ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਇੰਦਰਾ

  -ਹਰਪਾਲ ਸਿੰਘ
  ਉਸਨੇ ਇੱਕ ਲੰਮਾ ਸਾਹ ਲਿਆ...ਤੇ ਜੂਨ ਮਹੀਨੇ ਨੂੰ ਭੁੱਲ ਜਾਣ ਦੀ ਕੋਸ਼ਿਸ਼ ਕੀਤੀ.....
  " ਤੁਸੀਂ ਦੁਰਗਾ ਹੋ "
  ਉਸਨੂੰ ਹੋਂਸਲਾ ਦਿੱਤਾ ਗਿਆ...
  ਪਰ ਉਸਨੂੰ ਹੁਣ ਚੈਨ ਨਹੀਂ ਸੀ...ਉਹ ਹੁਣ ਬੇਚੈਨ ਰਹਿਣ ਲਗੀ ਸੀ...
  " ਸਭ ਨੂੰ ਦੀਵਾਲੀ ਵੰਡ ਦਿੱਤੀ ਹੈ ? " ਇੰਦਰਾ ਨੇ ਆਪਣੇ ਖਾਸਮਖਾਸ ਨੂੰ ਪੁੱਛਿਆ...
  " ਹਾਂ...ਪਰ ਉਨ੍ਹਾਂ ਦੋਵਾਂ ਨੇ ਦੀਵਾਲੀ ਲੈਣ ਤੋੰ ਮਨ੍ਹਾ ਕਰਤਾ..."
  " ਕਿੰਨਾ ਨੇ ? " ਇੰਦਰਾ ਦੀਆਂ ਅੱਖਾਂ ਨੇ ਸੁਆਲ ਕੀਤਾ...
  " ਓਹੀ ਜੋ ਤੁਹਾਡੇ ਦੋ ਸਰਦਾਰ ਅੰਗ ਰਖਿਅਕ ਨੇ "
  ਇੰਦਰਾ ਕੁਛ ਨਾ ਬੋਲੀ...


  " ਏਨਾ ਨੂੰ ਬਦਲ ਦਿੱਤਾ ਜਾਏ ਤਾਂ ਠੀਕ ਰਹੇਗਾ...ਹੈ ਨਾ ? " ਰਾਜੀਵ ਨੇ ਆਪਣੀ ਮਾਂ ਵੱਲ ਦੇਖਿਆ...
  ਪਰ ਇੰਦਰਾ ਨੇ ਕੋਈ ਹੁੰਗਾਰਾ ਨਹੀਂ ਭਰਿਆ....ਉਹ ਕਿਸੇ ਨੂੰ ਨਹੀਂ ਸੀ ਹਟਾਉਣ ਦੇ ਹੱਕ ਚ...ਉਹ ਖੁਦ ਨੂੰ ਡਰੀ ਹੋਈ ਨਹੀਂ ਸੀ ਸਾਬਤ ਕਰਨਾ ਚਾਹੰਦੀ...
  ....
  ਪੰਜਾਬ ਚ ਹਵਾਵਾਂ ਠੰਡੀਆਂ ਹੋਣੀਆਂ ਸ਼ੁਰੂ ਹੋ ਗਈਆਂ ਸੀ....ਅੰਮ੍ਰਿਤਸਰ ਦੀ ਧਰਤੀ ਉਪਰ ਡੂੰਘੀ ਚੁੱਪ ਦਾ ਵਾਸ ਸੀ...ਪੱਗਾਂ ਵਾਲੇ ਇਕ ਦੂਜੇ ਵੱਲ ਦੇਖਦੇ ਸੀ...ਤੇ ਅੱਖਾਂ ਨੀਵੀਆਂ ਕਰਕੇ ਬਿਨਾਂ ਕੁਝ ਬੋਲੇ ਚਲੇ ਜਾਂਦੇ ਸੀ...
  ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਸੰਗਤਾਂ ਆ ਕੇ ਬੈਠਦੀਆਂ ਸੀ...ਕੀਰਤਨ ਦੀ ਆਵਾਜ਼ ਵੀ ਉਹਨਾਂ ਨੂੰ ਸ਼ਾਂਤ ਨਹੀਂ ਸੀ ਕਰ ਰਹੀ...ਛਾਤੀ ਚ ਕੁਛ ਚੁਭਦਾ ਸੀ ਹਰੇਕ ਜਣੇ ਦੇ...ਪਰ ਕੋਈ ਨਹੀਂ ਸੀ ਜਾਣਦਾ ਕਿ ਇਸ ਦਰਦ ਦਾ ਇਲਾਜ਼ ਕੀ ਹੈ...
  ਠੰਡੀ ਹਵਾ ਹੁਣ ਸ਼ਰੀਰ ਨੂੰ ਤਿੱਖੀ ਲੱਗਣ ਲਗੀ ਸੀ....
  " ਮੌਸਮ ਬਦਲਣ ਵਾਲਾ ਹੈ " ਕੋਈ ਬਜ਼ੁਰਗ ਬੋਲਿਆ ਸੀ...
  ਮੌਸਮ ਸੱਚੀ ਬਦਲਣ ਵਾਲਾ ਸੀ...ਅਕਤੂਬਰ ਦੇ ਆਖਰੀ ਕੁਛ ਦਿਨ ਬਚੇ ਸੀ...ਨਵੰਬਰ ਆਉਣ ਨੂੰ ਤਿਆਰ ਸੀ...
  ਪੰਜਾਬ ਇਕ ਅਜੀਬ ਸ਼ਾਂਤੀ ਦੇ ਹਵਾਲੇ ਸੀ...
  ਅਕਾਲ ਤਖਤ ਸਾਹਿਬ ਦੇ ਸਾਹਮਣੇ ਦੋ ਕੇਸਰੀ ਝੰਡੇ ਹਵਾ ਦੇ ਨਾਲ ਕੋਈ ਸਲਾਹ ਕਰਦੇ ਜਾਪ ਰਹੇ ਸੀ...
  " ਅੱਜ ਏਨਾ ਦਾ ਰੰਗ ਜਿਆਦਾ ਗੂੜ੍ਹਾ ਲੱਗ ਰਿਹਾ ਹੈ " ਨੌਜਵਾਨ ਨੇ ਨਿਸ਼ਾਨ ਸਾਹਿਬ ਵੱਲ ਵੇਖਿਆ...
  ਸਭ ਨੇ ਧੌਣਾਂ ਚੁਕੀਆਂ ਤੇ ਮੀਰੀ ਅਤੇ ਪੀਰੀ ਦੇ ਝੂਲਦੇ ਨਿਸ਼ਾਨਾਂ ਵੱਲ ਵੇਖਿਆ....ਪਰ ਕੋਈ ਕੁਛ ਨਾ ਬੋਲਿਆ....
  " ਮੈਂ ਚਲਾ ਹਾਂ ਪੁੱਤਰ...ਤੂੰ ਆ ਜਾਵੀਂ " ਬਜ਼ੁਰਗ ਉਠਦਾ ਹੋਇਆ ਬੋਲਿਆ..
  " ਪਰ ਬਾਪੂ...ਭੋਗ ਤਾਂ ਪੈ ਲੈਣ ਦਿੰਦਾ " ਮੁੰਡੇ ਨੇ ਬਾਪੂ ਵੱਲ ਵੇਖ ਕੇ ਆਖਿਆ...
  " ਮੇਰਾ ਜੀ ਨਹੀਂ ਲਗਦਾ...ਕੀਰਤਨ ਵੱਲ ਚਿੱਤ ਨਹੀਂ ਲਗਦਾ..." ਬਜ਼ੁਰਗ ਏਨਾ ਬੋਲ ਕੇ ਫਟਾਫਟ ਬਾਹਰ ਨਿਕਲ ਆਇਆ...
  ਨੌਜਵਾਨ ਆਪਣੇ ਬਾਪੂ ਨੂੰ ਜਾਂਦਿਆਂ ਵੇਖਦਾ ਰਿਹਾ...
  .....
  " ਓਏ...ਕਿਧਰ ਗਿਆ ਤੇਰਾ ਬਾਬਾ...ਓਹੀ...ਤੀਰ ਵਾਲਾ "
  ਕਿੰਨੇ ਹੀ ਜਣੇ ਖਿੜਖਿੜਾ ਕੇ ਹੱਸੇ....ਪਰ ਓਹ ਧੌਣ ਨੀਵੀਂ ਕਰੀ ਚੁਪਚਾਪ ਤੁਰਦਾ ਰਿਹਾ....ਤੇ ਘਰ ਆ ਗਿਆ..
  " ਰੋਟੀ ਲਗਾ ਦਿਤੀ ਹੈ..." ਉਸਦੀ ਤੀਵੀਂ ਨੇ ਉਸਨੂੰ ਆਵਾਜ਼ ਮਾਰੀ...
  ਉਸਨੇ ਆਪਣੀਆਂ ਗਿੱਲੀਆਂ ਹੋ ਗਈਆਂ ਅੱਖਾਂ ਨੂੰ ਸਾਫ ਕੀਤਾ...ਤੇ ਬਿਨਾਂ ਮਨ ਨਾਲ ਰੋਟੀ ਖਾਣ ਆ ਬੈਠਿਆ...
  " ਏਦਾਂ ਨਾ ਰਹੋ...ਕੀ ਹੋ ਸਕਦਾ ਹੈ ਹੁਣ...ਮਨ ਨੂੰ ਮਜ਼ਬੂਤ ਕਰੋ "
  ਉਸਦੇ ਉਪਰ ਵਹੁਟੀ ਦੇ ਕਹੇ ਦਾ ਕੋਈ ਅਸਰ ਨਹੀ ਸੀ ਹੋ ਰਿਹਾ....ਲੋਕਾਂ ਦੇ ਤਾਹਨੇ ਉਸਦੇ ਕੰਨਾਂ ਚ ਗੂੰਜ ਰਹੇ ਸੀ...
  ....
  " ਮੈਡਮ...ਉਹ ਤੁਹਾਡੇ ਉਪਰ ਇਕ ਫਿਲਮ ਬਣਾ ਰਹੇ ਨੇ..ਤੁਹਾਨੂੰ ਫਿਲਮਾਇਆ ਜਾਏਗਾ...ਪਰ ਸਮਾਂ ਤੁਸੀਂ ਦੇਣਾ ਹੈ..." ਇੰਦਰਾ ਦੇ ਖਾਸਮਖਾਸ ਨੇ ਅਦਬ ਨਾਲ ਸਿਰ ਝੁਕਾਇਆ...
  " ਪਰਸੋਂ ਦਾ ਸਮਾਂ ਦੇ ਦਵੋ..." ਇੰਦਰਾ ਦੇ ਮੂੰਹੋਂ ਨਿਕਲਿਆ...
  " ਠੀਕ ਹੈ ਮੈਡਮ..." ਖਾਸਮਖਾਸ ਸਿਰ ਝੁਕਾ ਕੇ ਚਲਾ ਗਿਆ...
  ....
  " ਮੈਡਮ ਨੇ 31 ਤਰੀਕ ਦਾ ਸਮਾਂ ਦਿੱਤਾ ਹੈ..."
  " ਠੀਕ ਹੈ...ਅਸੀਂ ਉਡੀਕ ਕਰਾਂਗੇ...ਤੇ ਸਾਡੇ ਕੈਮਰੇ ਮੈਡਮ ਨੂੰ ਸ਼ੂਟ ਕਰਨ ਲਈ ਉਤਾਵਲੇ ਰਹਿਣਗੇ " ਡਾਇਰੈਕਟਰ ਸਾਹਿਬ ਨੇ ਹੱਸ ਕੇ ਜੁਆਬ ਦਿੱਤਾ...
  ਮੀਟਿੰਗ ਬਰਖਾਸਤ ਹੋ ਗਈ ...
  ......
  30 ਅਕਤੂਬਰ 1984 ਨੂੰ ਮੰਗਲਵਾਰ ਵਾਲੇ ਦਿਨ ਇੰਦਰਾ ਨੇ ਚੋਣ ਪ੍ਰਚਾਰ ਕਰਨ ਲਈ ਉੜੀਸਾ ਦੀ ਉਡਾਨ ਭਰੀ...
  ਉਸਦੀ ਸੁਰੱਖਿਆ ਪਹਿਲਾਂ ਨਾਲੋਂ ਵੀ ਮਜ਼ਬੂਤ ਕਰ ਦਿੱਤੀ ਗਈ ਸੀ...ਤੇ ਉਸਨੂੰ ਛੂਹਣ ਆਈ ਹਵਾ ਨੂੰ ਮੈਟਲ ਡਿਟੇਕਟਰ ਵਿਚੋਂ ਦੀ ਲੰਘਣਾ ਪੈਂਦਾ ਸੀ...
  ਪਰ ਇੰਦਰਾ ਨੂੰ ਇਸ ਸੁਰਖਿਆ ਉਪਰ ਭਰੋਸਾ ਨਹੀਂ ਸੀ..ਉਸਦੀ ਆਤਮਾ ਨੇ ਕਬੂਲ ਕਰ ਲਿਆ ਸੀ ਕਿ ਹੁਣ ਉਸਦਾ ਅੰਤ ਨੇੜੇ ਹੈ...ਉਸਦੀਆਂ ਗੱਲਾਂ ਚੋਂ ਉਸਦੇ ਅੰਦਰ ਦਾ ਡਰ ਨਜ਼ਰ ਆਉਂਦਾ ਸੀ...
  ਇੰਦਰਾ ਨੇ ਭੁਵਨੇਸ਼ਵਰ ਦੇ ਲੋਕਾਂ ਵੱਲ ਦੇਖਿਆ....ਤੇ ਮਾਈਕ ਚੋਂ ਉਸਦੀ ਆਵਾਜ਼ ਗੂੰਜੀ...
  " ਮੈਨੂੰ ਫਿਕਰ ਨਹੀਂ ਹੈ ਕਿ ਮੈਂ ਜਿਉਂਦੀ ਰਹਾਂਗੀ ਜਾਂ ਨਹੀਂ...ਪਰ ਜਦੋਂ ਤੱਕ ਜਿਉਂਦੀ ਹਾਂ ਤੁਹਾਡੀ ਸੇਵਾ ਵਿਚ ਹਾਜ਼ਰ ਰਹਾਂਗੀ...ਤੇ ਜੇ ਮੇਰਾ ਖੂਨ ਵਗਿਆ...ਤਾਂ ਖੂਨ ਦੀ ਹਰ ਬੂੰਦ ਨਾਲ ਇਕ ਭਾਰਤੀ ਉਠ ਖੜਾ ਹੋਵੇਗਾ "
  ਇੰਦਰਾ ਨੇ ਆਪਣੇ ਸ਼ਬਦਾਂ ਰਾਹੀਂ ਖੁਦ ਨੂੰ ਤਕੜਾ ਦਿਖਾਉਣ ਦੀ ਪੂਰੀ ਕੋਸ਼ਿਸ਼ ਕੀਤੀ...ਪਰ ਉਸਦੇ ਸ਼ਬਦਾਂ ਨੇ ਉਸਦੇ ਸੁਰਖਿਆ ਚ ਤੈਨਾਤ ਅਧੀਕਾਰੀਆਂ ਨੂੰ ਚਿੰਤਾ ਚ ਪਾ ਦਿੱਤਾ ਸੀ.. ਉਹ ਇਕ ਦੂਜੇ ਵੱਲ ਦੇਖਦੇ ਤੇ ਅੱਖਾਂ ਹੀ ਅੱਖਾਂ ਚ ਇਕ ਦੂਸਰੇ ਨੂੰ ਹੋਂਸਲਾ ਦਿੰਦੇ ਰਹੇ ਕਿ ਸਭ ਠੀਕ ਹੈ...ਫਿਕਰ ਵਾਲੀ ਕੋਈ ਗੱਲ ਨਹੀਂ ਹੈ...
  ....
  ਪੰਜਾਬ ਚ ਹਨੇਰੇ ਨੇ ਆਪਣੀ ਚਾਦਰ ਨਾਲ ਸਾਰੇ ਪਾਸੇ ਨੂੰ ਢੱਕ ਲਿਆ ਸੀ...
  " ਰੇਡੀਓ ਦੀ ਆਵਾਜ਼ ਕਰੀਂ ਜ਼ਰਾ..." ਉਸਨੇ ਪੋਤਰੇ ਨੂੰ ਆਖਿਆ...
  ਪੋਤਰੇ ਨੇ ਰੇਡੀਓ ਦਾ ਬਟਨ ਘੁੰਮਾਇਆ...
  " ਪ੍ਰਧਾਨ ਮੰਤਰੀ ਨੇ ਆਜ ਭੁਵਨੇਸ਼ਵਰ ਮੇਂ ਚੁਣਾਵੀ ਰੈਲੀ ਕੋ ਸੰਬੋਧਿਤ ਕੀਆ..ਔਰ ਦੇਸ਼ ਕੇ ਲੀਏ ਹਰ ਕੁਰਬਾਨੀ ਦੇਣੇ ਕੀ ਬਾਤ ਕਹੀ "
  " ਇਹ ਇਸ ਵਾਰ ਫੇਰ ਜਿੱਤ ਜਾਏਗੀ " ਬਾਬਾ ਬੁੜਬੜਾਇਆ..
  ਪੋਤਰੇ ਨੇ ਰੇਡੀਓ ਬਾਬੇ ਦੇ ਕੋਲ ਰਖਿਆ ਤੇ ਬਾਹਰ ਚਲਾ ਗਿਆ...ਬਾਬਾ ਖਬਰਾਂ ਸੁਣਦਾ ਰਿਹਾ...
  ......
  " ਮੈਡਮ...ਮੈਨੂੰ ਲਗਦਾ ਏ ਤੁਹਾਨੂੰ ਆਪਣੇ ਕਲ੍ਹ ਦੇ ਸਭ ਪ੍ਰੋਗਰਾਮ ਰੱਦ ਕਰਕੇ ਬਸ ਅਰਾਮ ਕਰਨਾ ਚਾਹੀਦਾ ਹੈ "
  ਇੰਦਰਾ ਦੀ ਸੁਰਖਿਆ ਚ ਲੱਗੇ ਅਫਸਰਾਂ ਨੇ ਉਸਨੂੰ ਸਲਾਹ ਦਿੱਤੀ...
  ਇੰਦਰਾ ਨੇ ਸਭ ਵਲ ਦੇਖਿਆ...ਸਾਰੇ ਉਸਦੇ ਵੱਲ ਹੀ ਦੇਖ ਰਹੇ ਸੀ...ਤੇ ਉਸਦੇ ਬੋਲਣ ਦੀ ਉਡੀਕ ਕਰਨ ਲੱਗੇ...
  " ਕੋਈ ਪ੍ਰੋਗਰਾਮ ਰੱਦ ਨਹੀਂ ਕੀਤਾ ਜਾਵੇਗਾ..." ਇੰਦਰਾ ਨੇ ਆਖਿਆ...
  " ਪਰ ਤੁਸੀਂ ਅੱਗੇ ਵੀ ਤਾਂ ਬਾਹਰੋਂ ਵਾਪਸ ਆ ਕੇ ਕਿਸੇ ਨੂੰ ਮਿਲਣ ਦੀ ਹਾਮੀ ਨਹੀਂ ਭਰਦੇ ਹੋ ? " ਉਸਦੇ ਸਲਾਹਕਾਰ ਨੇ ਆਖਿਆ...
  " ਪੀਟਰ ਮੇਰੇ ਉਪਰ ਡਾਕੂਮੈਂਟਰੀ ਬਣਾ ਰਿਹਾ ਹੈ...ਉਸਨੂੰ ਮਿਲਣ ਲਈ ਹੋਰ ਇੰਤਜ਼ਾਰ ਨਹੀਂ ਕਰਵਾਇਆ ਜਾ ਸਕਦਾ...ਅਸੀਂ ਦੂਰ ਨਹੀਂ ਜਵਾਂਗੇ...ਕਿਤੇ ਲਾਗੇ ਹੀ ਮੇਰੀ ਉਸਦੇ ਨਾਲ ਮੁਲਾਕਾਤ ਦਾ ਇੰਤਜ਼ਾਮ ਕਰੋ "
  ਇੰਦਰਾ ਦਾ ਹਰ ਹੁਕਮ ਆਖਰੀ ਹੁੰਦਾ ਸੀ..ਤੇ ਉਸਦੀ ਕਹੀ ਗੱਲ ਦੇ ਵਿਰੁੱਧ ਕੋਈ ਨਹੀਂ ਸੀ ਬੋਲਦਾ...
  ਇੰਦਰਾ ਅਤੇ ਆਇਰਿਸ਼ ਡਾਇਰੈਕਟਰ ਪੀਟਰ ਉਸਤੀਨੋਵ ਦੀ ਮੁਲਾਕਾਤ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸੀ...
  ..….
  ਇਕ ਦਮ ਤੇਜ਼ ਆਵਾਜ਼ ਨਾਲ ਬਾਬੇ ਦੀ ਅੱਖ ਖੁਲ੍ਹੀ...ਪਹਿਲਾਂ ਤਾਂ ਉਸਨੂੰ ਬੜਾ ਗੁੱਸਾ ਆਇਆ ਪਰ ਜਦੋਂ ਉਸਨੇ ਢਾਡੀਆਂ ਦੀ ਵੱਜਦੀ ਸਾਰੰਗੀ ਨੂੰ ਸੁਣਿਆ ਤਾਂ ਉਸਦਾ ਗੁੱਸਾ ਸ਼ਾਂਤ ਹੋ ਗਿਆ...
  " ਅੱਜ ਵਾਰਾਂ ਸੁਣਨ ਦਾ ਦਿਲ ਕਿਵੇਂ ਹੋ ਗਿਆ ਤੇਰਾ ? " ਉਸਨੇ ਪੋਤਰੇ ਵੱਲ ਦੇਖਿਆ...
  " ਉਦਾਂ ਹੀ...ਹੋਰ ਕੁਝ ਆਉਣ ਹੀ ਨਹੀਂ ਦਿਆ " ਪੋਤਰੇ ਨੇ ਮੂੰਹ ਬਣਾ ਕੇ ਆਖਿਆ...
  ਬਾਬੇ ਨੇ ਅੱਖਾਂ ਨੂੰ ਫੇਰ ਬੰਦ ਕਰ ਲਿਆ ਸੀ..ਵਾਰਾਂ ਦੀ ਆਵਾਜ਼ ਉਸਦੇ ਦਿਲ ਨੂੰ ਸਕੂਨ ਦੇ ਰਹੀ ਸੀ...
  ....
  ਕਮਰੇ ਚ ਹਲਕੀ ਪੀਲੀ ਰੋਸ਼ਨੀ ਫੈਲ ਗਈ ਸੀ...ਦੋਵਾਂ ਨੇ ਰਹਿਰਾਸ ਸਾਹਿਬ ਦਾ ਪਾਠ ਮੁਕਾ ਕੇ ਅਰਦਾਸ ਕੀਤੀ....
  " ਵਾਰਾਂ ਸੁਣ ਰਹੀਆਂ ਨੇ...ਤੈਨੂੰ ਵੀ ਆਵਾਜ਼ ਆ ਰਹੀ ਏ ? " ਬੇਅੰਤ ਸਿੰਘ ਨੇ ਕਮਰੇ ਦੀ ਬਾਰੀ ਖੋਲੀ...
  " ਹਾਂ...ਪਰ ਆਪਣੇ ਆਲੇ ਦੁਆਲੇ ਤਾਂ ਕੋਈ ਇਹ ਗਾ ਨਹੀਂ ਸਕਦਾ " ਸਤਵੰਤ ਸਿੰਘ ਨੇ ਹੈਰਾਨ ਹੋ ਕੇ ਆਖਿਆ...
  ਦੋਵੇਂ ਬਾਰੀ ਦੇ ਬਾਹਰ ਫੈਲੇ ਹਨੇਰੇ ਨੂੰ ਵੇਖਦੇ ਰਹੇ...ਪਰ ਬਾਹਰ ਘੁੱਪ ਹਨੇਰੇ ਤੋੰ ਬਿਨਾਂ ਕੁਝ ਵੀ ਨਹੀਂ ਸੀ...
  " ਜੇ ਮੇਰਾ ਤਬੀਅਤ ਖਰਾਬ ਵਾਲਾ ਬਹਾਨਾ ਨਾ ਚਲਿਆ...ਫੇਰ ? " ਸਤਵੰਤ ਸਿੰਘ ਨੇ ਕੁਰਸੀ ਉਪਰ ਬੈਠਦੇ ਹੋਏ ਆਖਿਆ..
  " ਚਲੇਗਾ..." ਬੇਅੰਤ ਸਿੰਘ ਨੇ ਬਾਰੀ ਬੰਦ ਕਰਦੇ ਹੋਏ ਜੁਆਬ ਦਿੱਤਾ...
  ਸਤਵੰਤ ਸਿੰਘ ਆਉਣ ਵਾਲੇ ਕਲ੍ਹ ਬਾਰੇ ਸੋਚਦਾ ਹੋਇਆ ਲੰਮੇ ਪੈ ਗਿਆ...ਬੇਅੰਤ ਸਿੰਘ ਨੇ ਆਪਣੀ 0.38 ਬੋਰ ਦੀ ਪਿਸਤੌਲ ਨੂੰ ਆਪਣੇ ਹੱਥ ਚ ਲੈ ਲਿਆ ਸੀ...
  .....
  ਘੜੀ ਦੀਆਂ ਸੂਈਆਂ ਆਪਣੀ ਰਫਤਾਰ ਨਾਲ ਅੱਗੇ ਤੁਰ ਰਹੀਆਂ ਸੀ...
  ਇੰਦਰਾ ਨੇ ਆਪਣਾ ਡਿਨਰ ਮੁਕਾਇਆ...ਤੇ ਦਿਨ ਭਰ ਦੀ ਥੱਕੀ ਉਹ ਹੁਣ ਸੋ ਜਾਣਾ ਚਾਹ ਰਹੀ ਸੀ....
  ਉਸਦੀ ਰਿਹਾਇਸ਼ ਦੇ ਆਲੇ ਦੁਆਲੇ ਸੁਰਖਿਆ ਦਸਤਿਆਂ ਨੇ ਅੱਖਾਂ ਖੋਲ੍ਹ ਰੱਖੀਆਂ ਸੀ...ਦੇਸ਼ ਦੀ ਰਾਣੀ ਆਪਣੇ ਸ਼ਹਿਰ ਵਿਚ ਚੈਨ ਦੀ ਨੀਂਦ ਲੈਣ ਲਈ ਆਪਣੇ ਬਿਸਤਰੇ ਚ ਜਾ ਵੜੀ ਸੀ...
  " ਇਹ ਸੂਈ ਕੰਬ ਕਿਉ ਰਹੀ ਹੈ ? " ਇੰਦਰਾ ਨੇ ਜ਼ੋਰ ਨਾਲ ਆਖਿਆ...
  " ਮੈਡਮ...ਇਹ ਘੜੀ ਦੀ ਸਭ ਤੋਂ ਛੋਟੀ ਸੂਈ ਹੈ...ਇਹ ਏਦਾਂ ਹੀ ਚਲਦੀ ਹੈ.." ਉਸਦੀ ਆਵਾਜ਼ ਸੁਣ ਕੇ ਆਈ ਨੌਕਰਾਣੀ ਫਟਾਫਟ ਬੋਲੀ...
  ਇੰਦਰਾ ਨੇ ਕੋਈ ਜੁਆਬ ਨਾ ਦਿੱਤਾ...ਤੇ ਉਸ ਨਿੱਕੀ ਸੂਈ ਵਲ ਦੇਖਦੀ ਰਹੀ...ਤੇ ਲੰਮੇ ਪੈ ਗਈ....
  ਟਿਕ ਟਿਕ ਟਿਕ...
  ਸਭ ਤੋਂ ਨਿੱਕੀ ਸੂਈ ਦੀ ਆਵਾਜ਼ ਉਸਦੇ ਕੰਨਾਂ ਚ ਠਾਹ ਠਾਹ ਕਰਕੇ ਵੱਜ ਰਹੀ ਸੀ...
  ਉਸਦੀਆਂ ਅੱਖਾਂ ਬੰਦ ਹੋ ਗਈਆਂ....
  .....
  "ਸਭ ਚੁੱਪ ਕਰਵਾ ਦਿੱਤੇ ਇੰਦਰਾ ਨੇ " ਕਿਸੇ ਮਹਿਫਲ ਵਿਚ ਹਾਸੇ ਗੂੰਜ ਰਹੇ ਸੀ...
  " ਹੋਰ ਕੀ...ਮੈਨੂੰ ਤਾਂ ਏਨਾ ਦੀਆਂ ਪੁਰਾਣੀਆਂ ਵੀ ਸਭ ਗੱਲਾਂਬਾਤਾਂ ਗੱਪਾਂ ਹੀ ਜਾਪਦੀਆਂ ਨੇ ਹੁਣ " ਇਕ ਜਣੇ ਨੇ ਗਲਾਸ ਚ ਸ਼ਰਾਬ ਪਾਈ...
  " ਕਿਹੜੀਆਂ ਗੱਪਾਂ ਯਾਰ...ਮੈਨੂੰ ਵੀ ਸੁਣਾਓ ਕੋਈ " ਕੋਈ ਨਸ਼ੇ ਦੀ ਲੋਰ ਚ ਹਿਲ ਰਿਹਾ ਸੀ...
  " ਆਹੀ..ਕਿ ਦਰਬਾਰ ਸਾਹਿਬ ਤੇ ਫਲਾਣੇ ਨੇ ਹਮਲਾ ਕੀਤਾ...ਤੇ ਫਲਾਣੇ ਸਿੰਘ ਨੇ ਉਸਨੂੰ ਸੋਧਾ ਲਾਇਆ..."
  " ਇੰਦਰਾ ਨੇ ਜੋ ਕੀਤਾ...ਏਨਾ ਨੂੰ ਸਾਰੀ ਉਮਰ ਨਹੀਂ ਭੁਲਣਾ...ਅਗਲੀ ਅੱਜ ਵੀ ਟੋਹਰ ਨਾਲ ਤੁਰਦੀ ਫਿਰਦੀ ਹੈ...ਸਵਾ ਲਾਖ ਸੇ ਏਕ ਲੜਾਊਂ ਵਾਲੇ ਸੋਂ ਗਏ ਲਗਦੇ ਨੇ "
  ਮਹਿਫ਼ਿਲ ਚ ਜ਼ੋਰਦਾਰ ਹਾਸਾ ਗੂੰਜਿਆ...
  " ਓਏ...ਤੂੰ ਨਹੀਂ ਹਸਦਾ ਓਏ ? "
  ਉਹ ਇਕੱਲਾ ਹੀ ਇਕ ਨੁੱਕਰ ਚ ਬੈਠਾ ਸੀ...ਸਭ ਦੀ ਸੁਣ ਲੈਂਦਾ ਸੀ ਪਰ ਕੁਝ ਨਹੀਂ ਸੀ ਬੋਲ ਰਿਹਾ...
  " ਬੋਲ ਵੀ ਲੈ ਕੁਛ..." ਕੋਈ ਜਣਾ ਜ਼ੋਰ ਦੀ ਬੋਲਿਆ...
  " ਉਹ ਸੁੱਤੇ ਨਹੀਂ ਨੇ..." ਉਹ ਹੋਲੀ ਜਹੀ ਬੋਲਿਆ...
  " ਕੌਨ...ਕੌਨ ਨਹੀਂ ਸੁੱਤੇ? "
  " ਸਿੱਖ...ਸੁੱਤੇ ਨਹੀਂ ਨੇ " ਉਹ ਫੇਰ ਬੋਲਿਆ...
  " ਅੱਛਾ...ਨਹੀਂ ਸੁੱਤੇ ਹੋਣੇ ਫੇਰ...ਡਰਦੇ ਹੋਣੇ ਨੇ...ਕਿ ਇੰਦਰਾ ਫੇਰ ਆ ਜਾਊਗੀ "
  ਇਕ ਵਾਰ ਫੇਰ ਸਾਰੇ ਹੱਸ ਪਏ ਸੀ...
  " ਮੇਰੇ ਨਾਲ ਸਰਦਾਰ ਮੁੰਡੇ ਪੜ੍ਹਦੇ ਨੇ...ਮੈਂ ਉਹਨਾਂ ਦੀਆਂ ਅੱਖਾਂ ਚ ਅੱਗ ਦੇਖੀ ਹੈ...ਉਹ ਸੋ ਸਕਦੇ ਹੀ ਨਹੀਂ ਨੇ.." ਉਹ ਬੋਲਿਆ...
  " ਅੱਛਾ...ਸੁੱਤੇ ਨਹੀਂ ਤਾਂ ਬੋਲਦੇ ਕਿਉਂ ਨਹੀਂ ਕੁਛ...ਜਮਾਂ ਹੀ ਚੁੱਪ ਹੋ ਗਏ ਨੇ..." ਇਕ ਜਣਾ ਮਜ਼ਾਕ ਦੇ ਲਹਿਜ਼ੇ ਚ ਬੋਲਿਆ...
  " ਮੈਨੂੰ ਨਹੀਂ ਪਤਾ ਕਿਉਂ ਚੁੱਪ ਨੇ...ਪਰ ਮੈਂ ਉਹਨਾਂ ਨੂੰ ਕੋਲੋਂ ਦੇਖਿਆ ਹੈ...ਉਹ ਭਰੇ ਹੋਏ ਨੇ.. ਪਰ ਮੈਂ ਹੈਰਾਨ ਵੀ ਹਾਂ...ਕਿ ਉਹ ਕੁਛ ਆਖਦੇ ਨਹੀਂ ਨੇ...ਚੰਗਾ ਮਾੜਾ ਕੁਛ ਵੀ ਨਹੀਂ "
  " ਅਸਲ ਚ ਉਹ ਕੀ ਬੋਲ ਸਕਦੇ ਨੇ ਹੁਣ.....ਜੋ ਬੋਲਦਾ ਸੀ ਅਗਲਿਆਂ ਨੇ ਖਤਮ ਕਰਤਾ...ਸੌਖਾ ਏ ਕਿਤੇ ਰਾਣੀ ਅੱਗੇ ਅੜਨਾ...ਅਗਲੀ ਨੇ ਘਰ ਚ ਮੌਜੂਦ ਵਿਰੋਧੀਆਂ ਨੂੰ ਨਹੀਂ ਛੱਡਿਆ...ਤੇ ਆ ਦੋ ਪਰਸੈਂਟ ਵਾਲੇ ਕਿਸ ਬਾਗ ਦੀ ਮੂਲੀ ਨੇ...ਇਹ ਉਸਦਾ ਪਰਛਾਵਾਂ ਨਹੀਂ ਛੂਹ ਸਕਦੇ "
  ਕਿਸੇ ਨੇ ਮੋਟੀ ਸਾਰੀ ਗਾਲ ਕੱਢੀ ਤੇ ਹਾਸੇ ਚੀਕਾਂ ਗੂੰਜ ਉਠੀਆਂ....
  ਉਹਨਾਂ ਦੀਆਂ ਚੀਕਾਂ ਤੇ ਲਲਕਾਰੇ ਦੇਰ ਤੱਕ ਗੂੰਜਦੇ ਰਹੇ....
  ....
  31 ਅਕਤੂਬਰ ਦੀ ਸਵੇਰ ਨੂੰ ਇੰਦਰਾ ਨੇ ਖੁਦ ਨੂੰ ਸ਼ੀਸ਼ੇ ਵਿਚ ਦੇਖਿਆ...ਭੂਰੀ ਅਤੇ ਸੰਤਰੀ ਸਾੜੀ ਉਸਨੂੰ ਆਪਣੇ ਉਪਰ ਖੂਬ ਜਚਦੀ ਜਾਪੀ...ਪੈਰਾਂ ਚ ਉਸਨੇ ਕਾਲੀਆਂ ਚੱਪਲਾਂ ਪਾਈਆਂ...ਤੇ ਇਕ ਵਾਰ ਫੇਰ ਆਪਣੇ ਆਪ ਨੂੰ ਗੌਰ ਨਾਲ ਦੇਖਿਆ....
  " ਪੀਟਰ ਨਾਲ ਤੁਹਾਡੀ ਮੁਲਾਕਾਤ ਤੈਅ ਸਮੇਂ ਤੇ ਹੀ ਹੋਵੇਗੀ..." ਇੰਦਰਾ ਦੇ ਖਾਸਮਖਾਸ ਨੇ ਸਿਰ ਝੁਕਾ ਕੇ ਆਖਿਆ...
  ਇੰਦਰਾ ਨੇ ਸਿਰ ਹਿਲਾ ਕੇ ਦਸਿਆ ਕਿ ਉਸਨੇ ਗੱਲ ਸੁਣ ਲਈ ਹੈ....
  ....
  ਬੇਅੰਤ ਸਿੰਘ ਨੇ ਘੜੀ ਵੱਲ ਦੇਖਿਆ...9 ਵੱਜਣ ਚ ਪੰਜ ਮਿੰਟ ਬਾਕੀ ਸੀ...ਉਸਨੇ ਥੋਡ਼ੀ ਹੀ ਦੂਰ ਖੜੇ ਸਤਵੰਤ ਸਿੰਘ ਵਲ ਦੇਖਿਆ...ਸਤਵੰਤ ਸਿੰਘ ਨੇ ਆਪਣੇ ਹੱਥਾਂ ਚ ਫੜੀ ਆਟੋਮੈਟਿਕ ਸਟੇਨਗਨ ਨੂੰ ਹੋਰ ਜੋਰ ਨਾਲ ਘੁਟ ਲਿਆ ਸੀ...
  ....
  ਦਿੱਲੀ ਦੀਆਂ ਸੜਕਾਂ ਉਪਰ ਸਵੇਰ ਦੀ ਚਹਿਲ ਪਹਿਲ ਸ਼ੁਰੂ ਹੋ ਗਈ ਸੀ...
  ਬੱਚੇ ਆਮ ਵਾਂਗ ਸਕੂਲਾਂ ਨੂੰ ਚਲੇ ਗਏ ਸੀ...ਤੇ ਦਿੱਲੀ ਦੇ ਸਿੱਖ ਬਸ਼ਿੰਦੇ ਅੱਜ ਆਖਰੀ ਵਾਰ ਆਪਣੀਆਂ ਦੁਕਾਨਾਂ ਖੋਲਣ ਲਈ ਘਰੋਂ ਨਿਕਲਣ ਵਾਲੇ ਸੀ....ਸੁਆਣੀਆਂ ਨੇ ਸਭ ਨੂੰ ਨਾਸ਼ਤਾ ਕਰਵਾ ਕੇ ਤੋਰ ਦਿੱਤਾ ਸੀ...
  ਪੁਲੀਸ ਵਾਲੇ ਆਪਣੀਆਂ ਪੁਜੀਸ਼ਨਾਂ ਉਪਰ ਸ਼ਾਂਤ ਖੜੇ ਸੀ....
  ....
  ਘੜੀ ਦੀਆਂ ਸੂਈਆਂ ਨੇ ਨੌ ਵਜਾਏ ਤੇ ਇੰਦਰਾ ਆਪਣੇ ਲਸ਼ਕਰ ਨਾਲ ਆਪਣੇ ਮਹਿਲ ਚੋਂ ਬਾਹਰ ਨਿਕਲੀ...
  ਬੇਅੰਤ ਸਿੰਘ ਨੇ ਆਪਣਾ ਹੱਥ ਆਪਣੀ ਪਿਸਤੌਲ ਉਪਰ ਰੱਖ ਲਿਆ ਸੀ....
  ਸਤਵੰਤ ਸਿੰਘ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ...ਤੇ ਫੇਰ ਖੋਲ ਲਈਆਂ...
  ਇੰਦਰਾ ਦੇ ਕਦਮ ਬੇਅੰਤ ਸਿੰਘ ਦੇ ਵੱਲ ਵਧ ਰਹੇ ਸੀ..ਬੇਅੰਤ ਸਿੰਘ ਨੂੰ ਪਤਾ ਸੀ ਕਿ ਉਹ ਕੁਛ ਹੀ ਪਲ ਚ ਉਸਦੇ ਕੋਲ ਪੁਜੇਗੀ...ਤੇ ਉਸਨੂੰ ਉਥੇ ਹੀ ਛੱਡਦੀ ਹੋਈ ਅੱਗੇ ਨਿਕਲ ਜਾਵੇਗੀ...
  " ਨਹੀਂ...ਅੱਜ ਇਹ ਨਹੀਂ ਨਿਕਲੇਗੀ...ਜਿਉਂਦੀ ਤਾਂ ਹਰਗਿਜ਼ ਨਹੀਂ.."
  ਇੰਦਰਾ ਬੇਅੰਤ ਸਿੰਘ ਦੇ ਸਾਹਮਣੇ ਆ ਪੁੱਜੀ ਸੀ....ਬੇਅੰਤ ਸਿੰਘ ਨੇ ਆਪਣੀ 0.38 ਬੋਰ ਦੀ ਪਿਸਤੌਲ ਨੂੰ ਹੱਥ ਚ ਫੜ੍ਹ ਲਿਆ ਸੀ...
  ਆਪਣੇ ਲੋਕਾਂ ਦੇ ਸੁਰੱਖਿਅਤ ਘੇਰੇ ਚ ਖੜੀ ਰਾਣੀ ਦੀਆਂ ਅੱਖਾਂ ਖੁਲੀਆਂ ਰਹਿ ਗਈਆਂ....
  ਉਸਦੇ ਟੈਂਕ ਤੋਪਾਂ ਗਰਜ਼ ਰਹੇ ਸੀ....ਤੇ ਅੱਗ ਦੇ ਗੋਲੇ ਅਕਾਲ ਤਖ਼ਤ ਸਾਹਿਬ ਨੂੰ ਤਹਿਸ ਨਹਿਸ ਕਰਦੇ ਜਾ ਰਹੇ ਸੀ....
  " ਫਿਕਰ ਨਾ ਕਰੋ ਮੈਡਮ...ਅਸੀਂ ਜਿੱਤ ਜਵਾਂਗੇ...ਅਸੀਂ ਜਿੱਤਣ ਹੀ ਵਾਲੇ ਹਾਂ...ਤੁਸੀਂ ਬਸ ਇੰਤਜ਼ਾਰ ਕਰੋ...ਜਿੱਤ ਦੀ ਖਬਰ ਤੁਹਾਡੇ ਕੰਨਾਂ ਚ ਪੈਣ ਹੀ ਵਾਲੀ ਹੈ " ਆਰਮੀ ਅਫਸਰਾਂ ਦੇ ਚੇਹਰੇ ਹੱਸ ਕੇ ਬੋਲ ਰਹੇ ਸੀ...
  " ਮੈਡਮ...ਇਹ ਤੀਰ ਵਾਲਾ ਮਾਰਿਆ ਗਿਆ ਹੈ...ਤੁਸੀਂ ਜਿੱਤ ਗਏ ਹੋ....ਤੁਸੀਂ ਉਹਨਾਂ ਦੇ ਸਿਰਾਂ ਨੂੰ ਝੁਕਾ ਦਿੱਤਾ ਹੈ ਜਿੰਨਾ ਨੇ ਕਿਸੇ ਦੀ ਈਨ ਨਹੀਂ ਸੀ ਮੰਨੀ...ਇਹ ਜੂੜੇ ਵਾਲੇ ਸਿਰ ਹੁਣ ਕਦੀ ਨਹੀਂ ਉਠ ਸਕਣਗੇ...ਤੁਸੀਂ ਜਿੱਤ ਚੁਕੇ ਹੋ...."
  " ਜੈ ਦੁਰਗਾ.."
  "ਜੈ ਦੁਰਗਾ.. "
  ਏਨਾ ਨਾਰਿਆਂ ਨਾਲ ਆਸਮਾਨ ਗੂੰਜ ਉਠਿਆ ਸੀ...
  ਇੰਦਰਾ ਹਸਣਾ ਚਾਹ ਰਹੀ ਸੀ....ਉਹ ਜਿੱਤ ਨੂੰ ਆਪਣੇ ਹਾਸਿਆਂ ਚ ਲਿਖਣਾ ਚਾਹ ਰਹੀ ਸੀ...ਉਹ ਯਕੀਨ ਕਰਨਾ ਚਾਹ ਰਹੀ ਸੀ ਕਿ ਸਿੱਖ ਖਤਮ ਹੋ ਗਏ ਨੇ...
  " ਠਾਹ "
  ਇਸ ਆਵਾਜ਼ ਨੇ ਉਸਦਾ ਯਕੀਨ ਤੋੜ ਦਿੱਤਾ ਸੀ... ਉਹ ਹੈਰਾਨ ਖੜੀ ਸੀ....ਜਦੋਂ ਦੂਜੀ ਗੋਲੀ ਨੇ ਉਸਦੇ ਫੇਫੜਿਆਂ ਚ ਮੋਰੀ ਕਰਤੀ ਸੀ....
  " ਸਤਵੰਤ ਗੋਲੀ ਚਲਾ " ਬੇਅੰਤ ਸਿੰਘ ਜ਼ੋਰ ਨਾਲ ਬੋਲਿਆ...
  ਸਤਵੰਤ ਸਿੰਘ ਦੀ ਸਟੇਨਗਨ ਚੋ ਨਿਕਲੀਆਂ ਅਣਗਿਣਤ ਗੋਲੀਆਂ ਨੇ ਹੰਕਾਰ ਦੇ ਕਿਲੇ ਨੂੰ ਢਹਿ ਢੇਰੀ ਕਰਤਾ ਸੀ....
  ਏਨਾ ਗੋਲੀਆਂ ਦੀ ਆਵਾਜ਼ ਪੁਰੀ ਦੁਨੀਆਂ ਚ ਸੁਣੀ ਗਈ....
  " ਅਸੀਂ ਜੋ ਕਰਨਾ ਸੀ ਕਰ ਦਿੱਤਾ.. ਤੁਸੀਂ ਜੋ ਕਰਨਾ ਹੁਣ ਕਰ ਲਵੋ " ਦੋਵਾਂ ਨੌਜਵਾਨਾਂ ਨੇ ਆਪਣੇ ਹਥਿਆਰ ਸੁੱਟ ਦਿਤੇ....
  ਇਕ ਅਖੌਤੀ ਦੇਵੀ ਮਰੀ ਪਈ ਸੀ...ਤੇ ਉਹ ਸਾਰਾ ਖੂਨ ਜੋ ਉਸਨੇ ਪੀਤਾ ਸੀ...ਬਾਹਰ ਡੁਲਿਆ ਪਿਆ ਸੀ....
  .....
  " ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ "
  ਪੋਤਰੇ ਨੇ ਰੇਡੀਓ ਨੂੰ ਕੰਧ ਉਪਰ ਰੱਖ ਦਿੱਤਾ ਸੀ....ਬਾਬਾ ਰੇਡੀਓ ਦੀ ਆਵਾਜ਼ ਹੋਰ ਉੱਚੀ ਹੋਰ ਉੱਚੀ ਕਰਨ ਦੀ ਕੋਸ਼ਿਸ ਕਰ ਰਿਹਾ ਸੀ...
  .....
  ਰਾਤ ਨੂੰ ਪਾਰਟੀ ਕਰਕੇ ਦੇਰ ਨਾਲ ਸੁੱਤੇ ਹੁਣੇ ਉਠੇ ਸੀ... ਉਹਨਾਂ ਦੀਆਂ ਨੀਂਦਰਾਂ ਉੱਡ ਚੁਕੀਆਂ ਸੀ..
  " ਕਿਹਾ ਸੀ ਨਾ...ਸਿੱਖ ਜਾਗਦੇ ਨੇ "
  ਉਹ ਇਕੋ ਗੱਲ ਘੜੀ ਮੁੜੀ ਬੋਲਦਾ ਰਿਹਾ...ਹੁਣ ਕੋਈ ਨਹੀਂ ਸੀ ਹੱਸ ਰਿਹਾ....
  ....
  ਉਹ ਅੱਜ ਗਲੀ ਦੇ ਮੋੜ ਤੋਂ ਧੋਣ ਉੱਚੀ ਕਰਕੇ ਨਿਕਲਿਆ....
  " ਬਾਬੇ ਦੇ ਤੀਰ ਅਜੇ ਬਾਕੀ ਨੇ "
  ਉਸਨੇ ਮੋੜ ਤੇ ਖੜੇ ਮੁੰਡਿਆਂ ਵੱਲ ਵੇਖ ਕੇ ਆਖਿਆ....ਤੇ ਸਭ ਦੀਆਂ ਅੱਖਾਂ ਚ ਅੱਖਾਂ ਪਾ ਕੇ ਵੇਖਦਾ ਰਿਹਾ....ਪਰ ਅੱਜ ਕੋਈ ਨਹੀਂ ਸੀ ਹੱਸਿਆ....ਸਾਰੇ ਚੁਪ ਕਰਕੇ ਨਿਕਲ ਗਏ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com