜਿਹੀ ਸਾਰੇ ਦੋਸਤਾਂ ਦੇ ਕੰਨੀਂ ਪਾ ਦਿੱਤਾ ਕਿ ਰੋਟੀ ਦੀ ਭਾਵੇਂ ਇਕ-ਅੱਧੀ ਬੁਰਕੀ ਖਾਇਓ ਅਤੇ ਬਾਕੀ ਬੋਰੀ ਦੇ ਹੇਠਾਂ ਕਰੀ ਜਾਇਓ ਪਰ ਦਾਲ ਵੱਧ ਤੋਂ ਵੱਧ ਛਕਣੀ ਹੈ। ਇਸ ਤਰ੍ਹਾਂ ਹਰਬੰਸ ਵੱਲੋਂ ਦਿੱਤੀ ਗਈ ‘ਹਿਦਾਇਤ’ ‘ਤੇ ਉਹ ਚਾਰੇ 10-10, 12-12 ਕੌਲੀਆਂ ਦਾਲ ਦੀਆਂ ਪੀ ਗਏ। ਉੱਪਰੋਂ ਉਨ੍ਹਾਂ ਨੂੰ ਦੋ-ਦੋ ਪੈੱਗਾਂ ਦਾ ਸਰੂਰ ਵੀ ਸੀ। ਇਸ ਲਈ ਦਾਲ ਦੀਆਂ ਕੌਲੀਆਂ ਖਾਲੀ ਕਰਨ ਵਿਚ ਉਨ੍ਹਾਂ ਨੂੰ ਕੋਈ ਖ਼ਾਸ ਮੁਸ਼ਕਲ ਵੀ ਪੇਸ਼ ਨਾ ਆਈ। ੀੲਸ ਦੌਰਾਨ ਵਿਚੋਲਾ ਵੀ ਤਾੜ ਗਿਆ ਕਿ ਦਾਲ ਤਾਂ ਸਾਰੀ ਇਹ ਹੀ ਪੀ ਚੱਲੇ ਹਨ, ਬਾਕੀ ਟੱਬਰ ਕੀ ਕਰੂ। ਉਹ ਮਲਕੜੇ ਜਿਹੇ ਉੱਠ ਕੇ ਹਰਬੰਸ ਦੇ ਕੰਨ ਵਿਚ ਕਹਿਣ ਲੱਗਾ,”ਭਰਾਵਾ, ਕਿਉਂ ਮੇਰੀ ਇਜ਼ਤ ਰੋਲਣ ਲੱਗੇ ਹੋ, ਬਹੁਤ ਹੋ ਗਈ। ਹੁਣ ਬੱਸ ਕਰੋ।” ਅੱਗੋਂ ਹਰਬੰਸ ਨੇ ਜੁਆਬ ਵਿਚ ਕਿਹਾ,”ਚਾਚਾ, ਜੇ ਤੂੰ ਸਾਨੂੰ ਰੋਟੀ ਚੱਜ ਨਾਲ ਨਹੀਂ ਖਾਣ ਦੇਣੀ ਤਾਂ ਅਸੀਂ ਤੇਰਾ ਹਲਵਾ ਵੀ ਨਹੀਂ ਖਾਣਾ।” ਨਾਲ ਹੀ ਦੋਸਤਾਂ ਵੱਲ ਮੂੰਹ ਕਰਕੇ ਕਹਿਣ ਲੱਗਾ,”ਚਲੋ ਬਈ, ਉੱਠੋ ਚੱਲੀਏ।” ਤੇ ਏੇਨਾ ਸੁਣਦਿਆਂ ਉਹ ਸਾਰੇ ਉੱਠ ਕੇ ਤੁਰ ਪਏ। ਦਰਅਸਲ, ਹਲਵਾ ਖਾਣ ਦੀ ਹੁਣ ਉਨ੍ਹਾਂ ਕੋਲ ਗੁੰਜਾਇਸ਼ ਵੀ ਨਹੀਂ ਸੀ।
  ਅਗਲੇ ਦਿਨ ਬਰਾਤ ਕੁੜੀ ਵਾਲਿਆਂ ਦੇ ਪਿੰਡ ਪਹੁੰਚੀ ਤਾਂ ਉਨ੍ਹਾਂ ਨੇ ਚਾਹ ਤੇ ਮਠਿਆਈਆਂ -ਸ਼ਠਿਆਈਆਂ ਨਾਲ ਬਰਾਤ ਦੀ ਖ਼ੂਬ ਸੇਵਾ ਕੀਤੀ ਅਤੇ ਰਾਤ ਦਾ ਖਾਣਾ ਵੀ ਪੂਰੀ ਰੀਝ ਨਾਲ ਪਰੋਸਿਆ ਜਿਸ ਨੂੰ ਛਕ ਕੇ ਸਾਰੇ ਬਰਾਤੀ ਨਿਹਾਲ ਹੋ ਗਏ। ਸੁਬ੍ਹਾ ਚਾਹ-ਪਾਣੀ ਤੋਂ ਬਾਅਦ ਅਨੰਦ-ਕਾਰਜ ਦਾ ਸਮਾਂ ਹੋ ਗਿਆ ਤਾਂ ਵਿਚੋਲੇ ਨੇ ਕੱਲ੍ਹ ਦੀ ਮੋਠਾਂ ਵਾਲੀ ਦਾਲ ਦਾ ਨਿਉਂਦਾ ਮੋੜਨ ਲਈ ਨਸੀਬ ਦੇ ਕੰਨ ਵਿਚ ਫ਼ੂਕ ਮਾਰੀ,”ਨਸੀਬਿਆ, ਸੱਤਾਂ ਭਰਾਵਾਂ ਦੀ ਇਕੱਲੀ ਭੈਣ ਆ। ਘੋੜੀ ਤੇ ਕੈਂਠੇ ਦੀ ਮੰਗ ਰੱਖਦੇ ਹਾਂ। ਤੂੰ ਇਹ ਗੱਲ ਪੱਕੀ ਹੀ ਸਮਝ।”
  ਇਹ ਵਾਰਤਾ ਹਰਬੰਸ ਤੋਂ ਚੋਰੀ ਹੀ ਕੀਤੀ ਗਈ ਅਤੇ ਵਿਚੋਲੇ ਵੱਲੋਂ ਮੰਗ ਕੁੜੀ ਵਾਲਿਆਂ ਅੱਗੇ ਰੱਖਣ ਦਾ ਬਰਾਤੀਆਂ ਵਿਚ ਵੀ ਰੌਲਾ ਪੈ ਗਿਆ। ਨਸੀਬ ਦਾ ਪਿਓ ਬੜੇ ਗੁੱਸੇ ਖ਼ੋਰੇ ਸੁਭਾਅ ਵਾਲਾ ਸੀ। ਸੁਣਦੇ ਸਾਰ ਹੀ ਉਸ ਨੇ ਆਪਣੇ ਮੁੰਡੇ ‘ਤੇ ਤਲਵਾਰ ਸੂਤ ਲਈ ਅਤੇ ਹਰਬੰਸ ਕੋਲ ਜਾ ਕੇ ਉਸ ਨੂੰ ਕਹਿਣ ਲੱਗਾ,”ਜੇ ਤੂੰ ਨਸੀਬ ਦਾ ਸੱਚਾ ਦੋਸਤ ਹੈਂ ਤਾਂ ਉਸ ਨੂੰ ਸਮਝਾ ਲੈ, ਨਹੀਂ ਤਾਂ ਮੈਂ ਉਸ ਨੂੰ ਵੱਢ ਦੇਣਾ ਏ।” ਵਿਚੋਲੇ ਦੀ ‘ਮੋੜਵੀਂ ਭਾਜੀ’ ਸਮਝ ਕੇ ਹਰਬੰਸ ਨੇ ਨਸੀਬ ਦੇ ਪਿਤਾ ਨੂੰ ਕਿਹਾ,”ਤੁਸੀਂ ਆਪਣੀ ਤਲਵਾਰ ਮਿਆਨ ਵਿਚ ਪਾ ਲਓ। ਮੈਂ ਨਸੀਬ ਨੂੰ ਆਪੇ ਸੰਭਾਲ ਲੈਂਦਾ ਹਾਂ।”
  ਇਸ ਤੋਂ ਪਿੱਛੋਂ ਹਰਬੰਸ ਨੇ ਨਸੀਬ ਨੂੰ ਸਮਝਾਇਆ,”ਓਏ ਭਰਾਵਾ, ਤੇਰੇ ਵਿਚੋਲੇ ਨੇ ਤੈਨੂੰ ਨਵੀਂ ਪੱਟੀ ਪੜ੍ਹਾ ਕੇ ਕੱਲ੍ਹ ਵਾਲੀ ਭਾਜੀ ਮੋੜਨ ਲਈ ਚਾਲ ਚੱਲੀ ਹੈ ਤੇ ਤੂੰ ਉਸ ਦੀ ਚਾਲ ਵਿਚ ਆ ਗਿਆ ਏਂ। ਇਹ ਸ਼ਰਾਰਤ ਵੀ ਤੂੰ ਖ਼ੁਦ ਹੀ ਸ਼ੁਰੂ ਕੀਤੀ ਹੈ। ਸਾਨੂੰ ਤਿੰਨਾਂ ਨੂੰ ਉਕਸਾਅ ਕੇ। ਬੰਦਾ ਬਣਕੇ ਚੱਲ ਪੈ ਅਨੰਦਾਂ ਲਈ।” ਜਦੋਂ ਉਹ ਜਾਣ ਤੋਂ ਕੁਝ ਨਾਂਹ-ਨੁੱਕਰ ਕਰਨ ਲੱਗਾ ਤਾਂ ਫਿਰ ਹਰਬੰਸ ਨੇ ਜ਼ੋਰਦਾਰ ਮਿਜ਼ਾਈਲ ਦਾਗ਼ੀ “ਤੇਰੀਆਂ ਵੀ ਤਿੰਨ ਭੇਣਾਂ ਹਨ, ਵਿਆਹੁਣ ਵਾਲੀਆਂ। ਉਨ੍ਹਾਂ ਦੇ ਵਿਆਹਾਂ ‘ਤੇ ਕੀ ਤੂੰ ਤਿੰਨ ਘੋੜੀਆਂ ਤੇ ਕੈਂਠੇ ਦੇਵੇਂਗਾ? ਦੂਸਰੀ ਗੱਲ ਮੇਰੀ ਹੋਰ ਵੀ ਸੁਣ ਲੈ, ਮੈਂ ਵੀ ਕੁਆਰਾਂ ਹਾਂ ਤੇ ਜੇ ਤੂੰ ਅਨੰਦ ਨਹੀਂ ਕਾਰਾਉਣੇ ਤਾਂ ਅਨੰਦਾਂ ‘ਤੇ ਮੈਂ ਜਾ ਬੈਠਣਾ ਹੈ। ਇਸ ਤਰ੍ਹਾਂ ਮੈਂ ਤੇਰੇ ਬਾਪ ਦਾ ਮੁਤਬੰਨਾ ਬਣ ਕੇ ਤੇਰੇ ਹਿੱਸੇ ਦੀ ਜ਼ਮੀਨ ਦਾ ਵੀ ਹੱਕਦਾਰ ਹੋ ਜਾਣਾ ਹੈ। ਫਿਰ ਨਾ ਮੈਨੂੰ ਕਹੀਂ ਕਿ ਮੈਂ ਤੇਰਾ ਹੱਕ ਮਾਰ ਲਿਆ ਹੈ। ਇਸ ਦੇ ਨਾਲ ਹੀ ਮੇਰੇ ਬਾਪ ਨੂੰ ਵੀ ਬਿਨਾਂ ਖ਼ਰਚੇ ਦੇ ਨੂੰਹ ਮਿਲ ਜਾਏਗੀ। ਬੋਲ, ਕੀ ਮਨਜ਼ੂਰ ਏ ਇਹ ਸੌਦਾ ਤੈਨੂੰ?”
  ਇਹ ਸੁਣ ਕੇ ਨਸੀਬ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਹ ਝੱਟਪੱਟ ਉੱਠ ਕੇ ਅਨੰਦਾਂ ਲਈ ਤੁਰ ਪਿਆ। ਗੱਡੀ ਪੂਰੀ ਤਰ੍ਹਾਂ ਲਾਈਨ ‘ਤੇ ਆ ਗਈ ਸੀ। ਨਸੀਬ ਦਾ ਬਾਪ ਖੁਸ਼ ਸੀ ਅਤੇ ਉਹ ਧੰਨਵਾਦੀ ਨਜ਼ਰਾਂ ਨਾਲ ਹਰਬੰਸ ਵੱਲ ਵੇਖ ਰਿਹਾ ਸੀ। ਇਸ ਤਰ੍ਹਾਂ ਮੁੱਢ ਕਦੀਮ ਤੋਂ ਹੀ ਇਹ ਸ਼ਰੀਕੇਬਾਜ਼ੀ ਚੱਲਦੀ ਆਈ ਹੈ ਅਤੇ ਇਸ ਦੇ ਅਜਿਹੇ ਕਾਰੇ ਰਹਿੰਦੀ ਦੁਨੀਆਂ ਤੱਕ ਇੰਜ ਹੀ ਜਾਰੀ ਵੀ ਰਹਿਣਗੇ।
  ਠੀਕ ਹੀ ਕਿਹਾ ਜਾਂਦਾ ਹੈ ਕਿ ਸ਼ਰੀਕ ਕੇਵਲ਼ ਸ਼ਰੀਕੇ ਦੇ ਘਰ ਜੰਜ ਲੈ ਕੇ ਹੀ ਨਹੀਂ ਢੁੱਕਦਾ, ਬਾਕੀ ਇਹ ਸੱਭ ਕੁਝ ਕਰਦਾ ਹੈ। ਦੁਨੀਆਂ ਦੇ ਹੋਰਨਾ ਸੱਭਿਆਚਾਰਾਂ ਬਾਰੇ ਤਾਂ ਪੱਕੀ ਤਰ੍ਹਾਂ ਨਹੀਂ ਕਹਿ ਸਕਦੇ ਕਿਉਂਕਿ ਸਾਨੂੰ ਉਨ੍ਹਾਂ ਦੀ ਪੂਰੀ ਵਾਕਫ਼ੀ ਨਹੀਂ ਹੈ ਪਰ ਸਾਡੇ ਪੰਜਾਬੀ ਸੱਭਿਆਚਾਰ ਵਿਚ ਤਾਂ ਇਹ ਆਮ ਜਿਹੀ ਗੱਲ ਹੈ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com