ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਤਾਰਾ ਵਿਗਿਆਨ: ਤਾਰਾ-ਖਿੱਤੀਆਂ ਦੇ ਪਾਰ ਅਣਗਿਣਤ ਆਕਾਸ਼ਗੰਗਾਵਾਂ

  ਡਾ. ਵਿਦਵਾਨ ਸਿੰਘ ਸੋਨੀ
  * ਸਾਬਕਾ ਪ੍ਰਿੰਸੀਪਲ, ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ।
  ਸੰਪਰਕ: 98143-48697
  ਤਾਰਿਆਂ ਭਰੇ ਆਕਾਸ਼ ਵਿਚ ਅਨੇਕਾਂ ਆਕਾਸ਼ਗੰਗਾਵਾਂ (ਗਲੈਕਸੀਜ਼) ਦਿਸਦੀਆਂ ਹਨ, ਪਰ ਉਹ ਅਤਿਅੰਤ ਦੂਰ ਹੋਣ ਕਰਕੇ ਸਾਨੂੰ ਤਾਰਿਆਂ ਦੀ ਨਿਆਈਂ ਹੀ ਜਾਪਦੀਆਂ ਹਨ। ਅੱਜ ਵੱਡੀਆਂ ਦੂਰਬੀਨਾਂ ਨੇ ਬਹੁਤ ਸਾਰੀਆਂ ਆਕਾਸ਼ਗੰਗਾਵਾਂ ਦੀਆਂ ਸ਼ਾਨਦਾਰ ਤਸਵੀਰਾਂ ਵੀ ਖਿੱਚੀਆਂ ਹੋਈਆਂ ਹਨ।

  ਇਨ੍ਹਾਂ ਵਿਚ ਸ਼ਾਮਲ ਸਾਰੇ ਤਾਰਿਆਂ ਦਾ ਆਪਣਾ ਪ੍ਰਕਾਸ਼ ਹੈ ਅਤੇ ਉਨ੍ਹਾਂ ਦੇ ਚਮਕਣ ਦਾ ਕਾਰਨ ਸੂਰਜ ਵਾਲਾ ਹੀ ਹੈ। ਇਹ ਊਰਜਾ ਗੈਸਾਂ ਬਲਣ ਕਰਕੇ ਨਹੀਂ ਉਪਜਦੀ ਸਗੋਂ ਸਭ ਵਿਚ ਆਇੰਸਟਾਈਨ ਦੇ ਪੁੰਜ-ਊਰਜਾ ਸਮੀਕਰਨ ਅਨੁਸਾਰ ਪੁੰਜ ਊਰਜਾ ਵਿਚ ਵਟ ਰਿਹਾ ਹੈ। ਇਕ ਗਰਾਮ ਪੁੰਜ ਦੇ ਊਰਜਾ ਵਿਚ ਵਟਣ ਨਾਲ ਇਕ ਹਜ਼ਾਰ ਅਰਬ ਜੂਲ ਊਰਜਾ ਉਤਪੰਨ ਹੁੰਦੀ ਹੈ (ਭਾਵ ਕਿ ਜੇਕਰ ਪ੍ਰਤੀ ਸਕਿੰਟ ਇਕ ਗ੍ਰਾਮ ਪੁੰਜ ਊਰਜਾ ਵਿਚ ਵਟੇ ਤਾਂ ਇਕ ਅਰਬ ਕਿਲੋਵਾਟ ਦੀ ਸ਼ਕਤੀ ਪੈਦਾ ਹੋਵੇਗੀ)। ਸੂਰਜ ਦੇ ਕੇਂਦਰ ਵਿਚ ਇਹ ਪ੍ਰਕਿਰਿਆ ਲਗਾਤਾਰ ਵਾਪਰਦੀ ਹੋਣ ਕਾਰਨ ਕਿਹਾ ਜਾ ਸਕਦਾ ਹੈ ਕਿ ਪ੍ਰਤੀ ਸਕਿੰਟ ਅਰਬਾਂ-ਖਰਬਾਂ ਐਟਮ ਬੰਬ ਫਟ ਰਹੇ ਹਨ। ਬਹੁਤ ਗਰਮ ਤਾਰਿਆਂ ਵਿਚ ਤਾਂ ਇਸ ਤੋਂ ਵੀ ਕਈ ਗੁਣਾ ਵਧੇਰੇ ਸ਼ਕਤੀ ਉਤਪੰਨ ਹੋ ਰਹੀ ਹੈ।
  ਘੁੱਪ ਹਨੇਰੀ ਰਾਤ ਨੂੰ ਆਕਾਸ਼ ਵਿਚ ਇਕ ਬੱਦਲੀ ਜਿਹੀ ਦਿਸਦੀ ਹੈ ਜਿਸ ਨੂੰ ਮਿਲਕੀਵੇਅ ਕਿਹਾ ਜਾਂਦਾ ਹੈ। ਇਹ ਸਾਡੀ ਆਕਾਸ਼ਗੰਗਾ ਹੈ। ਇਹ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਲਗਭਗ ਇਕ ਲੱਖ ਪ੍ਰਕਾਸ਼ ਵਰ੍ਹੇ ਦੀ ਲੰਬਾਈ ਵਿਚ ਫੈਲੀ ਹੋਈ ਹੈ। ਇਸ ਵਿਚ ਸ਼ਾਮਲ ਤਕਰੀਬਨ 350 ਅਰਬ ਤਾਰਿਆਂ ਵਿਚੋਂ ਸਾਡਾ ਸੂਰਜ ਵੀ ਇਸ ਦੇ ਬਾਹਰਵਾਰ ਸਥਿਤ ਇਕ ਆਮ ਤਾਰਾ ਹੈ। ਮਿਲਕੀਵੇਅ ਨਾਲ ਕਈ ਦੰਦਕਥਾਵਾਂ ਵੀ ਜੁੜੀਆਂ ਹੋਈਆਂ ਹਨ। ਇਕ ਯੂਨਾਨੀ ਮਿੱਥ ਅਨੁਸਾਰ ਇਹ ‘ਦੂਧੀਆ ਪੱਥ’ (ਮਿਲਕੀਵੇਅ) ਮਿਥਿਹਾਸਕ ਪਾਤਰ ਹਰਕਲੀਸ ਨੇ ਖਿਲਾਰਿਆ ਸੀ ਜਦੋਂ ਅਜੇ ਉਹ ਦੁੱਧ ਪੀਂਦਾ ਬੱਚਾ ਸੀ। ਉਹ ਦੇਵਤੇ ਜਿਊਸ ਤੇ ਦੁਨਿਆਵੀ ਔਰਤ ਅਲਕਮੀਨ ਦਾ ਪੁੱਤਰ ਸੀ, ਪਰ ਜਿਊਸ ਉਸ ਨੂੰ ਆਪਣੀ ਦੈਵੀ ਔਰਤ ਹੇਨਾ ਦਾ ਦੁੱਧ ਪਿਲਾਉਣਾ ਚਾਹੁੰਦਾ ਸੀ ਤਾਂ ਕਿ ਉਸ ਵਿਚ ਦੈਵੀ ਸ਼ਕਤੀਆਂ ਆ ਜਾਣ। ਉਸ ਨੇ ਬਾਲਕ ਹਰਕਲੀਸ ਨੂੰ ਸੁੱਤੀ ਹੋਈ ਹੇਨਾ ਕੋਲ ਲਿਟਾ ਦਿੱਤਾ ਜੋ ਉਸ ਦਾ ਦੁੱਧ ਪੀਣ ਲੱਗ ਪਿਆ। ਜਦੋਂ ਅਚਾਨਕ ਹੇਨਾ ਦੀ ਜਾਗ ਖੁੱਲ੍ਹੀ ਤਾਂ ਉਸ ਨੇ ਇਸ ਅਣਜਾਣ ਬੱਚੇ ਨੂੰ ਜ਼ੋਰ ਨਾਲ ਪਰ੍ਹਾਂ ਵਗਾਹ ਮਾਰਿਆ ਜਿਸ ਨਾਲ ਹਰਕਲੀਸ ਦੇ ਮੂੰਹ ਵਿਚਲਾ ਦੁੱਧ ਖਿੱਲਰ ਗਿਆ ਤੇ ‘ਮਿਲਕੀਵੇਅ’ ਬਣ ਕੇ ਆਕਾਸ਼ ਵਿਚ ਫੈਲ ਗਿਆ।
  ਚਮਕਦਾਰ ਪਿੰਡਾਂ ਵਿਚ ਦੁਰਾਡੇ ਤਾਰਾ ਸਮੂਹ ਵੀ ਸ਼ਾਮਲ ਹਨ। ਜ਼ਿਆਦਾਤਰ ਤਾਰੇ ਤੇ ਤਾਰਾਮੰਡਲ ਸਾਥੋਂ ਬਹੁਤ ਦੂਰ ਹਨ। ਸਾਡੇ ਸੂਰਜ ਦਾ ਸਭ ਤੋਂ ਨੇੜਲਾ ਤਾਰਾ ਐਲਫਾਸੈਂਟੌਰੀ (ਜੋ ਇਕ ਤਾਰਾ ਤਿੱਕੜੀ ਹੈ) ਵੀ ਸਾਥੋਂ ਤਕਰੀਬਨ 4.5 ਪ੍ਰਕਾਸ਼ ਵਰ੍ਹੇ ਦੂਰ ਹੈ ਭਾਵ ਇਸ ਦਾ ਸੂਰਜ ਤੋਂ ਫਾਸਲਾ 410 ਖਰਬ ਕਿਲੋਮੀਟਰ ਹੈ (ਕਿਉਂਕਿ ਪ੍ਰਕਾਸ਼ ਦੀ ਗਤੀ ਤਿੰਨ ਲੱਖ ਕਿਲੋਮੀਟਰ ਪ੍ਰਤੀ ਸਕਿੰਟ ਹੈ)। ਇਸ ਤਾਰੇ ਤੋਂ ਬਾਅਦ ਛੇ ਪ੍ਰਕਾਸ਼ ਵਰ੍ਹੇ ਦੂਰ ਬਰਨਾਰਡ ਦਾ ਤਾਰਾ ਸਥਿਤ ਹੈ। ਜੇ ਅਸੀਂ ਸੂਰਜ ਨੂੰ ਕੇਂਦਰ ਮੰਨ ਕੇ 10 ਪ੍ਰਕਾਸ਼ ਵਰ੍ਹੇ ਦੇ ਅਰਧ ਵਿਆਸ ਦਾ ਗੋਲਾ ਕਲਪਿਤ ਕਰੀਏ ਤਾਂ ਉਸ ਵਿਚ 13 ਤਾਰੇ ਆਉਣਗੇ। ਹੋਰ ਅਗਾਂਹ ਜਾਓ ਤਾਂ ਸਾਡੀ ਆਕਾਸ਼ਗੰਗਾ ਦੇ ਹੋਰ ਤਾਰੇ ਵਾਰੋ ਵਾਰੀ ਆਈ ਜਾਣਗੇ। ਕਈ ਤਾਰੇ ਬਹੁਤ ਛੋਟੇ ਹਨ, ਪਰ ਕਈ ਤਾਂ ਇੰਨੇ ਵੱਡੇ ਹਨ ਕਿ ਉਨ੍ਹਾਂ ਵਿਚੋਂ ਇਕ ਵਿਚ ਹੀ ਕਰੋੜਾਂ ਸੂਰਜ ਸਮਾ ਸਕਦੇ ਹਨ। ਕਈ ਤਾਰੇ ਸੂਰਜ ਨਾਲੋਂ ਲੱਖਾਂ ਗੁਣਾ ਵਧੇਰੇ ਚਮਕਦਾਰ ਹਨ ਤੇ ਕਈ ਇਸ ਤੋਂ ਠੰਢੇ ਵੀ ਹਨ। ਤਾਰਿਆਂ ਦੀ ਚਮਕ ਅਤੇ ਸਤਹੀ ਤਾਪਮਾਨ ਅਨੁਸਾਰ ਵਿਗਿਆਨੀਆਂ ਨੇ ਉਨ੍ਹਾਂ ਦਾ ਵਰਗੀਕਰਨ ਕੀਤਾ ਹੋਇਆ ਹੈ। ਦਸ ਸੂਰਜੀ ਆਕਾਰ ਤੋਂ ਲੈ ਕੇ ਦਸਵਾਂ ਹਿੱਸਾ ਸੂਰਜੀ ਆਕਾਰ ਵਾਲੇ ਤਾਰਿਆਂ ਨੂੰ ਸਾਧਾਰਨ ਲੜੀ ਦੇ ਤਾਰੇ ਕਿਹਾ ਜਾਂਦਾ ਹੈ ਤੇ ਸਾਡੀ ਆਕਾਸ਼ਗੰਗਾ ਵਿਚ ਤਕਰੀਬਨ 90 ਫ਼ੀਸਦੀ ਸਾਧਾਰਨ ਲੜੀ ਦੇ ਤਾਰੇ ਹੀ ਹਨ। ਇਨ੍ਹਾਂ ਦਾ ਸਤਹੀ ਤਾਪਮਾਨ ਭਾਵੇਂ ਕੁਝ ਹਜ਼ਾਰ ਦਰਜੇ ਹੀ ਹੁੰਦਾ ਹੈ, ਪਰ ਅੰਦਰੂਨੀ ਤਾਪਮਾਨ 1 ਤੋਂ 3 ਕਰੋੜ ਦਰਜੇ ਸੈਂਟੀਗ੍ਰੇਡ ਤੱਕ ਹੋ ਸਕਦਾ ਹੈ। ਬਾਕੀ ਦਸ ਫ਼ੀਸਦੀ ਤਾਰਿਆਂ ਵਿਚ ਵੱਡੇ ਸੰਘਣੇ ਤਾਰਾ-ਗੁੱਛੇ, ਰੰਗ ਬਦਲਦੇ ਤਾਰੇ ਜਾਂ ਬਹੁਤ ਅਧਿਕ ਗਰਮ ਤਾਰੇ ਹਨ ਜੋ ਨੋਵਾ ਅਤੇ ਸੁਪਰਨੋਵਾ ਬਣ ਕੇ ਫਟਦੇ ਰਹਿੰਦੇ ਹਨ। ਨੋਵਾ ਤਾਰੇ 20 ਤੋਂ 30 ਸੂਰਜੀ ਆਕਾਰਾਂ ਦੇ ਤੁਲ ਹੁੰਦੇ ਹਨ ਅਤੇ ਸੌ ਸੂਰਜਾਂ ਤੋਂ ਅਧਿਕ ਚਮਕ ਰੱਖਦੇ ਹਨ। ਸੁਪਰਨੋਵਾ ਬਣਨ ਲੱਗਾ ਤਾਰਾ 300 ਤੋਂ 800 ਸੂਰਜਾਂ ਦਾ ਆਕਾਰ ਧਾਰਨ ਕਰ ਲੈਂਦਾ ਹੈ ਤੇ 10 ਹਜ਼ਾਰ ਸੂਰਜਾਂ ਜਿੰਨੀ ਸ਼ਕਤੀ ਉਤਪੰਨ ਕਰਦਾ ਹੈ।
  ਤਾਰੇ ਸਾਡੇ ਸੂਰਜ ਦੇ ਹਿਸਾਬ ਨਾਲ ਤੁਰਦੇ ਵੀ ਹਨ ਅਤੇ ਆਪਣੀਆਂ ਸਥਿਤੀਆਂ ਬਦਲਦੇ ਰਹਿੰਦੇ ਹਨ। ਇਸ ਦਾ ਮਤਲਬ ਇਹ ਹੈ ਕਿ ਤਾਰਾ-ਖਿੱਤੀਆਂ ਦਾ ਰੂਪ ਸਦਾ ਇੱਕੋ ਨਹੀਂ ਰਹਿੰਦਾ। ਫਿਰ ਵੀ ਸਾਡੇ ਜਿਊਂਦੇ ਜੀ ਤੇ ਸਾਰੀ ਮਾਨਵ ਜਾਤੀ ਦੇ ਆਰੰਭ ਹੋਣ ਤੋਂ ਲੈ ਕੇ ਸ਼ਾਇਦ ਖ਼ਤਮ ਹੋਣ ਤੱਕ ਵੀ ਖਿੱਤੀਆਂ ਲਗਭਗ ਇਸੇ ਰੂਪ ਵਿਚ ਦਿਸਦੀਆਂ ਰਹਿਣਗੀਆਂ ਕਿਉਂਕਿ ਉਨ੍ਹਾਂ ਵਿਚਲੇ ਤਾਰੇ ਸਾਥੋਂ ਬਹੁਤ ਦੂਰ ਹਨ। ਸਾਡਾ ਸੂਰਜ ਆਪਣੇ ਗ੍ਰਹਿ ਪਰਿਵਾਰ ਸਮੇਤ ਸਾਰੀ ਆਕਾਸ਼ਗੰਗਾ ਦੇ ਧੁਰੇ ਦੁਆਲੇ ਤਕਰੀਬਨ 320 ਕਿਲੋਮੀਟਰ ਪ੍ਰਤੀ ਸਕਿੰਟ ਦੀ ਦਰ ਨਾਲ ਚੱਲ ਰਿਹਾ ਹੈ ਤੇ ਦੂਜੇ ਤਾਰੇ ਵੀ ਇੰਜ ਹੀ ਤੁਰਦੇ ਰਹਿੰਦੇ ਹਨ। ਜੇ ਅਸੀਂ ਸਪਤਰਿਸ਼ੀ ਤਾਰਾ-ਖਿੱਤੀ ਵੱਲ ਦੇਖੀਏ ਤਾਂ ਇਹ ਸੈਂਕੜੇ ਜਾਂ ਕੁਝ ਹਜ਼ਾਰ ਸਾਲਾਂ ਤੋਂ ਤਾਂ ਇਉਂ ਹੀ ਦਿਸ ਰਹੀ ਹੈ, ਪਰ ਇਸ ਦੇ ਤਾਰੇ ਇਕ ਦੂਜੇ ਦੇ ਹਿਸਾਬ ਨਾਲ ਇੰਜ ਟੁਰਦੇ ਹਨ ਕਿ ਇਕ ਲੱਖ ਸਾਲ ਬਾਅਦ ਇਸ ਦਾ ਰੂਪ ਕੁਝ ਹੋਰ ਹੀ ਹੋਵੇਗਾ। ਉਦੋਂ ਧਰਤੀ ’ਤੇ ਮਨੁੱਖ ਦਾ ਕਿਹੜਾ ਵਿਕਸਿਤ ਰੂਪ ਹੋਵੇਗਾ, ਪਤਾ ਨਹੀਂ ਮਨੁੱਖ ਬਚਿਆ ਵੀ ਹੋਵੇਗਾ ਕਿ ਨਹੀਂ!
  ਅੱਜ ਅਸੀਂ ਇਨ੍ਹਾਂ ਸੱਤ ਤਾਰਿਆਂ ਦੀ ਖਿੱਤੀ ਬਾਰੇ ਵਿਗਿਆਨਕ ਤੌਰ ’ਤੇ ਬਹੁਤ ਕੁਝ ਜਾਣਦੇ ਹਾਂ, ਪਰ ਕੁਝ ਸੌ ਸਾਲ ਪਹਿਲਾਂ ਲੋਕ ਤਾਰਿਆਂ ਬਾਰੇ ਕਈ ਤਰ੍ਹਾਂ ਦੀਆਂ ਤਾਰਾ-ਖਿੱਤੀਆਂ ਦੇ ਪਾਰ ਅਣਗਿਣਤ ਆਕਾਸ਼ਗੰਗਾਵਾਂ
  ਅਜੀਬੋ-ਗਰੀਬ ਧਾਰਨਾਵਾਂ ਰੱਖਦੇ ਸਨ। ਉਦੋਂ ਇਸ ਅਤੇ ਹੋਰ ਤਾਰਾ-ਖਿੱਤੀਆਂ ਨਾਲ ਸਾਰੇ ਵਿਸ਼ਵ ਵਿਚ ਕਈ ਕਲਪਿਤ ਅਤੇ ਮਿਥਿਹਾਸਕ ਕਹਾਣੀਆਂ ਜੁੜੀਆਂ ਹੋਈਆਂ ਸਨ। ਮਿਥਿਹਾਸਕ ਕਥਾ ਮੁਤਾਬਿਕ ਇਹ ਸੱਤ ਤਾਰੇ ਸਾਡੇ ਲਈ ਸੱਤ ਰਿਸ਼ੀ ਸਨ ਜੋ ਧਰੂ ਭਗਤ (ਧਰੂ ਤਾਰਾ) ਦੀ ਪਰਿਕਰਮਾ ਕਰ ਰਹੇ ਹਨ। ਧਰੂ ਭਗਤ ਨੇ ਰਿਸ਼ੀਆਂ ਕੋਲੋਂ ਭਗਵਾਨ ਕ੍ਰਿਸ਼ਨ ਦੇ ਦੁਆਰ ਦਾ ਰਾਹ ਪੁੱਛਿਆ। ਧਰੂ ਇਕੋ ਸਥਾਨ ’ਤੇ ਖੜ੍ਹਾ ਭਗਵਾਨ ਦੀ ਭਗਤੀ ਵਿਚ ਲੀਨ ਹੈ ਤੇ ਸੱਤ ਰਿਸ਼ੀ ਉਸ ਤੋਂ ਪ੍ਰਭਾਵਿਤ ਹੋ ਕੇ ਲਗਾਤਾਰ ਉਸ ਦੀ ਪਰਿਕਰਮਾ ਕਰ ਰਹੇ ਹਨ। ਯੂਨਾਨ ਵਿਚ ਸਪਤਰਿਸ਼ੀ ਖਿੱਤੀ ਨੂੰ ਉਰਸਾ ਮੇਜਰ (ਮਹਾਨ ਰਿੱਛ) ਕਿਹਾ ਜਾਂਦਾ ਹੈ ਤੇ ਤਾਰਾ ਵਿਗਿਆਨ ਵਿਚ ਰੋਚਕਤਾ ਵਜੋਂ ਇਸ ਖਿੱਤੀ ਵਾਸਤੇ ਇਹੋ ਸ਼ਬਦ ਵਰਤਿਆ ਜਾ ਰਿਹਾ ਹੈ। ਕਹਾਣੀ ਇਹ ਹੈ ਕਿ ਕਿਸੇ ਸਮੇਂ ਅਕਾਰਦੀਆ ਵਿਚ ਲਿਕਾਉਂ ਰਾਜ ਕਰਦਾ ਸੀ। ਉਸ ਦੀ ਇਕ ਸੁੰਦਰ ਸ਼ਹਿਜ਼ਾਦੀ ਸੀ ਕੈਲਿਸਟੋ। ਕੈਲਿਸਟੋ ਨੇ ਦੇਵਤਿਆਂ ਦੀ ਰਾਣੀ ਹੇਰਾ ਦੇ ਪਤੀ ਜਿਊਸ ਨਾਲ ਦੋਸਤੀ ਕਰ ਕੇ ਹੇਰਾ ਨਾਲ ਦੁਸ਼ਮਣੀ ਮੁੱਲ ਲੈ ਲਈ। ਹੇਰਾ ਨੇ ਗੁੱਸੇ ਵਿਚ ਆ ਕੇ ਕੈਲਿਸਟੋ ਨੂੰ ਸਰਾਪ ਦਿੱਤਾ ਤੇ ਉਸ ਨੂੰ ਰਿੱਛਣੀ ਬਣਾ ਦਿੱਤਾ। ਜਦੋਂ ਕੈਲਿਸਟੋ ਦਾ ਪੁੱਤਰ ਅਰਕਾਸ ਸ਼ਿਕਾਰ ਖੇਡ ਕੇ ਵਾਪਸ ਆਇਆ ਤਾਂ ਉਸ ਨੇ ਆਪਣੇ ਬੂਹੇ ਅੱਗੇ ਰਿੱਛਣੀ ਬੈਠੀ ਦੇਖ ਕੇ ਉਸ ਦਾ ਸ਼ਿਕਾਰ ਕਰਨਾ ਚਾਹਿਆ, ਪਰ ਐਨ ਮੌਕੇ ’ਤੇ ਜਿਊਸ ਨੇ ਦੇਖ ਲਿਆ ਤੇ ਸਥਿਤੀ ਸੰਭਾਲਣ ਵਾਸਤੇ ਰਿੱਛਣੀ ਨੂੰ ਪੂਛ ਤੋਂ ਫੜ ਕੇ ਆਕਾਸ਼ ਵੱਲ ਵਗਾਹ ਮਾਰਿਆ। ਉਹ ਰਿੱਛਣੀ ਆਕਾਸ਼ ਵਿਚ ਇਕ ਖ਼ੂਬਸੂਰਤ ਤਾਰਾ-ਖਿੱਤੀ ਬਣ ਗਈ ਜਿਸ ਨੂੰ ਅਜੇ ਵੀ ‘ਮਹਾਨ ਰਿੱਛ’ ਵਜੋਂ ਜਾਣਿਆ ਜਾਂਦਾ ਹੈ। ਕੈਲਿਸਟੋ ਦਾ ਕੁੱਤਾ ਵੀ ਵਫ਼ਾਦਾਰੀ ਕਾਰਨ ਮਗਰੇ ਹੀ ਚਲਾ ਗਿਆ ਤੇ ਆਕਾਸ਼ ਵਿਚ ਜੜਿਆ ਗਿਆ। ਉਸ ਨੂੰ ਉਰਸਾ ਮਾਈਨਰ ਦਾ ਨਾਮ ਦਿੱਤਾ ਗਿਆ ਜਿਸ ਦਾ ਸੱਤਵਾਂ ਤਾਰਾ ਧਰੂ ਤਾਰਾ ਹੈ। ਇਹ ਤਾਂ ਮਿਥਿਹਾਸਕ ਕਥਾਵਾਂ ਹਨ, ਪਰ ਅਸਲੀਅਤ ਕੁਝ ਹੋਰ ਹੀ ਹੁੰਦੀ ਹੈ। ਸਪਤਰਿਸ਼ੀਆਂ ਦੇ ਪੰਜ ਤਾਰੇ ਲਗਭਗ ਇਕੋ ਜਿਹੇ ਹਨ ਅਤੇ ਇਕੋ ਦਿਸ਼ਾ ਵਿਚ ਗਤੀ ਕਰ ਰਹੇ ਹਨ। ਬਾਕੀ ਦੇ ਦੋ ਤਾਰੇ ਉਲਟ ਦਿਸ਼ਾ ਵਿਚ ਚੱਲਦੇ ਹਨ। ਇਸ ਖਿਤੀ ਦੇ ਵਿਚਕਾਰ ਇਕ ਛੋਟਾ ਜਿਹਾ ਤਾਰਾ ਹੈ ਜੋ 98 ਕਿਲੋਮੀਟਰ ਪ੍ਰਤੀ ਸਕਿੰਟ ਦੀ ਦਰ ਨਾਲ ਧਰਤੀ ਵੱਲ ਆ ਰਿਹਾ ਹੈ ਅਤੇ ਕੁਝ ਹਜ਼ਾਰ ਸਾਲਾਂ ਬਾਅਦ ਸਪਤਰਿਸ਼ੀ ’ਚੋਂ ਬਾਹਰ ਨਿਕਲ ਆਵੇਗਾ। ਸਪਤਰਿਸ਼ੀ ਖਿੱਤੀ ਵਿਚ ਸਿਰਫ਼ ਸੱਤ ਤਾਰੇ ਨਹੀਂ ਹਨ, ਸੱਤ ਤਾਰੇ ਤਾਂ ਉਹ ਹਨ ਜੋ ਸਾਨੂੰ ਨੰਗੀ ਅੱਖ ਨਾਲ ਦਿਸਦੇ ਹਨ। ਉਸ ਵਿਚ ਕੁੱਲ 125 ਤਾਰੇ ਹਨ ਜਿਨ੍ਹਾਂ ’ਚੋਂ ਕੁਝ ਕਾਲੀ ਹਨੇਰੀ ਰਾਤ ਨੂੰ ਨਜ਼ਰ ਵੀ ਆ ਜਾਂਦੇ ਹਨ।
  ਇਨ੍ਹਾਂ ’ਚੋਂ ਕਈ ਤਾਰੇ ਸੂਰਜ ਨਾਲੋਂ ਵੀ ਕਈ ਗੁਣਾ ਵੱਡੇ ਹਨ, ਪਰ ਬਹੁਤ ਦੂਰ ਹੋਣ ਕਰ ਕੇ ਬਹੁਤ ਛੋਟੇ ਜਾਪਦੇ ਹਨ। ਸੱਤਾਂ ਵਿਚੋਂ ਪਹਿਲੇ ਤਿੰਨ ਤਾਰੇ ਇਕ ਚਾਪ ਜਿਹੀ ਬਣਾਉਂਦੇ ਹਨ ਤੇ ਬਾਕੀ ਚਾਰ ਟੇਢੀ ਹੋਈ ਮੰਜੀ ਜਾਪਦੇ ਹਨ। ਵੇਖਣ ਨੂੰ ਜਾਪਦਾ ਹੈ ਕਿ ਇਹ ਸੱਤੇ ਤਾਰੇ ਸਾਥੋਂ ਇਕੋ ਜਿੰਨੇ ਦੂਰ ਹੋਣਗੇ, ਪਰ ਇੰਜ ਨਹੀਂ ਹੈ। ਪਹਿਲਾ ਤਾਰਾ ਸਾਡੇ ਸਭ ਤੋਂ ਨੇੜੇ ਹੈ ਅਤੇ ਤੀਸਰਾ ਉਸ ਤੋਂ ਚਾਰ ਗੁਣਾ ਦੂਰ, ਪਰ ਹੈ ਬਹੁਤ ਵੱਡਾ। ਬਾਕੀ ਤਾਰੇ ਵੀ ਅੱਡ ਅੱਡ ਦੂਰੀ ’ਤੇ ਸਥਿਤ ਹਨ। ਇਨ੍ਹਾਂ ’ਚੋਂ ਛੇ ਤਾਰੇ ਬਹੁਤ ਗਰਮ ਹਨ ਜਿਨ੍ਹਾਂ ਦਾ ਸਤਹੀ ਤਾਪਮਾਨ ਦਸ ਹਜ਼ਾਰ ਤੋਂ ਅਠਾਰਾਂ ਹਜ਼ਾਰ ਦਰਜੇ ਸੈਂਟੀਗ੍ਰੇਡ ਤੱਕ ਹੈ। ਸੱਤਾਂ ਤਾਰਿਆਂਂ ਤੋਂ ਇਲਾਵਾ ਇਸ ਖਿੱਤੀ ਵਿਚ ਇਕ ਵਿਸ਼ਾਲ ਯੁਗਮ ਤਾਰਾ ਵੀ ਹੈ ਡਬਲਯੂੁ. ਉਰਸਾ-ਮੇਜੋਰਿਸ। ਇਹ ਯੁਗਮ ਸਾਰੇ ਆਕਾਸ਼ ਵਿਚ ਇਕ ਵਿਲੱਖਣ ਚੀਜ਼ ਹੈ।
  ਇਹ ਦੋ ਵੱਡੇ ਪੀਲੇ ਤਾਰੇ ਹਨ ਤੇ ਸਾਡੇ ਸੂਰਜ ਨਾਲੋਂ ਬਹੁਤ ਵੱਡੇ ਹਨ। ਇਹ ਇਕ ਦੂਜੇ ਦੇ ਏਨੇ ਨੇੜੇ ਹਨ ਕਿ ਇਨ੍ਹਾਂ ਦੀ ਆਪਸੀ ਗਰੂਤਾ ਖਿੱਚ ਨੇ ਇਨ੍ਹਾਂ ਦਾ ਆਕਾਰ ਵੀ ਅੰਡਾਕਾਰ ਬਣਾ ਦਿੱਤਾ ਹੈ। ਇਹ ਆਪਣੇ ਸਾਂਝੇ ਕੇਂਦਰ ਦੁਆਲੇ ਬੜੀ ਤੇਜ਼ੀ ਨਾਲ ਘੁੰਮ ਰਹੇ ਹਨ ਤੇ ਮਹਿਜ਼ ਅੱਠ ਘੰਟੇ ਦੇ ਆਵਰਤੀ ਕਾਲ ਵਿਚ ਇਕ ਚੱਕਰ ਪੂਰਾ ਕਰ ਲੈਂਦੇ ਹਨ। ਉੱਤਰ ਦਿਸ਼ਾ ਵਿਚ ਦਿਸਦਾ ਧਰੂ ਤਾਰਾ ਛੋਟੀ ਖਿੱਤੀ ਉਰਸਾ ਮਾਈਨਰ ਦੇ ਸਿਰੇ ’ਤੇ ਸਥਿਤ ਹੈ ਅਤੇ ਰਾਤ ਦਿਨ ਧਰਤੀ ਦੇ ਧੁਰੇ ਦੀ ਸੇਧ ਵਿਚ ਰਹਿੰਦਾ ਹੈ। ਧਰੂ ਤਾਰਾ ਸਾਥੋਂ ਤਕਰੀਬਨ 472 ਪ੍ਰਕਾਸ਼ ਵਰ੍ਹੇ ਦੂਰ ਹੈ ਜਦੋਂਕਿ ਸੂਰਜ ਸਾਡੀ ਧਰਤੀ ਤੋਂ 9 ਪ੍ਰਕਾਸ਼ ਮਿੰਟ ਦੂਰ ਹੀ ਹੈ। ਧਰੂ ਤਾਰਾ ਇਕ ਪੀਲਾ ‘ਮਹਾਂ ਦਾਨਵ’ (ਜਾਂਇਟ) ਹੈ ਤੇ ਇਸ ਦਾ ਸਤਹੀ ਤਾਪਮਾਨ 7000 ਦਰਜਾ ਸੈਂਟੀਗ੍ਰੇਡ ਹੈ। ਇਹ ਤਾਰਾ ਸੂਰਜ ਨਾਲੋਂ 120 ਗੁਣਾ ਵੱਡਾ ਹੈ ਭਾਵ ਕਿ ਇਸਦਾ ਵਿਆਸ ਕੋਈ ਤਿੰਨ ਕਰੋੜ ਕਿਲੋਮੀਟਰ ਹੋਵੇਗਾ, ਪਰ ਏਨੀ ਦੂਰੋਂ ਇਹ ਕਿੰਨਾ ਛੋਟਾ ਜਾਪਦਾ ਹੈ। ਇਸ ਦਾ ਆਕਾਰ ਸਦਾ ਸਥਿਰ ਨਹੀਂ ਰਹਿੰਦਾ। ਇਹ ਚਾਰ ਦਿਨਾਂ ਦੇ ਆਵਰਤੀ ਕਾਲ ਵਿਚ ਸੁੰਗੜਦਾ ਫੈਲਦਾ ਰਹਿੰਦਾ ਹੈ। ਇਸ ਦੇ ਨਿਊਨਤਮ ਤੇ ਅਧਿਕਤਮ ਵਿਆਸ ਵਿਚ ਤਕਰੀਬਨ 28 ਲੱਖ ਕਿਲੋਮੀਟਰ ਦਾ ਅੰਤਰ ਹੁੰਦਾ ਹੈ। ਅੱਜ ਅਸੀਂ ਧਰੂ ਤਾਰੇ ਦੀ 472 ਸਾਲ ਪੁਰਾਣੀ ਤਸਵੀਰ ਹੀ ਦੇਖ ਰਹੇ ਹਾਂ ਕਿਉਂਕਿ ਇਸ ਦਾ ਪ੍ਰਕਾਸ਼ ਉਦੋਂ ਚੱਲਿਆ ਸੀ ਜਦੋਂ ਅਜੇ ਬਾਬਰ ਨੇ ਭਾਰਤ ’ਤੇ ਹਮਲਾ ਕਰਨਾ ਸੀ ਤੇ ਕੋਲੰਬਸ ਨੇ ਅਮਰੀਕਾ ਦੀ ਖੋਜ ਅਜੇ ਨਹੀਂ ਸੀ ਕੀਤੀ।
  ਵੱਖ ਵੱਖ ਰੁੱਤਾਂ ਦੇ ਆਕਾਸ਼ ਵਿਚ ਇਕੋ ਸਮੇਂ, ਇਕੋ ਖੇਤਰ ਵਿਚ ਵੱਖੋ-ਵੱਖਰੀਆਂ ਤਾਰਾ-ਖਿੱਤੀਆਂ ਦਿਸਦੀਆਂ ਹਨ। ਦਸੰਬਰ ਦੀ ਰਾਤ ਨੂੰ ਹਨੇਰਾ ਪੈਣ ’ਤੇ ਹੀ ਉੱਤਰ-ਪੱਛਮ ਵਿਚ ਇਕ ਤੀਰਨੁਮਾ ਖਿੱਤੀ ਨਜ਼ਰ ਆਉਂਦੀ ਹੈ ਜੋ ਈਸਾ ਦੇ ਕਰਾਸ ਵਾਂਗ ਜਾਪਦੀ ਹੈ। ਇਸ ਖਿੱਤੀ ਦਾ ਨਾਮ ਹੈ ਸਿਗਨਸ। ਇਸ ਤੀਰਨੁਮਾ ਆਕ੍ਰਿਤੀ ਦੇ ਸਿਰੇ ’ਤੇ ਸਥਿਤ ਤਾਰੇ ਦਾ ਨਾਮ ਦੈਨਿਬ ਹੈ ਜੋ ਇਕ ਬਹੁਤ ਗਰਮ ਨੀਲਾ ਤਾਰਾ ਹੈ ਤੇ ਸਾਥੋਂ 555 ਪ੍ਰਕਾਸ਼ ਵਰ੍ਹੇ ਦੂਰ ਹੈ। ਇਹ ਤਾਰਾ ਭਾਵੇਂ ਬਹੁਤ ਗਰਮ ਹੈ, ਪਰ ਹੈ ਵੀ ਬਹੁਤ ਵੱਡਾ; ਸਾਡੇ ਸੂਰਜ ਨਾਲੋਂ 35 ਗੁਣਾ ਵੱਡਾ ਹੈ ਤੇ ਪ੍ਰਤੀ ਸਕਿੰਟ ਸੂਰਜ ਨਾਲੋਂ ਛੇ ਹਜ਼ਾਰ ਗੁਣਾ ਵਧੇਰੇ ਊਰਜਾ ਛੱਡਦਾ ਹੈ। ਕਰਾਸ ਦਾ ਸਭ ਤੋਂ ਹੇਠਲਾ ਤਾਰਾ ਬੀਟਾ ਸਿਗਨੀ ਹੈ ਜਿਸ ਨੂੰ ਐਲਬੀਰੋ ਵੀ ਕਹਿੰਦੇ ਹਨ। ਇਹ ਸਾਥੋਂ ਤਕਰੀਬਨ 407 ਪ੍ਰਕਾਸ਼ ਵਰ੍ਹੇ ਦੂਰ ਹੈ ਤੇ ਇਕ ਸੁੰਦਰ ਯੁਗਮ ਤਾਰਾ ਹੈ। ਇਸ ਖਿੱਤੀ ਵਿਚ ਇਕ ਹੋਰ ਯੁਗਮ ਤਾਰਾ ਹੈ, 61-ਸਿਗਨੀ ਜੋ ਸਾਥੋਂ ਮਹਿਜ਼ 11 ਪ੍ਰਕਾਸ਼ ਵਰ੍ਹੇ ਦੂਰ ਹੈ। ਇਹ ਸਭ ਤਾਰੇ ਇਕ ਦੂਜੇ ਤੋਂ ਤਾਂ ਬਹੁਤ ਦੂਰ ਹਨ, ਪਰ ਸਾਨੂੰ ਸਮਤਲ ਜੜੇ ਦਿਸਦੇ ਹਨ ਕਿਉਂਕਿ ਸਾਨੂੰ ਇਨ੍ਹਾਂ ਦੀ ਦੋ ਦਿਸ਼ਾਵੀ ਪੱਧਰ ਹੀ ਦਿਸਦੀ ਹੈ। ਸਿਗਨਸ ਖਿਤੀ ਵਿਚ ਇਕ ਬੱਦਲੀ ਜਿਹੀ ਵੀ ਦਿਸਦੀ ਹੈ ਜੋ ਵਾਸਤਵ ਵਿਚ ਕਿਸੇ ਤਾਰੇ ਦੇ ਸੁਪਰਨੋਵਾ ਬਣ ਕੇ ਫਟਣ ਤੋਂ ਉਪਜੀ ਸੀ। ਨੋਵਾ ਆਮ ਤੌਰ ’ਤੇ ਤਾਰੇ ਨਾਲ ਵਾਪਰੀ ਉਹ ਘਟਨਾ ਹੁੰਦੀ ਹੈ ਜਿਸ ਵਿਚ ਕੋਈ ਤਾਰਾ ਆਪਣੀ ਪਹਿਲੀ ਚਮਕ ਨਾਲੋਂ ਕਈ ਹਜ਼ਾਰ ਗੁਣਾ ਵਧੇਰੇ ਰੌਸ਼ਨੀ ਨਾਲ ਚਮਕਣ ਲੱਗਦਾ ਹੈ। ਪਰ ਕੁਝ ਦਿਨਾਂ ਜਾਂ ਮਹੀਨਿਆਂ ਬਾਅਦ ਉਹ ਪਹਿਲੀ ਅਵਸਥਾ ਵਿਚ ਆ ਜਾਂਦਾ ਹੈ। ਕਈ ਤਾਰਿਆਂ ਵਿਚ ਅਜਿਹੀਆਂ ਨਿਊਕਲੀ ਕਿਰਿਆਵਾਂ ਵਾਪਰਦੀਆਂ ਹਨ ਕਿ ਉਸ ਦੀ ਚਮਕ ਕਰੋੜਾਂ ਗੁਣਾ ਵਧ ਜਾਂਦੀ ਹੈ ਤੇ ਅੰਤ ਉਹ ਇਕ ਵਿਕਰਾਲ ਵਿਸਫੋਟ ਨਾਲ ਸੁਪਰਨੋਵਾ ਬਣ ਕੇ ਫਟ ਜਾਂਦਾ ਅਤੇ ਖਿੱਲਰ ਜਾਂਦਾ ਹੈ। ਉਸ ਦੇ ਨਿਸ਼ਾਨ ਲੰਬੇ ਸਮੇਂ ਤੱਕ ਬਚੇ ਰਹਿੰਦੇ ਹਨ ਜਿਵੇਂ ਸਿਗਨਸ ਖਿੱਤੀ ਵਿਚ ਪ੍ਰਤੱਖ ਹਨ। ਯੂਨਾਨੀ ਭਾਸ਼ਾ ਦੇ ਸ਼ਬਦ ਸਿਗਨਸ ਦਾ ਅਰਥ ਹੁੰਦਾ ਹੈ ਹੰਸ ਜੋ ਯੂਨਾਨੀ ਮਿਥਿਹਾਸ ਵਿਚ ਆਕਾਸ਼ ਦਾ ਦੇਵਤਾ ਜਿਊਸ ਹੈ। ਹਿੰਦੂ ਮਤ ਵਿਚ ਸਵੇਰ ਵੇਲੇ ਇਸ ਖਿੱਤੀ ਦੇ ਪ੍ਰਗਟ ਹੋਣ ’ਤੇ ਕੱਢਿਆ ਕੋਈ ਮਹੂਰਤ ਬਹੁਤ ਸ਼ੁਭ ਹੁੰਦਾ ਹੈ।
  ਮਾਰਚ ਵਿਚ ਰਾਤ ਨੂੰ ਅੱਠ ਕੁ ਵਜੇ ਆਕਾਸ਼ ਵੱਲ ਤੱਕੋ ਤਾਂ ਤਿੰਨ ਤਾਰੇ ਬਰਾਬਰ ਦੂਰੀ ’ਤੇ ਸਿੱਧੀ ਰੇਖਾ ਵਿੱਚ ਜੜੇ ਦਿਸਦੇ ਹਨ। ਉਨ੍ਹਾਂ ਤਾਰਿਆਂ ਤੋਂ ਉੱਪਰ ਉੱਤਰ ਅਤੇ ਹੇਠਾਂ ਦੱਖਣ ਵੱਲ ਦੋ ਹੋਰ ਮੋਟੇ ਤਾਰੇ ਨਜ਼ਰ ਆਉਂਦੇ ਹਨ, ਇੱਕ ਜ਼ਰਾ ਲਾਲ ਜਿਹਾ (ਬੀਟਲਗਿਊਜ਼) ਤੇ ਦੂਜਾ ਚਿੱਟਾ (ਰੀਗਲ)। ਇਨ੍ਹਾਂ ਕੋਲ ਦੋ ਹੋਰ ਤਾਰੇ ਹਨ ਤੇ ਇਹ ਚਾਰੇ ਮਿਲ ਕੇ ਇੱਕ ਟੇਢੀ ਜਿਹੀ ਮੰਜੀ ਵਾਂਗ ਜਾਪਦੇ ਹਨ ਜਿਸ ਦੇ ਵਿਚਕਾਰ ਉੱਪਰ ਦੱਸੇ ਬਰਾਬਰ ਦੂਰੀ ਵਾਲੇ ਤਿੰਨ ਤਾਰੇ ਸਥਿਤ ਹਨ। ਇਹ ਓਰੀਅਨ ਖਿੱਤੀ ਹੈ। ਓਰੀਅਨ ਪੁਰਾਤਨ ਯੂਨਾਨੀ ਮਿਥਿਹਾਸ ਅਨੁਸਾਰ ਇਕ ਸ਼ਿਕਾਰੀ ਹੈ ਜੋ ਸਾਹਮਣੇ ਆ ਰਹੇ ਇਕ ਭੂਤਰੇ ਹੋਏ ਸਾਹਨ ਨਾਲ ਟਾਕਰਾ ਕਰ ਰਿਹਾ ਹੈ। ਟਾਉਰਸ ਖਿੱਤੀ ਦੇ ਇਸ ਅਖੌਤੀ ਬੌਲਦ ਦੀ ਅੱਗ ਵਰ੍ਹਾਉਂਦੀ ਅੱਖ- ਸੰਤਰੀ ਤਾਰਾ ਐਲਦਬਰਾਨ ਹੈ ਜੋ ਇੱਥੋਂ 65 ਪ੍ਰਕਾਸ਼ ਵਰ੍ਹੇ ਦੂਰ ਇਕ ਵੱਡਾ ਗਰਮ ਤਾਰਾ ਹੈ। ਟਾਉਰਸ ਖਿੱਤੀ ਨੂੰ ਦੂਰਬੀਨ ਨਾਲ ਦੇਖਿਆਂ ਇਕ ਧੁੰਦਲੀ ਜਿਹੀ ਬੱਦਲੀ ਦਿਸਦੀ ਹੈ ਕਰੈਬ ਨੇਬੂਲਾ। ਕਰੈਬ ਨੇਬੂਲਾ ਨੌਂ ਕੁ ਸਦੀਆਂ ਪਹਿਲਾਂ ਆਕਾਸ਼ ਵਿਚ ਫਟੇ ਇਕ ਸੁਪਰਨੋਵਾ ਦੀ ਦਾਸਤਾਨ ਸੁਣਾਉਂਦਾ ਹੈ। ਚੀਨ ਦੇ ਪੁਰਾਣੇ ਰੋਜ਼ਨਾਮਚਿਆਂ ਵਿਚ ਲਿਖਿਆ ਮਿਲਦਾ ਹੈ ਕਿ ਸੰਨ 1054 ਵਿਚ ਇਕ ਮਹਿਮਾਨ ਤਾਰਾ ਪ੍ਰਗਟ ਹੋਇਆ ਸੀ ਜੋ ਇੰਨਾ ਚਮਕਦਾਰ ਸੀ ਕਿ ਦਿਨ ਵੇਲੇ ਵੀ ਦਿਸਦਾ ਸੀ। ਫਰਾਂਸ ਦੇ ਥੇਯੂਕਸ ਸ਼ਹਿਰ ’ਚੋਂ ਮਿਲਦੇ ਪੁਰਾਣੇ ਗਲੀਚਿਆਂ ਉੱਪਰ ਇਸ ਤੱਥ ਨੂੰ ਦਰਸਾਉਂਦੇ ਚਿੱਤਰ ਛਪੇ ਹੋਏ ਹਨ। ਦੱਖਣ-ਪੱਛਮੀ ਅਮਰੀਕਾ ਦੀਆਂ ਗੁਫ਼ਾਵਾਂ ਵਿਚ ਰਹਿੰਦੇ ਰੈੱਡ ਇੰਡੀਅਨਜ਼ ਨੇ ਵੀ ਕੰਧਾਂ ’ਤੇ ਇਸ ਦੇ ਚਿੱਤਰ ਉੱਕਰੇ ਹੋਏ ਹਨ। ਇਹ ਸੁਪਰਨੋਵਾ ਕੁਝ ਸਮੇਂ ਲਈ ਬਹੁਤ ਚਮਕਿਆ ਤੇ ਫਿਰ ਲੋਪ ਹੋ ਗਿਆ। ਤਾਰਾ ਵਿਗਿਆਨੀ ਮੈਸੀਅਰ ਨੂੰ 1758 ਵਿਚ ਇਸ ਸੁਪਰਨੋਵਾ ਤੋਂ ਉਪਜੀ ਬੱਦਲੀ ਨਜ਼ਰ ਆਈ ਜੋ ਓਦੋਂ ਵੀ ਫੈਲ ਰਹੀ ਸੀ ਅਤੇ ਹੁਣ ਵੀ ਫੈਲ ਰਹੀ ਹੈ ਇਕ ਹਜ਼ਾਰ ਕਿਲੋਮੀਟਰ ਪ੍ਰਤੀ ਸਕਿੰਟ ਦੀ ਦਰ ਨਾਲ।
  ਓਰੀਅਨ ਦੇ ਹੇਠਾਂ ਦੱਖਣ-ਪੂਰਬ ਵੱਲ ਦੇਖੋ ਤਾਂ ਆਕਾਸ਼ ਦਾ ਸਭ ਤੋਂ ਵਧੇਰੇ ਚਮਕ ਵਾਲਾ ਤਾਰਾ ਸਿਰੀਅਸ ਦਿਸਦਾ ਹੈ ਜੋ ਸੂਰਜ ਨਾਲੋਂ 20 ਗੁਣਾ ਜ਼ਿਆਦਾ ਚਮਕਦਾ ਹੈ। ਟਾਉਰਸ ਤੋਂ ਉੱਪਰ ਹੋਰ ਉੱਤਰ-ਪੱਛਮ ਵੱਲ ਧਰਤੀ ਤੋਂ ਤਕਰੀਬਨ 444 ਪ੍ਰਕਾਸ਼ ਵਰ੍ਹੇ ਦੂਰ ਪਲਿਆਡਜ਼ ਨਾਮੀ ਇਕ ਸੁੰਦਰ ਤਾਰਾ-ਝੁੰਡ ਹੈ ਜਿਸ ਨੂੰ ਯੂਨਾਨੀ ਮਿਥਿਹਾਸ ਵਿਚ ਮਾਤਾ ਪਲਿਓਨ ਦੀਆਂ ਸੱਤ ਦੈਵੀ ਧੀਆਂ ਕਿਹਾ ਜਾਂਦਾ ਹੈ। ਦੂਰਬੀਨ ਨਾਲ ਦੇਖਿਆਂ ਇਸ ਝੁੰਡ ਵਿਚ ਬਹੁਤ ਸਾਰੇ ਤਾਰੇ ਦਿਸਣ ਲੱਗਦੇ ਹਨ ਜੋ ਇਸ ਝੁੰਡ ਦੀ ਆਭਾ ਨੂੰ ਹੋਰ ਵੀ ਵਧਾਉਂਦੇ ਹਨ।
  ਓਰੀਅਨ ਖਿੱਤੀ ਦੇ ਉੱਤਰ-ਪੱਖੀ ਇਕ ਚਮਕੀਲਾ ਲਾਲ ਤਾਰਾ ਦਿਸਦਾ ਹੈ ਬੀਟਲਗਿਊਜ਼। ਇਹ ਲਾਲ ਮਹਾਂ ਦਾਨਵ ਆਕਾਰ ਵਿਚ ਸਾਡੇ ਸੂਰਜ ਨਾਲੋਂ 450 ਗੁਣਾ ਵੱਡਾ ਹੈ, ਪਰ ਸੂਰਜ ਤੋਂ ਸਿਰਫ਼ 15 ਗੁਣਾ ਹੀ ਭਾਰਾ ਹੈ (ਫੈਲਾਵਟ ਜ਼ਿਆਦਾ ਹੈ)। ਇਸ ਤਾਰੇ ਦਾ ਵਿਆਸ 124 ਕਰੋੜ ਕਿਲੋਮੀਟਰ ਹੈ ਤੇ ਇਹ ਸਾਥੋਂ ਲਗਭਗ 642 ਪ੍ਰਕਾਸ਼ ਵਰ੍ਹੇ ਦੂਰ ਹੈ। ਭਾਵੇਂ ਇਸ ਦੀ ਉਮਰ ਤਕਰੀਬਨ 1 ਕਰੋੜ ਸਾਲ ਹੀ ਹੈ, ਪਰ ਕਿਸੇ ਸਮੇਂ ਇਹ ਆਪਣੀ ਹੀ ਗੁਰੂਤਾ ਖਿੱਚ ਕਾਰਨ ਸੁੰਗੜ ਜਾਏਗਾ ਤੇ ਸੁਪਰਨੋਵਾ ਬਣ ਜਾਏਗਾ। ਓਰੀਅਨ ਦਾ ਦੱਖਣ-ਪੱਖੀ ਤਾਰਾ ਚਮਕੀਲਾ ਤਾਰਾ ਰੀਗਲ ਵੀ ਇਕ ਮਹਾਂ ਦਾਨਵ ਹੈ ਜਿਸ ਦਾ ਵਿਆਸ ਸੂਰਜ ਦੇ ਵਿਆਸ ਨਾਲੋਂ 78 ਗੁਣਾ ਹੈ। ਰੀਗਲ ਇੱਥੋਂ 864 ਪ੍ਰਕਾਸ਼ ਵਰ੍ਹੇ ਦੂਰ ਹੈ ਤੇ ਸਾਡੇ ਸੂਰਜ ਨਾਲੋਂ ਵੀਹ ਹਜ਼ਾਰ ਗੁਣਾ ਵਧੇਰੇ ਊਰਜਾ ਉਤਪੰਨ ਕਰਦਾ ਹੈ। ਕਲਪਿਤ ਓਰੀਅਨ ਸ਼ਿਕਾਰੀ ਦੇ ਲੱਕ ਦੀ ਬੈਲਟ ਬਣਾਉਂਦੇ ਤਿੰਨ ਤਾਰੇ ਅਤੇ ਉੱਪਰ ਦੱਸੇ ਬਾਕੀ ਤਾਰੇ ਬਹੁਤ ਹੀ ਗਰਮ ਹਨ। ਓਰੀਅਨ ਦੇ ਸੱਤੇ ਤਾਰੇ ਆਪਣੇ ਆਕਾਰ ਤੇ ਤਿੱਖੀ ਚਮਕ ਕਾਰਨ ਰਾਤ ਦੇ ਆਕਾਸ਼ ਵਿਚ ਸ਼ਾਨਦਾਰ ਦਿਸਦੇ ਹਨ।
  ਉੱਤਰ-ਪੱਛਮ ਵੱਲ ਹੋਰ ਉੱਪਰ ਦੇਖਿਆਂ ਰੂੰ ਦਾ ਛੋਟਾ ਜਿਹਾ ਫੰਬਾ ਦਿਸਦਾ ਹੈ ਐਂਡਰੋਮਿਡਾ ਗਲੈਕਸੀ। ਇਹ ਆਕਾਸ਼ਗੰਗਾ ਸਾਡੇ ਸਭ ਤੋਂ ਨੇੜੇ ਹੈ, ਤਕਰੀਬਨ 25 ਲੱਖ ਪ੍ਰਕਾਸ਼ ਵਰ੍ਹੇ ਦੂਰ। ਇਸ ਵਿਚ ਲਗਭਗ ਇਕ ਖਰਬ ਤਾਰੇ ਹਨ ਤੇ ਇਸ ਦਾ ਆਕਾਰ ਵੀ ਇਕ ਲੱਖ ਪ੍ਰਕਾਸ਼ ਵਰ੍ਹੇ ਦੇ ਕਰੀਬ ਹੈ ਅਤੇ ਸਾਡੀ ਆਕਾਸ਼ਗੰਗਾ ਵਾਂਗ ਇੱਕ ਚੱਕਰੀ (ਸਪਾਈਰਲ) ਗਲੈਕਸੀ ਹੈ। ਦੋਵੇਂ ਹੀ ਆਕਾਸ਼ਗੰਗਾਵਾਂ, ਅਣਗਿਣਤ ਆਕਾਸ਼ਗੰਗਾਵਾਂ ਦੇ ਸਥਾਨਕ ਝੁੰਡ ਦੇ ਮੈਂਬਰ ਹਨ।
  ਸਾਡੀ ਆਕਾਸ਼ਗੰਗਾ ਵਿਚ ਤਾਰਾ ਖਿੱਤੀਆਂ ਬਹੁਤ ਹਨ ਤੇ ਇਨ੍ਹਾਂ ਦੇ ਪਾਰ ਕਰੋੜਾਂ ਪ੍ਰਕਾਸ਼ ਵਰ੍ਹੇ ਦੀ ਦੂਰੀ ਤੱਕ ਆਕਾਸ਼ਗੰਗਾਵਾਂ ਹੀ ਆਕਾਸ਼ਗੰਗਾਵਾਂ ਹਨ। 2008 ਵਿਚ ਹੱਬਲ ਟੈਲੀਸਕੋਪ ਨੇ ਵਰਗੋ ਤਾਰਾ-ਖਿੱਤੀ ਤੋਂ ਪਾਰ ਆਕਾਸ਼ਗੰਗਾਵਾਂ ਦੇ ਇਕ ਸਮੂਹ ਐਬੈੱਲ 1689 ਦੀ ਤਸਵੀਰ ਖਿੱਚੀ ਜਿਸ ਦਾ ਕੇਂਦਰ ਸਾਥੋਂ ਤਕਰੀਬਨ ਸਵਾ ਦੋ ਅਰਬ ਪ੍ਰਕਾਸ਼ ਵਰ੍ਹੇ ਦੂਰ ਹੈ। ਇਸ ਵਿਚ ਅੰਦਾਜ਼ਨ ਡੇਢ ਲੱਖ ਤੋਂ ਵੀ ਵਧੇਰੇ ਤਾਰਾ-ਸਮੂਹ ਤੇ ਆਕਾਸ਼ਗੰਗਾਵਾਂ ਸ਼ਾਮਲ ਹਨ।
  ਤਾਰਿਆਂ ਦੀ ਤਾਂ ਗੱਲ ਛੱਡੋ, ਬ੍ਰਹਿਮੰਡ ਵਿਚ ਅਰਬਾਂ ਤਾਰਿਆਂ ਦੀਆਂ ਧਾਰਨੀ ਆਕਾਸ਼ਗੰਗਾਵਾਂ ਦੀ ਗਿਣਤੀ ਹੀ ਦੋ ਲੱਖ ਕਰੋੜ ਤੋਂ ਵੱਧ ਹੋ ਸਕਦੀ ਹੈ। ਇਸ ਦਾ ਅਜੇ ਵੀ ਕੋਈ ਅੰਤਿਮ ਹਿਸਾਬ ਨਹੀਂ ਲੱਗ ਰਿਹਾ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com