ਪ੍ਰੀਤਮ ਸਿੰਘ (ਪ੍ਰੋ.)
ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ (1621-1675) ਵੱਲੋਂ ਦਿੱਤੇ ਗਏ ਬਲੀਦਾਨ ਨੂੰ ਭਾਰਤੀ ਮੱਧਕਾਲੀ ਇਤਿਹਾਸ ’ਚ ਨਿਵੇਕਲਾ ਸਥਾਨ ਹਾਸਲ ਹੈ। ਉਨ੍ਹਾਂ ਵੱਲੋਂ ਤਿੰਨ ਸਾਥੀਆਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲ ਦਾਸ ਨਾਲ ਦਿੱਲੀ ਵਿੱਚ ਨਵੰਬਰ 1675 ਨੂੰ ਦਿੱਤੀ ਗਈ ਕੁਰਬਾਨੀ ਨੂੰ ਸਿੱਖਾਂ ਦੇ ਨਾਲ-ਨਾਲ ਪੂਰੀ ਕੌਮ ਅਦਬ ਤੇ ਸਤਿਕਾਰ ਨਾਲ ਯਾਦ ਕਰਦੀ ਹੈ। ਮੁਗ਼ਲ ਹਕੂਮਤ ਦੇ ਜ਼ੁਲਮਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਅਤੇ ਸ਼ਹੀਦੀ ਪ੍ਰਾਪਤ ਕਰਨ ਦੇ ਮੰਤਵ ਪਿਛਲੇ ਅਸਲ ਤੇ ਉਚੇਚੇ ਅਰਥਾਂ ਬਾਰੇ ਅਜੇ ਤਕ ਸਹੀ ਅਧਿਐਨ ਨਹੀਂ ਕੀਤਾ ਗਿਆ ਅਤੇ ਨਾ ਹੀ ਸਹੀ ਪਰਿਪੇਖ ਤੋਂ ਘੋਖਿਆ ਗਿਆ ਹੈ। ਪਿਛਲੇ ਕੁਝ ਦਹਾਕਿਆਂ ਤੋਂ ਮਨੁੱਖੀ ਹੱਕਾਂ ਬਾਰੇ ਆਲਮੀ ਅੰਦੋਲਨਾਂ ਦੇ ਉਭਾਰ ਨਾਲ ਹੁਣ ਸਾਨੂੰ ਮਹਾਨ ਗੁਰੂ ਦੀ ਸ਼ਹੀਦੀ ਪਿਛਲੇ ਉੱਚ ਮਾਨਵੀ ਅਧਿਕਾਰਾਂ ਦੇ ਅਰਥਾਂ ਦੀ ਖੋਜ ਕਰਨ ਦਾ ਮੌਕਾ ਮਿਲਿਆ ਹੈ।
ਮਨੁੱਖੀ ਅਧਿਕਾਰਾਂ ਨੂੰ ਦੋ ਨਜ਼ਰੀਆਂ ਨਾਲ ਦੇਖਿਆ ਜਾਂਦਾ ਹੈ- ਸਹਾਇਕ ਜਾਂ ਕਾਨੂੰਨੀ ਪਹੁੰਚ ਅਤੇ ਸੁਭਾਵਿਕ ਪਹੁੰਚ। ਪਹਿਲੀ ਤਰ੍ਹਾਂ ਦੀ ਪਹੁੰਚ ਦੌਰਾਨ ਮਨੁੱਖੀ ਅਧਿਕਾਰਾਂ ਨੂੰ ਕੁਝ ਸਿਆਸੀ ਟੀਚਿਆਂ ਨੂੰ ਹਾਸਲ ਕਰਨ ਲਈ ਹਥਿਆਰ ਵਜੋਂ ਵਰਤਿਆ ਜਾਂਦਾ ਹੈ ਅਤੇ ਮਨੁੱਖੀ ਹੱਕਾਂ ਦੀ ਰਾਖੀ ਬਾਰੇ ਚਰਚਾ ਕਰਦੇ ਸਮੇਂ ਫਿਰਕੂਵਾਦ ਫੁੱਟ ਪੈਂਦਾ ਹੈ। ਫਿਰਕੂ ਸੋਚ ਪਨਪਣ ਦਾ ਨਤੀਜਾ ਇਹ ਹੁੰਦਾ ਹੈ ਕਿ ਮਨੁੱਖੀ ਹੱਕਾਂ ਦੇ ਰਖਵਾਲੇ ਆਪਣੇ ਭਾਈਚਾਰੇ, ਆਪਣੀ ਕੌਮ, ਵਿਚਾਰਧਾਰਾ ਅਤੇ ਸਿਆਸੀ ਸਹਿਯੋਗੀਆਂ ਦੇ ਹੱਥ ਠੋਕੇ ਬਣ ਕੇ ਰਹਿ ਜਾਂਦੇ ਹਨ। ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਇਸ ਸੋਚ ਤਹਿਤ ਕਿਸੇ ਵਿਰੋਧੀ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਅਣਗੋਲਿਆ ਕਰ ਦਿੱਤਾ ਜਾਂਦਾ ਹੈ ਜਾਂ ਵਿਰੋਧੀਆਂ ਦੇ ਮਨੁੱਖੀ ਹੱਕਾਂ ਦੀ ਰਾਖੀ ਦਾ ਵਿਰੋਧ ਹੋਣ ਲੱਗ ਪੈਂਦਾ ਹੈ।
ਇਸ ਦੇ ਉਲਟ ਸੁਭਾਵਿਕ ਪਹੁੰਚ ਤਹਿਤ ਮਨੁੱਖੀ ਅਧਿਕਾਰਾਂ ਦੀ ਬਿਨਾਂ ਕਿਸੇ ਭੇਦਭਾਵ ਦੇ ਕਦਰ ਕੀਤੀ ਜਾਂਦੀ ਹੈ। ਉਹ ਭਾਵੇਂ ਆਪਣੇ ਹੋਣ ਜਾਂ ਵਿਰੋਧੀ ਖੇਮੇ ਦੇ। ਇਸ ਸੋਚ ਦੀ ਦਲੀਲ ਹੈ ਕਿ ਮਨੁੱਖ ਹੋਣ ਦੇ ਨਾਤੇ ਸਾਰੇ ਇਨਸਾਨ ਵਿਸ਼ੇਸ਼ ਹੱਕਾਂ ਦੇ ਹੱਕਦਾਰ ਹਨ। ਇਹ ਪਹੁੰਚ ਮਨੁੱਖੀ ਹੱਕਾਂ ਦੀ ਸਰਵ ਵਿਆਪਕਤਾ ਦੀ ਧਾਰਨਾ ਨੂੰ ਜਨਮ ਦਿੰਦੀ ਹੈ, ਜਿਸ ਤਹਿਤ ਨਸਲ, ਧਰਮ, ਕੌਮ, ਲਿੰਗ ਜਾਂ ਵਿਚਾਰਧਾਰਾ ਦਾ ਕੋਈ ਸਥਾਨ ਨਹੀਂ ਹੁੰਦਾ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਇਸੇ ਅੰਤਰੀਵੀ ਸੋਚ ਨੂੰ ਤਾਕਤ ਬਖ਼ਸ਼ਦੀ ਹੈ ਅਤੇ ਨਾਲ ਹੀ ਮਨੁੱਖੀ ਹੱਕਾਂ ਦੀ ਸਰਵ ਵਿਆਪਕ ਧਾਰਨਾ ਨੂੰ ਬਲ ਦਿੰਦੀ ਹੈ।
ਗੁਰੂ ਜੀ ਵੱਲੋਂ ਆਪਣਾ ਬਲੀਦਾਨ ਦੇਣ ਦੇ ਫੈਸਲੇ ਪਿਛਲੇ ਕਾਰਨਾਂ ਉੱਤੇ ਝਾਤ ਮਾਰਨਾ ਜ਼ਰੂਰੀ ਹੈ। ਕਸ਼ਮੀਰੀ ਪੰਡਿਤਾਂ (ਬ੍ਰਾਹਮਣਾਂ) ਨੂੰ ਉਸ ਸਮੇਂ ਦੇ ਮੁਗ਼ਲ ਬਾਦਸ਼ਾਹ ਅੌਰੰਗਜ਼ੇਬ ਦੇ ਜ਼ੁਲਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਉਹ ਗੁਰੂ ਜੀ ਤੋਂ ਸਹਾਇਤਾ ਮੰਗਣ ਆਏ ਸਨ। ਉਹ ਇਸ ਆਸ ਨਾਲ ਗੁਰੂ ਜੀ ਕੋਲ ਆਏ ਸਨ ਕਿ ਰੂਹਾਨੀ ਸ਼ਖ਼ਸੀਅਤ ਵਜੋਂ ਉਨ੍ਹਾਂ ਦਾ ਅਹਿਮ ਰੁਤਬਾ ਹੈ ਅਤੇ ਵਿਚੋਲਾ ਬਣ ਕੇ ਅਤੇ ਮੁਗ਼ਲ ਬਾਦਸ਼ਾਹ ਨੂੰ ਸਮਝਾ ਕੇ ਉਨ੍ਹਾਂ ਨੂੰ ਮੁਸੀਬਤ ਵਿੱਚੋਂ ਕੱਢਣਗੇ। ਅਸੀਂ ਸਮਝ ਸਕਦੇ ਹਾਂ ਕਿ ਕਸ਼ਮੀਰੀ ਪੰਡਿਤਾਂ ਵੱਲੋਂ ਗੁਰੂ ਜੀ ਦੀ ਹਮਾਇਤ ਲੈਣ ਦਾ ਫੈਸਲਾ ਉਨ੍ਹਾਂ ਲਈ ਬਹੁਤੀਆਂ ਮੁਸ਼ਕਲਾਂ ਭਰਿਆ ਰਿਹਾ ਹੋਵੇਗਾ। ਇਹ ਸਾਰੇ ਚੰਗੀ ਤਰ੍ਹਾਂ ਜਾਣਦੇ ਸਨ ਕਿ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਸਨ ਅਤੇ ਉਨ੍ਹਾਂ ਨੇ ਸਮਾਜ ਤੇ ਸਭਿਆਚਾਰ ਵਿੱਚ ਜਾਤੀ ਪ੍ਰਥਾ ਦਾ ਖੁੱਲ੍ਹ ਕੇ ਵਿਰੋਧ ਕੀਤਾ ਸੀ। ਉਨ੍ਹਾਂ ਦੀਆਂ ਸਿੱਖਿਆਵਾਂ ਬ੍ਰਾਹਮਣਵਾਦੀ ਸੋਚ ਨੂੰ ਨਕਾਰਦੀਆਂ ਸਨ। ਸਿੱਖ ਧਰਮ ਨੇ ਲੰਗਰ, ਸੰਗਤ ਅਤੇ ਪੰਗਤ ਦੀ ਪ੍ਰਥਾ ਰਾਹੀਂ ਸਮਾਜਿਕ ਅਤੇ ਧਾਰਮਿਕ ਬਰਾਬਰੀ ਨੂੰ ਉਤਸ਼ਾਹਤ ਕੀਤਾ। ਇਸ ਰਾਹੀਂ ਉਨ੍ਹਾਂ ਛੂਤਛਾਤ ਦੀ ਬੁਰਾਈ ਨੂੰ ਭੰਡਿਆ, ਜਿਸ ਦੀ ਬ੍ਰਾਹਮਣਵਾਦੀ ਸੋਚ ਦੇ ਧਾਰਨੀ ਵਕਾਲਤ ਕਰਦੇ ਸਨ। ਸਿੱਖ ਧਰਮ ਦੀਆਂ ਇਨ੍ਹਾਂ ਸਾਰੀਆਂ ਸਿੱਖਿਆਵਾਂ ਕਰਕੇ ਕਸ਼ਮੀਰੀ ਬ੍ਰਾਹਮਣ ਵਿਚਾਰਧਾਰਕ ਤੌਰ ’ਤੇ ਗੁਰੂ ਤੇਗ ਬਹਾਦਰ ਜੀ ਦੇ ਵਿਰੋਧੀ ਸਨ। ਬ੍ਰਾਹਮਣਾਂ ਦੇ ਧਾਰਮਿਕ ਹੱਕਾਂ ਦੀ ਰਾਖੀ ਲਈ ਡਟਣ ਦਾ ਫੈਸਲਾ ਕਰਕੇ ਗੁਰੂ ਜੀ ਨੇ ਆਪਣੇ ਵਿਚਾਰਧਾਰਕ ਵਿਰੋਧੀਆਂ ਦੇ ਹੱਕਾਂ ਦੀ ਰਾਖੀ ਦੀ ਹਾਮੀ ਭਰੀ। ਵਿਚਾਰਧਾਰਕ ਵਿਰੋਧੀਆਂ ਦੀ ਰੱਖਿਆ ਲਈ ਉਨ੍ਹਾਂ ਨੂੰ ਆਪਣੀ ਕੁਰਬਾਨੀ ਦੇਣੀ ਪਈ।
ਮਨੁੱਖੀ ਇਤਿਹਾਸ ਅਜਿਹੀਆਂ ਕਈ ਮਿਸਾਲਾਂ ਨਾਲ ਭਰਿਆ ਹੋਇਆ ਹੈ ਜਿੱਥੇ ਲੋਕਾਂ ਨੇ ਆਪਣੇ ਭਾਈਚਾਰੇ, ਕੌਮ ਜਾਂ ਵਿਚਾਰਧਾਰਾ ਲਈ ਜਾਨਾਂ ਵਾਰੀਆਂ। ਆਪਣੇ ਹਿੱਤਾਂ ਤੋਂ ਉੱਪਰ ਉੱਠ ਕੇ ਅਜਿਹੇ ਲੋਕਾਂ ਨੇ ਨੈਤਿਕ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ ਪਰ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਵਿਚਾਰਧਾਰਕ ਵਿਰੋਧੀਆਂ ਦੇ ਹੱਕਾਂ ਦੀ ਰੱਖਿਆ ਲਈ ਆਪਣੀ ਕੁਰਬਾਨੀ ਦੇ ਕੇ ਜਿਸ ਨੈਤਿਕ-ਰੂਹਾਨੀ ਬੁਲੰਦੀ ਨੂੰ ਛੋਹਿਆ, ਉਸ ਦੀ ਮਿਸਾਲ ਮਨੁੱਖੀ ਇਤਿਹਾਸ ’ਚ ਕਿਤੇ ਨਹੀਂ ਮਿਲਦੀ। ਇਸ ਲਈ ਗੁਰੂ ਤੇਗ ਬਹਾਦਰ ਜੀ ਨੂੰ ਮਨੁੱਖੀ ਹੱਕਾਂ ਦੀ ਬ੍ਰਹਿਮੰਡੀ ਵਿਚਾਰਧਾਰਾ ਦੇ ਮੋਢੀਆਂ ’ਚੋਂ ਇਕ ਗਿਣਿਆ ਜਾ ਸਕਦਾ ਹੈ।
ਗੁਰੂ ਤੇਗ ਬਹਾਦਰ ਜੀ ਦੇ ਲਾਮਿਸਾਲ ਬਲੀਦਾਨ ਨੂੰ ਦੇਖਦਿਆਂ ਆਲਮੀ ਮਨੁੱਖੀ ਅਧਿਕਾਰ ਸੰਸਥਾਵਾਂ ਵੀ ਉਨ੍ਹਾਂ ਨੂੰ ਆਪਣੇ ਮੋਢੀਆਂ ਵਿੱਚੋਂ ਇਕ ਦਾ ਦਰਜਾ ਦੇ ਰਹੀਆਂ ਹਨ। ਕੁਝ ਵਰ੍ਹੇ ਪਹਿਲਾਂ ਮੈਂ ਮਨੁੱਖੀ ਅਧਿਕਾਰਾਂ, ਸਿਧਾਂਤ ਅਤੇ ਅਮਲ ਸਬੰਧੀ ਇਕ ਖੋਜ ਪੱਤਰ ਲਿਖਿਆ ਸੀ ਜੋ ਗੁਰੂ ਤੇਗ ਬਹਾਦਰ ਜੀ ਦੇ ਵਿਸ਼ਵ-ਵਿਆਪੀ ਨਜ਼ਰੀਏ ਅਤੇ ਪਰਿਪੇਖ ਤੋਂ ਪ੍ਰੇਰਿਤ ਸੀ। ਇਹ ਖੋਜ ਪੱਤਰ ਗੁਰੂ ਜੀ ਦੀ ਯਾਦ ਨੂੰ ਸਮਰਪਿਤ ਸੀ।
ਲੰਡਨ ਆਧਾਰਤ ਮਨੁੱਖੀ ਅਧਿਕਾਰ ਜਥੇਬੰਦੀ ਅਮਨੈਸਟੀ ਇੰਟਰਨੈਸ਼ਨਲ ਨੇ ਇਸ ਖੋਜ ਪੱਤਰ ਦਾ ਅਧਿਐਨ ਕੀਤਾ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਮਨੁੱਖੀ ਹੱਕਾਂ ਦੀ ਮਹੱਤਤਾ ਨਾਲ ਜੋੜ ਕੇ ਉਸ ਬਾਰੇ ਮੇਰੇ ਨਾਲ ਵਿਚਾਰ-ਵਟਾਂਦਰਾ ਵੀ ਕੀਤਾ ਸੀ। ਅਮਨੈਸਟੀ ਇੰਟਰਨੈਸ਼ਨਲ ਉਸ ਸਮੇਂ ਮਨੁੱਖੀ ਅਧਿਕਾਰਾਂ ਦੇ ਵਿਸ਼ਵ-ਵਿਆਪੀ ਐਲਾਨਨਾਮੇ ਦੀ 50ਵੀਂ ਜੈਅੰਤੀ ਮੌਕੇ ਆਲਮੀ ਮਨੁੱਖੀ ਅਧਿਕਾਰਾਂ ਦੇ ਇਤਿਹਾਸ ਬਾਰੇ ਇਕ ਕਿਤਾਬ ਤਿਆਰ ਕਰਵਾ ਰਹੀ ਸੀ। ਜਥੇਬੰਦੀ ਵੱਲੋਂ ਇਸ ਪ੍ਰਾਜੈਕਟ ਦਾ ਉਦੇਸ਼ ਹਰੇਕ ਸਦੀ ’ਚ ਮਨੁੱਖੀ ਹੱਕਾਂ ਦੇ ਅਲੰਬਰਦਾਰਾਂ ਦੀ ਪਛਾਣ ਕਰਨਾ ਸੀ। ਇਸ ਕਿਤਾਬ ਦਾ ਸਿਰਲੇਖ ‘ਦਿ ਲੌਂਗ ਮਾਰਚ ਟੂ ਫਰੀਡਮ’ ਸੀ ਅਤੇ ਇਸ ’ਚ 17ਵੀਂ ਸਦੀ ਦੇ ਪੰਜ ਉੱਘੇ ਮਨੁੱਖੀ ਅਧਿਕਾਰਾਂ ਦੇ ਰਾਖਿਆਂ ’ਚ ਗੁਰੂ ਤੇਗ ਬਹਾਦਰ ਜੀ ਦਾ ਨਾਮ ਵੀ ਸ਼ਾਮਲ ਹੈ। ਬਾਕੀ ਚਾਰਾਂ ’ਚ ਜੌਹਨ ਲਿਲਬਰਨ (1617-57), ਜੌਹਨ ਲੌਕ (1632-1704), ਵਿਲੀਅਮ ਪੈੱਨ (1644-1718) ਅਤੇ ਵੋਲਟੇਅਰ (1694-1778) ਸ਼ਾਮਲ ਹਨ।
ਕੁਝ ਵਿਚਾਰਵਾਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਹਿੰਦੂ ਧਰਮ ਦੀ ਰਾਖੀ ਖ਼ਾਤਰ ਦਿੱਤੀ ਕੁਰਬਾਨੀ ਦਸਦੇ ਹਨ। ਇਸੇ ਲਈ ‘ਹਿੰਦ ਦੀ ਚਾਦਰ’ ਸ਼ਬਦ ਵਰਤੇ ਜਾਂਦੇ ਹਨ। ਗੁਰੂ ਜੀ ਦੇ ਬਲੀਦਾਨ ਦੀ ਅਜਿਹੀ ਵਿਆਖਿਆ ਉਨ੍ਹਾਂ ਦੇ ਬ੍ਰਹਿਮੰਡੀ ਨਜ਼ਰੀਏ ਨੂੰ ਛੁਟਿਆਉਣ ਵਾਂਗ ਹੈ। ਮੇਰੀ ਧਾਰਨਾ ਹੈ ਕਿ ਜੇਕਰ ਕੋਈ ਹਿੰਦੂ ਹੁਕਮਰਾਨ, ਆਪਣੀ ਮੁਸਲਿਮ ਪ੍ਰਜਾ ਉੱਤੇ ਜ਼ੁਲਮ ਢਾਹ ਰਿਹਾ ਹੁੰਦਾ ਤਾਂ ਗੁਰੂ ਜੀ ਨੇ ਉਦੋਂ ਵੀ ਆਪਣਾ ਆਪਾ ਵਾਰਨ ਦੇ ਰਾਹ ਹੀ ਤੁਰਨਾ ਸੀ। ਉਨ੍ਹਾਂ ਦੀ ਸ਼ਹਾਦਤ ਪਿੱਛੇ ਜੋ ਸੰਕਲਪ ਸੀ, ਉਹ ਕਿਸੇ ਧਰਮ ਵਿਸ਼ੇਸ਼ ਤਕ ਸੀਮਤ ਨਹੀਂ ਸੀ। ਇਹੀ ਤੱਥ ਉਨ੍ਹਾਂ ਦੀ ਸ਼ਹਾਦਤ ਨੂੰ ਵੱਧ ਮਹਾਨ ਬਣਾਉਂਦਾ ਹੈ।
ਇਸੇ ਨਜ਼ਰੀਏ ਤੋਂ ਦਿੱਲੀ ਦੇ ਇਤਿਹਾਸਕ ਚਾਂਦਨੀ ਚੌਕ ਜਿਸ ਥਾਂ ’ਤੇ ਇਸ ਮਹਾਨ ਗੁਰੂ ਦਾ ਸੀਸ ਉਤਾਰਿਆ ਗਿਆ ਸੀ, ਸਥਿਤ ਗੁਰਦੁਆਰਾ ਸੀਸ ਗੰਜ ਸਹਿਬ ਨੂੰ ਸਿਰਫ਼ ਸਿੱਖਾਂ ਜਾਂ ਹਿੰਦੂਆਂ ਲਈ ਅਹਿਮ ਧਾਰਮਿਕ ਅਸਥਾਨ ਨਹੀਂ ਮੰਨਿਆ ਜਾਣਾ ਚਾਹੀਦਾ। ਇਸ ਅਸਥਾਨ ਨੂੰ ਤਾਂ ਵਿਸ਼ਵ ਵਿਆਪੀ ਮਨੁੱਖੀ ਅਧਿਕਾਰ ਲਹਿਰ ਦੇ ਤੀਰਥ ਅਸਥਾਨ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ। ਇਹ ਕਦਮ ਮਹਾਨ ਗੁਰੂ ਦੀ ਗ਼ੈਰ-ਸੰਪਰਦਾਇਕ ਤੇ ਬ੍ਰਹਿਮੰਡੀ ਮਾਨਵੀ ਹੱਕਾਂ ਵਾਲੇ ਦ੍ਰਿਸ਼ਟੀਕੋਣ ਨੂੰ ਮਾਨਤਾ ਤੇ ਅਕੀਦਤ ਦੇਣ ਵੱਲ ਦੇਰ ਨਾਲ ਚੁੱਕਿਆ, ਪਰ ਅਤਿਅੰਤ ਢੁਕਵਾਂ ਕਦਮ ਹੋਵੇਗਾ।
– ਲੇਖਕ ਆਕਸਫੋਰਡ ਬਰੁਕਸ ਯੂਨੀਵਰਸਿਟੀ, ਆਕਸਫੋਰਡ (ਯੂ.ਕੇ.) ਵਿੱਚ ਇਕਨਾਮਿਕਸ ਦਾ ਪ੍ਰੋਫੈਸਰ ਹੈ।