ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਚਰਚਿਤ ਦਸਮ ਗ੍ਰੰਥ ਕਿਵੇਂ ਹੋਂਦ ਵਿੱਚ ਆਇਆ ? ਇਤਿਹਾਸਕ ਤੱਥ ਅਤੇ ਪ੍ਰਮਾਣ

  ਡਾ. ਗੁਰੂਮੇਲ ਸਿੰਘ ਸਿੱਧੂ

  ਕਥਤ ‘ਦਸਮ ਗ੍ਰੰਥ’ ਦੀ ਪ੍ਰਮਾਣਕਤਾ ਬਾਰੇ ਵਾਦ ਵਿਵਾਦ ਚਿਰਾਂ ਤੋਂ ਚਲਦਾ ਆ ਰਿਹਾ ਹੈ ਪਰ ਪਿਛਲੇ ਕੁੱਝ ਸਾਲਾਂ ਤੋਂ ਇਹ ਹੋਰ ਵੀ ਮਘ ਉਠਿਆ ਹੈ। ਕੁੱਝ ਲੋਕ ਇਸ ਗ੍ਰੰਥ ਦੀ ਸਾਰੀ ਬਾਣੀ ਨੂੰ ਸਿਰੀ ਗੁਰੁ ਗੋਬਿੰਦ ਸਿੰਘ ਹੋਰਾਂ ਦੇ ਦਸਤੇ ਮੁਬਾਰਕ ਨਾਲ ਲਿਖੀ ਹੋਈ ਪ੍ਰਵਾਨ ਕਰਦੇ ਹਨ। ਪਰ ਬਹੁਤੇ ਵਿਦਵਾਨ, ਕੁੱਝ ਬਾਣੀ ਤੋਂ ਸਿਵਾਏ, ਇਸ ਵਿਚਲੀ ਸਾਰੀ ਬਾਣੀ ਨੂੰ ਦਸਵੇਂ ਪਾਤਸ਼ਾਹ ਦੀ ਲਿਖਤ ਪਰਵਾਨ ਨਹੀਂ ਕਰਦੇ। ਇਹ ਭਿੰਨ ਭਿੰਨ ਵਿਚਾਰ ਅੱਜ ਦੇ ਨਹੀਂ, ਸਦੀਆਂ ਤੋਂ ਚਲਦੇ ਆ ਰਹੇ ਹਨ। ਪਹਿਲਾਂ ਤਾਂ ਕਿਸੇ ਧਰਮ ਗ੍ਰੰਥ ਦੀ ਪ੍ਰਮਾਣਕਤਾ ਬਾਰੇ ਕੋਈ ਵਿਵਾਦ ਪੈਦਾ ਹੋਣਾ ਹੀ ਮੰਦੇ ਭਾਗਾਂ ਵਾਲੀ ਗੱਲ ਹੈ ਅਤੇ ਜੇ ਇਹ ਵਾਦ ਵਿਵਾਦ ਦਸਮ ਪਾਤਸ਼ਾਹ ਵਲੋਂ ਰਚੇ ਹੋਏ ਗ੍ਰੰਥ ਬਾਰੇ ਹੋਵੇ ਤਾਂ ਇਹ ਅਤਿਅੰਤ ਦੁਰਭਾਗੀ ਗੱਲ ਹੈ। ਪਰ ਸਵਾਲ ਪੈਦਾ ਹੁੰਦਾ ਹੈ ਕਿ ਜੇ ਇਹ ਵਾਦ ਵਿਵਾਦ ਸ਼ੁਰੂ ਹੋਇਆ ਹੈ ਤਾਂ ਇਸ ਦੇ ਪਿੱਛੇ ਕੋਈ-ਨ-ਕੋਈ ਅਜੇਹਾ ਕਾਰਣ, ਮਸਲਾ, ਘਟਨਾ ਜਾਂ ਹਿੱਤ ਜਰੂਰ ਹੋਵੇਗਾ ਜਿਸ ਨੇ ਇਸ ਮੰਦਭਾਗੀ ਸੋਚ ਨੂੰ ਜਨਮ ਦਿੱਤਾ।

  ਧਰਮਾਂ ਦੀ ਮਾਣ ਮਰਯਾਦਾ ਨੂੰ ਚਣੌਤੀ ਦੇਣ ਜਾਂ ਆਂਚ ਪਹਿਚਾਉਣ ਦੇ ਜ਼ਿੰਮੇਦਾਰ ਅਕਸਰ ਧਰਮਾਂ ਦੇ ਉਹ ਕਾਰਕੁਨ ਹੁੰਦੇ ਹਨ ਜਿਨ੍ਹਾਂ ਨੇ ਕੋਈ ਰਾਜਨੀਤਕ, ਸਮਾਜਿਕ ਅਤੇ ਖਾਸ ਕਰਕੇ ਧਾਰਮਿਕ ਲਾਹਾ ਲੈਣਾ ਹੁੰਦਾ ਹੈ। ਦਸਮ ਗ੍ਰੰਥ ਦੀ ਪਰਮਾਣਿਕਤਾ ਨੂੰ ਮੁੱਦਾ ਬਣਾਕੇ ਸਮੇਂ ਸਮੇਂ ਸਿੱਖ ਧਰਮ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਪਿੱਛੇ ਵੀ ਕੁੱਝ ਅਜੇਹੇ ਹੀ ਕਾਰਨ ਹਨ। ਦਸਮ ਗ੍ਰੰਥ ਕਿਵੇਂ ਹੋਂਦ ਵਿੱਚ ਆਇਆ? ਇਸ ਸਵਾਲ ਦੇ ਉੱਤਰ ਲਈ ਮੇਰੇ ਵਲੋਂ ਲਿਖੇ ਮੌਨੌਗਰਾਫ ਦਾ ਖੁਲਾਸਾ ਹਾਜ਼ਰ ਹੈ।

  (ੳ). ਗੁਰੂ ਗੋਬਿੰਦ ਸਿੰਘ ਅਤੇ ਦਸਮ ਗ੍ਰੰਥ।

  (ਅ). ਇਤਿਹਾਸਕ ਪ੍ਰਮਾਣ ਅਤੇ ਦਸਮ ਗ੍ਰੰਥ।

  (ੲ). ਦਸਮ ਗ੍ਰੰਥ ਦੀ ਮਿੱਥ ਦਾ ਆਰੰਭ: ਇੱਕ ਫ਼੍ਰੰਗੀ ਸਾਜ਼ਸ਼।

  (ਸ). ਦਸਮ ਗ੍ਰੰਥ ਅਤੇ ਹੋਰ ਬੀੜਾਂ।

  (ਹ). ਸੋਧਕ ਕਮੇਟੀ ਦਾ ਦਸਮ ਗ੍ਰੰਥ।

  (ਕ). ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖਤ ਅਤੇ ਦਸਮ ਗ੍ਰੰਥ।

  (ਖ). ਅਯੋਕੀ ਸਥਿਤੀ।

  (ੳ). ਗੁਰੂ ਗੋਬਿੰਦ ਸਿੰਘ ਅਤੇ ਦਸਮ ਗ੍ਰੰਥ

  ਇਸ ਭਾਗ ਨੂੰ ਕੁੱਝ ਅਹਿਮ ਸਵਾਲਾਂ ਨਾਲ ਸ਼ੁਰੂ ਕਰਦੇ ਹਾਂ।

  1. ਜੇਕਰ ਗੁਰੂ ਗੋਬਿੰਦ ਸਿੰਘ ਜੀ ਨੇ ‘ਦਸਮ ਗ੍ਰੰਥ’ ਦੀ ਰਚਨਾ ਕੀਤੀ ਹੁੰਦੀ ਤਾਂ ਕੀ ਇਸ ਦਾ ਨਾਂ ਗੁਰੂ ਕਾਲ ਤੋਂ ਹੀ ਸਿੱਖ ਇਤਿਹਾਸ ਵਿੱਚ ਅੰਕਤ ਨਾ ਹੁੰਦਾ ਅਤੇ ਇਸ ਦਾ ਪ੍ਰਕਾਸ਼ ਧਾਰਮਿਕ ਸਥਾਨਾਂ ਤੇ ਨਾ ਕੀਤਾ ਜਾਂਦਾ? ਖਾਸ ਕਰਕੇ ਕੀ ਇਸ ਬਾਰੇ ਸਿੱਖਾਂ ਨੂੰ ਕੋਈ ਸੂਹ ਨਾ ਹੁੰਦੀ ਅਤੇ ਇਸ ਦਾ ਨਾਂ ਉਨ੍ਹਾਂ ਦੇ ਮਨਾਂ ਵਿੱਚ ਵਸਿਆ ਹੋਇਆ ਨਾ ਹੁੰਦਾ?

  1. ਕੀ ਇਸ 1428 ਸਫਿਆਂ ਦੇ ਵੱਡ ਅਕਾਰੇ ਗ੍ਰੰਥ ਦਾ ਜ਼ਿਕਰ, ਦਸਮ ਪਾਤਸ਼ਾਹ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ, 18ਵੀਂ ਸਦੀ ਵਿੱਚ ਲੁਕਿਆ ਛਿਪਿਆ ਰਹਿੰਦਾ?

  1. ਸੱਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ, ਕੀ ਇਸ ਗ੍ਰੰਥ ਦਾ ਜ਼ਿਕਰ ਗੁਰੂ ਸਾਹਬ ਵਲੋਂ ਖ਼ੁਦ ਜਾਂ ਉਨ੍ਹਾਂ ਵਲੋਂ ਸਤਿਕਾਰੇ ਹੋਏ 52 ਦਰਬਾਰੀ ਆਨਿਨ ਸਿੱਖਾਂ ਨੇ ਆਣੀਆਂ ਲਿਖਤਾਂ ਵਿੱਚ ਨਾ ਕੀਤਾ ਹੁੰਦਾ?

  1. ਅਜੇਹੇ ਅਦੁਤੀ ਅਤੇ ਵਿਸ਼ੇਸ਼ ਗ੍ਰੰਥ ਦੀ ਮਹੱਤਾ ਨੂੰ ਮੁੱਖ ਰੱਖਦਿਆਂ, ਕੀ ਇਸ ਦਾ ਜ਼ਿਕਰ ਨਿਕਟ ਵਰਤੀ ਕਵੀਆਂ, ਲੇਖਕਾਂ ਜਾਂ ਵੱਖ ਵੱਖ ਭਾਸ਼ਾਂਵਾਂ ਦੇ ਇਤਿਹਾਸਕਾਰਾਂ ਨੇ ਕਿਤੇ-ਨ-ਕਿਤੇ ਆਪਣੀਆਂ ਲਿਖਤਾਂ ਵਿੱਚ ਨਾ ਕੀਤਾ ਹੁੰਦਾ?

  1. ਕੀ ਗੁਰੂ ਅਰਜਨ ਦੇਵ ਜੀ ਵਲੋਂ ਸੰਪਾਦ ਕੀਤੇ ਗਏ ਸਿਰੀ ਗੁਰੂ ਗ੍ਰੰਥ ਸਾਹਿਬ (ਜਿਸ ਨੂੰ ਕਰਤਾਰਪੁਰੀ ਬੀੜ ਜਾਂ ਆਦਿ ਗ੍ਰੰਥ ਵੀ ਕਿਹਾ ਜਾਂਦਾ ਹੈ) ਦੀ ਬੀੜ ਦੇ ਗੁਰੂ ਘਰ ਦੇ ਵਿਰੋਧੀਆਂ, ਮਹਰਾਜਾ ਰਣਜੀਤ ਸਿੰਘ ਅਤੇ ਬ੍ਰਿਟਿਸ਼ ਸਰਕਾਰ ਦੇ ਹੱਥਾਂ ਵਿੱਚ ਗੇੜੇ ਖਾਣ ਦੇ ਬਾਵਜੂਦ ਸਿਖਾਂ ਨੇ ਉਸ ਨੂੰ ਸੰਭਾਲ ਕੇ ਨਹੀਂ ਰੱਖਿਆ? ਇਸੇ ਤਰਾਂ ਜੇ ਦਸਵੇਂ ਗੁਰੂ ਸਾਹਿਬ ਨੇ ਕਿਸੇ ਗ੍ਰੰਥ ਦੀ ਰਚਨਾ ਕੀਤੀ ਹੁੰਦੀ ਤਾਂ ਲੜਾਈਆਂ, ਘਲੂਘਾਰਿਆਂ ਅਤੇ ਕੁਦਰਤੀ ਉਥਲ-ਪੁਥਲ ਦੇ ਬਾਵਜੂਦ ਵੀ, ਕੀ ਸਿੱਖਾਂ ਨੇ ਇਸ ਦੀ ਰਾਖੀ ਜਾਨਾਂ ਵਾਰ ਕੇ ਵੀ ਨਾ ਕੀਤੀ ਹੁੰਦੀ?

  1. ਸਿਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਬਾਅਦ ਅਨੇਕ ਸਿੱਖਾਂ ਨੇ ਇਸ ਨੂੰ ਜ਼ੁਬਾਨੀ ਯਾਦ ਕੀਤਾ ਹੋਇਆ ਸੀ। ਕੀ ਦਸਮ ਗੁਰੂ ਵਲੋਂ ਲਿਖੇ ਕਿਸੇ ਦਸਮ ਗ੍ਰੰਥ ਨੂੰ ਉਹ ਉਸੇ ਸ਼ਰਧਾ ਨਾਲ ਯਾਦ ਨਹੀਂ ਸਨ ਕਰ ਸਕਦੇ?

  ਗੁਰੂ ਗੋਬਿੰਦ ਸਿੰਘ ਹੋਰਾਂ ਦੇ ਸਮਕਾਲੀ ਅਤੇ ਨਿਕਟਵਰਤੀ ਧਾਰਮਿਕ ਅਤੇ ਰਾਜਨੀਤਕ ਇਤਿਹਾਸ ਵਿੱਚ ਇਨ੍ਹਾਂ ਸਵਾਲਾਂ ਦੇ ਉੱਤਰ ਨਹੀਂ ਮਿਲਦੇ। ਗੁਰੁ ਸਾਹਿਬ ਸੰਨ 1708 ਈ. ਵਿੱਚ ਜੋਤੀ ਜੋਤ ਸਮਾਏ। ਇਸ ਕਾਲ ਤੋਂ ਬਾਅਦ ਲਿਖੀਆਂ ਗਈਆਂ ਧਾਰਮਿਕ ਪੁਸਤਕਾਂ, ਰਾਜਨੀਤਕ ਰੋਜ਼ਨਾਮਚਿਆਂ ਅਤੇ ਇਤਿਹਾਸਿਕ ਦਸਤਾਵੇਜ਼ਾਂ ਵਿੱਚ ਕਿਸੇ ‘ਦਸਮ ਗ੍ਰੰਥ’ ਦਾ ਜ਼ਿਕਰ ਨਹੀਂ ਆਇਆ। ਇਹ ਆਪਣੇ ਆਪ ਵਿੱਚ ‘ਦਸਮ ਗ੍ਰੰਥ’ ਦੀ ਅਣਹੋਂਦ ਬਾਰੇ ਇੱਕ ਸੱਭ ਤੋਂ ਮਹੱਤਵਪੂਰਨ ਅਤੇ ਨਿਰਣਾਇਕ ਸਬੂਤ ਹੈ। ਇਸ ਤੋਂ ਬਾਅਦ ‘ਦਸਮ ਗ੍ਰੰਥ’ ਦੀ ਹੋਂਦ ਬਾਰੇ ਸਫਾਈ ਪੇਸ਼ ਕਰਨ ਦੀ ਕੋਈ ਗੁਨਜਾਇਸ਼ ਹੀ ਨਹੀਂ ਰਹਿ ਜਾਂਦੀ। ਸਵਾਲ ਅਤੇ ਉੱਤਰ ਦੋਵੇਂ ਇਥੇ ਹੀ ਖ਼ਤਮ ਹੋ ਜਾਣੇ ਚਾਹੀਦੇ ਹਨ। ਪਰ ਫੇਰ ਵੀ ਕਈ ਸਿੱਖਾਂ, ਸੰਤਾਂ, ਟਕਸਾਲਾਂ ਅਤੇ ਖਾਸ ਕਰਕੇ ਕੱਟੜਵਾਦੀ ਹਿੰਦੂ ਸੰਸਥਾ ਆਰ. ਐਸ. ਐਸ. ਦੇ ਹੱਥੀਂ ਚੜ੍ਹੇ/ਵਿਕੇ ਹੋਏ ਅਖੌਤੀ ਸਿੱਖ, ਸਿਖ ਵਿਦਵਾਨ ਅਤੇ ਕੁੱਝ ਹਿੰਦੂ ਰਿਆਸਤਾਂ ਦੇ ਤਖਤਾਂ ਦੇ ਸਿੱਖ ਜਥੇਦਾਰ, ਕਥਤ ‘ਦਸਮ ਗ੍ਰੰਥ’ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਗਰਦਾਨਣ ਤੋਂ ਗੁਰੇਜ਼ ਨਹੀਂ ਕਰਦੇ। ਉਨ੍ਹਾਂ ਪਾਸ ਕੋਈ ਠੋਸ ਸਬੂਤ ਨਹੀਂ ਅਤੇ ਜਿਹੜੇ ਗੰਢ-ਤੁੱਪ ਕਰਕੇ ਦਲੀਲ ਰਹਿਤ ਮਾੜੇ ਮੋਟੇ ਸਬੂਤ ਪੇਸ਼ ਵੀ ਕੀਤੇ ਜਾਂਦੇ ਹਨ, ਉਹ ਜਾਂ ਤਾਂ ਭਾਵਕ ਧਰਮ ਮਰਯਾਦਾ ਵਿਚੋਂ ਜਨਮੇ ਹਨ ਅਤੇ ਜਾਂ ਕੱਟੜਵਾਦੀ ਹਿੰਦੂਆਂ ਦੇ ਟੇਟੇ ਚੜ੍ਹੇ ਸਿੱਖਾਂ ਅਤੇ ਖੁਦਪ੍ਰਸਤ ਰਾਜਨੀਤਕ ਚਾਲਾਂ ਤੇ ਅਧਾਰਤ ਹਨ। ਇਸ ਵਿਗਿਆਨਕ ਯੁੱਗ ਵਿੱਚ ਸਚਾਈ ਦਾ ਪੱਖ ਠੋਸ ਪਰਮਾਣ ਅਤੇ ਪੁਖਤਾ ਦਲੀਲ ਤੋਂ ਵਗੈਰ ਨਹੀਂ ਪੂਰਿਆ ਜਾ ਸਕਦਾ। ਅਸੀਂ ਏਥੇ ਕਥਤ ‘ਦਸਮ ਗ੍ਰੰਥ’ ਵਾਰੇ ਪਾਏ ਹੋਏ ਭੁਲੇਖਿਆਂ ਨੂੰ ਦੂਰ ਕਰਨ ਲਈ ਸੰਕੇਪ ਵਿੱਚ ਇਤਿਹਾਸਕ, ਰਾਜਨੀਤਕ ਅਤੇ ਧਾਰਮਿਕ ਤੱਥ ਪੇਸ਼ ਕਰਾਂਗੇ।

  (ਅ). ਇਤਿਹਾਸਕ ਪ੍ਰਮਾਣ ਅਤੇ ਦਸਮ ਗ੍ਰੰਥ

  ਗੁਰੁ ਗੋਬਿੰਦ ਸਿੰਘ ਜੀ ਸਿੱਖ ਧਰਮ ਦੇ ਦਸਵੇਂ ਗੁਰੂ ਸਨ। ਉਨ੍ਹਾਂ ਦੇ ਕਾਲ ਵਿੱਚ ਚਾਰ ਲਾਸਾਨੀ ਘਟਨਾਵਾਂ ਵਾਪਰੀਆਂ ਜੋ ਪਿਛਲੇ ਗੁਰੂਆਂ ਨਾਲੋਂ ਵਖਰੀਆਂ ਅਤੇ ਲਾਸਾਨੀ ਹਨ। ਪਹਿਲੀ ਘਟਨਾ ਸੀ ਖ਼ਾਲਸਾ ਪੰਥ ਸਾਜਨ ਦੀ, ਦੂਜੀ ਰਹਿਤ ਮਰਯਾਦਾ ਕਾਇਮ ਕਰਨ ਦੀ, ਤੀਜੀ ਦਮਦਮਾ ਸਾਹਿਬ ਵਾਲੀ ਬੀੜ ਤਿਆਰ ਕਰਨ ਦੀ ਅਤੇ ਚੌਥੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਸੌਂਪਣ ਦੀ ਸੀ। ਇਨ੍ਹਾਂ ਸਾਰੀਆਂ ਘਟਨਾਵਾਂ ਬਾਰੇ ਇਤਿਹਾਸ ਵਿੱਚ ਜਾਣਕਾਰੀ ਦਰਜ ਹੈ। ਪਰ ‘ਦਸਮ ਗ੍ਰੰਥ’ ਨੂੰ ਰਚਣ ਦੀ ਘਟਨਾ ਬਾਰੇ ਕਿਤੇ ਕੋਈ ਉਘ-ਸੁਘ ਨਹੀਂ ਮਿਲਦੀ। ਸਤਾਰਵੀਂ ਅਤੇ ਅਠਾਰਵੀਂ ਸਦੀਆਂ ਦੇ ਇਤਿਹਾਸ ਵਿੱਚ ਕੋਈ ਵੀ ਅਜੇਹਾ ਪ੍ਰਮਾਣ ਜਾਂ ਦਸਤਾਵੇਜ਼ ਨਹੀਂ ਮਿਲਦਾ ਜੋ ‘ਦਸਮ ਗ੍ਰੰਥ’ ਦੀ ਹੋਂਦ ਦੀ ਗਵਾਹੀ ਸਬੂਤਾਂ ਸਮੇਤ ਪੇਸ਼ ਕਰਦਾ ਹੋਵੇ। ਹੇਠਾਂ ਅਸੀਂ ਗੁਰੂ ਸਾਹਬ ਨਾਲ ਬਾਵਸਤਾ ਸਿੱਖ ਧਰਮ ਦੀਆਂ ਮੀਰੀ ਪ੍ਰੰਪਰਾਵਾਂ ਬਾਰੇ ਇਤਿਹਾਸਤ ਗਵਾਹੀਆਂ ਪੇਸ਼ ਕਰਾਂਗੇ ਅਤੇ ਨਾਲ ਹੀ ਉਨ੍ਹਾਂ ਵਲੋਂ ਰਚੇ ਗਏ ‘ਦਸਮ ਗ੍ਰੰਥ’ ਬਾਰੇ ਮਿਲਦੇ ਕਿਸੇ ਵੀ ਤੱਥ ਨੂੰ ਭਾਲਣ ਦੀ ਕੋਸ਼ਿਸ਼ ਕਰਾਂਗੇ।

  ਅਠਾਰਵੀਂ ਸਦੀ ਦਾ ਸਿੱਖ ਇਤਿਹਾਸ

  1. ਭਾਈ ਨੰਦ ਲਾਲ: ਰਹਿਤ ਨਾਮਾ, ਤਨਖ਼ਾਹ ਨਾਮਾ ਅਤੇ ਸਾਖੀ ਰਹਿਤ ਕੀ (1695-1699 ਈ.)

  ਭਾਈ ਨੰਦ ਲਾਲ ਜੋ ਨੰਦ ਲਾਲ ਗੋਆ ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ, ਗੁਰੁ ਗੋਬਿੰਦ ਸਿੰਘ ਜੀ ਦੇ ਦਰਬਾਰੀ ਸਿੱਖ ਅਤੇ ਵਿਦਵਾਨ ਕਵੀ/ਸਾਹਿਤਕਾਰ ਸਨ। ਉਨ੍ਹਾਂ ਨੇ ਬਹੁਤੀ ਰਚਨਾ ਫ਼ਾਰਸੀ ਭਾਸ਼ਾ ਵਿੱਚ ਕੀਤੀ ਜਿਵੇਂ ਜਿੰਦਗੀ ਨਾਮਾ, ਦੀਵਾਨਿ ਗੋਯਾ, ਤੌਸੀਫ਼-ਓ-ਸਨਾ, ਜੋਤ ਬਿਗਾਸ, ਗੰਜ ਨਾਮਾ, ਦਸਤੂਰੁਲ-ਇਨਸ਼ਾ, ਅਰਜ਼ੁਲ-ਅਲਫ਼ਾਜ਼। ਤਿੰਨ ਰਚਨਾਵਾਂ ਪੰਜਾਬੀ ਵਿੱਚ ਵੀ ਮਿਲਦੀਆਂ ਹਨ ਜਿਨ੍ਹਾਂ ਦੇ ਨਾਂ ਹਨ ‘ਜੋਤ ਬਿਗਾਸ’, ‘ਰਹਿਤ ਨਾਮਾ’ ਅਤੇ ‘ਤਨਖ਼ਾਹ ਨਾਮਾ’। ਜੋਤ ਬਿਗਾਸ ਇਸੇ ਨਾਂ ਦੀ ਫ਼ਾਰਸੀ ਕਵਿਤਾ ਦਾ ਪੰਜਾਬੀ ਅਨੁਵਾਦ ਹੈ। ਰਹਿਤ ਨਾਮਾ ਅਤੇ ਤਨਖ਼ਾਹ ਨਾਮਾ ਵਿੱਚ ਗੁਰੂ ਗੋਬਿੰਦ ਸਿੰਘ ਅਤੇ ਭਾਈ ਨੰਦ ਲਾਲ ਹੋਰਾਂ ਵਿਚਕਾਰ ਧਰਮ ਮਰਯਾਦਾ ਬਾਰੇ ਵਿਚਾਰ ਵਟਾਂਦਰਾ ਹੈ। ਰਹਿਤਨਾਮਾ, ਸਤਲੁਜ ਕੰਢੇ ਆਨੰਦਪੁਰ ਵਿਖੇ 1595 ਈ. ਵਿੱਚ ਲਿਖਿਆ ਗਿਆ। ਇਸ ਵਿੱਚ ‘ਖ਼ਾਲਸਾ’ ਦੀ ਸਾਜਨਾ ਜਾਂ ‘ਸਿੰਘ’ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ ਕਿਉਂਕਿ ਉਸ ਵੇਲੇ ਤੱਕ ਗੁਰੂ ਗੋਬਿੰਦ ਸਿੰਘ ਜੀ ਨੇ ਅਜੇ ਖ਼ਾਲਸੇ ਦੀ ਸਾਜਨਾ ਨਹੀਂ ਸੀ ਕੀਤੀ ਅਤੇ ਨਾ ਹੀ ਆਪਣੇ ਨਾਂ ਨਾਲ ਸਿੰਘ ਦੀ ਵਰਤੋਂ ਕੀਤੀ ਸੀ। ਸਿੱਧ ਹੈ ਕਿ ਇਹ 1699 ਈ. ਤੋਂ ਪਹਿਲਾਂ ਦੀ ਰਚਨਾ ਹੈ। ਤਨਖ਼ਾਹ ਨਾਮਾ ਖ਼ਾਲਸਾ ਸਾਜਣ ਤੋਂ ਬਾਅਦ ਦੀ ਰਚਨਾ ਹੈ ਕਿਉਂਕਿ ਇਸ ਵਿੱਚ ਸ਼ਬਦ ‘ਖ਼ਾਲਸਾ’ ਅਤੇ ‘ਸਿੰਘ’ ਆਮ ਵਰਤੇ ਗਏ ਹਨ ਅਤੇ ਅਖੀਰ ਵਿੱਚ ‘ਖ਼ਾਲਸਾ’ ਦੀ ਉਸਤਤਿ ਕੀਤੀ ਗਈ ਹੈ।। ਰਹਿਤ ਨਾਮਾ ਵਿੱਚ ਗੁਰੂ ਦਸਮੇਸ਼ ਜੀ ਦੇ ਤਿੰਨ ਰੂਪਾਂ ਦੀ ਵਿਆਖਿਆ ਹੈ। ਇਹ ਤਿੰਨ ਰੂਪ ਹਨ: ਨਿਰਗੁਣ, ਸਰਗੁਣ ਅਤੇ ਗੁਰਸ਼ਬਦ। ਗੁਰੂ ਜੀ ਫਰਾਉਂਦੇ ਹਨ ਕਿ ਇਹ ਤਿੰਨੋ ਰੂਪ ਸਿਰੀ ਗੁਰੁ ਗ੍ਰੰਥ ਸਾਹਿਬ ਵਿੱਚ ਅੰਕਿਤ ਹਨ। ਜਿਸ ਨੇ ਮੇਰੇ ਦਰਸ਼ਨ ਕਰਨੇ ਹੋਣ ਉਹ ਗੁਰੁ ਗ੍ਰੰਥ ਸਾਹਿਬ ਨੂੰ ਪੜ੍ਹ ਕੇ, ਸੁਣ ਕੇ ਦਰਸ਼ਨ ਕਰਕੇ ਕਰ ਸਕਦਾ ਹੈ।

  2. ਸੈਨਾਪਤਿ: ਸ੍ਰੀ ਗੁਰ ਸੋਭਾ (1711 ਈ.)

  ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ (1708 ਈ.) ਤੋਂ ਤਿੰਨ ਸਾਲ ਬਾਅਦ 1711 ਈ. ਵਿੱਚ ਲਿਖੀ ਸੈਨਾਪਤਿ ਦੀ ਲਿਖਤ, ‘ਸ੍ਰੀ ਗੁਰ ਸੋਭਾ’ ਮਿਲਦੀ ਹੈ ਜਿਸ ਦਾ ਕਰਤਾ ਗੁਰੂ ਸਾਹਬ ਦੇ 52 ਆਨਿਨ ਸਿੱਖ ਲਿਖਾਰੀਆਂ ਵਿਚੋਂ ਨਿਸਚੇ ਹੀ ਸਿਰਕੱਢ ਸੀ। ਇਸ ਵਿੱਚ ਜੋ ਕੁੱਝ ਉਸ ਨੇ ਦਰਬਾਰੀ ਕਵੀ ਹੋਣ ਕਰ ਕੇ ਆਪਣੀ ਅੱਖੀਂ ਵੇਖਿਆ ਸੁਣਿਆ ਸੀ, ਉਹੋ ਕੁੱਝ ਬਿਆਨ ਕੀਤਾ ਹੈ। ‘ਸ੍ਰੀ ਗੁਰ ਸੋਭਾ’ ਵਿੱਚ ਬਿਆਨੇ ਹੋਏ ਇਤਿਹਾਸਕ ਤੱਥਾਂ ਦੀ ਤਸਦੀਕ ਮੁਗਲ ਬਾਦਸ਼ਾਹਾਂ ਦੇ ਦਰਬਾਰੀ ਦਸਤਾਵੇਜ਼ਾਂ, ‘ਅਹਿਕਾਮਿ-ਆਲਮਗੀਰੀ’, ‘ਅਖ਼ਬਾਰਾਤਿ-ਦਰਬਾਰਿ-ਮੁਅੱਲਾਂ’, ‘ਤਵਾਰੀਖ ਮੁਅੱਜ਼ਮ ਸ਼ਾਹ’, ‘ਬਹਾਦੁਰ ਸ਼ਾਹ ਨਾਮੇ’ ਅਤੇ ‘ਤਾਰੀਖਿ ਬਹਾਦੁਰ ਸ਼ਾਹ’ ਨਾਲ ਮਿਲਦੀ ਹੈ। ਮੁੱਕਦੀ ਗੱਲ ਇਹ ਹੈ ਕਿ ਸੈਨਾਪਤਿ ਨੇ ਗੁਰੂ ਗੋਬਿੰਦ ਸਿੰਘ ਦੇ ਕਾਲ ਦਾ ਅੱਖੀਂ ਠਿੱਡਾ ਹਾਲ ਬਿਆਨ ਕੀਤਾ ਹੈ। ਉਸ ਨੇ ਗੁਰੂ ਸਾਹਬ ਦੇ ਜੀਵਨ ਦੀ ਅਹਿਮ ਘਟਨਾ ਅਰਥਾਤ ਖ਼ਾਲਸੇ ਦੀ ਸਾਜਨਾ ਬਾਰੇ ਖੁਲ੍ਹ ਕੇ ਲਿਖਿਆ ਹੈ, ਰਹਿਤ ਮਰਯਾਦਾ ਦਾ ਜ਼ਿਕਰ ਕੀਤਾ, ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇਣ ਬਾਰੇ ਲਿਖਿਆ, ਪਰ ਕਥਤ “ਦਸਮ ਗ੍ਰੰਥ” ਬਾਰੇ ਕਿਤੇ ਵੀ ਕੋਈ ਜ਼ਿਕਰ ਨਹੀਂ ਕੀਤਾ।

  3. ਪਰਚੀਆਂ ਸੇਵਾਦਾਸ (1711-1738): ਇਹ ਕਈ ਨਾਵਾਂ ਨਾਲ ਜਾਣੀਆਂ ਜਾਂਦੀਆ ਹਨ ਜਿਵੇਂ ਸਾਖੀਆਂ ਸੇਵਾ ਦਾਸ ਉਦਾਸੀ, ਮਹਿਲਾ ਦਸਾਂ ਕੀਆਂ ਸਾਖੀਆਂ, ਸਾਖੀਆਂ ਦਸਾਂ ਪਾਤਸ਼ਾਹੀਆਂ ਕੀਆਂ ਅਤੇ ਪਰਚੀਆਂ ਪਾਤਸ਼ਾਹੀ 10. ਇਨ੍ਹਾਂ ਪਰਚੀਆਂ ਵਿੱਚ 50 ਸਾਖੀਆਂ ਜਾਂ ਹਕਾਇਤਾਂ ਹਨ ਜੋ ਦਸਾਂ ਗ੍ਰੁਰੂਆਂ ਦੀਆਂ ਜੀਵਨੀਆਂ ਨਾਲ ਸੰਬੰਧਤ ਹਨ। ਪਹਿਲੇ ਅੱਠ ਗੁਰੂਆਂ ਨਾਲ ਵਾਬਸਤਾ ਇੱਕ ਸਾਖੀ ਹੈ, ਨੌਵੇਂ ਗੁਰੂ ਬਾਰੇ ਚਾਰ ਹਨ ਅਤੇ ਬਾਕੀ ਦੀਆਂ 38 ਦਸਵੇਂ ਗੁਰੂ ਨਾਲ ਸੰਬੰਧਤ ਜੀਵਨ ਝਾਕੀਆਂ ਬਾਰੇ ਹਨ। ਇਨ੍ਹਾਂ ਵਿੱਚ ਮਸੰਦਾਂ ਦੇ ਕਿਰਦਾਰ ਬਾਰੇ ਕਾਫੀ ਕੁੱਝ ਲਿਖਿਆ ਹੋਇਆ ਹੈ। ਪਰ ਦਸਮ ਗ੍ਰੰਥ ਬਾਰੇ ਇੱਕ ਵੀ ਵਿਰਤਾਂਤ ਨਹੀਂ। ਇਹ ਸਾਖੀਆਂ ਵੀ ਇਹੋ ਸਿੱਧ ਕਰਦੀਆਂ ਹਨ ਕਿ ਗੁਰੁ ਗੋਬਿੰਦ ਸਿੰਘ ਵੇਲੇ ਦਸਮ ਗ੍ਰੰਥ ਵਰਗੀ ਕੋਈ ਲਿਖਤ ਮੌਜੂਦ ਨਹੀਂ ਸੀ।

  4. ਕੁਇਰ ਸਿੰਘ: ਗੁਰਬਿਲਾਸ ਪਾਤਸ਼ਾਹੀ 10 (1751-?)

  ਇਸ ਗ੍ਰੰਥ ਦਾ ਕਰਤਾ ਇੱਕ ਸਹਿਜਧਾਰੀ ਸਿੱਖ ਕੁਇਰ ਸਿੰਘ ਹੈ। ਇਹ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣਾ ਕਰਨ ਤੋਂ 43 ਸਾਲ ਬਾਅਦ ਵਿੱਚ ਲਿਖਿਆ ਗਿਆ। ਕਿਉਂਕਿ ਕੁਅਰ ਸਿੰਘ ਭਾਈ ਮਨੀ ਸਿੰਘ ਦਾ ਨਿਕਟ ਸਮਕਾਲੀ ਰਿਹਾ ਸੀ ਇਸ ਲਈ ਗੁਰਬਿਲਾਸ ਪਾਤਸ਼ਾਹੀ 10 ਵਿੱਚ ਅੰਕਤ ਵਾਕਫੀਅਤ ਮਨੀ ਸਿੰਘ ਦੇ ਵਿਆਖਿਆਨਾਂ ਤੇ ਅਧਾਰਤ ਹੈ (ਫੌਜਾ ਸਿੰਘ, 1968)। ਉਸ ਪਾਸ ਸੈਨਾਪਤਿ ਦੀ ‘ਗੁਰ ਸੋਭਾ’ ਅਤੇ ‘ਬਚਿਤ੍ਰ ਨਾਟਕ’ ਵੀ ਮੌਜੂਦ ਸਨ। ਇਸ ਲਈ ਗੁਰਬਿਲਾਸ ਪਾਤਸ਼ਾਹੀ 10 ਵਿੱਚ ਗੁਰੂ ਸਾਹਿਬ ਦੇ ਜੀਵਨ ਬਾਰੇ ਸੱਭ ਤੋਂ ਵੱਧ ਭਰੋਸੇਯੋਗ ਵਿਸਥਾਰ ਮਿਲਦਾ ਹੈ। ਇਸ ਵਿੱਚ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਵਲੋਂ ਦਰਬਾਰ ਸਜਾ ਕੇ ਪੰਜ ਸਿਰ ਮੰਗਣ ਦਾ ਜ਼ਿਕਰ ਹੈ। ਇਕੱਲੇ ਇਕੱਲੇ ਸਿੱਖ ਨੂੰ ਤੰਬੂ ਵਿੱਚ ਲਜਾਇਆ ਗਿਆ ਅਤੇ ਅਗਲਾ ਸਿਰ ਮੰਗਣ ਤੋਂ ਪਹਿਲਾਂ ਲਹੂ ਨਾਲ ਭਿੱਝੀ ਤਲਵਾਰ ਦਰਬਾਰ ਵਿੱਚ ਦਿਖਾਈ ਗਈ। ਇਸ ਸਾਰੇ ਕੌਤਕ ਤੋਂ ਬਾਅਦ ਪੰਜਾਂ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਗਿਆ ਅਤੇ ‘ਸਿੰਘ’ ਦਾ ਨਾਮ ਦੇ ਕੇ ਕਕਾਰ ਪਹਿਨਾਏ ਗਏ। ਮਗਰੋਂ ਇਸੇ ਬਾਟੇ ਚੌਂ ਗੁਰੂ ਸਾਹਬ ਅੰਮ੍ਰਿਤ ਛੱਕ ਕੇ ਖ਼ੁਦ ਵੀ ਸਿੰਘ ਸਜ ਗਏ ਜਿਸ ਕਰਕੇ ਇਹ ਮਿਸਾਲ, “ਵਾਹ ਵਾਹ ਗੁਰੁ ਗੋਬਿੰਦ ਸਿੰਘ ਆਪੇ ਗੁਰ ਚੇਲਾ” ਮਸ਼ਹੂਰ ਹੋ ਗਈ। ਇਸ ਗ੍ਰੰਥ ਵਿੱਚ ਖੰਡੇ ਦੀ ਪਾਹੁਲ ਤਿਆਰ ਕਰਨ ਦੀ ਵਿਧੀ ਅਤੇ ਅੰਮ੍ਰਿਤ ਛੱਕਣ ਵਾਲਿਆਂ ਲਈ ਰਹਿਤ ਦਾ ਵੀ ਜ਼ਿਕਰ ਹੈ ਅਤੇ ਪੰਜ ਕਕਾਰਾਂ ਦਾ ਵਰਨਣ ਵੀ ਹੈ। ਇਸ ਪੁਸਤਕ ਦੇ ਨੌਵੇਂ ਅਧਿਆਏ ਵਿੱਚ ਖ਼ਾਲਸਾ ਪੰਥ ਦੀ ਸਾਜਨਾ ਵਾਰੇ ਵਿਸਥਾਰ ਪੂਰਬਕ ਲਿਖਿਆ ਹੋਇਆ ਹੈ। ਪਰ ਦਸਮ ਗ੍ਰੰਥ ਬਾਰੇ ਕੁੱਝ ਵੀ ਨਹੀਂ ਲਿਖਿਆ ਹੋਇਆ। ਦਸਮ ਗ੍ਰੰਥ ਦੀ ਜਿਸ ਬੀੜ ਨੂੰ ਮਨੀ ਸਿੰਘ ਦੇ ਨਾਂ ਨਾਲ ਜੋੜ ਕੇ ਦਸਮ ਗ੍ਰੰਥ ਦਾ ਭੁਲੇਖਾ ਪਾਇਆ ਜਾ ਰਿਹਾ ਹੈ ਕੀ ਉਸ ਬਾਰੇ ਭਾਈ ਕੁਇਰ ਸਿੰਘ ਨੂੰ ਨਾ ਪਤਾ ਹੁੰਦਾ ਜੋ ਮਨੀ ਸਿੰਘ ਹੋਰਾਂ ਦਾ ਨਿਕਟ ਵਰਤੀ ਰਿਹਾ ਹੈ?

  5. ਕੇਸਰ ਸਿੰਘ ਛਿੱਬੜ: ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ (1779 ਈ. -?)

  ਸਭ ਤੋਂ ਪਹਿਲਾਂ ਕੇਸਰ ਸਿੰਘ ਛਿੱਬੜ ਦੇ ‘ਬੰਸਾਵਲੀਨਾਮਾ ਦਸਾਂ ਪਾਤਸ਼ਹੀਆਂ ਕਾ’ ਨੂੰ 1972 ਵਿੱਚ ਰਤਨ ਸਿੰਘ ਜੱਗੀ ਦੀ ਸੰਪਾਦਨਾ ਹੇਠ ‘ਪਰਖ਼’ ਨਾਮੀ ਪੰਜਾਬੀ ਮੈਗਜ਼ੀਨ (ਸੰਪ. ਸੁਰਿੰਦਰ ਸਿੰਘ ਕੋਹਲੀ) ਵਿੱਚ ਛਾਪਿਆ ਗਿਆ ਸੀ। ਉਸ ਵੇਲੇ ਜੱਗੀ ਅਤੇ ਕੋਹਲੀ ਦੋਹਾਂ ਨੇ ਇਹ ਨਿਰਣਾ ਕੀਤਾ ਸੀ ਕਿ ਭਾਵੇਂ ਛਿੱਬੜ ਦੀ ਇਹ ਰਚਨਾ ਪੁਰਾਨਿਕ ਕਥਾ ਕਥਾਵਾਂ ਦੇ ਪ੍ਰਭਾਵ ਹੇਠ ਲਿਖੀ ਗਈ ਹੈ ਤਾਂ ਵੀ ਇਸ ਵਿੱਚ ਖ਼ਾਲਸਾ ਸਾਜਨ, ਪਾਹੁਲ ਅਤੇ ਗੁਰੂ ਗ੍ਰੰਥ ਸਾਹਿ ਨੂੰ ਗੁਰਗੱਦੀ ਦੇਣ ਬਾਰੇ ਕਈ ਥਾਵਾਂ ਤੇ ਲਿਖਿਆ ਮਿਲਦਾ ਹੈ।

  ਬੰਸਾਵਲੀਨਾਮਾ ਵਿੱਚ ਕੇਸਰ ਸਿੰਘ ਛਿੱਬੜ ਨੇ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਵਲੋਂ ਰਚੇ ਗਏ ਦੋ ਗ੍ਰੰਥਾਂ ਦਾ ਜ਼ਿਕਰ ਕੀਤਾ ਹੈ। ਆਦਿ ਗ੍ਰੰਥ ਧੀਰਮਲ ਪਾਸੋਂ ਮੰਗਵਾਉਣ ਦਾ ਹਵਾਲਾ ਵੀ ਦਿੱਤਾ ਹੈ। ਛਿੱਬੜ ਅਨੁਸਾਰ ਗੁਰੁ ਗੋਬਿੰਦ ਸਿੰਘ ਜੀ ਨੇ ਗੁਰੂ ਅਰਜਨ ਦੇਵ ਜੀ ਵਲੋਂ ਸੰਪਾਦ ਕੀਤੀ ਹੋਈ ਬੀੜ ਨੂੰ (ਜਿਸ ਨੂੰ ਆਦਿ ਗ੍ਰੰਥ ਜਾਂ ਕਰਤਾਰਪੁਰੀ ਬੀੜ ਵੀ ਕਿਹਾ ਜਾਂਦਾ ਹੈ) ਧੀਰਮਲ ਪਾਸੋਂ ਮੰਗਵਾ ਭੇਜਿਆ ਪਰ ਉਸ ਨੇ ਨਾਂਹ ਕਰਦਿਆਂ ਤਾਨ੍ਹਾ ਮਾਰ ਕੇ ਕਿਹਾ ਕਿ ਇਹ ਸਾਨੂੰ ਸਾਡੇ ਦਾਦੇ ਨੇ ਦਿੱਤਾ ਹੈ, ਤੈਨੂੰ ਕਿਉਂ ਦੇ ਦਈਏ, ਤੂੰ ਗੁਰੂ ਏਂ ਹੋਰ ਲਿਖ ਲੈ। ਧੀਰਮਲ ਜੀ ਦੇ ਕਹਿਣ ਦਾ ਸਿੱਧਾ ਮਤਲਬ ਇਹ ਸੀ ਕਿ ਜੋ ਪੁਰਸ਼ ਗੁਰੂ ਦੀ ਗੱਦੀ ਤੇ ਵਿਰਾਜਮਾਨ ਹੁੰਦਾ ਹੈ ਉੇਸ ਨੂੰ ਸਾਰੀ ਗਰੁਬਾਣੀ ਜ਼ੁਬਾਨੀ ਯਾਦ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਦੁਬਾਰਾ ਲਿਖ ਸਕਦਾ ਹੈ। ਫਲਸਰੂਪ, ਗੁਰੂ ਸਾਹਿਬ ‘ਗੁਰੂ ਗ੍ਰੰਥ ਸਾਹਿਬ’ ਨੂੰ ਖੁਦ ਸੰਪੁਰਨ ਕਰਨ ਲੱਗ ਪਏ। ਉਸ ਦਾ ਆਕਾਰ ਕਾਫੀ ਵੱਡਾ ਬਣ ਗਿਆ ਅਤੇ ਵੱਡੇ ਆਕਾਰ ਨੂੰ ਅਸੀਂ ਅਕਸਰ ਸਮੁੰਦਰ ਦੀ ਵਿਸ਼ਾਲਤਾ ਨਾਲ ਅਲੰਕਾਰਕ ਕਰਦੇ। ਇਸ ਲਈ ਛਿੱਬੜ ਨੇ ਗੁਰੂ ਗੋਬਿੰਦ ਜੀ ਵਲੋਂ ਲਿਖੇ ‘ਆਦਿ ਗ੍ਰੰਥ’ ਨੂੰ ਹੀ ‘ਸਮੁੰਦਰ ਸਦਾਗਰ’ ਗ੍ਰੰਥ ਦਾ ਨਾਂ ਦਿੱਤਾ ਜਾਪਦਾ ਹੈ। ਇਹ ਗ੍ਰੰਥ ਉਸ ਅਨੁਸਤਰ ਸੰਮਤ 1758 (1701 ਈ.) ਵਿੱਚ ਸਰਸਾ ਨਦੀ ਪਾਰ ਕਰਦਿਆਂ ਨਸ਼ਟ ਹੋ ਗਿਆ ਸੀ। ਕਿਸੇ ਦੂਸਰੇ ਬੇਨਾਮਾਂ ਗ੍ਰੰਥ ਦਾ ਜ਼ਿਕਰ ਵੀ ਹੈ ਜੋ ਪਹਿਲੇ ਨਾਲੋਂ ਵੱਖਰਾ ਸੀ ਅਤੇ ਇਸ ਵਿੱਚ ਅਵਤਾਰ ਲੀਲ੍ਹਾ ਅੰਕਤ ਸੀ। ਇਹ ਗ੍ਰੰਥ ਵੀ, ਛਿੱਬੜ ਅਨੁਸਾਰ, ਜੰਗ ਵਿੱਚ ਖਿੰਡ-ਪੁੰਡ ਗਿਆ ਸੀ। ਪਹਿਲੀ ਬੀੜ ਦਾ ਕੋਈ ਕੋਈ ਪੱਤਰਾ ਸਿੰਘਾਂ ਦੇ ਹੱਥ ਲੱਗਾ ਸੀ ਜਿਸ ਦੀਆਂ 91 ਸਤਰਾਂ ਛਿਬੜ ਹੋਰਾਂ ਨੇ ਵੀ ਦੇਖੀਆਂ ਸਨ ਅਤੇ ਦੂਜੇ ਗ੍ਰੰਥ ਦੇ ਸੱਤ ਪੱਤਰੇ ਲਾਹੌਰ ਦੇ ਇੱਕ ਸਿੰਘ ਹੱਥ ਲੱਗੇ ਸਨ ਜਿਨ੍ਹਾਂ ਦਾਂ ਦੀਦਾਰ ਵੀ ਛਿੱਬੜ ਹੋਰਾਂ ਕੀਤਾ। ਸਵਾਲ ਪੈਦਾ ਹੁੰਦਾ ਹੈ ਕਿ ਜੇ ਛਿੱਬੜ ਨੇ ‘ਸਮੁੰਦਰ ਸਾਗਰ’ ਦੀਆਂ 91 ਸਤਰਾਂ ਅਤੇ ਅਵਤਾਰ ਲੀਲ੍ਹਾ ਵਾਲੇ ਗ੍ਰੰਥ ਦੇ ਸੱਤ ਪਤਰੇ ਦੇਖੇ ਸਨ ਤਾਂ ੳਨ੍ਹਾਂ ਦਾ ਉਤਾਰ ਜਾਂ ਵੇਰਵਾ ਕਿਉਂ ਨਹੀਂ ਦਿੱਤਾ? ਮੁੱਕਦੀ ਗੱਲ ਇਹ ਹੈ ਜਿਨ੍ਹਾਂ ਦੋ ਬੀੜਾਂ ਦਾ ਜ਼ਿਕਰ ਕੇਸਰ ਸਿੰਘ ਛਿੱਬੜ ਕਰਦਾ ਹੈ ਉਹ ਤਾਂ ਨਸ਼ਟ ਹੋ ਗਈਆਂ ਸਨ। ਸੱਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਕਿਸੇ ਵੀ ਗ੍ਰੰਥ ਵਿੱਚ ਬਚਿੱਤਰ ਨਾਟਕ, ਚੰਡੀ ਚ੍ਰਿਤਰ, ਚੰਡੀ ਦੀ ਵਾਰ, ਚ੍ਰਿਤਰੋਪਾਖਿਆਨ, ਚੌਬੀਸ ਅਵਤਾਰ ਦਾ ਜ਼ਿਕਰ ਨਹੀਂ ਜੋ ਅਖੌਤੀ ਦਸਮ ਗ੍ਰੰਥ ਦੇ ਮੁੱਖ ਭਾਗ ਹਨ। ਦਰਅਸਲ ਕਿਸੇ ਵੀ ਗ੍ਰੰਥ ਦਾ ਨਾਂ ‘ਦਸਮ ਗ੍ਰੰਥ’ ਨਹੀਂ ਸੀ। ਫਲਸਰੂਪ, ਇਹ ਨਿਰਣਾ ਕੱਢਿਆ ਜਾ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਕਾਲ ਸਮੇਂ ਅਤੇ ਅਕਾਲ ਚਲਾਣਾ ਕਰਨ ਤੋਂ ਬਾਅਦ ਕਿਸੇ ਵੀ ਗ੍ਰੰਥ ਦਾ ਨਾਂ ‘ਦਸਮ ਗ੍ਰੰਥ’ ਨਹੀਂ ਸੀ।

  ਇਸ ਵਿੱਚ ਕੋਈ ਛੱਕ ਨਹੀਂ ਕਿ ਛਿੱਬੜ ਖ਼ਾਲਸਾ ਸਾਜਨਾ ਨਾਲ ਸੰਬੰਧਤ ਸਾਰੀਆਂ ਰਹੁਰੀਤਾਂ ਅਤੇ ਰਹਿਤਾਂ ਦਾ ਜ਼ਿਕਰ ਕਰਦਾ ਹੈ ਜਿਵੇਂ, ਪੰਜ ਪਿਆਰੇ, ਪਾਹੁਲ, ਕੇਸ, ਨਾਂ ਨਾਲ ਸਿੰਘ ਦੀ ਵਰਤੋਂ, ਸ਼ਾਸਤਰ ਬੱਧ ਹੋਣਾ, ਬਾਣੀ ਪੜ੍ਹਨਾ, ਦੇਹਧਾਰੀ ਗੁਰੂ ਦਾ ਅੰਤ ਅਤੇ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ਣਾ ਅਦਿ। ਪਰ ਪ੍ਰੋ. ਗਰੇਵਾਲ ਦੇ ਕਹਿਣ ਮੁਤਾਬਿਕ ਛਿੱਬੜ ਇਨ੍ਹਾਂ ਮਹੱਤਵਪੂਰ ਘਟਨਾਵਾਂ ਨੂੰ ਓਨੀ ਅਹਿਮੀਅਤ ਨਹੀਂ ਦਿੰਦਾ ਜਿੰਨੀ ਦੇਣੀ ਚਾਹੀਦੀ ਸੀ ( “…he talks of all these in a manner that imparts no significance to them.” ) ਉਦਾਹਰਨ ਵਜੋਂ, ਰਹਿਤਾਂ ਦੀ ਵਿਆਖਿਅ ਕਰਦਾ ਹੋਇਆ ਛਿੱਬੜ ਲਿਖਦਾ ਹੈ ਕਿ ਕੇਸ ਰੱਖਣਾ ਜਨਊ ਪਹਿਨਣ ਅਤੇ ਟਿੱਕਾ ਲਾਉਣ ਬਰਾਬਰ ਹੈ। ਪਾਹੁਲ ਦਾ ਪੰਜ ਪਿਆਰਿਆਂ ਨਾਲ ਅਤੇ ਮਸੰਦਾਂ ਨੂੰ ਸਾੜਨ ਨਾਲ ਕੋਈ ਸੰਬੰਧ ਨਹੀਂ ਜਿਸ ਦਾ ਸਿੱਧਾ ਅਰਥ ਇਹ ਨਿਕਲਦਾ ਹੈ ਕਿ ‘ਆਪੇ ਗੁਰ ਚੇਲਾ’ ਦੇ ਸੰਕਲਪ ਦੀ ਕੋਈ ਮਹੱਤਤਾ ਜਾਂ ਹੋਂਦ ਨਹੀਂ। ਬੰਸਾਬਲੀਨਾਮਾ ਬ੍ਰਾਹਮਣੀਕਲ ਕੱਟੜ ਸੋਚ ਦੀ ਪੈਦਾਵਾਰ ਹੋਣ ਕਰਕੇ ਸਿੱਖ ਇਤਿਹਾਸ ਦੀ ਮੂਲ ਧਾਰਾ ਦਾ ਸੋਮਾ ਸਰੋਤ ਨਹੀਂ ਜਾਂ ਬਕੌਲ ਗਰੇਵਾਲ,. .”does not belong to the central stream of Sikh literature.” ਬੰਸਾਬਲੀਨਾਮਾ ਵਿੱਚ ਜਿਨ੍ਹਾਂ ਦੋ ਵਾਧੂ ਗ੍ਰੰਥਾਂ (ਸਮੁੰਦਰ ਸਾਗਰ’ ਅਤੇ ‘ਅਵਤਾਰ ਲੀਲਾ) ਦਾ ਜ਼ਿਕਰ ਕੀਤਾ ਗਿਆ ਹੈ ਉਹ ਵੀ ਛਿੱਬੜ ਦੀ ਬ੍ਰਾਹਮਣੀਕਲ ਸੋਚ ਦੀ ਮਨਘੜਤ ਪੈਦਾਵਾਰ ਜਾਪਦੇ ਹਨ। ਪਿਆਰਾ ਸਿੰਘ ਪਦਮ ਨੇ ਛਿੱਬੜ ਦੇ ਬੰਸਾਬਲੀਨਾਮੇ ਦੀਆਂ ਉਣਤਾਈਆਂ ਦੇ ਕਈ ਹੋਰ ਪੱਖ ਵੀ ਉਘਾੜੇ ਹਨ ਜਿਨ੍ਹਾਂ ਵਿਚੋਂ ਕੁੱਝ ਕੁ ਪਦਮ ਦੀ ਭਾਸ਼ਾ ਵਿੱਚ ਹੇਠਾਂ ਵਿਅਕਤ ਕੀਤੇ ਜਾਂਦੇ ਹਨ।

  1. ਲੇਖਕ ਨੇ “ਇਤਿਹਾਸਕਾਰੀ ਦੀ ਚਿੱਟੀ ਚਾਦਰ ਉੱਤੇ ਥਾਂ ਥਾਂ ਖ਼ਾਮੁਖ਼ਾ ਪੁਰਾਣਿਕ ਗੱਪਾਂ ਦਾ ਕਲੰਕ ਲਾ ਛੱਡਿਆ ਹੈ ਤੇ ਇਸ ਨਾਲ ਇਤਿਹਾਸਕਾਰੀ ਨੂੰ ਬਹੁਤ ਠੇਸ ਪਹੁੰਚੀ ਹੈ। ਫਿਰ ਇਨ੍ਹਾਂ ਪੁਰਾਣਕ ਕਥਾਵਾਂ ਨੂੰ ਇਤਨਾ ਵਿਸਥਾਰ ਦਿੱਤਾ ਹੈ ਕਿ ਕਿਤੇ ਕਿਤੇ ਅਸਲ ਇਤਿਹਾਸਕ ਵਿਥਿਆ ਬਿਲਕੁਲ ਅੱਖੋਂ ਉਕਲੇ ਹੋ ਗਈ ਹੈ”।

  1. “ਲੇਖਕ ਦੇ ਮਨ ਉੱਤੇ ਕਰਮ-ਸਿਧਾਂਤ ਵੀ ਭੈੜੀ ਤਰਾਂ ਛਾਇਆ ਹੋਇਆ ਹੈ। …ਔਰੰਗਜ਼ੇਬ ਬਾਰੇ ਇਹ ਕਿਹਾ ਹੈ ਕਿ ਉਹ ਦੁਆਪਰ ਵਿੱਚ ਕਿਸੇ ਟੋਭੇ ਅੰਦਰ ਕਛੋਪਰਾ ਬਣ ਕੇ ਫਿਰ ਰਿਹਾ ਸੀ, ਗੁਰੂ ਤੇਗ ਬਹਾਦਰ ਜੀ ਨੇ ਉਸ ਨੂੰ ਇੱਟਾਂ ਮਾਰ ਕੇ ਮਾਰਿਆ ਸੀ। ਸੋ ਹੁਣ ਉਹ ਬਾਦਸ਼ਾਹ ਹੋ ਕੇ ਉਸ ਕਾਰੇ ਦਾ ਬਦਲਾ ਲੈ ਰਿਹਾ ਹੇ। ਇਹੋ ਜਿਹੀਆਂ ਕਾਲਪਨਿਕ ਕਹਾਣੀਆਂ ਇਤਿਹਾਸਕਾਰੀ ਦੀ ਸੋਭਾ ਨਹੀਂ ਵਧਾਉਂਦੀਆਂ, ਲੇਖਕ ਦੇ ਗੁਆਚੇ ਦਿਮਾਗੀ ਸੰਤੁਲਨ ਦਾ ਦਿਖਾਵਾ ਕਰਦੀਆਂ ਹਨ”।

  1. “ਅਜੇਹੀਆਂ ਮਨਘੜਤ ਕਥਾਵਾਂ ਲਿਖ ਕੇ ਲੇਖਕ ਸਤਿਗੁਰਾਂ ਦੀਆਂ ਬੇਮਿਸਾਲ ਕੁਰਬਾਨੀਆਂ ਤੇ ਸ਼ਹੀਦੀਆਂ ਨੂ ਵੀ ਮਿੱਟੀ ਘੱਟੇ ਰੋਲ ਬੈਠਦਾ ਹੈ ਕਿ ਜੇ ਇਹ ਪਿਛਲੇ ਜਨਮ ਦੇ ਗ਼ਲਤ ਕੰਮਾਂ ਦਾ ਹੀ ਫਲ ਸੀ ਤਾਂ ਅਸੀਂ ਇਨ੍ਹਾਂ ਨੂੰ ਸ਼ਹੀਦ ਕਹਿ ਕੇ ਕਿਵੇਂ ਸ਼ਰਧਾਂਜਲੀ ਅਰਪਣ ਕਰ ਸਕਦੇ ਹਾਂ”।

  1. “ਕੇਸਰ ਸਿੰਘ ਛਿੱਬੜ ਬ੍ਰਾਹਮਣ ਹੈ, ਗੁਰਬਾਣੀ ਦੇ ਇਸ ਸਿਧਾਂਤ ਤੋਂ ਵੀ ਜਾਣੂ ਹੈ ਕਿ ਸਿੱਖੀ ਵਿੱਚ ਜਾਤ ਪਾਤ ਦੀ ਮਾਨਤਾ ਨਹੀਂ ਹੈ ਤੇ ਨਾ ਹੀ ਬ੍ਰਾਹਮਣ ਵਰਣ ਦੀ ਸਰਬੋਤਮਤਾ ਸਿੱਖੀ ਨੂੰ ਪਰਵਾਨ ਹੈ। ਪਰ ਉਹ ਫਿਰ ਵੀ ਜੱਥੇ ਦਾਅ ਲਗਦਾ ਹੈ, ਹਰ ਥਾਂ ਬ੍ਰਾਹਮਣਾਂ ਦੀ ਤਾਰੀਫ ਦੇ ਪੁਲ ਬੰਨ੍ਹ ਛੱਡਦਾ ਹੈ”।

  1. “ਗੁਰੂ ਸਾਹਿਬ ਨੇ ਪੰਡਤਾਂ ਦੇ ਕਹੇ ਕਹਾਏ ਦੇਵੀ ਪੂਜਾ ਲਈ ਹੋਮ ਯੱਗ ਦਾ ਪ੍ਰਬੰਧ ਕਰਾਇਆ ਕਿਉਂਕਿ ਸਾਰੇ ਮੁਖੀ ਬ੍ਰਾਹਮਣ ਇਹੋ ਰਾਇ ਦਿੰਦੇ ਸਨ ਕਿ ਮਲੇਛਾਂ ਦੇ ਨਾਸ ਲਈ ਵੇਵੀ ਪ੍ਰਗਟ ਕਰਨਾ ਅਤਿ ਜਰੂਰੀ ਹੈ…ਇਸ ਭ੍ਰਾਂਤੀ ਨੂੰ ਦੂਰ ਕਰਨ ਲਈ ਨਾਟਕ ਰਚਨਾ ਜ਼ਰੂਰੀ ਸੀ। …ਸੋ ਲੋਕਾਂ ਦੀ ਇਹ ਭਾਵਨਾ ਦੇਖ ਕੇ ਸਤਿਗੁਰਾਂ 1735 ਬਿ: (1678 ਈ.) ਵਿੱਚ ਹੋਮ ਯੱਗ ਦਾ ਪ੍ਰਬੰਧ ਕਰਵਾਇਆ ਤੇ ਬ੍ਰਾਹਮਣਾਂ ਨੂੰ ਵੀ ਇਧਰੋਂ ਉਧਰੋਂ ਬੁਲਾਇਆ। ਦੇਵੀ ਤਾਂ ਪ੍ਰਗਟ ਨਾ ਹੋਈ ਪਰ ਸਤਿਗੁਰਾਂ ਸਾਰੀ ਸਮੱਗਰੀ ਅਗਨੀ ਭੇਂਟ ਕਰ ਕੇ ਤੇਗ ਚਮਕਾਈ ਤੇ ਸਾਰੇ ਲੋਕਾਂ ਨੂੰ ਦਿਖਾਈ ਕਿ ਇਹੋ ਤੇਗ ਦੇਵੀ ਹੈ ਜੋ ਦੁਸ਼ਟਾਂ ਦਾ ਨਾਸ਼ ਕਰ ਕੇ ਗ਼ਰੀਬਾਂ ਧਰਮੀਆਂ ਦੀ ਜੈ ਜੈ ਕਾਰ ਕਰਾਏਗੀ”।

  ਇਨ੍ਹਾਂ ਇਤਿਹਾਸਕ ਭੁਲਾਂ ਤੋਂ ਸਿਵਾਏ ਛਿੱਬੜ ਨੇ ਕਈ ਹੋਰ ਗੁਰੂ ਕਾਲ ਦੇ ਸਾਕ ਸੰਬੰਦਾਂ ਬਾਰੇ ਵੀ ਗ਼ਲਤ ਬਿਆਨੀਆਂ ਕੀਤੀਆਂ ਹਨ।

  6. ਸਰੂਪ ਦਾਸ ਭੱਲਾ: ਮਹਿਮਾ ਪ੍ਰਕਾਸ (1776 ਈ.)

  ਇਹ ਗ੍ਰੰਥ ਸਰੂਪ ਦਾਸ ਭੱਲਾ ਵਲੋਂ 1776 ਈ. ਵਿੱਚ ਲਿਖਿਆ ਗਿਆ। ਇਸ ਵਿੱਚ ਉਸ ਨੇ ਗੁਰੂ ਗੋਬਿੰਦ ਜੀ ਵਲੋਂ ਲਿਖੇ ‘ਵਿਦਿਆ ਸਾਗਰ’ ਨਾਮੀਂ ਗ੍ਰੰਥ ਦਾ ਜ਼ਿਕਰ ਹੈ। ਭੱਲਾ ਲਿਖਦਾ ਹੈ ਕਿ ਸਾਹਬੇ ਕਮਾਲ ਗੁਰੂ ਗੋਬਿੰਦ ਸਿੰਘ ਨੇ ਪੁਰਾਤਨ ਸੰਸਕ੍ਰਿਤ ਸਾਹਿਤ ਨੂੰ ਖੁਦ ਪੰਜਾਬੀ ਵਿੱਚ ਅਨੁਵਾਦ ਕਰਕੇ ‘ਵਿਦਿਆ ਸਾਗਰ ਗ੍ਰੰਥ’ ਬਣਾਇਆ। ਇਸ ਕਾਰਜ ਲਈ ਉਨ੍ਹਾਂ ਨੇ ਸਿੱਖਾਂ ਨੂੰ ਕਿਹਾ ਕਿ ਬਨਾਰਸ ਤੋਂ, ਜੋ ਪੁਰਾਨਕ ਸਾਹਿਤ ਦਾ ਕੇਂਦਰ ਹੈ, ਵਿਦਵਾਨ ਪੰਡਤਾਂ ਨੂੰ ਲੱਭ ਕੇ ਲਿਆਉ ਜੋ ਪੁਰਾਨਕ ਸਾਹਿਤ ਵਿੱਚ ਨਿਪੁਨ ਹੋਣ, ਅਤੇ ਆਪਣੇ ਆਪਣੇ ਗ੍ਰੰਥ ਨਾਲ ਲਿਆਉਣ। ਪੰਡਤ ਆਪਣੇ ਨਾਲ ਚਾਰ ਵੇਦ, ਅਠਾਰਾਂ ਪੁਰਾਨ, ਛੇ ਸ਼ਾਸ਼ਤਰ/ਸਿਮ੍ਰਤੀਆਂ, ਚੌਬੀਸ ਅਵਤਾਰ, ਅਤੇ ਚਾਰ ਸੌ ਚਾਰ ਨਵੇਂ ਤ੍ਰੀਆ ਚਲਿੱਤ੍ਰ ਨਾਲ ਲਿਆਏ। ਗੁਰੂ ਸਾਹਿਬ ਨੇ ਪੰਡਤਾਂ ਨੂੰ ਦਰਬਾਰ ਵਿੱਚ ਇਕੱਤਰ ਕੀਤਾ ਅਤੇ ਨਾਲ ਹੀ ਕੁੱਝ ਸਿਆਣੇ ਗੁਰਮੁਖੀ ਲਿਖਣ ਵਾਲੇ ਸਿਖਾਂ ਨੂੰ ਵੀ ਬੁਲਾ ਲਿਆ। ਪੰਡਤਾਂ ਨੂੰ ਕਿਹਾ ਕਿ ਤੁਸੀਂ ਗ੍ਰੰਥਾਂ ਵਿਚੋਂ ਪੜ੍ਹੀ ਜਾਉ, ਅਸੀਂ ਇਸ ਦਾ ਗਰੁਮੁਖੀ ਵਿੱਚ ਅਨੁਵਾਦ ਕਰੀ ਜਾਵਾਂਗੇ ਅਤੇ ਸਿੱਖ ਲਿਖਾਰੀ ਗੁਰਮੁਖੀ ਵਿੱਚ ਲਿਖੀ ਜਾਣਗੇ। ਅਨੁਵਾਦ ਤੋਂ ਬਾਅਦ ਇਹ ਸਾਰਾ ਸਾਹਿਤ ਇਕੱਤਰ ਕਰਕੇ ‘ਵਿਦਿਆ ਸਾਗਰ ਗ੍ਰੰਥ’ ਤਿਆਰ ਕੀਤਾ ਗਿਆ ਤਾਕਿ ਸੰਗਤ ਇਸ ਨੂੰ ਸੌਖ ਨਾਲ ਪੜ੍ਹ ਸਕੇ। ਗੁਰੂ ਸਾਹਿਬ ਦੇ ਇਸ ਕਰਤਵ ਤੋਂ ਸੰਗਤ ਬਹੁੱਤ ਨਿਹਾਲ ਹੋਈ।

  ਜੇ ਸਰੂਪ ਦਾਸ ਭੱਲਾ ਦੀ ਲਿਖਤ ਦਾ ਵਿਸ਼ਲੇਸ਼ਣ ਕਰੀਏ ਤਾਂ ਕਈ ਸਵਾਲ ਖੜੇ ਹੋ ਜਾਂਦੇ ਹਨ ਜਿਵੇਂ:

  1. ਜੇ ਪੁਰਾਨਕ ਸਾਹਿਤ ਸਿੱਖ ਸੰਗਤਾਂ ਲਈ ਐਨਾ ਹੀ ਮਹੱਤਵਪੂਰਨ ਸੀ ਤਾਂ ਕੀ ਗੁਰੂ ਸਾਹਿਬ ਖੁਦ ਇਸ ਨੂੰ ਸਿੱਧਾ ਸੰਸਕ੍ਰਿਤ ਵਿਚੋਂ ਅਨੁਵਾਦ ਕਰਕੇ ਗੁਰਮੁਖੀ ਜਾਂ ਬ੍ਰਿਜ ਭਾਸ਼ਾ ਵਿੱਚ ਨਹੀਂ ਲਿਖ ਜਾਂ ਲਿਖਵਾ ਸਕਦੇ ਸਨ? ਪੰਡਤਾਂ ਨੂੰ ਬਲਾਉਣ ਦੀ ਕੀ ਲੋੜ ਪਈ ਸੀ?

  2. ਗੁਰਮੁਖੀ ਜਾਂ ਬ੍ਰਿਜ ਭਾਸ਼ਾ ਵਿੱਚ ਲਿਖਣ ਵਾਲੇ ਗੁਰੂ ਸਾਹਿਬ ਦੇ ਦਰਬਾਰੀ ਕਵੀ ਜਾਂ ਨਿਕਟ ਵਰਤੀ ਸਿੱਖ ਵਿਦਵਾਨ ਹੀ ਹੋਣਗੇ ਜਿਨ੍ਹਾਂ ਵਿੱਚ ਸੈਨਾਪਤਿ, ਨੰਦ ਲਾਲ ਗੋਆ, ਭਾਈ ਗੁਰਦਾਸ ਦੂਜਾ, ਭਾਈ ਚੌਪਾ ਸਿੰਘ, ਭਾਈ ਮਨੀ ਸਿੰਘ ਆਦਿ ਸ਼ਾਮਿਲ ਸਨ। ਇਨ੍ਹਾਂ ਮਹਾਂ ਪੁਰਸ਼ਾ ਨੇ ਆਪਣੀਆਂ ਲਿਖਤਾਂ ਵਿੱਚ ਤਾਂ ਕਿਸੇ ‘ਵਿਦਿਆ ਸਾਗਰ ਗ੍ਰੰਥ’ ਦਾ ਜ਼ਿਕਰ ਤੱਕ ਨਹੀਂ ਕੀਤਾ।

  3. ਉਨ੍ਹਾਂ ਨੇ ਜੇ ਪੁਰਾਨਕ ਗ੍ਰੰਥ ਸੰਸਕ੍ਰਿਤ ਵਿਚੋਂ ਪੰਜਾਬੀ ਵਿੱਚ ਅਨੁਵਾਦ ਕੀਤੇ ਹੁੰਦੇ ਤਾਂ ਕਥਤ ਦਸਮ ਗ੍ਰੰਥ ਵਿਚ, ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’ ਵਰਗੀ ਠੇਠ ਪੰਜਾਬੀ ਵਿੱਚ ਲਿਖੀ ਹੋਈ ਬਾਣੀ ਮਿਲਣੀ ਚਾਹੀਦੀ ਸੀ। ਪਰ ਸਮਕਾਲੀ ਦਸਮ ਗ੍ਰੰਥ ਵਿੱਚ ਠੇਠ ਪੰਜਾਬੀ ਵਿੱਚ ਲਿਖੀ ਹੋਈ ਕੋਈ ਰਚਨਾ ਨਹੀਂ ਮਿਲਦੀ। ਬਹੁਤੀ ਰਚਨਾ ਬ੍ਰਿਜ ਭਾਸ਼ਾ ਅਤੇ ਹਿੰਦਵੀ ਵਿੱਚ ਹੈ ਅਤੇ ਕਿਤੇ ਕਿਤੇ ਉਸ ਵੇਲੇ ਦੀ ਲੌਕਕ ਪੰਜਾਬੀ ਦਾ ਮਿਸ਼ਰਨ ਮਿਲਦਾ ਹੈ।

  4. ਜੇ ਮਨ ਵੀ ਲਿਆ ਜਾਵੇ ਕਿ ਗੁਰੂ ਸਾਹਬ ਨੇ ‘ਵਿਦਿਆ ਸਾਗਰ ਗ੍ਰੰਥ’ ਰਚਿਆ ਸੀ ਅਤੇ ਉਹ 1701 ਈ. ਵਿੱਚ ਸਿਰਸਾ ਨਦੀ ਨੂੰ ਪਾਰ ਕਰਦਿਆਂ ਨਸ਼ਟ ਹੋ ਗਿਆ ਸੀ ਤਾਂ ਅਯੋਕਾ ਦਸਮ ਗ੍ਰੰਥ ਕਿੱਥੋਂ ਅਤੇ ਕਿੱਦਾਂ ਪੈਦਾ ਹੋ ਗਿਆ?

  ਉਨੀਵੀਂ ਸਦੀ ਦਾ ਸਿੱਖ ਇਤਿਹਾਸ

  1. ਭਾਈ ਸੰਤੋਖ ਸਿੰਘ: ਸਿਰੀ ਗੁਰਪਰਤਾਪ ਸੂਰਜ ਗ੍ਰੰਥ (1843 ਈ.) ‘ਸਿਰੀ ਗੁਰਪਰਤਾਪ ਸੂਰਜ ਗ੍ਰੰਥ’ ਵਿਚ, ਗੁਰੂ ਕਾਲ ਦੀ ਵਿਸਥਾਰ ਸਹਿਤ ਕੀਤੀ ਹੋਈ ਵਿਆਖਿਆ ਹੈ। ਮਹਾਂ ਕਵੀ ਸੰਤੋਖ ਸਿੰਘ ਗੁਰੂ ਗੋਬਿੰਦ ਸਿੰਘ ਦੇ

  ਦਰਬਾਰ ਦੀਆਂ ਗਤੀਆਂ ਵਿਧੀਆਂ ਦਾ ਵਿਸਥਾਰ ਸਹਿਤ ਲੇਖਾ ਜੋਖਾ ਕਰਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਪਹਿਲੀ ਵਾਰ ਗੁਰੂ ਸਾਹਿਬ ਦੇ ਦਰਬਾਰ ਵਿੱਚ 52 ਕਵੀਆਂ ਦਾ ਜ਼ਿਕਰ ਇਸ ਗ੍ਰੰਥ ਵਿੱਚ ਆੲਆ ਹੈ। ਗੁਰੂ ਸਾਹਿਬ ਦੀ ਨਿਗਰਾਨੀ ਹੇਠ 52 ਕਵੀਆਂ ਵਲੋਂ ਲਿਖੇ ਗਏ ‘ਵਿੱਦਿਆਧਰ ਗ੍ਰੰਥ’ ਦਾ ਹਵਾਲਾ ਵੀ ਮਹਾਂ ਕਵੀ ਸੰਤੋਖ ਸਿੰਘ ਦੇ ਗ੍ਰੰਥ ਵਿੱਚ ਮਿਲਦਾ ਹੈ। ਉਹ ਲਿਖਦਾ ਹੈ ਕਿ ਗੁਰੂ ਸਾਹਿਬ ਦੇ ਦਰਬਾਰ ਵਿੱਚ ਬਵੰਜਾ ਪੱਕੇ ਕਵੀ ਸਨ ਅਤੇ ਕੁੱਝ ਸੈਲਾਨੀ ਕਵੀ ਆਉਂਦੇ ਜਾਂਦੇ ਰਹਿੰਦੇ ਸਨ। ਇਨ੍ਹਾਂ ਸਾਰਿਆਂ ਨੇ ਰਲ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਨਿਗਰਾਨੀ ਹੇਠ ਬਰੀਕ ਬਰੀਕ ਅੱਖਰਾਂ ਵਿੱਚ ਬਾਣੀ ਲਿਖੀ। ਜਦ ਪੱਤਰਿਆਂ ਨੂੰ ਤੋਲਿਆ ਤਾਂ ਕਾਗ਼ਜ਼ ਦਾ ਭਾਰ ਨੌ ਮਣ ਨਿਕਲਿਆ। ਸਿੱਧ ਹੈ ਕਿ ਇੱਕ ਚੌਖਾ ਮੋਟਾ ਗ੍ਰੰਥ ਬਣਿਆ ਹੋਵੇਗਾ ਜਿਸ ਨੂੰ ‘ਵਿਦਿਯਾਧਰ ਗ੍ਰੰਥ’ ਦਾ ਨਾਂ ਦਿੱਤਾ ਗਿਆ। ਏਥੇ ਦੋ ਸਵਾਲ ਉਠਦੇ ਹਨ। ਪਹਿਲਾ, ਕੀ ਕਵੀਆਂ ਨੂੰ ਲਿਖਣ ਲਈ ਕੋਈ ਧਾਰਮਿਕ ਵਿਸ਼ਾ ਦਿੱਤਾ ਗਿਆ ਸੀ ਤਾਕਿ ਸਿੱਖ ਵਿਚਾਰਧਾਰਾ ਨੂੰ ਬਰਕਰਾਰ ਰੱਖਣ ਲਈ ਗ੍ਰੰਥ ਨੂੰ ਕੋਈ ਤਰਤੀਬ ਦੱਤੀ ਜਾ ਸਕੇ? ਦੂਜਾ, ਜੇ ਵਿਸ਼ੇ ਦਿੱਤੇ/ਵੰਡੇ ਹੋਏ ਨਹੀਂ ਸਨ ਤਾਂ ਗ੍ਰੰਥ ਦੀ ਸੰਪਾਦਨਾ ਵੇਲੇ ਬਾਣੀ ਦੀ ਤਰਤੀਬ ਕਿੱਦਾਂ ਕੀਤੀ ਗਈ ਹੋਵੇਗੀ? ਪ੍ਰਚੱਲਤ ਦਸਮ ਗ੍ਰੰਥ ਦੇ 1428 ਸਫਿਆਂ ਤੇ ਜਾਪੁ ਸਾਹਿਬ ਤੋਂ ਲੈਕੇ ਹਿਕਾਇਤਾਂ ਤੱਕ 15 ਪਰਕਾਰ ਦੀਆਂ ਬਾਣੀਆ ਅਤੇ ਕਥਾ ਕਹਾਣੀਆਂ ਦਰਜ ਹਨ। ਹੋ ਸਕਦਾ ਹੈ ਕਿ ਗੁਰੂ ਸਾਹਿਬ ਨੇ ਕਵੀਆਂ ਦੀ ਭਾਸ਼ਾਈ ਪਿੱਠਭੂਮੀ ਦੇਖ ਕੇ ਅਤੇ ਗਿਆਨ ਦੀ ਨਿਪੁੰਤਾ ਦੇ ਆਧਾਰ ਤੇ ਵੱਖ ਵੱਖ ਕਵੀਆਂ ਨੂੰ ਲੋੜੀਂਦੇ ਵਿਸ਼ੇ ਦਿੱਤੇ ਹੋਣ, ਜਾਂ ਕਵੀਆਂ ਨੇ ਆਪਣੀ ਕਾਬਲੀਅਤ ਦੇ ਆਧਾਰ ਤੇ ਖੁੱਦ ਚੁਣੇ ਹੋਣ। ਇਸ ਮਨੌਤ ਅਨੁਸਾਰ ਇਸ ਵਿਚਾਰ ਦੀ ਸਮਝ ਵੀ ਲੱਗ ਜਾਂਦੀ ਹੈ ਕਿ ਦਸਮ ਗ੍ਰੰਥ ਵਿਚਲੀਆਂ ਅਸਲੀ ਬਾਣੀਆਂ ਜਿਵੇਂ ਜਾਪੁ ਸਾਹਿਬ, ਅਕਾਲ ਉਸਤਤਿ (ਕੁਝ ਅੰਤਲੇ ਸੁਆਲਾਂ ਤੋਂ ਵਗੈਰ), ਜ਼ਫਰਨਾਮਾ, ਤੇਤੀ ਸਵੈਯੇ, ਸ਼ਬਦ ਹਜ਼ਾਰੇ (ਮਿੱਤਰ ਪਿਆਰੇ ਤੋਂ ਵਗੈਰ), ਇੱਕ ਚੌਪਈ ਗੁਰੁ ਗੋਬਿੰਦ ਸਿੰਘ ਜੀ ਨੇ ਆਪ ਲਿਖੀਆਂ ਹੋਣ ਅਤੇ ਬਾਕੀ ਦੀਆਂ ਲਿਖਤਾਂ (ਚੌਬੀਸ ਅਵਤਾਰ, ਬ੍ਰਹਮ ਅਵਤਾਰ, ਰੁਦਰ ਅਵਤਾਰ, ਚਰਿਤ੍ਰੋ ਪਾਖਯਾ ਆਦਿ) ਇਨ੍ਹਾਂ ਕਵੀਆਂ ਦੀਆਂ ਕਿਰਤਾਂ ਹੋਣ। ‘ਨਾਨ ਬਿਧਿ ਕਵਿਤਾ ਰਚੀ ਰਖਿ ਰਖਿ ਨੌ ਰਸਿ ਰੀਤ’ ਦਾ ਅਰਥ ਵੀ ਇਹੋ ਹੈ ਕਿ ਕਈ ਪਰਕਾਰ ਦੀ ਕਵਿਤਾ ਨੌਂ ਰਸਾਂ ਵਿੱਚ ਰਚੀ ਗਈ। ਕਾਵਿ ਸ਼ਾਸਤਰ ਅਨੁਸਾਰ ਕਵਿਤਾ ਦੇ ਨੌਂ ਰਸ ਇਹ ਹਨ: ਸ਼ਿੰਗਾਰ, ਹਾਸ, ਕਰੁਣਾ, ਰੌਦਰ, ਵੀਰ, ਭਿਆਨਕ, ਬੀਭਤਸ, ਅਦਭੁਤ, ਅਤੇ ਸ਼ਾਂਤ ਰਸ। ਕਥਤ ਦਸਮ ਗ੍ਰੰਥ ਵਿਚੋਂ ਇਨ੍ਹਾਂ ਸਾਰੇ ਰਸਾਂ ਦੀ ਕਵਿਤਾ ਦੀਆਂ ਬੰਨਗੀਆਂ ਮਿਲਦੀਆਂ ਹਨ। ਇਸ ਲਈ ਇਸ ਗ੍ਰੰਥ ਵਿੱਚ ਵਿਸ਼ਿਆਂ ਅਤੇ ਸੰਬੰਧਤ ਰਸਾਂ ਦੀ ਭਿੰਤਾ ਨੂੰ ਮੁਖ ਰਖਦਿਆਂ ਇਹ ਗੱਲ ਮਨ ਲਗਦੀ ਹੈ ਕਿ ਅਯੋਕੇ ਦਸਮ ਗ੍ਰੰਥ ਵਿਚਲੀ ਸਮੱਗਰੀ, ਗੁਰੁ ਗੋਬਿੰਦ ਸਿੰਘ ਦੀ ਬਾਣੀ ਨੂੰ ਛੱਡ ਕੇ, ਬਾਕੀ ਦਰਬਾਰੀ ਕਵੀਆਂ ਦੀ ਕਿਰਤ ਹੋਵੇ। ਇਹ ਸੰਭਾਵਨਾ ਵੀ ਹੋ ਸਕਦੀ ਹੈ ਕਿ ਸਨਾਤਨੀ ਸੁਭਾ ਵਾਲੀਆਂ ਕਿਰਤਾਂ ਗੁਰੂ ਸਾਹਬ ਦੀ ਨਿਗਰਾਨੀ ਹੇਠ ਜਾਂ ਹੱਲਾਸ਼ੇਰੀ ਦੇਕੇ ਦਰਬਾਰੀ ਕਵੀਆਂ ਤੋਂ ਲਿਖਵਾਈਆਂ ਗਈਆਂ ਹੋਣ ਤਾਕਿ ਸਿੱਖ/ਸਿੰਘ ਹਿੰਦੂ ਮਿਥਿਆਸ, ਰਹੁ-ਰੀਤਾਂ, ਦੇਵੀ ਦੇਵਤਿਆਂ, ਗੈਰਕੁਦਰਤੀ ਕਥਾ-ਕਹਾਣੀਆਂ ਅਤੇ ਸਮਾਜਿਕ ਕੁਰੀਤੀਆਂ ਤੋਂ ਵਾਕਫ ਹੋ ਸਕਣ। ਸਭ ਤੋਂ ਵੱਡੀ ਸੰਭਾਵਨਾ ਇਹ ਹੈ ਕਿ ਸਨਾਤਨੀ ਹਿੰਦੂਆਂ ਅਤੇ ਖਾਸ ਕਰੇ ਨਿਰਮਲਾ ਪੰਥੀਆਂ ਨੇ ਅੰਗ੍ਰੇਜ਼ਾਂ ਦੇ ਸੁਆਰਥੀ ਪਰਭਾਵ ਹੇਠਾਂ ਕਥਤ ਦਸਮ ਗ੍ਰੰਥ ਦੀ ਮਿੱਥ ਨੂੰ ਜਨਮ ਦਿੱਤਾ ਤਾਕਿ ਉਹ ਗੋਰਿਆਂ ਤੋਂ ਆਪਣਾ ਬਚਾਅ ਕਰਨ ਅਤੇ ਪੇਸੇ ਬਟੋਰਨ ਵਿੱਚ ਕਾਮਯਾਬ ਹੋ ਸਕਣ।

  ਭਾਈ ਸੰਤੋਖ ਸਿੰਘ ਅਨੁਸਾਰ ਲੜਾਈ ਛਿੜਨ ਕਾਰਨ ਕਵੀਆਂ ਨੂੰ ਆਨੰਦਪੁਰ ਛੱਡਣਾ ਪਿਆ ਅਤੇ ‘ਵਿਦਿਆਧਰ ਗ੍ਰੰਥ’ ਅਧੂਰਾ ਹੀ ਰਹਿ ਗਿਆ। ਲੜਾਈ ਦੌਰਾਨ ਇਹ ਅਧੂਰਾ ਗ੍ਰੰਥ ਗੁਮ ਗੁਆਚ ਗਿਆ ਅਤੇ ਦੁਵਾਰਾ ਪ੍ਰਾਪਤ ਨਹੀਂ ਹੋ ਸਕਿਆ। ਅਨੰਦਪੁਰ ਸਾਹਿਬ ਵਿਖੇ 62 ਪੱਤਰੇ ਬਚੇ ਸਨ, ਜਿਨ੍ਹਾਂ ਦੇ ਆਧਾਰ ਤੇ ਭਾਈ ਸੰਤੋਖ ਸਿੰਘ ਨੇ ਗੁਰੂ ਦੀ ਉਸਤਤਿ ਵਿੱਚ ਕਬਿੱਤ ਜੋੜੇ ਹਨ। ਸਵਾਲ ਪੈਦਾ ਹੁੰਦਾ ਹੈ ਕਿ ‘ਵਿਦਿਆਧਰ ਗ੍ਰੰਥ’ ਦੇ ਨਸ਼ਟ ਹੋਣ ਤੋਂ 142 ਸਾਲਾਂ ਬਾਅਦ ਇਹ ਪੱਤਰੇ ਕਵੀ ਨੇ ਕਿੱਥੋਂ, ਕਿੱਦਾਂ ਅਤੇ ਕਿਸ ਪਾਸੋਂ ਪ੍ਰਾਪਤ ਕੀਤੇ, ਇਸ ਬਾਰੇ ਕਵੀ ਬਿਲਕੁਲ ਚੁੱਪ ਹੈ। ਆਪਣੀ ਦਲੀਲ ਦੀ ਪੁਸ਼ਟੀ ਵਿੱਚ ਕਵੀ ਨੂੰ ਇਨ੍ਹਾਂ ਪੱਤਰਿਆਂ ਦਾ ਵੇਰਵਾ ਦੇਣਾ ਚਾਹੀਦਾ ਸੀ। ਇਹ ਇੱਕੋ ਘਾਟ ਕਵੀ ਸੰਤੋਖ ਸਿੰਘ ਦੇ ਕਥਤ ਗ੍ਰੰਥ ਦੀ ਗਵਾਹੀ ਨੂੰ ਸ਼ੰਕੇ ਵਿੱਚ ਪਾ ਦਿੰਦੀ ਹੈ।

  ਗਿਆਨੀ ਗਿਆਨ ਸਿੰਘ: ਪੰਥ ਪ੍ਰਕਾਸ਼ (1880)

  ਗਿਆਨੀ ਗਿਆਨ ਸਿੰਘ ਨੇ ‘ਪੰਥ ਪ੍ਰਕਾਸ਼’ ਆਪਣੇ ਉਸਤਾਦ, ਪੰਡਤ ਤਾਰਾ ਸਿੰਘ ਨਿਰੋਤਮ ਦੇ ਕਹਿਣ ਤੇ ਬ੍ਰਿਜ ਭਾਸ਼ਾ ਵਿੱਚ ਲਿਖਿਆ। ਇਸ ਵਿੱਚ ਸਾਰੇ ਗੁਰੂਆਂ ਦੇ ਜੀਵਨ ਬਾਰੇ ਵਾਕਫੀਅਤ ਦਰਜ ਹੈ। ਦਸਵੇਂ ਗੁਰੂ ਸਾਹਿਬ ਵਲੋਂ ਬੈਸਾਖੀ ਵਾਲੇ ਦਿਨ ਪੰਜ ਪਿਆਰਿਆਂ ਦੀ ਚੋਣ, ਖ਼ਾਲਸਾ ਦੀ ਸਾਜਨਾ, ਪੰਜ ਕਕਾਰਾਂ ਅਤੇ ਰਹਿਤ ਮਰਯਾਦਾ ਬਾਰੇ ਵਿਸਥਾਰ ਸਹਿਤ ਲਿਖਿਆ ਹੈ। ਗੁਰੂ ਗ੍ਰੰਥ ਸਾਹਬ ਦੀ ਮਾਨਤਾ ਬਾਰੇ ਕਵੀ ਲਿਖਦਾ ਹੈ:

  ਏਕ ਹਰੀ ਦਸ ਰੂਪ ਗੁਰ ਗ੍ਰੰਥ ਪੰਥ ਕੋ ਬੰਧਿ॥

  ਗ੍ਰੰਥ ਪੰਥ ਪ੍ਰਕਾਸ ਯਹਿ ਅਬ ਬਰਨੋ ਸੁਖਨੰਦ॥ (ਪਤਰਾ 1)

  ਏਕ ਗੁਰੂ ਗ੍ਰੰਥ ਨਿਜ ਪੰਥ ਬਿਨ ਔਰ ਠੌਰ॥

  ਕਾਹੂੰ ਆਗੇ ਜਾਇ ਕਿਤ ਸੀਸ ਨਾ ਨਿਵਾਈਏ॥ (ਪਤਰਾ 161)

  ਸਾਖਿਆਤ ਰੂਪ ਵਿੱਚ ਇਹ ਬੰਦ ਗੁਰੂ ਅਰਜਨ ਦੇਵ ਜੀ ਵਲੋਂ ਸੰਪਾਦਿਤ ਸਿਰੀ ਗੁਰੁ ਗ੍ਰੰਥ ਬਾਰੇ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਰਬ ਇੱਕ ਹੈ ਜਿਸ ਦੇ ਦਸ ਰੂਪ ਦਸ ਗੁਰੂ ਹਨ। ਇਸ ਗ੍ਰੰਥ ਤੋਂ ਵਗੈਰ ਸਿੱਖ ਪੰਥ ਦੀ ਹੋਰ ਕੋਈ ਟੇਕ ਨਹੀਂ, ਇਸ ਲਈ ਇਸ ਤੋਂ ਵਗੈਰ ਕਿਸੇ ਹੋਰ ਅੱਗੇ ਸੀਸ ਨਹੀਂ ਨਿਵਾਉਣਾ ਚਾਹੀਦਾ। ਅੱਗੇ ਚੱਲ ਕੇ ਗਿਆਨੀ ਗਿਆਨ ਸਿੰਘ ਇਹ ਵੀ ਲਿਖਦਾ ਹੈ:

  ਜੋ ਅਬ ਗ੍ਰੰਥ ਦਸਮ ਗੁਰੁ ਕੇਰਾ॥ ਕਹਿਲਾਵਤ ਮਧ ਪੰਥ ਅਛੇਰਾ॥

  ਗੁਰੁ ਕੇ ਸਮੇ ਬੀੜ ਨਹੀਂ ਤਾਂਕੀ॥ ਭਈ ਬਾਣੀਆਂ ਰਹੀ ਇਕਾਂਕੀ॥

  ਅਨਕੈ ਠੌਰ ਪੋਥੀਆਂ ਮਾਹਿ॥ ਬਾਣੀ ਰਹੀ ਦਸਮ ਗੁਰੁ ਮਾਹਿ॥

  ਅਰਥਾਤ, ਜਿਹੜਾ ਗ੍ਰੰਥ ਹੁਣ ਦਸਵੇਂ ਗੁਰੂ ਦਾ ਕਿਹਾ ਜਾ ਰਿਹਾ ਹੈ, ਇਸ ਨੂੰ ਪੰਥ ਵਲੋਂ ਉੱਚਾ ਮੰਨਿਆਂ ਜਾ ਰਿਹਾ ਹੈ। ਪਰ ਗੁਰੂ ਜੀ ਦੇ ਸਮੇਂ ਅਜੇਹੇ ਗ੍ਰੰਥ ਦੀ ਕੋਈ ਬੀੜ ਨਹੀਂ ਦੇਖੀ ਗਈ। ਕੇਵਲ ਇਕੱਲੀਆਂ ਇਕੱਲੀਆਂ ਬਾਣੀਆਂ ਦੀਆਂ ਪੋਥੀਆਂ ਕਈ ਥਾਵੀਂ ਸਨ। ਇਸ ਤਰਾਂ ਗੁਰੂ ਸਾਹਬ ਦੀ ਬਾਣੀ ਸਾਂਭੀ ਹੋਈ ਸੀ।

  ਸਿੱਧ ਹੈ ਕਿ ਦਸਵੇਂ ਗੁਰੂ ਜੀ ਵਲੋਂ ਕੋਈ ਬੀੜ ਜਾਂ ਗ੍ਰੰਥ ਦੀ ਸੰਪਾਦਨਾ ਨਹੀਂ ਸੀ ਕੀਤੀ ਗਈ, ਬਾਣੀਆਂ ਪੋਥੀਆਂ ਦੇ ਰੂਪ ਵਿੱਚ ਕਈ ਥਾਵੀਂ ਸਨ। ਏਥੇ ਕਈ ਸਵਾਲ ਖੜੇ ਹੁੰਦੇ ਹਨ। ਪਹਿਲਾ, ਜੇ ਗੁਰੂ ਸਾਹਬ ਨੇ ਕੋਈ ਬੀੜ ਸੰਪਾਦ ਨਹੀਂ ਕੀਤੀ ਜਾਂ ਰਚੀ ਤਾਂ ਪੰਥ ਨੇ ਕਥਤ ਗ੍ਰੰਥ ਨੂੰ ਅੱਛਾ ਜਾਂ ਉੱਚਾ ਕਿਵੇਂ ਮਨ ਲਿਆ? ਦੂਜਾ, ਜਿਹੜੀ ਬਾਣੀ ਪੋਥੀਆਂ ਦੇ ਰੂਪ ਵਿੱਚ ਖਿੱਲਰੀ ਪਈ ਸੀ, ਕੀ ਪਰਮਾਣ ਹੈ ਕਿ ਉਹ ਸਾਰੀ ਗੁਰੂ ਸਾਹਬ ਦੀ ਲਿਖੀ ਹੋਈ ਸੀ? ਤੀਜਾ, ਸਿੱਖ ਧਰਮ ਨੂੰ ਅਦੁਤੀ ਰੂਪ ਦੇਣ ਵਾਲੇ ਦਸਵੇਂ ਗੁਰ ਦੀ ਬਾਣੀ ਨੂੰ ਖੁੱਦ ਗੁਰੂ ਸਾਹਬ ਵਲੋਂ ਜਾਂ ਉਨ੍ਹਾਂ ਦੇ ਸਿੱਖਾਂ ਵਲੋਂ ਕਿਉਂ ਨਹੀਂ ਸਾਂਭਿਆ ਗਿਆ? ਇਨ੍ਹਾਂ ਦੇ ਉੱਤਰ ਬੜੇ ਸਿੱਧੇ ਅਤੇ ਸਾਦੇ ਜਹੇ ਹਨ। ਗੁਰੂ ਸਾਹਬ ਪਾਸ ਉਨ੍ਹਾਂ ਦੇ ਪੁਰਖਿਆਂ ਵਲੋਂ ਸੰਪਾਦ ਕੀਤਾ ਹੋਇਆ ਗੂਰੂ ਗ੍ਰੰਥ ਸਾਹਿਬ ਮੌਜੂਦ ਸੀ ਜਿਸ ਨੂੰ ਉਨ੍ਹਾਂ ਗੁਰ ਗੱਦੀ ਸੌਂਪੀ। ਇਸ ਲਈ ਉਨ੍ਹਾਂ ਨੂੰ ਕਿਸੇ ਹੋਰ ਗ੍ਰੰਥ ਨੂੰ ਸੰਪਾਦ ਕਰਨ ਜਾਂ ਖੁੱਦ ਰਚਣ ਦੀ ਲੋੜ ਹੀ ਨਹੀਂ ਸੀ। ਉਨ੍ਹਾਂ ਦਮਦਮੇ ਸਾਹਿਬ ਵਿਖੇ ਆਪਣੇ ਪਿਤਾ, ਗੁਰੂ ਤੇਗ ਬਹਾਦਰ ਜੀ, ਦੀ ਬਾਣੀ ਨੂੰ ਗੁਰੁ ਗ੍ਰੰਥ ਸਾਹਿਬ ਵਿੱਚ ਅੰਕਤ ਕਰਕੇ ਇਸ ਗ੍ਰੰਥ ਨੂੰ ਸੰਪੂਰਨ ਕਰ ਦਿੱਤਾ। ਜੇ ਉਹ ਚਾਹੁੰਦੇ ਤਾਂ ਆਪਣੀ ਬਾਣੀ ਵੀ ਅੰਕਿਤ ਕਰ ਸਕਦੇ ਸੀ। ਉਹ ਜਾਣਦੇ ਸਨ ਕਿ ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਉਨ੍ਹਾਂ ਲਈ ਕੋਈ ਦੂਜਾ ਗ੍ਰੰਥ ਸੰਪਾਦ ਕਰਨਾ ਸਿੱਖ ਧਰਮ ਦੇ ਸਿਧਾਂਤ ਦੇ ਅਨੁਕੂਲ ਨਹੀਂ ਸੀ ਹੋਣਾ। ਗੁਰੂ ਸਾਹਿਬ ਦੀਆਂ ਮਾਰਸ਼ਲ ਸੁਭਾ ਵਾਲੀਆਂ ਬਾਣੀਆਂ ਸਿੱਖਾਂ ਨੂੰ ਜ਼ੁਬਾਨੀ ਯਾਦ ਸਨ ਕਿਉਂਕਿ ਹਾਲਾਤ ਦੇ ਮੁਤਾਬਿਕ ਉਨ੍ਹਾਂ ਵਿਚਲੀ ਭਾਵਨਾ ਦਾ ਹਰ ਵਕਤ ਪਾਲਣ ਕਰਨਾ ਹਰ ਸਿੱਖ ਲਈ ਲੋੜੀਦਾ ਸੀ।

  ਸਵਾਲ ਥਾਂ ਦੀ ਥਾਂ ਖੜ੍ਹਾ ਹੈ ਕਿ ਫਿਰ ਦਸਮ ਗ੍ਰੰਥ ਦੀ ਮਿੱਥ ਕਿਵੇਂ, ਕਿਉਂ, ਕਿੱਥੇ ਅਤੇ ਕਿੱਦਾਂ ਸ਼ੁਰੂ ਹੋਈ? ਇਸ ਦਾ ਉੱਤਰ ਵੀ ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਵਿੱਚ ਦਰਜ ਹੈ।

  ਸੁੱਖਾ ਸਿੰਘ ਗ੍ਰੰਥੀ ਔਰ॥ ਰਚੀ ਬੀੜ ਪਟਨੇ ਮੈ ਗੌਰ॥

  ਪੁਨਾ ਚੜਤ ਸਿੰਘ ਤਾਕੇ ਪੂਤ॥ ਅਖਰ ਦਸਮ ਗੁਰੁ ਸਮਸੂਤ॥

  ਕਰ ਕੈ ਪਾਂਚ ਪਤਰੇ ਔਰ॥ ਗੁਰੁ ਤਰਫੋਂ ਲਿਖ ਪਾਏ ਗੌਰ॥

  ਔਰ ਗ੍ਰੰਥ ਇੱਕ ਵੈਸਾ ਕੀਓ॥ ਸੋ ਬਾਬੇ ਹਾਕਮ ਸਿੰਘ ਲੀਓ॥

  ਸੋ ਗੁਰਦਵਾਰੇ ਮੋਤੀ ਬਾਗ॥ ਹੈ ਅਬ ਹਮਨੇ ਪਿਖਯੋ ਬਿਲਾਗ॥

  ਔਰੈਂ ਗ੍ਰੰਥ ਕਈ ਉਨ ਲਿਖੇ॥ ਅਖਰ ਗੁਰੁ ਸਮ ਹੈ ਹਮ ਪਿਖੈ॥

  ਦਸਖਤ ਦਸਮ ਗੁਰੁ ਕੈ ਕਹਿ ਕੈ॥ ਕੀਮਤ ਲਈ ਚੌਗਨੀ ਕਹਿ ਕੈ॥

  ਅਰਥਾਤ, ਪਟਨੇ ਦੇ ਗ੍ਰੰਥੀ ਸੁੱਚਾ ਸਿੰਘ ਨੇ ਆਪਣੇ ਪੁੱਤ, ਚੜ੍ਹਤ ਸਿੰਘ ਨਾਲ ਮਿਲਕੇ ਇੱਕ ਬੀੜ ਬਣਾਈ। ਚੜ੍ਹਤ ਸਿੰਘ ਦੀ ਲਿਖਾਈ ਗੁਰੂ ਗੋਬਿੰਦ ਸਿੰਘ ਨਾਲ ਮਿਲਦੀ ਸੀ। ਉਨ੍ਹਾਂ ਨੇ ਪੰਜ ਪਤਰੇ ਆਪਣੇ ਕੋਲੋਂ ਲਿਖ ਕੇ ਗ੍ਰੰਥ ਨਾਲ ਜੋੜ ਦਿੱਤੇ ਅਤੇ ਹੋਰ ਵੀ ਵਾਧੈ ਕੀਤੇ। ਉਨ੍ਹਾਂ ਨੇ ਇੱਕ ਹੋਰ ਗ੍ਰੰਥ ਵੀ ਬਣਾਇਆ ਅਤੇ ਬਾਬਾ ਹਾਕਮ ਸਿੰਘ ਨੂੰ ਸੌਂਪ ਦਿੱਤਾ ਜਿਹੜਾ ਮੋਤੀ ਬਾਗ ਵਾਲੇ ਗੁਰਦੁਵਾਰੇ ਵਿੱਚ ਹੈ ਜੋ ਗਿਆਨੀ ਗਿਆਨ ਸਿੰਘ ਨੇ ਵੀ ਦੇਖਿਆ। ਕਿਉਂਕਿ ਚੜ੍ਹਤ ਸਿੰਘ ਦੀ ਲਿਖਾਈ ਗੁਰੂ ਸਾਹਬ ਨਾਲ ਮਿਲਦੀ ਸੀ ਇਸ ਲਈ ਕਈ ਤਰਾਂ ਦੇ ਹੋਰ ਗ੍ਰੰਥ ਵੀ ਬਣਾਏ। ਗੁਰੂ ਗੋਬਿੰਦ ਸਾਹਬ ਦੇ ਦਸਤਖਾਂ ਦੀ ਨਕਲ ਕਰਕੇ ਉਨ੍ਹਾਂ ਦੇ ਨਾਂ ਹੇਠ ਪਟਨੇ ਵਾਲੇ ਸਾਧਾਂ ਨੇ ਚੌਗਣੀ ਕਮਾਈ ਕੀਤੀ। ਇਸ ਤਰਾਂ ਜਿਹੜੇ ਗ੍ਰੰਥ ਮੋਤੀ ਬਾਗ, ਪਟਨਾ, ਦਿੱਲੀ ਵਿਖੇ ਲੋਕਾਂ ਪਾਸ ਪਏ ਹਨ ਉਹ ਪਟਨੇ ਦੇ ਸਾਧਾਂ ਵਲੋਂ ਕਮਾਈ ਕਰਨ ਲਈ ਲਿਖੇ ਗਏ। ਫਰੰਗੀ ਸਰਕਾਰ ਨੂੰ ਜਦ ਇਨ੍ਹਾਂ ਸਾਧਾਂ ਬਾਰੇ ਪਤਾ ਲਗਾ ਤਾਂ ਉਨ੍ਹਾਂ ਨੇ ਇਨ੍ਹਾਂ ਕੋਲੋਂ ਗ੍ਰੰਥ ਖਰੀਦ ਕੇ ਉਸ ਵਿੱਚ ਵਾਧੈ ਕਰਾਕੇ ਇਨ੍ਹਾਂ ਰਾਹੀਂ ਪੰਜਾਬ ਵਿੱਚ ਭਿਜਵਾਏ ਤਾਕਿ ਸਿੱਖ ਧਰਮ ਨੂੰ ਖਲਤ-ਮਲਤ ਕਰਨ ਲਈ ਸਿਖਾਂ ਵਿਚਕਾਰ ਸ਼ੰਕੇ ਪੈਦਾ ਕਰ ਸਕਣ।

  (ੲ) ਦਸਮ ਗ੍ਰੰਥ ਦੀ ਮਿਥ ਦਾ ਆਰੰਭ: ਇੱਕ ਫ੍ਰੰਗੀ ਸਾਜ਼ਸ਼

  ਜਿੱਥੇ ਵੀ ਅੰਗ੍ਰੇਜ਼ਾਂ ਨੇ ਆਪਣਾ ਰਾਜ ਸਥਾਪਤ ਕਰਨਾ ਹੁੰਦਾ ਸੀ ਉਥੇ ਪਹਿਲਾਂ ਮਿਸ਼ਨਰੀਆਂ ਵਲੋਂ ਲੋਕਾਂ ਨੂੰ ਇਸਾਈ ਬਨਾਉਣ ਦਾ ਕੰਮ ਆਰੰਭਦੇ ਸਨ। ਮਿਸ਼ਨਰੀਆਂ ਨੂੰ ਇਹ ਸਿਖਲਾਈ ਦਿੱਤੀ ਜਾਂਦੀ ਹੈ ਕਿ ਸੱਭ ਤੋਂ ਪਹਿਲਾਂ ਉਹ ਸਥਾਨਕ ਗਰੀਬ ਜੰਤਾ ਨੂੰ ਰੋਜ਼ੀ ਰੋਟੀ ਦਾ ਲਾਲਚ ਦੇਕੇ ਆਪਣੇ ਪੱਖ ਵਿੱਚ ਕਰਨ ਅਤੇ ਨਾਲ ਹੀ ਉਨ੍ਹਾਂ ਦੇ ਧਰਮ ਗ੍ਰੰਥਾਂ ਦੀ ਮਰਯਾਦਾ ਨੂੰ ਗੰਧਲਾ ਕਰਕੇ ਲੋਕ ਨੂੰ ਇਸਾਈ ਬਣਾਉਣ ਵਲ ਪਰੇਰਨ। ਇਹੋ ਪੈਂਤੜਾ ਉਨ੍ਹਾਂ ਨੇ ਸਿੱਖ ਰਾਜ ਨੂੰ ਖਲਤ ਮਲਤ ਕਰਨ ਲਈ ਵਰਤਿਆ।

  18ਵੀਂ ਸਦੀ ਦੇ ਅਖੀਰ ਵਿੱਚ ਜਦ ਅੰਗ੍ਰੇਜ਼ਾਂ ਨੇ ਦੱਖਣ ਪੂਰਬੀ ਇਲਾਕੇ ਜਿੱਤ ਕੇ ਆਪਣਾ ਰਾਜ ਪੱਕਾ ਕਰ ਲਿਆ ਤਾਂ ਉਨ੍ਹਾਂ ਨੇ ਦਿੱਲੀ ਅਤੇ ਪੰਜਾਬ ਵਲ ਮੂੰਹ ਮੋੜਿਆ। ਉਸ ਵੇਲੇ ਪੰਜਾਬ ਵਿੱਚ ਸਿਖ ਮਿਸਲਾਂ ਦਾ ਰਾਜ ਸੀ ਜਿਨ੍ਹਾਂ ਦੀਆਂ ਸਿੱਖ ਫੋਜਾਂ ਦੀ ਤਾਕਤ ਅਤੇ ਬਹਾਦਰੀ ਤੋਂ ਅੰਗ੍ਰੇਜ਼ ਡਰਦੇ ਸਨ। ਮਿਸਲਾਂ ਦੇ ਸਰਦਾਰ ਗੁਰੂ ਨਾਨਕ ਦੇਵ ਵਲੋਂ ਮੂਲ ਮੰਤਰ ਵਿੱਚ ਪਰਿਭਾਸ਼ਤ ਕੀਤੇ ਗਏ ਇੱਕ ਪ੍ਰਮਾਤਮਾ/ਰਬ ਦੇ ਸੰਕਲਪ ਅਤੇ ਦਸਮ ਪਾਤਸ਼ਾਹ ਦੇ ਆਦੇਸ਼, ‘ਗੁਰੂ ਮਾਨਿਊਂ ਗ੍ਰੰਥ’ ਵਿੱਚ ਯਕੀਨ ਰਖਦੇ ਸਨ। ਇਸ ਲਈ ਮਿਸ਼ਨਰੀ ਪੈਂਤੜੇ ਤਹਿਤ ਉਨ੍ਹਾਂ ਨੇ ਸੱਭ ਤੋਂ ਪਹਿਲਾਂ ਸਿੱਖਾਂ ਦੇ ਧਰਮ ਗ੍ਰੰਥ ‘ਗੁਰੂ ਗ੍ਰੰਥ ਸਾਹਿਬ’ ਨੂੰ ਗੰਧਲਾ ਕਰਨ ਦੀ ਮਨਸ਼ਾ ਨਾਲ ਦਸਮ ਗ੍ਰੰਥ ਦੀ ਮਿੱਥ ਸ਼ੁਰੂ ਕੀਤੀ। ਉਨ੍ਹਾਂ ਦਿਨਾਂ ਵਿੱਚ ਪਟਨੇ ਸਾਹਿਬ ਦਾ ਤਖਤ ਕਲਕੱਤੇ ਵਿੱਚ ਸਥਾਪਤ ਹੋ ਚੁਕੀ ਅੰਗ੍ਰੇਜ਼ ਹਕੂਮਤ ਹੇਠ ਆਉਂਦਾ ਸੀ। ਉਨ੍ਹਾਂ ਨੂੰ ਪਤਾ ਸੀ ਕਿ ਸਿੱਖਾਂ ਦੀ ਤਾਕਤ ਇੱਕ ਰੱਬ-ਇਕ ਗ੍ਰੰਥ-ਇਕ ਪੰਥ ਦੇ ਸੰਕਪ ਵਿੱਚ ਵਿਦਮਾਨ ਹੈ ਜਿਸ ਦੀ ਅਧਾਰਸ਼ਿਲਾ ‘ਗੁਰੂ ਮਾਨਿਉਂ ਗ੍ਰੰਥ’ ਹੈ। ਸਬਬ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਵੀ ਪਟਨੇ ਦਾ ਸੀ ਇਸ ਲਈ ਅੰਗ੍ਰੇਜ਼ਾਂ ਨੇ ਈਸਾਈ ਸਾਜ਼ਸ਼ ਪਟਨੇ ਸਾਹਿਬ ਤੋਂ ਸ਼ੂਰੂ ਕੀਤੀ। ਇਸ ਸਾਜ਼ਸ਼ ਵਿੱਚ ਪਟਨੇ ਤਖਤ ਦੇ ਕਰਤਾ ਧਰਤਾ ਨਿਰਮਲੇ ਸਾਧ ਦਿਆਲ ਸਿੰਘ, ਨਵਲ ਸਿੰਘ ਅਤੇ ਗ੍ਰੰਥੀ ਸੁੱਖਾ ਸਿੰਘ ਸਨ ਅਤੇ ਕਲਕੱਤੇ ਦੇ ਗੁਦੁਆਰੇ ਦਾ ਰਖਵਾਲਾ ਆਤਮਾ ਰਾਮ ਸ਼ਾਮਿਲ ਸੀ। ਇਨ੍ਹਾ ਪਾਸ ‘ਨਾਨਕ ਪੰਥੀ ਕਾਵਿਯ’ ਨਾਮੀਂ ਗ੍ਰੰਥ ਸੀ ਜੋ ਹਿੰਦਵੀ ਵਿੱਚ ਲਿਖਿਆ ਹੋਇਆ ਸੀ ਜਿਸ ਦਾ ਜ਼ਿਕਰ ਗਿਆਨੀ ਗਿਆਨ ਸਿੰਘ ਨੇ ‘ਪੰਥ ਪ੍ਰਕਾਸ਼’ ਵਿੱਚ ਕੀਤਾ ਹੈ। (ਸੁੱਖਾ ਸਿੰਘ ਗ੍ਰੰਥੀ ਔਰ॥ ਰਚੀ ਬੀੜ ਪਟਨੇ ਮੈ ਗੌਰ॥)। ਇਸ ਬੀੜ ਬਾਰੇ ਚਾਰਲਜ਼ ਵਿਲਕਨ ਨੇ ਵੀ 1781 ਈ. ਵਿੱਚ ਸੁਣਿਆ ਸੀ। ਇਸ ਗ੍ਰੰਥ ਦੇ ਨਾਂ ਤੋਂ ਭਾਸਦਾ ਹੈ ਕਿ ਇਸ ਵਿੱਚ ਗੁਰੂ ਨਾਨਕ ਵਲੋਂ ਚਲਾਏ ਗਏ ਸਿੱਖ ਪੰਥ ਨਾਲ ਸੰਬੰਦਤ ਬਾਣੀ ਸੀ, ਅਰਥਾਤ, ਇਹ ਆਦਿ/ਕਰਤਾਰਪੁਰੀ ਬੀੜ ਦੀ ਨਕਲ ਹੀ ਸੀ ਜਿਸ ਵਿੱਚ ਨਿਰਮਲਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਹੇਠ ਉਹ ਬਾਣੀ ਵੀ ਦਰਜ ਕਰ ਰੱਖੀ ਸੀ, ਕੁੱਝ ਜੋ ਉਸ ਵੇਲੇ ਪ੍ਰਚੱਲਤ ਸੀ ਅਤੇ ਕੁੱਝ ਆਪਣੇ ਕਲੋਂ ਲਿਖ ਕੇ ਪਾਈ ਹੋਈ ਸੀ ਜਿਸ ਦੀ ਅਗਵਾਹੀ ਗਿਆਨੀ ਗਿਆਨ ਸਿੰਘ ਵੀ ਦਿੰਦਾ ਹੈ:

  ਪੁਨਾ ਚੜਤ ਸਿੰਘ ਤਾਕੇ ਪੂਤ॥ ਅਖਰ ਦਸਮ ਗੁਰੁ ਸਮਸੂਤ॥

  ਕਰ ਕੈ ਪਾਂਚ ਪਤਰੇ ਔਰ॥ ਗੁਰੁ ਤਰਫੋਂ ਲਿਖ ਪਾਏ ਗੌਰ॥

  ਔਰ ਗ੍ਰੰਥ ਇੱਕ ਵੈਸਾ ਕੀਓ॥ ਸੋ ਬਾਬੇ ਹਾਕਮ ਸਿੰਘ ਲੀਓ॥

  ਉਸ ਵੇਲੇ ਕਲਕੱਤੇ ਵਿੱਚ ਕੋਲਬਰੁਕ ਬ੍ਰਿਟਿਸ਼ ਐਡਮਨਿਸਟ੍ਰੇਟਰ ਸੀ, ਚਾਰਲਜ਼ ਵਿਲਕਨਜ਼ ਬ੍ਰਿਟਿਸ਼ ਲਾਇਬ੍ਰੇਰੀ ਦਾ ਇਨਚਾਰਜ ਸੀ ਅਤੇ ਜੌਹਨ ਮੈਲਕਮ ਮਿਲਟ੍ਰੀ ਐਡਮਨਿਸਟ੍ਰੇਟਰ ਸੀ। ਲਗਦਾ ਇਉਂ ਹੈ ਕਿ ਇਨ੍ਹਾਂ ਗੋਰਿਆਂ ਨੇ ਨਿਰਮਲਿਆਂ ਨਾਲ ਮਿਲ ਕੇ ‘ਗੁਰੂ ਨਾਨਕ ਕਾਵਿਯ’ ਵਿਚੋਂ ਦਸਮ ਪਾਤਸ਼ਾਹ ਦੀ ਬਾਣੀ ਨੂੰ ਜੁਦਾ ਕਰਵਾਕੇ ਇਸ ਵਿੱਚ ਗੁਰੂ ਜੀ ਦੀ ਬਾਣੀ ਨਾਲ ਮਿਲਦੇ-ਜੁਲਦੇ ਹੋਰ ਸਲੋਕਾਂ ਨੂੰ ਰਲਾਇਆ ਤਾਕਿ ਇਸ ਨੂੰ ਦਸਮ ਗ੍ਰੰਥ ਦਾ ਰੂਪ ਦਿੱਤਾ ਜਕਾ ਸਕੇ। ਕਈ ਇਤਿਹਾਸਕਾਰ, ਜਿਵੇਂ ਕੇਸਰ ਸਿੰਘ ਛਿੱਬੜ (ਬੰਸਾਵਲੀਨਾਮਾ) ਅਤੇ ਭਾਈ ਸੰਤੋਖ ਸਿੰਘ (ਸਿਰੀ ਗੁਰਪਰਤਾਪ ਸੂਰਜ ਗ੍ਰੰਥ) ਕੁੱਝ ‘ਖਾਸ ਪੱਤਰਿਆਂ’ ਦਾ ਜ਼ਿਕਰ ਕਰਦੇ ਹਨ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਉਨ੍ਹਾਂ ਦੇ ਦਰਬਾਰੀ ਕਵੀਆਂ ਵਲੋਂ ਰਚੇ ਢੇਰ ਸਾਰੇ ਸਾਹਿਤ ਦੇ ਸਰਸਾ ਨਦੀ ਵਿੱਚ ਨਸ਼ਟ ਹੋਣ ਤੋਂ ਬਾਅਦ ਕੁੱਝ ਸਿੱਖਾਂ ਦੇ ਹੱਥ ਲੱਗੇ ਸਨ। ਗਿਆਨੀ ਗਿਆਨ ਸਿੰਘ ਨੇ ‘ਪੰਥ ਪ੍ਰਕਾਸ਼’ (1880) ਵਿੱਚ ਲਿਖਿਆ ਹੈ ਕਿ ਸੁੱਖਾ ਸਿੰਘ (ਜੋ ਬਾਅਦ ਵਿੱਚ ਤੱਖਤ ਪਟਨਾ ਸਾਹਿਬ ਦਾ ਜਥੇਦਾਰ ਬਣਿਆ) ਦਾ ਪੁੱਤ ਚੜ੍ਹਤ ਸਿੰਘ ਇਨ੍ਹਾਂ ਖਾਸ ਪੱਤਰਿਆਂ ਦੇ ਉਤਾਰਿਆਂ ਨੂੰ ਮੁੱਲ ਵੇਚ ਕੇ ਕਮਾਈ ਕਰਦਾ ਸੀ। ਸ਼ਾਇਦ ਇਹ ਉਹੀ ਪੱਤਰੇ ਹੋਣ ਜਿਨ੍ਹਾਂ ਤੇ ਲਿਖੀ ਹੋਈ ਬਾਣੀ ਨੂੰ ਦਸਵੀਂ ਪਾਤਸ਼ਾਹੀ ਦੀ ਕਿਆਸ ਕਰਕੇ ‘ਨਾਨਕ ਪੰਥੀ ਕਾਵਿਯ’ ਵਿੱਚ ਰਲਾਇਆ ਗਿਆ ਹੋਵੇ। ਇਹ ਵੀ ਲਿਖਿਆ ਮਿਲਦਾ ਹੈ ਕਿ ਸੁੱਖਾ ਸਿੰਘ ਦੀ ਹੱਥ-ਲਿਖਤ ਗੁਰੂ ਗੋਬਿੰਦ ਸਿੰਘ ਜੀ ਦੀ ਹਥ-ਲਿਖਤ ਨਾਲ ਮਿਲਦੀ ਸੀ। ਹੋ ਸਕਦਾ ਹੈ ਕਿ ਉਸ ਨੇ ਮਿਲਦੇ ‘ਖਾਸ ਪੱਤਰਿਆਂ’ ਦੀ ਲਿਖਤ ਨੂੰ ਵਾਚ ਕੇ ਅਭਿਆਸ ਨਾਲ ਆਪਣੀ ਹੱਥ-ਲਿਖਤ ਨੂੰ ਉਨ੍ਹਾਂ ਤੇ ਲਿਖੇ ਹੋਏ ਅੱਖਰਾਂ ਵਰਗਾ ਬਣਾ ਲਿਆ ਹੋਵੇ ਅਤੇ ਇਹ ਗੁਣ (ਔਗਣ) ਗੁਰੂ ਜੀ ਦੇ ਨਾਂ ਹੇਠ ਮੰਘੜਤ ਬਾਣੀ ਲਿਖਣ ਦੇ ਕੰਮ ਆਇਆ ਹੋਵੇ। ਗਿਆਨੀ ਗਿਆਨ ਸਿੰਘ ਨੇ ਵੀ ਲਿਖਿਆ ਹੈ ਕਿ ਚੜ੍ਹਤ ਸਿੰਘ ਨੇ ਪੰਜ ਪੱਤਰੇ ਆਪਣੇ ਕੋਲੋਂ ਲਿਖ ਕੇ ਗ੍ਰੰਥ ਵਿੱਚ ਪਾਏ (ਕਰ ਕੈ ਪਾਂਚ ਪਤਰੇ ਔਰ॥ ਗੁਰੁ ਤਰਫੋਂ ਲਿਖ ਪਾਏ ਗੌਰ॥)। ਇਹ ਦਲੀਲ਼ ਠੀਕ ਲਗਦੀ ਹੈ ਕਿਉਂਕਿ ਚੜ੍ਹਤ ਸਿੰਘ ਗੁਰੂ ਗੋਬਿੰਦ ਸਿੰਘ ਦੇ ਨਾਂ ਹੇਠ ਪੱਤਰਿਆਂ ਦੇ ਉਤਾਰੇ ਵੇਚਦਾ ਸੀ ਅਸਲੀ ਉਸ ਪਾਸ ਰਹਿੰਦੇ ਸਨ। ਜੇ ਉਹ ਪੱਤਰਿਆਂ ਦੇ ਰੂਪ ਵਿੱਚ ਬਾਣੀ ਵੇਚ ਸਕਦਾ ਸੀ ਤਾਂ ਲਾਲਚ ਵਿੱਚ ਆਕੇ ਉਸ ਨੇ ਗੁਰੂ ਜੀ ਦੇ ਨਾਂ ਹੇਠਾਂ ਹੋਰ ਬਾਣੀ ਵੀ ਲਿਖੀ ਹੋਵੇਗੀ ਜੋ ‘ਨਾਨਕ ਪੱਥੀ ਕਾਵਿਯ’ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਹੇਠ ਦਰਜ ਕੀਤੀ ਹੋਵੇਗੀ।

  ਉਪਰੋਕਤ ਮਨੌਤਾਂ (Hypotheses) ਮੂਲੋਂ ਮਨਘੜਤ ਅਤੇ ਦਲੀਲ਼ ਰਹਿਤ ਨਹੀਂ ਹਨ ਕਿਉਂਕਿ ਇਨ੍ਹਾਂ ਦੀ ਪਿਠਭੂਮੀ ਵਿੱਚ ਇਤਿਹਾਸਕ ਗਵਾਹੀ ਵੀ ਮਿਲਦੀ ਹੈ। ਇਸ ਤਰਾਂ ਭਿੰਨ ਭਿੰਨ ਲਿਖਤਾਂ ਦੇ ਜੋੜ ਨਾਲ ਜਦ ‘ਨਾਨਕ ਪੰਥੀ ਕਾਵਿਯ’ ਵੱਡ ਆਕਾਰਾ ਗ੍ਰੰਥ ਬਣ ਗਿਆ ਤਾਂ ਅੰਗ੍ਰੇਜ਼ਾਂ ਨੇ ਇਸ ਨੂੰ ਨਿਰਮਲਿਆਂ ਕੋਲੋਂ ਗਰੁਮੁਖੀ ਵਿੱਚ ਲਿਪੀਅੰਤਰ ਕਰਵਾਕੇ ਇਸ ਦਾ ਨਾਂ ‘ਗੁਰਮੁਖੀ ਗ੍ਰੰਥ ਦਸਵਾਂ ਪਾਸ਼ਾਹੀ’ ਰੱਖ ਦਿੱਤਾ ਗਿਆ। ਪਟਨੇ ਵਾਲੇ ਨਿਰਮਲਿਆਂ ਵਲੋਂ ਬਣਾਏ ਇਸੇ ਗ੍ਰੰਥ ਨੂੰ ਕੋਲਬਰੁਕ ਨੇ ਪ੍ਰਾਪਤ ਕਰਕੇ ਕਲਕੱਤੇ ਵਿਖੇ ਇਸ ਦੀ ਕਾਪੀ ਬਣਾਈ ਅਤੇ ਬ੍ਰਿਟਿਸ਼ ਲਾਇਬ੍ਰੇਰੀ ਨੂੰ ਸੌਂਪ ਦਿੱਤੀ ਜਿਸ ਦਾ ਇਨਚਾਰਜ ਚਾਰਜ਼ ਵਿਲਕਨਜ਼ ਸੀ। ਇਸੇ ਗ੍ਰੰਥ ਨੂੰ ਜੌਹਨ ਮੈਲਕਮ ਨੇ ਆਪਣੀ ਪੁਸਤਕ Sketch of the Sikhs (1810-1812) ਲਿਖਣ ਲਈ ਵਰਤਿਆ। ਅਤੇ ਇਸੇ ਗ੍ਰੰਥ ਨੂੰ ਨਿਰਮਲਿਆਂ ਦੀ ਸਹਾਇਤਾ ਨਾਲ ਪੰਜਾਬ ਦੇ ਗੁਰਦੁਆਰਿਆਂ ਵਿੱਚ ਧਰਿਆ ਅਰਥਾਤ, Transplant ਕੀਤਾ ਗਿਆ ਤਾਕਿ ਸਿੱਖ ਧਰਮ ਨੂੰ ਖੋਰਾ ਲਾਇਆ ਜਾ ਸਕੇ।

  ਮਹਾਂਰਾਜਾ ਰਣਜੀਤ ਸਿੰਘ ਨੇ ਮਿਸਲਾਂ ਨੂੰ ਇਕੱਠਾ ਕਰਕੇ 1799 ਈ. ਵਿੱਚ ਪੰਜਾਬ ਤੇ ਰਾਜ ਸਥਾਪਤ ਕਰ ਲਿਆ। ਫ੍ਰੰਗੀ ਰਾਜਨੀਤੀ ਵਰਤ ਕੇ ਅੰਗ੍ਰੇਜ਼ਾਂ ਨੇ ਸਿੱਖ ਸਤਲੁਜ ਦਰਿਆ ਦੇ ਚੜ੍ਹਦੇ ਪਾਸੇ ਦੀਆਂ ਰਿਆਸਤਾਂ ਨਾਲ 1809 ਈ. ਵਿੱਚ ਸੰਧੀ ਕਰਕੇ ਸਤਿਲੁਜ ਦੇ ਇਲਾਕੇ ਤੱਕ ਪਹੁੰਚ ਕਾਇਮ ਕਰ ਲਈ। ਉਪਰੋਕਤ ਗ੍ਰੰਥ ਨੂੰ ਸਤਲੁਜ ਦੇ ਚੜ੍ਹਦੇ ਪਾਸੇ ਤੱਕ ਵੰਡ ਕੇ ਸਿੱਖਾਂ ਨੂੰ ਭੰਬਲਭੂਸੇ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ। ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕਿਸੇ ਦਸਮ ਗ੍ਰੰਥ ਦਾ ਘੱਟ ਵਧ ਹੀ ਪਤਾ ਸੀ ਅਤੇ ਨਾ ਹੀ ਇਹ ਗ੍ਰੰਥ ਕਦੇ ਦਰਬਾਰ ਸਾਹਿਬ ਵਿੱਚ ਪ੍ਰਕਾਸ਼ ਕੀਤਾ ਗਿਆ ਸੀ। ਸਨ 1846 ਵਿੱਚ ਧੋਖੇ ਨਾਲ ੲੈਂਗਲੋ ਸਿੱਖ ਲੜਾਈ ਜਿੱਤਣ ਉਪਰੰਤ ਅੰਗ੍ਰੇਜ਼ਾਂ ਨੇ ਇਸ ਗ੍ਰੰਥ ਨੂੰ ਜਨਵਰੀ 1847 ਵਿੱਚ ਹਿੰਦੀ ਵਿੱਚ ਉਲਥਾ ਕੇ ਹਿੰਦੂਆਂ ਅਤੇ ਸਿੱਖਾਂ ਨੂੰ ਇਕੋ ਧਰਮ ਮਰਯਾਦਾ ਨਾਲ ਜੋੜਨਾ ਚਾਹਿਆ। ਚੌਵੀਸ਼ ਅਵਤਾਰਾਂ ਦੇ ਨਾਵਾਂ ਦੇ ਅਧਾਰ ਤੇ ਸਿੱਖ ਧਰਮ ਦੇ ੴ ਦੇ ਸੰਕਲਪ ਦੀ ਵਜਾਏ ਅਨੇਕ ਓਂਕਾਰ ਦੀ ਮਿਥ ਈਜਾਦ ਕਰਕੇ ਸਿੱਖਾਂ ਨੂੰ ਹਿੰਦੂਆਂ ਨਾਲ ਰਲਗਡ ਕਰਨਾ ਚਾਹਿਆ। ਅਰਥਾਤ, ਸਿੱਖ ਧਰਮ ਦੇ ਸੂਤਰ ‘ਮੂਲਮੰਤਰ’ ਵਿੱਚ ਅੰਕਤ ਸਿੱਖਾਂ ਦੇ ਇੱਕ ਈਸ਼ਰਵਾਦੀ ਸੰਕਲਪ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਪਰਕਾਰ 1849 ਵਿੱਚ ਹਿੰਦੂ ਅਤੇ ਸਿੱਖਾਂ ਨੂੰ ਕੰਟਰੋਲ ਵਿੱਚ ਕਰਕੇ ‘ਸਿੱਖ’ ਅਤੇ ‘ਹਿੰਦੂ’ ਦੇ ਭੇਦ ਨੂੰ ਮਟਾਉਣਾ ਚਾਹਿਆ। ਮਹਾਂਰਾਜਾ ਦਲੀਪ ਸਿੰਘ ਨੂੰ ਤਾਂ ਚੱਕ ਕੇ ਇੰਗਲੇਂਡ ਲੈ ਗਏ ਤਾਕਿ ਪੰਜਾਬ ਚੋਂ ਸਿੱਖ ਰਾਜ ਦਾ ਨਾਮੋਨਿਸ਼ਾਨ ਹੀ ਮਿਟ ਜਾਵੇ। ਇਤਿਹਾਸ ਵਿੱਚ ਇਹ ਪਹਿਲੀ ਦੁਰਘਟਨਾ ਹੈ ਜਿੱਥੇ ਕਿਸੇ ਮੁਲਕ ਦੇ ਹੁਕਮਰਾਨ ਨੂੰ ਧੱਕੇ ਨਾਲ ਚੁੱਕ ਕੇ ਦੇਸ਼ ਨਿਕਾਲਾ ਦਿੱਤਾ ਗਿਆ ਹੋਵੇ ਅਤੇ ਧਰਮ ਬਦਲਣ ਲਈ ਮਜ਼ਬੂਰ ਕੀਤਾ ਗਿਆ ਹੋਵੇ।

  1. ਕੋਲਬਰੁਕ ਵਾਲੀ ਬੀੜ (Mss D5 PunjabI (HT Colebrook)

  ਕਥਤ ਦਸਮ ਗ੍ਰੰਥ ਦਾ ਮੁੱਡ ਕੋਲਬਰੁਕ (Colebrook) ਵਾਲੀ ਬੀੜ ਤੋਂ ਬੱਝਾ। ਅਠਾਰਵੀਂ ਸਦੀ ਦੇ ਅਖੀਰ ਤੱਕ ਕਿਸੇ ਵੀ ਗ੍ਰੰਥ ਦੀ ਕੋਈ ਉੱਗ-ਸੁੱਘ ਨਹੀਂ ਮਿਲਦੀ ਜਿਸ ਦਾ ਨਾਂ ‘ਸਿਰੀ ਦਸਮ ਗ੍ਰੰਥ’, ‘ਦਸਮ ਪਾਤਸ਼ਾਹੀ ਦਾ ਗ੍ਰੰਥ’, ‘ਗੁਰੂ ਗੋਬਿੰਦ ਸਿੰਘ ਜੀ ਦਾ ਗ੍ਰੰਥ’ ਜਾਂ ‘ਦਸਮ ਗ੍ਰੰਥ’ ਹੋਵੇ। ਉਪਰੋਕਤ ਦਿੱਤੇ ਪੰਜਾਬੀ ਇਤਿਹਾਸਕ ਸਰੋਤਾਂ ਦੇ ਨਾਲ ਨਾਲ, ਭਾਰਤੀ, ਅਰਬੀ-ਫਾਰਸੀ ਅਤੇ ਪੱਛਮੀ ਸੋਮਾ ਸਰੋਤ ਵੀ ਕਥਤ ਦਸਮ ਗ੍ਰੰਥ ਬਾਰੇ ਚੁੱਪ ਹਨ। ਜਿਨ੍ਹਾਂ ਗ੍ਰੰਥਾਂ ਦਾ ਇਤਿਹਾਸ ਵਿੱਚ ਜ਼ਿਕਰ ਆਇਆ ਹੈ ਜਿਵੇਂ ਸਮੁੰਦਰ ਸਾਗਰ (ਕੇਸਰ ਸਿੰਘ ਛਿੱਬੜ), ਵਿਦਿਆ ਸਾਗਰ (ਸਰੂਪ ਦਾਸ ਭੱਲਾ), ਵਿਦਿਆਧਰ ਗ੍ਰੰਥ (ਭਾਈ ਸੰਤੋਖ ਸਿੰਘ), ਅਤੇ ਇਕੱਲੀਆਂ ਪੋਥੀਆਂ (ਗਿਆਨੀ ਗਿਆਨ ਸਿੰਘ), ਲਖਕਾਂ ਦੁ ਅਨੁਸਾਰ ਇਹ ਸਾਰੇ ਨਸ਼ਟ ਹੋ ਚੁਕੇ ਹੋ ਚੁਕੇ ਹਨ। ਇਸ ਲਈ ਸਿੱਖ ਇਤਿਹਾਸ ਵਿੱਚ ਕੋਈ ਵੀ ‘ਦਸਮ ਗ੍ਰੰਥ’ ਨਾਮੀ ਗ੍ਰੰਥ ਨਹੀਂ ਮਿਲਦਾ ਜੋ ਗੁਰੂ ਸਾਹਿਬ ਦੇ ਦਸਤੇ ਮੁਬਾਰਕ ਨਾਲ ਰਚਿਆ ਗਿਆ ਹੋਵੇ। ਪਹਿਲੀ ਵਾਰ ਜੌਹਨ ਮੈਲਕਮ (John Malcolm) ਨੇ ਆਪਣੀ ਪੁਸਤਕ, Sketch of the Sikhs, ਵਿਚ “ਦਸਵਾਂ ਪਾਤਸ਼ਾਹ ਕਾ ਗ੍ਰੰਥ” ਨਾਂ ਵਰਤਿਆ। ਉਸ ਨੇ ਲਿਖਿਆ ਕਿ ਪੰਜਾਬ ਵਿਚੋਂ 1805 ਈ. ਵਿੱਚ ਉਸ ਨੂੰ ਕੇਵਲ “ਗੁਰੂ ਗ੍ਰੰਥ ਸਾਹਿਬ” ਦੀ ਕਾਪੀ ਮਿਲੀ ਪਰ ‘ਦਸਵੀਂ ਪਾਤਸ਼ਾਹੀ ਕਾ ਗ੍ਰੰਥ’ ਦੀ ਕਾਪੀ ਕਲਕੱਤੇ ਤੋਂ ਐਚ. ਟੀ. ਕੋਲਬਰੁਕ (H.T. Colebrook) ਕੋਲੋਂ ਮਿਲੀ ਜੋ ਉਸ ਨੇ ਅਣਥਕ ਖੋਜ ਕਰਕੇ ਬੜੇ ਯਤਨਾਂ ਨਾਲ ਪ੍ਰਾਪਤ ਕੀਤੀ। ਮੈਲਕਮ ਦੇ ਆਪਣੇ ਸ਼ਬਦਾਂ ਵਿੱਚ ਲਿਖਿਆ ਹੈ:

  “I succeeded with difficulty in obtaining a copy of the Adi-Granth and some historical tracts, the most essential parts of which, when I returned to Calcutta, were explained to me by a Sikh priest of the Nirmala order, whom I found equally intelligent and communicative, and who spoke of the religion and ceremonies of his sect with less restraint than any of his brethren whom I had met with in Penjab…however, that the indefatigable research of Mr. Colebrook has procured not only the Adi-Granth, but also the Dasima Padshah ka Granth; and that, consequently, he is in possession of the two most sacred books of the Sikhs.”

  ਜੌਹਨ ਮੈਲਕਮ, ਲੌਰਡ ਲੇਕ (Lord Lake) ਨਾਲ 1805 ਵਿੱਚ ਪੰਜਾਬ ਆਇਆ; ਉਸ ਨਾਲ ਰਿਆਸਤ ਜੀਂਦ ਦਾ ਰਾਜਾ ਭਾਗ ਸਿੰਘ ਵੀ ਸੀ। ਇਹ ਸਾਰੇ ਬਿਆਸ ਦਰਿਆ ਤੱਕ ਗਏ। ਪਹਿਲੀ ਗੱਲ ਤਾਂ ਇਹ ਹੈ ਕਿ ਮੈਲਕਮ ਨੂੰ ਅਜੇਹੀ ਕਿਹੜੀ ਲੋੜ ਪੈ ਗਈ ਸੀ ਕਿ ਉਸ ਨੂੰ ਸਿੱਖਾਂ ਦੇ ਧਰਮ ਗ੍ਰੰਥਾਂ ਨੂੰ ਭਾਲਣ ਲਈ ਪੰਜਾਬ ਆਉਣਾ ਪਿਆ ਅਤੇ ਬੜੀ ਮੁਸ਼ਕਲ ਨਾਲ ‘ਆਦਿ ਗ੍ਰੰਥ’ ਪ੍ਰਾਪਤ ਕਰ ਸਕਿਆ ਪਰ ਦਸਮ ਗ੍ਰੰਥ ਫੇਰ ਵੀ ੳਪੁਲੱਬਦ ਨਹੀਂ ਹੋਇਆ। ਪੰਜਾਬ ਵਿੱਚ ਉਸ ਵੇਲੇ ਸਿੱਖਾਂ ਦੀ ਹਕੂਮਤ ਸੀ ਅਤੇ ਇਹ ਸਿੱਖ ਕੌਮ ਦਾ ਮੁਲਕ ਸੀ। ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਅਕਾਲੀ ਫੂਲਾ ਸਿੰਘ ਅਤੇ ਹਰੀ ਸਿੰਘ ਨਲੂਏ ਵਰਗਰ ਜੋਧੇ ਦਸਵੇਂ ਗੁਰੂ ਦੇ ਸੰਪੂਰਨ ਸਿੱਖ ਸਨ। ਜੇ ਉਨ੍ਹਾਂ ਨੂੰ ਕਿਸੇ ਦਸਮ ਗ੍ਰੰਥ ਦਾ ਥੌ ਪਤਾ ਨਹੀਂ ਸੀ ਤਾਂ ਹੋਰ ਕਿਸ ਨੂੰ ਕਿਵੇਂ ਹੋ ਸਕਦਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਪੰਜਾਬ ਦੇ ਸਿੱਖ ਰਾਜ ਵਿਚੋਂ ਮੈਲਕਮ ਨੂੰ ਦਸਮ ਗ੍ਰੰਥ ਕਿਉਂ ਨਾ ਮਿਲ ਸਕਿਆ? ਇਸ ਦਾ ਉਤਰ ਇਹ ਹੈ ਕਿ ਪੰਜਾਬ ਵਿੱਚ ਉਸ ਵੇਲੇ ਕੇਵਲ ‘ਗੁਰੂ ਗ੍ਰੰਥ ਸਹਿਬ’ ਹੀ ਗੁਰਦੁਆਰਿਆਂ ਵਿੱਚ ਪ੍ਰਕਾਸ਼ ਕੀਤਾ ਜਾਂਦਾ ਸੀ। ਕਿਉਂਕਿ ਇਸ ਤੋਂ ਵਗੈਰ ਸਿੱਖਾਂ ਦਾ ਕੋਈ ਹੋਰ ਗ੍ਰੰਥ ਹੈ ਹੀ ਨਹੀਂ ਸੀ ਇਸ ਲਈ ਦਸਮ ਗ੍ਰੰਥ ਕਿੱਥੋਂ ਮਿਲਣਾ ਸੀ।। ਦਿਲਚਸਪ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਮੈਲਕਮ ਨੂੰ ਦਸਮ ਗ੍ਰੰਥ ਕਲਕੱਤੇ ਵਿਚੋਂ ਕੋਲਬਰੁਕ ਕੋਲੋਂ ਪ੍ਰਾਪਤ ਹੋਇਆ ਜਿੱਥੇ ਸਿੱਖਾਂ ਦੀ ਵਸੋਂ ਆਟੇ ਵਿੱਚ ਲੂਣ ਵਾਂਗ ਸੀ। ਪਟਨਾ ਅਤੇ ਕਲਕੱਤੇ ਵਿੱਚ ਗੁਰਦੁਆਰੇ ਸਨ ਜਿਨ੍ਹਾਂ ਨੂੰ ਨਿਰਮਲੇ ਕੰਟ੍ਰੋਲ ਕਰਦੇ ਸਨ ਜਿਨ੍ਹਾਂ ਨਾਲ ਮਿਲ ਕੇ ਗੋਰਿਆਂ ਨੇ ਦਸਮ ਗ੍ਰੰਥ ਦੀ ਮਿੱਥ ਨੂੰ ਸ਼ੁਰੂ ਕੀਤਾ।

  ਮੈਲਕਮ ਦੀ ਪੁਸਤਕ 1810 ਈ. ਵਿੱਚ ਛਾਪੀ ਗਈ ਜਿਸ ਵਿੱਚ ਪਹਿਲੀ ਬਾਰ ‘ਦਸਮਾ ਪਾਤਸ਼ਾਹ ਕਾ ਗ੍ਰੰਥ’ ਦਾ ਨਾਂ ਵਰਤਿਆ ਗਿਆ ਜੋ ਉਸ ਨੇ ਕੋਲਬਰੁਕ ਤੋਂ ਪ੍ਰਾਪਤ ਕੀਤਾ। ਐਚ. ਟੀ. ਕੋਲਬਰੁਕ ਨੇ ਇਹੋ ਬੀੜ 1812 ਵਿੱਚ ਬ੍ਰਿਟਿਸ਼ ਲਾਇਬ੍ਰੇਰੀ, ਲੰਦਨ ਨੂੰ ਸੌਂਪ ਦਿੱਤੀ ਜੋ ਲਾਇਬ੍ਰੇਰੀ ਕੈਟਾਲੌਗ ਨੰਬਰ Mss D5 Punjabi (H.T. Colebrook) ਨਾਂ ਹੇਠ ਦਰਜ ਹੈ। ਇਹ ਬੀੜ ਕਿਹੜੇ ਸਾਲ ਵਿੱਚ ਕਿੱਥੋਂ, ਕਿਵੇਂ, ਅਤੇ ਕਿਹਦੇ ਕੋਲੋਂ ਪ੍ਰਾਪਤ ਕੀਤੀ ਗਈ, ਇਸ ਬਾਰੇ ਨਾ ਤਾਂ ਬੀੜ ਵਿੱਚ ਕੋਈ ਸਾਖਿਆਤ ਗਵਾਹੀ ਹੈ, ਨਾਂ ਕੋਲਬਰੁਕ ਹੀ ਕੁੱਝ ਦਸਦਾ ਹੈ ਅਤੇ ਨਾ ਹੀ ਮੈਲਕਮ ਨੂੰ ਕੋਈ ਥੌਹ ਪਤਾ ਹੈ। ਪਰ ਇੱਕ ਗੱਲ ਨਿਸਚਿਤ ਹੈ ਕਿ ਇਹ, ਥੋੜੀਆਂ ਸਤਰਾਂ ਨੂੰ ਛੱਡ ਕੇ, ਕਥਤ ਗ੍ਰੰਥ ਨਾਲ, ਮਿਲਦੀ ਹੈ। ਹੇਠਾਂ ਸੋਧਕ ਕਮੇਟੀ ਵਲੋਨ ਸੋਧੇ ਦਸਮ ਗ੍ਰੰਥ ਅਤੇ ਕੋਲਬਰੁਕ ਵਾਲੀ ਬੀੜਾਂ ਦੀ ਸਮਾਨਤਾ ਅਤੇ ਅੰਤਰ ਦਾ ਲੇਖਾ-ਜੋਖਾ ਕਰਦੇ ਹਾਂ

  2. ਦਸਮ ਗ੍ਰੰਥ ਅਤੇ ਕੋਲਬਰੁਬ ਵਾਲੀ ਬੀੜ ਵਿੱਚ ਅੰਤਰ

  ਸਭ ਤੋਂ ਪਹਿਲੀ ਅਤੇ ਮਹੱਤਵਪੂਰਨ ਗੱਲ ਇਹ ਹੈ ਕਿ ਕੋਲਬਰੁਕ ਅਤੇ ਛਪੇ ਹੋਏ ਦਸਮ ਗ੍ਰੰਥਾਂ ਦੀਆਂ ਵਖ ਵਖ ਬੀੜਾਂ ਜਿਵੇਂ, ਜਵਾਹਰ ਸਿੰਘ ਵਾਲੀ ਬੀੜ (1979 ਈ.), ਚਤਰ ਸਿੰਘ ਜੀਵਨ ਸਿੰਘ ਵਾਲੀ ਬੀੜ (1998 ਈ.), ਰਤਨ ਸਿੰਘ ਜੱਗੀ ਵਲੋਂ (1999 ਈ.) ਵਲੋਂ ਟੀਕੇ ਲਈ ਵਰਤੀ ਗਈ ਬੀੜ ਵਿੱਚ ਥੋੜਾ-ਵਾਹਲਾ ਫਰਕ ਹੈ। ਇਹ ਸਾਰੀਆਂ ਬੀੜਾਂ ਸੋਧਕ ਕਮੇਟੀ ਵਲੋਂ ਸੰਪਾਦ ਕੀਤੇ ਗਏ ਦਸਮ ਗ੍ਰੰਥ ਦੀਆਂ ਕਾਪੀਆਂ ਹੋਣੀਆਂ ਚਾਹੀਦੀਆਂ ਸਨ ਪਰ ਇਨ੍ਹਾਂ ਵਿੱਚ ਵੀ ਥੋੜ੍ਹਾ ਥੋੜ੍ਹਾ ਫਰਕ ਹੈ। ਅਸੀਂ ਕੇਵਲ ਚਤਰ ਸਿੰਘ ਜੀਵਨ ਸਿੰਘ ਵਲੋਂ ਪ੍ਰਕਾਸ਼ਤ ਕੀਤੇ ਹੋਏ ਦਸਮ ਗ੍ਰੰਥ ਦਾ ਕੋਲਬਰੁਕ ਵਾਲੀ ਬੀੜ ਨਾਲ ਤੁਲਨਾ ਕਰਾਂਗੇ। ਚਤਰ ਸਿੰਘ ਜੀਵਨ ਸਿੰਘ ਵਾਲੀ ਬੀੜ ਵਿੱਚ ਰਚਨਾਵਾਂ ਦੀ ਤਰਤੀਬ, ਸਫਿਆਂ ਸਮੇਤ, ਇਸ ਪਰਕਾਰ ਹੈ: ਜਾਪੁ (1-10), ਅਕਾਲ ਉਸਤਤਿ (11-38), ਬਚਿਤ੍ਰ ਨਾਟਕ (39-73), ਚੰਡੀ ਚਰਿਤ੍ਰ-1 (74-99), ਚੰਡੀ ਚਰਿਤ੍ਰ-2 (100-119), ਵਾਰ ਦੁਰਗਾ ਕੀ (119-127), ਗਿਆਨ ਪ੍ਰਬੋਧ (127-155), ਚੌਬੀਸ ਅਵਤਾਰ (155-611), ਬ੍ਰਹਮ ਅਵਤਾਰ (611-635), ਰੁਦ੍ਰ ਅਵਤਾਰ (635-709), (ਫੁਟਕਲ ਰਚਨਾਵਾਂ) ਸ਼ਬਦ ਹਜਾਰੇ-ਰਾਮਕਲੀ ਪਾ. 10 (709-712), ਸਵੈਯੇ (712-716), ਖਾਲਸਾ ਮਹਿਮਾ-ਸਵੈਯੇ (716-717), ਸਸਤ੍ਰ ਨਾਮ ਮਾਲਾ (717-808), ਚਰਿਤ੍ਰੋਪਾਖਿਆਨ (809-1388), ਜਫਰਨਾਮਾ (1389-1394) ਅਤੇ ਹਿਕਾਇਤਾਂ (1394-1428)। ਮੁਕਾਬਲੇ ਤੇ ਕੋਲਬਰੁਕ ਬੀੜ ਵਿੱਚ ਇਹ ਤਰਤੀਬ ਕਈ ਥਾਵਾਂ ਤੇ ਮਿਲਦੀ ਹੈ ਕਈ ਹਿਸਿਆਂ ਵਿੱਚ ਕਾਫੀ ਅੰਤਰ ਹੈ। ਦੋਹਾਂ ਵਿੱਚ ਬਾਣੀਆਂ ਦੀ ਤਰਤੀਬ ਹੇਠ ਦਿੱਤੀ ਜਾਂਦੀ ਹੈ।

  ਕਥਤ ਦਸਮ ਗ੍ਰੰਥ------- ਕੋਲਬਰੁਕ ਬੀੜ

  1. ਜਾਪੁ ---1. ਜਾਪੁ

  2. ਅਕਾਲ ਉਸਤਤਿ ---2. ਅਕਾਲ ਉਸਤਤਿ

  3. ਬਚਿਤ੍ਰ ਨਾਟਕ (ਅਪਨੀ ਕਥਾ) ---3. ਬਚਿਤ੍ਰ ਨਾਟਕ

  4. ਚੰਡੀ ਚਰਿਤ੍ਰ (ਉਕਤਿ ਬਿਲਾਸ) ---4. ਚੰਡੀ ਚਰਿਤ੍ਰ

  5. ਚੰਡੀ ਚਰਿਤ੍ਰ (ਦੂਜਾ) ---5. ਚੰਡੀ ਚਰਿਤ੍ਰ-2

  6. ਵਾਰ ਸ੍ਰੀ ਭਗਉਤੀ ਜੀ ਕੀ ---6. ਵਾਰ ਭਗਉਤੀ ਜੀ ਕੀ

  (ਵਾਰ ਦੁਰਗਾ ਕੀ)

  7. ਗਿਆਨ ਪ੍ਰਬੋਧ ---7. ਗਿਆਨ ਪ੍ਰਬੋਧ

  8. ਚੌਬੀਸ ਅਵਤਾਰ (ਬਿਸਨਾਵਤਾਰ) ---8. ਚੌਬੀਸ ਅਵਤਾਰ

  9. ਉਪ ਅਵਤਾਰ (ਬ੍ਰਹਮਾ ਅਤੇ ਰੁਦ੍ਰ) ---9. ਬ੍ਰਹਮਾਵਤਾਰ

  10. ਸ਼ਬਦ ਹਜ਼ਾਰੇ ---10. ਰੁਦ੍ਰਾਵਤਾਰ

  11. 33 ਸਵੈਯੇ ---11. ਸ਼ਸਤ੍ਰ ਨਾਮਮਾਲਾ

  12. ਖਾਲਸਾ ਮਹਿਮਾ ---12. 32 ਸਵੈਯੇ

  13, ਸ਼ਸਤ੍ਰ ਨਾਮਮਾਲਾ ---13. ਖਾਲਸਾ ਮਹਿਮਾ, ਸਵੈਯੇ

  14. ਚਰਿਤ੍ਰੋਪਾਖਿਆਨ---14. ਸ਼ਬਦ ਹਜ਼ਾਰੇ

  15. ਜ਼ਫ਼ਰਨਾਮਾ-ਹਿਕਾਇਤਾਂ---15. ਚਰਿਤ੍ਰੋਪਾਖਿਆਨ

  16. ------------ 16. ਜ਼ਫ਼ਰਨਾਮਾ

  17. ------------ 17. ਹਿਕਾਇਤਾਂ

  ਸਿੱਧ ਹੈ ਕਿ ਦੋਹਾਂ ਬੀੜਾਂ ਵਿੱਚ ਕੁੱਝ ਬਾਣੀਆਂ ਦੀ ਤਰਤੀਬ ਮਿਲਦੀ ਹੈ ਪਰ ਕੁੱਝ ਦੀ ਨਹੀਂ ਮਿਲਦੀ। ਪਰ ਦੋਹਾਂ ਵਿੱਚ ਸਾਰੀਆਂ ਬਾਣੀਆਂ ਮੌਜੂਦ ਹਨ। ਸੋਧਕ ਕਮੇਟੀ ਨੇ ਜਦ 1897 ਈ. ਦੌਰਾਨ ਦਸਮ ਗ੍ਰੰਥ ਦੀ ਸੰਪਾਦਨਾ ਕੀਤੀ ਤਾਂ ਕੋਈ 32 ਗ੍ਰੰਥਾਂ (ਅਸਵਾਰਿਆਂ) ਦਾ ਆਸਰਾ ਲਿਆ ਗਿਆ। ਇਹ ਗ੍ਰੰਥ ਵੱਖਰੇ ਵੱਖਰੇ ਸੰਤਾਂ, ਸਾਧਾਂ ਜਾਂ ਮੱਠਾਂ ਦੇ ਡੇਰਿਆਂ ਵਿੱਚ ਮੌਜੂਦ ਸਨ ਅਤੇ ਉਨ੍ਹਾਂ ਦੀ ਆਪਣੀ ਆਪਣੀ ਸ਼ਰਧਾ ਅਨੁਸਾਰ ਪੜ੍ਹੇ ਅਤੇ ਪੂਜੇ ਜਾਂਦੇ ਸਨ। ਅਵਤਾਰਾਂ ਅਤੇ ਦੇਵੀ ਦੇਤਿਆਂ ਦੀ ਮਹੱਤਤਾ ਹਰ ਡੇਰੇ ਲਈ ਵੱਖਰੀ ਵੱਖਰੀ ਸੀ। ਕਿਸੇ ਦੀ ਕ੍ਰਿਸ਼ਨ ਅਵਤਾਰ ਅਤੇ ਕਿਸੇ ਦੀ ਰਾਮ ਅਵਤਾਰ ਵਿੱਚ ਸ਼ਰਧਾ ਸੀ ਅਤੇ ਕਈ ਮੱਠ ਅਜੇਹੇ ਵੀ ਸਨ ਜੋ ਇਸਤ੍ਰੀਚਿੱਤ ਸਨ ਅਤੇ ਚਰਿਤ੍ਰੋਪਾਖਿਆਨ ਦੀ ਪੂਜਾ ਕਰਦੇ ਸਨ। ਇਸ ਲਈ ਹੋ ਸਕਦਾ ਹੈ ਕਿ ਸੰਪਾਦਨਾ ਦੌਰਾਨ ਡੇਰਿਆਂ ਦੇ ਪ੍ਰਭਾਵ ਹੇਠਾਂ ਬਾਣੀਆਂ ਦੀ ਤਰਤੀਬ ਵਿੱਚ ਅਦਲਾ ਬਦਲੀ ਕੀਤੀ ਗਈ ਹੋਵੇ। ਇਸੇ ਕਰਕੇ ਕਥਤ ਦਸਮ ਗ੍ਰੰਥ ਦੀ ਸੰਪਾਦਨਾ ਦੌਰਾਨ ਸੋਧਕ ਕਮੇਟੀ ਦੇ ਦੋ ਧੜਿਆਂ (ਲਾਹੌਰ ਧੜਾ ਅਤੇ ਅੰਮ੍ਰਿਸਰ ਧੜਾ) ਵਿੱਚ ਬਾਣੀਆਂ ਦੀ ਅਸਹਿਮਤੀ ਕਰਕੇ ਅਣਬਣ ਵੀ ਹੋਈ ਸੀ! ਫਲਸਰੂਪ, ਉਸ ਤੋਂ ਬਾਅਦ ਵਿੱਚ ਛਾਪੇ ਗਏ ਦਸਮ ਗ੍ਰੰਥਾਂ ਦੀਆਂ ਬੀੜਾਂ ਵਿੱਚ ਥੋੜ੍ਹਾ ਬਾਹਲਾ ਅੰਤਰ ਆਇਆ ਜਾਪਦਾ ਹੈ।

  2. ਦਸਮ ਗ੍ਰੰਥ ਅਤੇ ਕੋਲਬਰੁਕ ਬੀੜ ਦੇ ਤਤਕਰਿਆਂ ਦੀ ਤੁਲਨਾ:

  ਦਸਮ ਗ੍ਰੰਥ, ਥੋੜ੍ਹੀਆਂ ਜਹੀਆਂ ਭਿੰਨਤਾਵਾਂ ੳਪਰੰਤ, ਕੋਲਬਰੁਕ ਵਾਲੀ ਬੀੜ ਨਾਲ ਮਿਲਦਾ ਹੈ। ਗੌਹ ਨਾਲ ਪੜ੍ਹਿਆਂ ਇਨ੍ਹਾਂ ਦੋਹਾਂ ਗ੍ਰੰਥਾਂ ਵਿੱਚ ਬਾਣੀਆ ਦੀ ਤਰਤੀਬ ਅਤੇ ਅੰਦਰਲੀ ਸਮਗਰੀ ਵਿੱਚ ਜੋ ਥੋੜ੍ਹੇ-ਬਾਹਲੇ ਅੰਤਰ ਹਨ ਉਹ ਹੇਠ ਦਿੱਤੇ ਜਾਂਦੇ ਹਨ।

  1. ਦਸਮ ਗ੍ਰੰਥ ਦੇ ਮੁਕਾਬਲੇ ਤੇ ਕੋਲਬਰੁਕ ਬੀੜ ਵਿੱਚ ਸ਼ਸਤ੍ਰ ਨਾਮਮਾਲਾ, ਸਵੈਯੇ, ਖਾਲਸਾ ਮਹਿਮਾ ਅਤੇ ਸ਼ਬਦ ਹਜ਼ਾਰੇ ਤੋਂ ਪਹਿਲਾਂ ਆਉਂਦਾ ਹੈ।

  1. ਦਸਮ ਗ੍ਰੰਥ ਵਿੱਚ ਸ਼ਬਦ ਹਜ਼ਾਰੇ, ਸਵੈਯੇ ਅਤੇ ਖਾਲਸਾ ਮਹਿਮਾ ਤੋਂ ਪਹਿਲਾਂ ਹੈ ਪਰ ਕੋਲਬਰੁਕ ਵਾਲੀ ਬੀੜ ਵਿੱਚ ਬਾਅਦ ਵਿੱਚ ਹੈ।

  1. ਦਸ਼ਮ ਗ੍ਰੰਥ ਵਿੱਚ ਕ੍ਰਿਸ਼ਨਾਵਤਾਰ ਦੇ ਛੰਦਾਂ ਦੀ ਗਿਣਤੀ 2492 ਪਰ ਕੋਲਬਰੁਕ ਬੀੜ ਵਿੱਚ 2490 ਹਨ। ਦਸਮ ਗ੍ਰੰਥ ਦਾ ਛੰਦ ਨੰ. 2490 ਕੋਲਬਰੁਕ ਵਾਲੀ ਬੀੜ ਵਿੱਚ ਦਰਜ ਨਹੀਂ। ਇਸ ਛੰਦ ਵਿੱਚ ਕ੍ਰਿਸ਼ਾਵਤਾਰ ਦੀ ਲਿਖਣ ਤਾਰੀਖ ਸੰਮਤ 1745 (1688 ਈ.) ਦਿੱਤੀ ਹੋਈ ਹੈ। ਸਾਫ ਜ਼ਾਹਿਰ ਹੈ ਕਿ ਇਹ ਛੰਦ ਬਾਅਦ ਵਿੱਚ ਦਰਜ ਕੀਤਾ ਗਿਆ ਤਾਕਿ ਦਸਮ ਗ੍ਰੰਥ ਦੀ ਲਿਖਣ ਤਾਰੀਖ ਗੁਰੂ ਗੋਬਿੰਦ ਸਿੰਘ ਜੀ ਦੇ ਕਾਲ ਨਾਲ ਮੇਚੀ ਜਾ ਸਕੇ।

  1. ਦਸਮ ਗ੍ਰੰਥ ਦੇ ਛੰਦ ਨੰ. 1509 ਅਤੇ 1510 ਕੋਰਬਰੁਕ ਵਾਲੀ ਬੀੜ ਵਿੱਚ ਛੰਦ ਨੰ. 1509 ਵਿੱਚ ਸੰਮਿਲਤ ਕੀਤੇ ਹੋਏ ਹਨ।

  1. ਦਸਮ ਗ੍ਰੰਥ ਵਿੱਚ ਰਾਮਕਲੀ ਦੇ 10 ਛੰਦ ਹਨ ਜਦਕਿ ਕੋਰਬਰੁਕ ਵਾਲੀ ਬੀੜ ਵਿੱਚ ਕੇਵਲ 7 ਹਨ।

  1. ਦਸਮ ਗ੍ਰੰਥ ਵਿੱਚ 33 ਸਵੈਯੇ ਹਨ ਜਦਕਿ ਕੋਲਬਰੁਕ ਵਿੱਚ 32 ਹਨ, ਪਹਿਲਾ ਸਵੈਯਾ ਨਹੀਂ ਹੈ।

  1. ਕੋਲਬਰੁਕ ਵਾਲੀ ਬੀੜ ਵਿੱਚ ਚਰਿਤ੍ਰੋਪਾਖਿਆਨ ਦੇ ਕੁਲ 7556 ਛੰਦ ਹਨ ਪਰ ਦਸਮ ਗ੍ਰੰਥ ਵਿੱਚ ਕੁਲ 7555 ਹਨ। ਇਹ ਗਿਣਤੀ ਕਰਨ ਵਿੱਚ ਗ਼ਲਤੀ ਹੈ ਕਿਉਂਕਿ ਚਰਿਤ੍ਰ ਨੰ. 403 ਛੰਦ 7151 ਤੇ ਖਤਮ ਹੁੰਦਾ ਹੈ, ਚਰਿਤ੍ਰ 404 ਵਿੱਚ 405 ਛੰਦ ਹਨ ਇਸ ਲਈ ਕੁਲ ਜੋੜ 7556 ਬਣਦਾ ਹੈ ਜੋ ਕੋਲਬਰੁਕ ਵਾਲੀ ਬੀੜ ਵਿੱਚ ਦਿੱਤਾ ਗਿਆ ਹੈ।

  1. ਕੋਲਬਰੁਕ ਵਾਲੀ ਬੀੜ ਵਿੱਚ ਜ਼ਫ਼ਰਨਾਮਾ ਅਤੇ ਹਿਕਾਇਤਾਂ ਦੇ ਅੰਤ ਵਿੱਚ ਛੰਦਾਂ ਦਾ ਕੁਲ ਜੋੜ 858 ਦਿੱਤਾ ਗਿਆ ਹੈ ਪਰ ਦਸਮ ਗ੍ਰੰਥ ਵਿੱਚ ਅੰਤ ਤੇ ਅਜੇਹਾ ਕੋਈ ਕੁਲ ਜੋੜ ਨਹੀਂ ਹੈ। ਪਰ ਗਿਣਿਤੀ ਕਰਨ ਨਾਲ ਇਹ ਨੰਬਰ 858 ਹੀ ਬਣਦਾ ਹੈ। ਦਸਮ ਗ੍ਰੰਥ ਵਿੱਚ ਹਿਕਾਇਤ ਨੰ. 12 ਵਿੱਚ ਛੇ ਛੰਦ ਵਾਧੂ ਹਨ।

  ਪਾਠਕਾਂ ਦੀ ਸਹੂਲਤ ਲਈ ਇਹੋ ਵਾਕਫੀਅਤ ਇੱਕ ਚਾਰਟ ਦੇ ਰੂਪ ਵਿੱਚ ਦਿੱਤੀ ਜਾਂਦੀ ਹੈ।

  ਬਾਣੀ ਦਸਮ ਗ੍ਰੰਥ ਕੋਲਬਰੁਕ ਬੀੜ ਨੋਟ

  ਕ੍ਰਿਸ਼ਨ ਅਵਤਾਰ 2492 ---2490 ਕੋਲਬਰੁਕ ਵਿੱਚ ਛੰਦ ਨੰ. 2490 ਨਹੀਂ ਜਿਸ

  ਵਿੱਚ ਲਿਖਣ ਤਾਰੀਖ 1688 ਈ. ਦਿੱਤੀ ਹੈ।

  ਛੰਦ 1509+1510= ਕੋਲਬਰੁਕ ਛੰਦ ਨੰ. 1509 ਹੈ।

  ਸ਼ਬਦ ਹਜਾਰੇ 10 ---7 ਦਸਮ ਗ੍ਰੰਥ ਵਿੱਚ ਅਖੀਰਲੇ ਤਿਨ ਛੰਦ ਵਾਧੂ ਹਨ।

  ਸਵੈਯੇ 33 ---32 ਕੋਲਬਰੁਕ ਬੀੜ ਵਿੱਚ ਪਹਿਲਾ ਸਵੈਯਾ ਨਹੀਂ ਹੈ।

  ਚਰਿਤ੍ਰੋਪਾਖਿਆਨ 7555 ---7556 ਦੋਹਾਂ ਵਿੱਚ 404 ਚਰਿਤ੍ਰ ਹਨ। ਦਸਮ ਗ੍ਰੰਥ ਵਿੱਚ ਚਰਿਤ੍ਰ

  1 ਤੋਂ 403 ਤੱਕ 7151 ਛੰਦ ਹਨ, ਚਰਿਤ੍ਰ 404 ਵਿੱਚ 405
  ਛੰਦ ਹਨ; ਕੁਲ ਗਿਣਤੀ ਹੋਈ 7151+405=7556. ਇਹ
  ਦਸਮ ਗ੍ਰੰਥ ਦੀ ਗਿਣਤੀ ਵਿੱਚ ਗ਼ਲਤੀ ਹੈ।
  ਜਫਰਨਾਮਾ ਅਤੇ 858+ 6 ਛੰਦ 858 ਦਸਮ ਗ੍ਰੰਥ ਦੀ ਹਿਕਾਇਤ 12 ਵਿੱਚ 6 ਛੰਦ ਵਾਧੂ ਹਨ।
  ਹਿਕਾਇਤਾਂ ਦੀ
  ਕੁਲ ਗਿਣਤੀ
  ਆਪਣੀ ਦਲੀਲ਼ ਨੂੰ ਹੋਰ ਸਪੱਸ਼ਟ ਕਰਨ ਲਈ ਚਰਿਤ੍ਰੋਪਾਖਿਆਨ ਦੀ ਉਦਾਹਰਨ ਲੈਂਦੇ ਹਾਂ ਜੋ ਕਥਤ ਦਸਮ ਗ੍ਰੰਥ ਦਾ ਤਕਰੀਬਨ ਤੀਜਾ ਹਿੱਸਾ ਹੈ। ਜਵਾਹਰ ਸਿੰਘ ਵਾਲੀ ਦਸਮ ਗ੍ਰੰਥ ਦੀ ਬੀੜ ਅਤੇ ਡਾ. ਜੱਗੀ ਵਲੋਂ ਵਰਤੀ ਗਈ ਬੀੜ, ‘ਸ੍ਰੀ ਦਸਮ ਗ੍ਰੰਥ ਸਾਹਿਬ-ਪਾਠ ਸੰਪਾਦਨ ਅਤੇ ਵਿਆਖਿਆ’ ਵਿੱਚ ਚਰਿਤ੍ਰੋਪਾਖਿਆਨ ਦੇ 405 ਚਰਿਤ੍ਰ ਹਨ। ਜਵਾਹਰ ਸਿੰਘ ਵਾਲੀ ਬੀੜ ਵਿੱਚ ਇੱਕ ਤੋਂ 404 ਚਰਿਤ੍ਰ ਤੱਕ 7151 ਛੰਦ ਹਨ ਅਤੇ ਚਰਿਤ੍ਰ 405 ਵਿੱਚ 405 ਛੰਦ ਹਨ; ਕੁਲ ਗਿਣਤੀ ਹੋਈ 7151+405= 7556 ਜੋ ਕੋਲਬਰੁਕ ਬੀੜ ਦੇ ਬਰਾਬਰ ਹੈ। ਜੱਗੀ ਵਾਲੀ ਬੀੜ ਵਿੱਚ ਇੱਕ ਤੋਂ 403 ਚਰਿਤ੍ਰ ਤੱਕ 7134 ਛੰਦ ਹਨ ਅਤੇ ਚਰਿਤ੍ਰ 404 ਵਿੱਚ 305 ਛੰਦ ਹਨ, ਕੁਲ ਗਿਣਤੀ ਹੋਈ 7134+ 305 = 7439 ਛੰਦ। 405ਵਾਂ ਚਰਿਤ੍ਰ ਚੌਪਈ ਦੇ ਰੂਪ ਵਿੱਚ ਹੈ ਜਿਸ ਵਿੱਚ ਗ੍ਰੰਥ ਦੀ ਲਿਖਣ ਤਾਰੀਖ 1753 ਬਿਕਰਮੀ (1694 ਈ.) ਦਿੱਤੀ ਹੋਈ ਹੈ ਜੋ ਸਤਲੁਜ ਦੇ ਕੰਢੇ ਬੈਠ ਕੇ ਲਿਖਿਆ ਗਿਆ। (ਇਹ ਚੌਪਈ ਬਾਅਦ ਵਿੱਚ ਦਰਜ ਕੀਤੀ ਗਈ ਤਾਕਿ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਦੇ ਵੇਲੇ ਦੀ ਸਿੱਧ ਕੀਤੀ ਜਾ ਸਕੇ।)। ਜੱਗੀ ਅਨੁਸਾਰ “ਕੁਝ ਚਰਿਤ੍ਰ ਕਥਾਵਾਂ ਇੱਕ ਤੋਂ ਵੱਧ ਅਧਿਆਵਾਂ ਵਿੱਚ ਪਸਰੀਆਂ ਹੋਈਆਂ ਹਨ, ਜਿਵੇਂ ਅਨੂਪ ਕੌਰ ਦੇ ਚਰਿਤ੍ਰ ਦਾ ਵਰਣਨ ਤਿੰਨ ਅਧਿਆਵਾਂ (21, 22 ਅਤੇ 23) ਵਿੱਚ ਹੋਇਆ ਹੈ। ਇਸੇ ਤਰਾਂ ਅਹਿਲਿਆ ਗੌਤਮ ਦੀ ਕਥਾ ਵੀ ਤਿੰਨ ਅਧਿਆਵਾਂ (115, 116 ਅਤੇ 117) ਵਿੱਚ ਵਰਣਿਤ ਹੈ। ਇਸ ਤਰਾਂ ਦੇ ਕੁੱਝ ਹੋਰ ਚਰਿਤ੍ਰ-ਪ੍ਰਸੰਗ ਵੀ ਹਨ। ਸਪਸ਼ਟ ਹੈ ਕਿ ਚਰਿਤ੍ਰ ਸੰਖਿਆ 404 ਤੋਂ ਵੀ ਘਟ ਹੈ। ਅਨੁਮਾਨ ਹੈ ਕਿ ਇਹ ਗਿਣਤੀ 395 (ਚਰਿਤ੍ਰਾਂ) ਦੇ ਨੇੜੇ ਤੇੜੇ ਬੈਠੇਗੀ”।
  ਕੋਲਬਰੁਕ ਬੀੜ ਦੀ ਲਿਖਣ ਤਾਰੀਖ:
  ਕੋਲਬਰੁਕ ਵਾਲੀ ਬੀੜ ਦੇ ਅੰਦਰ ਕਿਤੇ ਵੀ ਲਿਖਣ ਦੀ ਕੋਈ ਪ੍ਰਮਾਣਿਕ ਤਵਾਰੀਖ ਦਰਜ ਨਹੀਂ ਅਤੇ ਨਾ ਹੀ ਇਸ ਤੇ ਕਿਸੇ ਲੇਖਕ/ਕਾਤਿਬ ਦਾ ਨਾਂ ਹੈ। ਪਰ ਕੁੱਝ ਹੇਠਲੇ ਤੱਤ ਇਸ ਦੀ ਲਿਕਣ ਤਾਰੀਖ ਬਾਰੇ ਚਾਨਣਾ ਪਾਉਂਦੇ ਹਨ:
  1. ਬੀੜ ਦੇ 158 ਅਤੇ 159 ਵਰਕਿਆਂ ਦੇ ਵਿਚਕਾਰ 3 X 2 ਇੰਚ ਲੰਬੀ ਕਾਤਰ ਰੱਖੀ ਹੋਈ ਜਿਸ ਦੇ ਇੱਕ ਪਾਸੇ ਤੇ 1840 ਮਿਤੀ ਪੂਸ਼ਬਦੀ (ਪੋਹ), 15 ਮੰਗਲਵਾਰ (ਦਸੰਬਰ 23, 1783 ਈ.) ਲਿਖਿਆ ਹੈ। ਅੰਦਰਲੀ ਗਵਾਹੀ ਤੋਂ ਵੀ ਪਤਾ ਲਗਦਾ ਹੈ ਕਿ ਇਹ ਦਸੰਬਰ 23, 1783 ਨੂੰ ਲਿਖਿਆ ਗਿਆ।
  2. ਸੰਨ 1976 ਵਿੱਚ ਡਾ. ਸ਼ੈਕਲ ਵਲੋਂ ਲਿਖੀ ਗਈ ਪੁਸਤਕ, ‘Catalogue of the Punjabi and Sindhi Manuscripts in the India Office Library’ ਵਿਚ ਲਿਖਿਆ ਹੈ ਕਿ ਇਸ ਗ੍ਰੰਥ ਦੀ ਸ਼ੈਲੀ ਤੋਂ ਇਹ 18ਵੀਂ ਸਦੀ ਦੀ ਕਿਰਤ ਜਾਪਦੀ ਹੈ।
  3. ਸੰਨ 1781 ਈ. ਵਿੱਚ ਚਾਰਲਜ਼ ਵਿਲਕਿਨ (Charles Wilkin) ਨੇ ਪਟਨੇ ਵਿਖੇ ‘ਨਾਕਕ ਪੰਥੀ ਕਾਵਯ’ ਗ੍ਰੰਥ ਬਾਰੇ ਸੁਣਿਆ ਸੀ, ਜੋ ਹਿੰਦਵੀ ਅਤੇ ਸੰਸਕ੍ਰਿਤ ਵਿੱਚ ਲਿਖਿਆ ਹੋਇਆ ਸੀ ਅਤੇ ਉਸੇ ਨੂੰ ਭਵਿਖ ਵਿੱਚ ਅਨੁਵਾਦ ਕਰਾਉਣ ਬਾਰੇ ਵੀ ਲਿਖਿਆ ਹੈ। ਇਸ ਗ੍ਰੰਥ ਨੂੰ ਬਾਅਦ ਵਿੱਚ ‘ਦਸਵਾਂ ਪਾਤਸ਼ਾਹ ਕਾ ਗ੍ਰੰਥ’ ਵਿੱਚ ਤਬਦੀਲ ਕਤਿਾ ਗਿਆ।
  4. ਰਣਧੀਰ ਸਿੰਘ ਆਪਣੀ ਪੁਸਤਕ, ‘ਸ਼ਬਦ ਮੂਰਤ--ਦਸਵੇਂ ਪਾਤਸ਼ਾਹ ਦਾ ਇਤਿਹਾਸ’ (1965), ਦੇ 52 ਪੰਨੇ ਤੇ ਇੱਕ ਛਪੇ ਹੋਏ ਗ੍ਰੰਥ ਨੂੰ ਵਾਚ ਕੇ ਲਿਖਦਾ ਹੈ ਕਿ ਇਹ 1783 ਈ. ਵਿੱਚ ਲਿਖਿਆ ਜਾਪਦਾ ਹੈ। ਇਹ ਗ੍ਰੰਥ ਉਸ ਨੇ ਕਲਕੱਤਾ ਵਿਖੇ ਗੁਰਦੁਆਰਾ ‘ਛੋਟਾ ਸੰਗਤ, ਤੂਲਾ ਪੱਟੀ’ ਵਿੱਚ ਦੇਖਿਆ ਸੀ। ਉਸ ਅਨੁਸਾਰ ਕਲਕੱਤੇ ਵਾਲੀ ਇਹ ਬੀੜ, ਗਿਆਨੀ ਗਿਆਨ ਸਿੰਘ ਜੀ ਵਲੋਂ ਵਿਚਾਰੀਆਂ ਗਈਆਂ ਚਾਰ ਬੀੜਾਂ ਵਿਚੋਂ ਕਿਸੇ ਨਾਲ ਨਹੀਂ ਮਿਲਦੀ ਅਤੇ ਨਾ ਹੀ ਇਹ ਮਨੀ ਸਿੰਘ ਬੀੜ ਅਤੇ ਪਟਨਾ ਸਾਹਿਬ ਵਾਲੀ ਬੀੜ ਨਾਲ ਮਿਲਦੀ ਹੈ। ਪਰ ਇਹ 1900 ਵਿੱਚ ਸੋਧਕ ਕਮੇਟੀ ਵਲੋਂ ਛਾਪੇ ਦਸਮ ਗ੍ਰੰਥ ਨਾਲ ਮਿਲਦੀ ਹੈ।
  ਉਰੋਕਤ ਵਿਸ਼ਸ਼ਲੇਸ਼ਣ ਤੋਂ ਇਹੋ ਨਤੀਜਾ ਨਿਕਲਦਾ ਹੈ ਕਿ ਕਲਕੱਤੇ ਵਾਲੇ ਗ੍ਰੰਥ ਦੀ ਲਿਖਣ ਤਾਰੀਖ 1783 ਈ. ਹੈ ਜੋ ਕੋਲਬਰੁਕ ਬੀੜ ਦੀ ਤਾਰੀਖ 1783 ਨਾਲ ਮਿਲਦੀ ਹੈ। ਦੋਹਾਂ ਦੀ ਸਮਗਰੀ ਬਿਲਕੁਲ ਇੱਕ ਹੈ ਜੋ ਸੋਧਕ ਕਮੇਟੀ ਦੇ ਗ੍ਰੰਥ ਨਾਲ ਵੀ ਮੇਚਵੀਂ ਹੈ। ਇਸ ਦਾ ਸਾਰੰਸ ਇਹ ਹੈ ਕਿ ਕੋਲਬਰੁਕ ਨੇ ਕਲਕਤੇ ਵਾਲੇ ਗ੍ਰੰਥ ਦੀ ਕਾਪੀ ਕਰਕੇ ਬ੍ਰਿਟਸ਼ ਲਾਇਬਰੇਰੀ ਨੂੰ ਦਾਨ ਕਰ ਦਿੱਤੀ ਅਤੇ ਇੱਕ ਕਾਤਰ ਤੇ ਲਿਖਣ ਤਾਰੀਖ 1783 ਦਰਜ ਕਰਕੇ ਬੀੜ ਵਿੱਚ ਰੱਖ ਦਿੱਤੀ।
  ਕਲਕੱਤੇ ਵਿਖੇ ‘ਗੁਰਦੁਆਰਾ ਛੋਟਾ ਸੰਗਤ’ ਸੱਭ ਤੋਂ ਪੁਰਾਣਾ ਹੈ ਜੋ ਹਮੇਸ਼ਾ ਪਟਨਾ ਸਾਹਬ ਗੁਰਦੁਆਰੇ ਦੇ ਨਿਰਮਲਿਆਂ ਦੇ ਅਧਿਕਾਰ ਵਿੱਚ ਰਿਹਾ। ਇਹ ਗੁਰਦੁਆਰਾ, ਤਖਤ ਹਰਮੰਦਰ ਸਾਹਿਬ, ਪਟਨਾ, ਦੀ ਮਲਕੀਅਤ ਸੀ ਅਤੇ ਪਟਨਾ ਉਸ ਵੇਲੇ ਬੰਗਾਲ ਪ੍ਰਾਂਤ ਦਾ ਹਿੱਸਾ ਸੀ (see Sikhs in Bihar by Ved Parkash) । ਲਗਦਾ ਹੈ ਕਿ ਨਿਰਮਲਾ ਆਤਮਾ ਰਾਮ ਕਲਕੱਤੇ ਦੇ ਇਸ ਗੁਰਦੁਆਰੇ ਦਾ ਗ੍ਰੰਥੀ ਸੀ ਜਿਸ ਤੋਂ ਕੋਲਬਰੁਕ ਨੇ ਇਸ ਗ੍ਰੰਥ ਦੀ ਕਾਪੀ ਪ੍ਰਾਪਤ ਕੀਤੀ। ਸਰਵਰਕ ਤੇ ਨਿਰਮਲਿਆਂ ਵਲੋਂ ਲਿਖੇ “ਨਾਨਕ ਪੰਥੀ ਕਾਵਿਯ” ਦੇ ਉੱਤੇ ਲੀਕ ਵਾਹ ਕੇ “ਗੁਰਮੁਖੀ ਗ੍ਰੰਥ ਦਸਵੀ ਪਾਤਸ਼ਾਹੀ” ਲਿਖ ਦਿੱਤਾ। ਇਸ ਵਿੱਚ ਰੱਖੀ 3 X 2 ਇੰਚ ਕਾਤਰ ਤੇ ਲਿਖੇ ਹੋਏ ਸ਼ਬਦ ‘ਪੂਸ਼ਬਦੀ’ ਤੋਂ ਵੀ ਜ਼ਾਹਿਰ ਹੈ ਕਿ ਇਸ ਬੀੜ ਦਾ ਰਚੇਤਾ ਪੰਜਾਬੋਂ ਬਾਹਰਲਾ ਕੋਈ ਨਿਰਮਲਾ ਹੈ ਜਿਸ ਦਾ ਨਾਂ ਆਤਮਾ ਰਾਮ ਸੀ। ਆਤਮਾ ਰਾਮ ਨੇ ਅਕਾਲ ਉਸਤਤਿ ਵਿੱਚ ਛੰਦ 201 ਅਤੇ ਚਾਰ ਛੰਗ (126-130) ਗਿਆਨ ਪ੍ਰਬੋਧ ਵਿੱਚ ਆਪਣੇ ਵਲੋਂ ਲਿਖ ਕੇ ਅੰਕਿਤ ਕੀਤੇ ਜਾਪਦੇ ਹਨ। ਇਨ੍ਹਾਂ ਛੰਦਾਂ ਦਾ ਵੇਰਵਾ ਇਸ ਪਰਕਾਰ ਹੈ।
  ਮਹਾ ਸੁਰ ਪਾਇਓ ਨਹਿ ਪਾਰ॥ 20॥ 200॥ ਤਵਪ੍ਰਸਾਦਿ॥ ਦੋਹਰਾ॥
  ਏਕ ਸਮੈ ਸ੍ਰੀ ਆਤਮਾ ਉਚਰਿਓ ਮਤ ਸਿਉ ਬੈਨ॥
  ਸੁ ਪਰਤਾਪ ਜਗਦੀਸ ਕੋ ਕਹੋ ਸਕਲ ਬਿਧ ਤੈਨ॥ 1॥ 202॥ ਦੋਹਰਾ॥
  ਕੋ ਆਤਮਾ ਸਰੂਪ ਹੈ ਕਹਾ ਸ੍ਰਿਸਟ ਕੋ ਬਿਚਾਰ॥
  ਕਉਨ ਧਰਮ ਕੋ ਕਰਮ ਹੈ ਕਹੋ ਸਕਲ ਬਿਸਥਾਰ॥ 2॥ 202॥ ਦੋਹਰਾ॥
  ਗਿਆਨ ਪਰਬੋਧ ਦੇ ਛੰਦ ਵਿੱਚ ਵੀ ਆਤਮਾ ਰਾਮ ਦਾ ਨਾਂ ਆਉਂਦਾ ਹੈ:
  ਪਾਧਛੀ ਛੰਦ ਤਵਪ੍ਰਸਾਦਿ॥ ਦਿਨ ਅਜਬ ਏਕ ਆਤਮਾ ਰਾਮ॥
  ਕੋਲਬਰੁਕ ਨੇ ਪਟਨੇ ਦੇ ਗਰੰਥੀ ਸੁਖਾ ਸਿੰਘ ਦੀ ਮੱਦਦ ਨਾਲ ਇਸ ਗ੍ਰੰਥ ਨੂੰ ਮੁਕੰਲ ਕੀਤਾ।
  ਕੋਲਬਰੁਕ ਬੀੜ ਅਤੇ ਦਸਮ ਗ੍ਰੰਥ ਵਿੱਚ ਕੁੱਝ ਛੰਦਾਂ ਦੀ ਗਿਣਤੀ ਵਿੱਚ ਫਰਕ ਹੈ ਪਰ ਬਹੁਤਾ ਨਹੀਂ। ਉਦਾਹਰਨ ਦੇ ਤੌਰ ਤੇ ਕੁੱਝ ਬਾਣੀਆਂ ਦਾ ਅੰਤਰ ਹੇਠ ਦਿੱਤਾ ਜਾਂਦਾ ਹੈ।
  ਜੌਹਨ ਮੈਲਕਮ ਨੇ (Sketch of the Sikhs,1810) ਇਹ ਵੀ ਕਿਹਾ ਹੈ ਕਿ ਆਪਣੀ ਪੁਸਤਕ ਲਿਖਣ ਲਈ ਉਸ ਨੇ ਡਾ. ਲ਼ੇਡਨ ਦਾ ਅਨੁਵਾਦ ਕੀਤਾ ਹੋਇਆ ‘ਬਚਿੱਤਰ ਨਾਟਕ’ ਗ੍ਰੰਥ ਵਰਤਿਆ। ਪਰ ਲੇਡਨ ਨੇ ਕੇਵਲ ਬਚਿੱਤਰ ਨਾਟਕ ਦੇ 14 ਬੰਦਾਂ ਦਾ ਅਨੁਵਾਦ ਕੀਤਾ ਸੀ ਜਿਸ ਦਾ ਖਰੜਾ, MSS RIO ERU Mckanzie volume 40, ਦੇ ਨਾਂ ਹੇਠ ਬ੍ਰਿਟਸ਼ ਲਾਇਬ੍ਰੇਰੀ ਵਿੱਚ ਸਾਂਭਿਆ ਹੋਇਆ ਹੈ। ਇਸ ਦੇ ਮੁਖ ਪੰਨੇ ਤੇ ਲਿਖਿਆ ਹੋਇਆ ਹੈ:
  Sri Bichetra-Natuk by Guru Govind Sing Translated from a Sikh MS by Dr. Leyden.
  ਇਸ ਖਰੜੇ ਵਿੱਚ ਕਿਤੇ ਵੀ ਦਸਮ ਗ੍ਰੰਥ ਦਾ ਨਾਂ ਨਹੀਂ ਹੈ। ਇਸ ਦੀ ਅੰਦਰਲੀ ਗਵਾਹੀ ਤੋਂ ਪਤਾ ਲਗਦਾ ਹੈ ਕਿ: ਇਸ ਵਿੱਚ ਕਈ ਗ਼ਲਤ ਬਿਆਂਨੀਆਂ ਹਨ ਜਿਵੇਂ,
  ਗੁਰੂ ਗੋਬਿੰਦ ਸਿੰਘ ਵਾਲਾ ਕਾਂਡ, ਜੋ ਪੰਜਾਬੀ ਦੀ ਉਪ-ਬੋਲੀ ਡੋਗਰੀ ਵਿੱਚ ਹੈ, ਅਵਤਾਰਾਂ ਨਾਲ ਸ਼ੁਰੂ ਹੁੰਦਾ ਹੈ ਅਤੇ ਗੁਰੂ ਸਾਹਿਬ ਦੀਆਂ ਪਹਾੜੀ ਰਾਜਿਆਂ ਅਤੇ ਖਾਨਾਂ ਨਾਲ ਹੋਈਆਂ ਲੜਾਈਆਂ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਗੁਰੂ ਸਾਹਿਬ ਦੇ ਮੂੰਹ ਲਕੋ ਕੇ ਅੱਧੀ ਰਾਤ ਨੂੰ ਚਮਕੌਰ ਦੀ ਗੜ੍ਹੀ ਵਿਚੋਂ ਕੂਚ ਕਰਨ ਨਾਲ ਅੰਤ ਹੁੰਦਾ ਹੈ।
  ਭਗਤ ਰਤਨਾਵਲੀ ਵਾਲੇ ਭਾਗ ਵਿੱਚ ਜੋ ਨਾਰਦਮੁਨੀ, ਪ੍ਰਹਲਾਦ, ਰਾਜਾ ਜਨਕ, ਰਾਜਾ ਹਰੀਸ਼ ਚੰਦਰ, ਦ੍ਰੋਪਤੀ, ਪਾਂਡਵ, ਜੈਦੇਵ, ਨਾਮਦੇਵ, ਤ੍ਰਲੌਚਨ, ਧੰਨਾ ਜੱਟ, ਕੁਵੇਰ, ਇੰਦ੍ਰਾ, ਬਾਲਮੀਕ, ਗੋਬਿੰਦ ਰਾਏ, ਕ੍ਰਿਸ਼ਨਾ ਬਾਰੇ ਲਿਖਿਆ ਹੈ ਉਹ ਭਾਈ ਗੁਰਦਾਸ (ਜੋ ਆਦਿ ਗੁਰੁ ਗ੍ਰੰਥ ਸਾਹਿਬ ਦਾ ਕਾਤਿਬ ਸੀ) ਦੀ ਦਸਵੀਂ ਵਾਰ ਦਾ ਉਲਥਾ ਹੈ।
  ਗਿਆਨ ਰਤਨਾਵਲੀ ਭਾਈ ਗੁਦਾਸ ਦੀ ਪਹਿਲੀ ਵਾਰ ਦਾ ਉਲਥਾ ਹੈ।
  2. ਕਥਤ ਦਸਮ ਗ੍ਰੰਥ ਦੇ ਨਾਂ ਦਾ ਪਹਿਲੀ ਵਾਰੀ ਵਰਨਣ:
  ਦਸਮ ਗ੍ਰੰਥ ਦੀ ਗਾਥਾ ਜੌਹਨ ਮੈਲਕਮ ਦੀ ਪੁਸਤਕ, ‘Sketch of the Sikhs’ ਦੇ ਛਪਣ ਨਾਲ ਸ਼ੁਰੂ ਹੋਈ ਜਿਸ ਵਿੱਚ ਪਹਿਲੀ ਵਾਰੀ ਨਾਂ ‘ਦਸਵਾਂ ਪਾਦਸ਼ਾਹ ਕਾ ਗ੍ਰੰਥ’ (Dasima Padshah ka Granth) ਆਇਆ। ਇਸ ਦਾ ਅਧਾਰ ਕੋਲਬਰੁਕ ਵਾਲੀ ਬੀੜ ਸੀ ਜੋ 1783 ਈ. ਵਿੱਚ ਮੁਕੱਮਲ ਕੀਤੀ ਗਈ। ਕੋਲਬਰੁਕ ਵਾਲੀ ਬੀੜ ਦੇ ਸਰਵਰਕ ਤੇ ਹਿੰਦੀ ਵਿੱਚ ਦੋ ਨਾਂ ਲਿਖੇ ਹੋਏ ਹਨ: ਪਹਿਲਾ ਨਾਂ ਸੀ ‘ਨਾਨਕ ਪੰਥੀ ਕਾਵਿਯ’ ਅਤੇ ਇਸ ਦੇ ਉੱਤੇ ਲੀਕ ਵਾਹਕੇ ਹਿੰਦੀ ਵਿੱਚ “ਗੁਰਮੁਖੀ ਗ੍ਰੰਥ ਦਸਵੀ ਪਾਤਸਾਹੀ” ਲਿਖਿਆ ਹੋਇਆ ਹੈ। ਦੋਹਾਂ ਨਾਵਾਂ ਦਾ ਲਿਖਣ ਢੰਗ, ਸ਼ੈਲੀ ਅਤੇ ਸਿਹਾਈ ਵਿੱਚ ਫਰਕ ਹੈ। ਹਿੰਦੀ ਵਿੱਚ ਲਿਖਣ ਤੋਂ ਭਾਸਦਾ ਹੈ ਕਿ ਇਹ ਗ੍ਰੰਥ ਪਹਿਲਾਂ ਹਿੰਦੀ ਵਿੱਚ ਸੀ ਅਤੇ ਬਾਅਦ ਵਿੱਚ ਇਸ ਨੂੰ ਗੁਰਮੁਖੀ ਲਿਪੀ ਵਿੱਚ ਲਿਪੀਅੰਤਰ ਕੀਤਾ ਗਿਆ। ਇਸ ਦਾ ਮਤਲਬ ਇਹ ਹੋਇਆ ਕਿ ਅਠਾਰਵੀਂ ਸਦੀ ਦੇ ਆਖੀਰ ਤੱਕ ਕਿਸੇ ਦਸਮ ਗ੍ਰੰਥ ਦੀ ਕੋਈ ਉੱਘ-ਸੁੱਘ ਨਹੀਂ ਸੀ। ਅੰਗ੍ਰੇਜ਼ਾਂ ਨੇ ਸੋਚੀ ਸਮਝੀ ਚਾਲ ਹੇਠ ਇਹ ਗ੍ਰੰਥ ਪੈਦਾ ਕਰ ਲਿਆ ਤਾਕਿ ਮਹਾਂਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਵਿੱਚ ਸਿੱਖਾਂ ਦੇ ਮਨਾਂ ਵਿੱਚ ਦੁਬਿਧਾ ਅਤੇ ਭਰਮ ਭੁਲੇਖੇ ਪਾਕੇ ਫੁੱਟ ਪਾਈ ਜਾ ਸਕੇ। ਉਨ੍ਹਾਂ ਦਾ ਮੂਲ ਮੁੱਦਾ ਸਿੱਖ ਰਾਜ ਨੂੰ ਖੋਰਾ ਲਾਕੇ ਪੰਜਾਬ ਨੂੰ ਫਤਹਿ ਕਰਨਾ ਸੀ ਜਿਸ ਵਿੱਚ ਉਹ ਅੰਤ ਨੂੰ ਕਾਮਯਾਬ ਹੋ ਗਏ।
  ਕੋਲਬਰੋਕ ਵਾਲੀ ਬੀੜ ਦੇ ਸੰਕਲਨ ਸਮੇਂ ਅਨੇਕ ਹੋਰ ਬੀੜਾਂ ਵੀ ਮਿਲਦੀਆਂ ਸਨ ਜਿਵੇਂ, (1) ਭਾਈ ਮਨੀ ਸਿੰਘ ਵਾਲੀ ਬੀੜ (2), ਪਟਨੇ ਵਾਲੀ ਬੀੜ, (3) ਸੰਗਰੂਰ ਵਾਲੀ ਬੀੜ, (4) ਮੋਤੀ ਬਾਗ ਵਾਲੀ ਬੀੜ: (5) ਬਾਬਾ ਦੀਪ ਸਿੰਘ ਬੀੜ, (6) ਆਨੰਦਪੁਰੀ (ਹਜ਼ੂਰੀ) ਬੀੜ, (7) ਪਟਨਾ ਜੀ ਮਿਸਲ ਬੀੜ। ਦਿਲਚਸਪ ਗੱਲ ਇਹ ਹੈ ਕਿ ਇਹ ਸਾਰੀਆਂ ਬੀੜਾਂ ਸਤਲੁਜ ਦਰਿਆ ਦੇ ਚੜ੍ਹਦੇ ਪਾਸੇ ਵਾਲੇ ਇਲਾਕਿਆਂ ਵਿੱਚ ਮਿਲਦੀਆਂ ਹਨ। ਕਾਰਨ ਇਸ ਦਾ ਇਹ ਹੈ ਕਿ ਸਤਲੁਜ ਦੇ ਲਹਿੰਦੇ ਪਾਸੇ ਦੇ ਇਲਾਕਿਆਂ ਵਿੱਚ ਮਹਾਂਰਾਜਾ ਰਣਜੀਤ ਸਿੰਘ ਦਾ ਰਾਜ ਸੀ ਅਤੇ ਚੜ੍ਹਦੇ ਪਾਸੇ ਦੀਆਂ ਸਿੱਖ ਰਿਆਸਤਾਂ ਦੇ ਰਾਜੇ ਗੋਰਿਆਂ ਨਾਲ ਸੰਧੀ ਕਰ ਚੁਕੇ ਸਨ। ਪਰ ਗੋਰਿਆਂ ਦੀ ਅੱਖ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਤੇ ਸੀ। ਇਸ ਲਈ ਉਨ੍ਹਾਂ ਨੇ ਕਥਤ ਦਸਮ ਗ੍ਰੰਥ ਦੀਆਂ ਬੀੜਾਂ ਪਹਿਲਾਂ ਮਹਾਂਰਾਜਿਆਂ ਦੇ ਇਲਾਕੇ ਵਿੱਚ ਵੰਡੀਆਂ ਤਾਕਿ ਸਿੱਖਾਂ ਵਿੱਚ ਵਾਦ ਵਿਵਾਦ ਪੈਦਾ ਕਰਕੇ ਹੌਲੀ ਹੌਲੀ ਸਿੱਖ ਰਾਜ ਨੂੰ ਖੋਰਾ ਲਾਇਆ ਜਾ ਸਕੇ। ਇਸ ਲਈ ਸਤਲੁਜ ਦੇ ਚੜ੍ਹਦੇ ਪਾਸੇ ਵਲ ਅਨੇਕਾਂ ਬੀੜਾਂ ਦੇ ਖਰੜੇ ਮਿਲਦੇ ਹਨ ਪਰ ਦੁਆਬਾ ਅਤੇ ਮਾਲਬੇ ਦੇ ਇਲਾਕਿਆਂ ਵਿੱਚ ਇਨ੍ਹਾਂ ਦੀ ਘਾਟ ਹੈ।
  (ਸ) ਦਸਮ ਗ੍ਰੰਥ ਅਤੇ ਹੋਰ ਬੀੜਾਂ ਵਿੱਚ ਬਾਣੀਆਂ ਦੀ ਭਿੰਨਤਾ:
  ਕੋਲਬਰੁਕ ਵਾਲੀ ਬੀੜ ਤੋਂ ਸਿਵਾਏ ਲੰਡਨ ਲਾਇਬ੍ਰੇਰੀ ਵਿੱਚ ਕੁੱਝ ਹੋਰ ਬੀੜਾਂ ਵੀ ਹਨ ਜਿਨ੍ਹਾਂ ਦਾ ਅੰਗ੍ਰੇਜ਼ਾਂ ਵਲੋਂ ਸਿੱਖ ਇਤਿਹਾਸ ਨਾਲ ਰਾਬਤਾ ਦਿਖਾਇਆ ਗਿਆ ਹੈ। ਡਾ. ਜਸਬੀਰ ਸਿੰਘ ਮਾਨ ਨੇ ਇਨ੍ਹਾਂ ਬੀੜਾਂ ਨੂੰ ਵਾਚਿਆਂ ਵੀ ਹੈ ਅਤੇ ਇਨ੍ਹਾਂ ਦੀਆਂ ਕਾਪੀਆਂ ਕਰਕੇ ਸਿੱਖ ਜਗਤ ਦੀ ਪਰਖ ਪੜਚੋਲ ਲਈ ਮੁਹੱਯਾ ਵੀ ਕੀਤਾ ਹੈ। ਇਨ੍ਹਾਂ ਬੀੜਾਂ ਦੇ ਨਾਂ ਇਸ ਪਰਕਾਰ ਹਨ:
  1. ਖਰੜਾ ਨੰ. ਡੀ-6 ਦੇਵਨਾਗਰੀ (PunjabI?)(Mss D-6 Devnagri):
  2. ਖਰੜਾ ਨੰ. ਏਡੀਡੀ-214452 (Mss ADD 214452):
  3. ਖਰੜਾ ਨੰ. ਪੰਜਾਬੀ ਈ-1 (Mss Punjabi E1):
  ਉਪਰੋਕਤ ਬੀੜਾਂ ਵਿੱਚ ਬਾਣੀਆਂ ਦੀ ਸਮੱਗਰੀ ਅਤੇ ਉਨ੍ਹਾਂ ਦੀ ਤਰਤੀਬ ਵਿੱਚ ਭਿੰਨਤਾ ਹੈ। ਬੀੜਾਂ ਦੇ ਪਾਠਗਤ ਵਿਸ਼ਲੇਸ਼ਣ (Texual analysis) ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਵਿੱਚ ਛੰਦਾਂ ਦੀ ਤਾਸੀਰ, ਤਰਤੀਬ ਅਤੇ ਕੁਲ ਜੋੜ ਵਿੱਚ ਕਾਫੀ ਵਖਰਾਉ ਹੈ। ਇਸ ਤੋਂ ਇਹ ਸਾਫ ਜ਼ਾਹਿਰ ਹੁੰਦਾ ਹੈ ਕਿ ਕਥਤ ਦਸਮ ਗ੍ਰੰਥ ਦੀ ਕੋਈ ਟਕਸਾਲੀ ਅਤੇ ਪਰਮਾਣਤ ਬੀੜ ਨਹੀਂ ਮਿਲਦੀ ਜਿਸ ਨੂੰ ਯਕੀਨ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਮੰਨਿਆਂ ਜਾ ਸਕੇ। ਇਨ੍ਹਾਂ ਬੀੜਾਂ ਦੀ ਅਕਾਦਮਿਲ ਅਤੇ ਵਿਹਾਰਕ ਖੋਜ ਤੋਂ ਦਸਮ ਗ੍ਰੰਥ ਦੇ ਨਿਕਾਸ ਅਤੇ ਵਿਕਾਸ ਬਾਰੇ ਕੋਈ ਨਿਸਚਿੱਤ ਨਿਰਣਾ ਨਹੀਂ ਲਿਆ ਜਾ ਸਕਦਾ, ਕੇਵਲ ਭਿੰਨ ਭਿੰਨ ਗ੍ਰੰਥਾਂ ਦੇ ਸਮੇਂ ਸਮੇਂ ਸਿਰ ਨਿਰੰਤਰ ਵਿਕਾਸ ਦਾ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ। ਪ੍ਰਮਾਣ ਵਜੋਂ ਡਾ. ਰਤਨ ਸਿੰਘ ਜੱਗੀ (ਦਸਮ ਗ੍ਰੰਥ ਦਾ ਕਰਤ੍ਰਿਤਵ, 1966) ਵਲੋਂ ਚਾਰ ਮਸ਼ਹੂਰ ਬੀੜਾਂ ਦਾ ਤੁਲਨਾਤਮਿਕ ਵੇਰਵਾ ਉਨ੍ਹਾਂ ਦੇ ਤਤਕਰਿਆਂ ਦੇ ਅਧਾਰ ਤੇ ਪਰਖਿਆ ਜਾ ਸਕਦਾ ਹੈ। ਇਨ੍ਹਾਂ ਵਿੱਚ ਭਾਈ ਮਨੀ ਸਿੰਘ ਵਾਲੀ ਬੀੜ, ਪਟਨੇ ਵਾਲੀ ਬੀੜ, ਮੋਤੀ ਬਾਗ ਵਾਲੀ ਬੀੜ, ਬਾਬਾ ਦੀਪ ਸਿੰਘ ਬੀੜ ਸ਼ਾਮਿਲ ਹਨ। ਇਨ੍ਹਾਂ ਤੋਂ ਵਗੈਰ ਆਨੰਦਪੁਰੀ ਬੀੜ ਅਤੇ ਪਟਨਾ ਜੀ ਮਿਸਲ ਬੀੜ ਵੀ ਮਿਲਦੀਆਂ ਹਨ। ਪਰ ਇਨ੍ਹਾਂ ਬੀੜਾਂ ਦੀ ਸਮਗਰੀ ਇੱਕ ਦੂਜੇ ਨਾਲ ਨਹੀਂ ਮਿਲਦੀ ਜਿਸ ਦਾ ਸਿੱਧਾ ਜਿਹਾ ਅਰਥ ਇਹ ਨਿਕਲਦਾ ਹੈ ਕਿ ਕੋਈ ਵੀ ਪ੍ਰਮਾਣਕ ਬੀੜ ਨਹੀਂ ਮਿਕਲਦੀ ਜਿਸ ਨੂੰ ਗੁਰੂ ਗੋਬਿੰਦ ਸਿੰਘ ਨਾਲ ਜੋੜਿਆ ਜਾ ਸਕੇ।
  (ਹ) ਸੋਧਕ ਕਮੇਟੀ ਦਾ ਦਸਮ ਗ੍ਰੰਥ:
  ਫ੍ਰੰਗੀ ਰਾਜ ਵੇਲੇ ਸਿੱਖਾਂ ਦੇ ਗੁਰਦੁਆਰਿਆਂ ਤੇ ਅੰਗ੍ਰੇਜ਼ਾਂ ਨੇ ਮਹੰਤ ਬਠਾ ਰੱਖੇ ਸਨ ਇਸ ਲਈ ਇਨ੍ਹਾਂ ਦੇ ਕੰਟਰੋਲ ਹੇਠਾਂ ਸੋਧਕ ਕਮੇਟੀ ਨੇ ਚਰਚਤ ਦਸਮ ਗ੍ਰੰਥ ਦਾ ਸੰਪਾਦਨ 1895-96 ਵਿੱਚ ਆਰੰਭਿਆ, 1897 ਈ. ਵਿੱਚ ਮੁਕੰਮਲ ਕੀਤਾ ਅਤੇ 1900 ਈਂ ਵਿੱਚ ਪਹਿਲੀ ਵਾਰੀ ਸੰਪੂਰਨ ਗ੍ਰੰਥ ਛਾਪਿਆ ਗਿਆ। ਪਰ ਇਸ ਦੀ ਪ੍ਰਮਾਣਕਤਾ ਬਾਰੇ ਵਾਦ ਵਿਵਾਦ ਵੀ ਨਾਲ ਹੀ ਸ਼ੁਰੂ ਹੋ ਗਿਆ। ਸੰਨ 1895 ਵਿੱਚ ਹੀ ਗਿਆਨੀ ਸਰਦੂਲ਼ ਸਿੰਘ, ਜੋ ਸੋਧਕ ਕਮੇਟੀ ਦੇ ਮੈਂਬਰ ਸਨ, ਨੇ ਇੱਕ ਇਸ਼ਤਿਹਾਰ ਵਿੱਚ ਲਿਖਿਆ ਕਿ ਦਸਮ ਗ੍ਰੰਥ ਸਾਹਬ ਦਾ ਅਸਲੀ ਅਸਵਾਰਾ ਜੀ ਨਾ ਹੋਣ ਕਰਕੇ ਛਾਪੇ ਵਾਲਿਆਂ ਨੇ ਇਸ ਧਰਮ ਪੁਸਤਕ ਨੂੰ ਅਸ਼ੁਧ ਛਾਪਿਆ ਹੈ ਇਸ ਕਰਕੇ ਅਸੀਂ ਇੱਕ ਕਮੇਟੀ ਬਣਾਈ ਹੈ ਜੋ ਇਸ ਅਸਵਾਰੇ ਨੂੰ ਸੋਧੇਗੀ ਜਿਸ ਲਈ 20 ਅਸਵਾਰੇ ਇਕੱਠੇ ਕੀਤੇ ਜਾਣਗੇ। ਇਸ਼ਤਿਹਾਰ ਪੜ੍ਹ ਕੇ ਇੱਕ ਗੁਪਤ ਸ਼ਰਧਾਲੂ ਨੇ ਤਿਆਰ ਕੀਤੇ ਜਾ ਰਹੇ ਦਸਮ ਗ੍ਰੰਥ ਵਿੱਚ ਅਨੇਕ ਗ਼ਲਤੀਆਂ ਕੱਢ ਕੇ “ਖਾਲਸਾ ਅਖ਼ਬਾਰ ਲਾਹੌਰ” ਦੇ ਅਕਤੂਬਰ 5 ਅਤਾ 11, 1895 ਦੇ ਨੰਬਰਾਂ ਵਿੱਚ ‘ਸ਼ੁੱਧੀ ਹੈ ਕਿ ਅਸ਼ੁੱਧੀ ਹੈ’ ਨਾਮੀਂ ਸਿਰਲੇਖ ਹੇਠਾਂ ਛਾਪ ਦਿੱਤੀਆਂ। ਇਨ੍ਹਾਂ ਗਲਤੀਆਂ ਵਿੱਚ ਲਗਾਂ ਮਾਤਰਾਂ ਦੀਆਂ ਗ਼ਲਤੀਆਂ ਦੇ ਨਾਲ ਨਾਲ ਬਾਣੀ ਵਿੱਚ ਆਏ ਕਵਿਤਾ ਦੇ ਛੰਦਾਂ ਵਿੱਚ ਵੀ ਗ਼ਲਤੀਆਂ ਕੱਢੀਆਂ। ਇਨ੍ਹਾਂ ਗ਼ਲਤੀਆਂ ਬਾਰੇ ਸਰਦੂਲ ਸਿੰਘ ਗਿਯਾਨੀ ਨੇ ਇਸੇ ਅਖ਼ਬਾਰ ਦੇ ਅਕਤੂਬਰ 25, 1895 ਦੇ ਅੰਕ ਵਿੱਚ ‘ਦਸਮ ਗ੍ਰੰਥ ਸਾਹਿਬ ਜੀ ਦੀ ਸ਼ੁੱਧੀ’ ਨਾਮੀਂ ਸਿਰਲਖ ਹੇਠਾਂ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਕਮੇਟੀ 18 ਤੋਂ 20 ਜਾਂ ਇਸ ਤੋਂ ਵੀ ਉਪਰ ਦਸਮ ਗ੍ਰੰਥ ਦੇ ਅਸਵਾਰੇ (ਖਰੜੇ) ਵਾਚ ਕੇ ਸ਼ੁੱਧੀ ਕਰਦੀ ਹੈ।
  ਸਿੱਧ ਹੈ ਕਿ ਦਸਮ ਗ੍ਰੰਥ ਦੇ ਸ਼ੁੱਧ ਅਤੇ ਅਸ਼ੁੱਧ ਹੋਣ ਦਾ ਸਵਾਲ ਇਸ ਦੇ ਸੰਕਲਨ ਵੇਲੇ ਹੀ ਸ਼ੁਰੂ ਹੋ ਗਿਆ ਸੀ ਅਤੇ ਅੱਜ ਤੱਕ ਚੱਲ ਰਿਹਾ ਹੈ। ਉਸ ਵੇਲੇ ਮਿਲਦੇ ਕੋਈ 32 ਦਸਮ ਗ੍ਰੰਥ ਦੀਆਂ ਬੀੜਾਂ ਵਿਚੋਂ ਕਾਂਟੀ-ਛਾਂਟੀ ਕਰਕੇ ਸੋਧਕ ਕਮੇਟੀ ਨੇ ਅਯੋਕਾ ਦਸਮ ਗ੍ਰੰਥ ਬਣਾਇਆ। ਕਈ ਬੀੜਾਂ ਵਿੱਚ ਵਾਰ ਮਾਲਕੌਂਸ, ਵਾਰ ਭਗੌਤੀ ਜੀ ਕੀ, ਰਾਗ ਆਸਾ ਅਤੇ ਰਾਗ ਸੋਰਟ ਪਾਤਸ਼ਾਹੀ ਦਸ, ਮਾਝ ਪਾਤਸ਼ਾਹੀ ਦਸ, ਅਸਪਾਟਕ ਕਬਿਤ ਵਗੈਰਾ ਮਿਲਦੇ ਹਨ; ਸੋਧਕ ਕਮੇਟੀ ਨੇ ਇਹ ਦਸਮ ਗ੍ਰੰਥ ਵਿੱਚ ਸ਼ਾਮਿਲ ਨਹੀਂ ਕੀਤੇ। ਸਵਾਲ ਪੈਦਾ ਹੁੰਦਾ ਹੈ ਕਿ ਕਮੇਟੀ ਨੇ ਕਿਹੜੇ ਪੈਮਾਨੇ ਜਾਂ ਮਿਯਾਰ ਦੇ ਅਧਾਰ ਤੇ ਚਰਚਤ ਦਸਮ ਗ੍ਰੰਥ ਵਿੱਚ ਅੰਕਤ ਸਾਰੀ ਬਾਣੀ ਨੂੰ ਗੁਰੂ ਗੋਬਿੰਦ ਸਿੰਘ ਸਾਹਬ ਦੇ ਨਾਂ ਲਾ ਦਿੱਤਾ? ਇਸ ਲਈ ਇਸ ਗ੍ਰੰਥ ਦੀ ਪ੍ਰਮਾਣਕਤਾ ਬਾਰੇ ਸ਼ੰਕੇ ਪੈਦਾ ਹੋਣਾ ਕੁਦਰਤੀ ਗੱਲ ਹੈ।
  (ਕ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖਤ ਅਤੇ ਦਸਮ ਗ੍ਰੰਥ:
  ਸੰਨ 1925 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਬਹੁਤੀ ਸ਼ੰਕਾਂ ਕਥਤ ਦਸਮ ਗ੍ਰੰਥ ਵਿੱਚ ਅੰਕਤ `ਚਰਿਤ੍ਰੋਪਾਖਿਆਨ’ ਬਾਰੇ ਚਲਦੀ ਰਹੀ ਜਿਸ ਵਿੱਚ ਅਤਿ ਦਰਜੇ ਦੀਆਂ ਅਸ਼ਲੀਲ ਕਥਾ ਕਹਾਣੀਆਂ ਦਾ ਜ਼ਿਕਰ ਹੈ। ਇਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਅਦੁਤੀ ਸ਼ਖਸੀਅਤ ਨਾਲ ਜੋੜਨਾ ਤਾਂ ਇੱਕ ਪਾਸੇ ਰਿਹਾ, ਕਿਆਸ ਵੀ ਕਰਨਾ ਗੁਰੂ ਸਾਹਿਬ ਦੀ ਸਿੱਧੀ ਬੇਅਦਵੀ ਕਰਨ ਬਰਾਬਰ ਹੈ। ਫਲਸਰੂਪ, ਇਸ ਬਾਰੇ ਸਿੱਖਾਂ ਵਲੋਂ ਹਮੇਸ਼ਾ ਤਿੱਖਾ ਅਤੇ ਕਰਾਰਾ ਇਤਰਾਜ਼ ਕੀਤਾ ਗਿਆ ਹੈ ਅਤੇ ਅਕਾਲ ਤਖਤ ਨੂੰ ਇਸ ਬਾਰੇ ਸਪੱਸ਼ਟੀਕਰਨ ਦੇਣ ਲਈ ਕਿਹਾ ਜਾਂਦਾ ਰਿਹਾ। ਆਖਰ ਨੂੰ 1973 ਵਿੱਚ ਅਕਾਲ ਤਖਤ ਤੋਂ ਇੱਕ ਸਪੱਸ਼ਟੀਕਰਨ ਵਿੱਚ ਕਿਹਾ ਗਿਆ ਕਿ, “`ਚਰਿਤ੍ਰੋਪਖਯਾਨ’ ਜੋ ਦਸਮ ਗ੍ਰੰਥ ਵਿੱਚ ਅੰਕਿਤ ਹਨ, ਇਹ ‘ਦਸਮੇਸ ਬਾਣੀ’ ਨਹੀਂ। ਇਹ ਪੁਰਾਤਨ ਹਿੰਦੂ ਮਿਥਿਹਾਸਕ ਸਾਖੀਆਂ ਦਾ ਉਤਾਰਾ ਹੈ”। ਪਰ ਫੇਰ ਵੀ ਕੁੱਝ ਕੱਟੜ ਸਿੱਖਾਂ ਅਤੇ ਸੰਸਥਾਵਾਂ ਨੇ ਕਥਤ ਦਸਮ ਗ੍ਰੰਥ ਦੀ ਸਾਰੀ ਬਾਣੀ ਨੂੰ ਗੁਰੂ ਗੋਬਿੰਦ ਸਿੰਘ ਨਾਲ ਜੋੜੀ ਰੱਖਿਆ। ਵਾਦ ਵਿਵਾਦ ਉਸੇ ਤਰਾਂ ਮਘਦਾ ਰਿਹਾ ਅੰਤ ਨੂੰ ਸਿੱਖ ਵਿਦਵਾਨਾ ਅਤੇ ਸੱਚੇ ਸਿੱਖਾਂ ਵਲੋਂ ਜ਼ੋਰ ਪਾਉਣ ਤੇ 6 ਜੂਨ, 2008 ਵਿੱਚ ਪੰਜ ਸਿੱਖ ਸਾਹਬਾਨ ਦੀ ਇਕੱਤ੍ਰਤਾ ਵਿੱਚ ਗੁਰਮਤਾ ਪਾਸ ਕੀਤਾ ਗਿਆ ਜਿਸ ਵਿੱਚ ਲਿਖਿਆ ਗਿਆ ਕਿ,
  “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾ ਗੁਰਤਾ ਗੱਦੀ ਦਿਵਸ ਸਮੁਚੇ ਸਿੱਖ ਪੰਥ ਲਈ ‘ਗੁਰੂ ਗ੍ਰੰਥ-ਗੁਰੂ ਪੰਥ’ ਦੇ ਸਿਧਾਂਤਾਂ ਪ੍ਰਤੀ ਵਚਨਵਧਤਾ ਪ੍ਰਗਟਾਉਣ ਦਾ ਸੁਨਹਿਰੀ ਮੌਕਾ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੰਤਿਮ ਹੁਕਮ ‘ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉਂ ਗ੍ਰੰਥ’ ਤੇ ਸਿੱਖ ਪੰਥ ਅਮਲ ਕਰਦਿਆਂ ਹੋਇਆਂ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਜਾਗਤਿ ਜੋਤਿ ਸਤਿਗੁਰੂ ਸਵੀਕਾਰ ਕੇ ਦ੍ਰਿੜ੍ਹਤਾ ਸਹਿਤ ਪਹਿਰਾ ਦਿੰਦਾ ਆਇਆ ਹੈ। ਸਿੱਖ ਪੰਥ ਨੇ ਹਰ ਕੌਮੀ ਸੰਕਟ ਦੀ ਨਿਵ੍ਰਤੀ ਲਈ ਜੁਗੋ-ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਰਹਿਨੁਮਾਈ ਗ੍ਰਹਿਣ ਕੀਤੀ ਹੈ। ਸ੍ਰੀ ਦਸਮ ਗ੍ਰੰਥ ਸਬੰਧੀ ਖੜਾ ਕੀਤਾ ਗਿਆ ਵਿਵਾਦ ਬਿਲਕੁਲ ਬੇਲੋੜਾ ਹੈ। ਸਿੱਖ ਪੰਥ ਵਲੋਂ ਦਸਮ ਗ੍ਰੰਥ ਦੀਆਂ ਜਿਨ੍ਹਾਂ ਰਵਾਇਤਾਂ ਨੂੰ ਸਿੱਖ ਰਹਿਤ ਮਰਯਾਦਾ, ਨਿਤਨੇਮ ਅਤੇ ਅੰਮ੍ਰਿਤ ਸੰਚਾਰ ਲਈ ਸਵੀਕਾਰ ਕੀਤਾ ਜਾ ਚੁੱਕਾ ਹੈ, ਉਨ੍ਹਾਂ ਬਾਰੇ ਕਿਸੇ ਨੂੰ ਵਾਦ ਵਿਵਾਦ ਖੜਾ ਕਰਨ ਦਾ ਕੋਈ ਅਧਿਕਾਰ ਨਹੀਂ। ਸਮੁੱਚੇ ਸਿੱਖ ਪੰਥ ਨੂੰ ਵਿਦਿਤ ਹੋਵੇ ਕਿ ਸ੍ਰੀ ਦਸਮ ਗ੍ਰੰਥ ਸਿੱਖ ਪੰਥ ਦੇ ਸਾਹਿਤ ਅਤੇ ਇਤਿਹਾਸ ਦਾ ਅਨਿਖੜਵਾਂ ਅੰਗ ਹੈ, ਪਰ ਇਸ ਨੂੰ ਸ੍ਰੀ ਗੁਰੂ ਗੋਬਿੰਦ ਜੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਮਾਨਤਾ ਨਹੀਂ ਦਿੱਤੀ। ਆਪ ਜੀ ਵਲੋਂ ਗੁਰਤਾ ਗੱਦੀ ਕੇਵਲ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲੀ ਹੈ, ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਕਿਸੇ ਗ੍ਰੰਥ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ”।
  ਚਰਚਤ ਦਸਮ ਗ੍ਰੰਥ ਦੇ ਛਪਣ ਤੋਂ ਕੋਈ ਦੋ ਦਹਾਕੇ ਬਾਅਦ ਸਿੱਖ ਗੁਰਦੁਆਰਾ ਐਕਟ, 1925 ਲਾਗੂ ਕੀਤਾ ਗਿਆ ਅਤੇ ਗੁਰਦੁਆਰਿਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰ ਹੋ ਗਿਆ। ਇਸ ਐਕਟ ਵਿੱਚ ਅਦਾਲਤੀ ਅਮਲੇ ਵਲੋਂ ਸਿੱਖ ਸਿਧਾਂਤਾਂ, ਸੰਸਥਾਵਾਂ, ਗੁਦੁਆਰਿਆਂ ਅਤੇ ਗ੍ਰੰਥਾਂ ਬਾਰੇ ਨਿਰਣੇ ਦਿੱਤੇ ਗਏ। ਅਦਾਲਤ ਦੀ ਦਫਤਰੀ ਕਾਰਬਾਈ ਵਿੱਚ ਕਿਹਾ ਗਿਆ ਕਿ ਇਸ ਐਕਟ ਦਾ ਮਕਸਦ ਇਹ ਹੈ ਕਿ ਸਿੱਖਾਂ ਦੇ ਧਾਰਮਕ ਸਮਾਗਮ ਅਤੇ ਰਸਮੋ ਰਿਵਾਜ “ਗੁਰੂ ਗ੍ਰੰਥ ਸਾਹਿਬ” ਦੇ ਸਿਧਾਂਤਾਂ ਅਨੁਸਾਰ ਕੀਤੇ ਜਾਣ। ਐਕਟ ਵਿੱਚ “ਸਿੱਖ” ਦੀ ਪਰਿਭਾਸ਼ਾ ਕਰਦਿਆਂ ਲਿਖਿਆ ਹੈ ਕਿ ‘ਸਿੱਖ ਉਹ ਹੈ ਜੋ ਗੁਰੂ ਗ੍ਰੰਥ ਸਾਹਿਬ, ਦਸ ਗੁਰੂਆਂ ਨੂੰ ਮਾਨਤਾ ਦਿੰਦਾ ਹੈ ਅਤੇ ਕਿਸੇ ਹੋਰ ਧਰਮ ਵਿੱਚ ਯਕੀਨ ਨਹੀਂ ਰਖਦਾ; ਏਥੇ ਦਸਮ ਗ੍ਰੰਥ ਦਾ ਕੋਈ ਜ਼ਿਕਰ ਨਹੀਂ ਹੈ। ਸਿੱਖ ਗੁਰਦੁਆਰਾ ਐਕਟ ਤੋਂ ਬਾਅਦ ਦਿੱਲੀ ਸਿੱਖ ਗੁਦੁਆਰਾ ਐਕਟ, 1971 ਅਤੇ ਨਦੇੜ ਸਿੱਖ ਗੁਰਦੁਆਰਾ ਐਕਟ, 1973 ਵਿੱਚ ਵੀ ਇਹੋ ਕਿਹਾ ਗਿਆ ਕਿ ਸਿੱਖ ਉਹ ਹੈ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਯਕੀਨ ਰਖਦਾ ਹੈ; ਇਨ੍ਹਾਂ ਐਕਟਾਂ ਵਿੱਚ ਵੀ ਦਸਮ ਗ੍ਰੰਥ ਦਾ ਨਾਂ ਕਿਤੇ ਨਹੀਂ ਆਉਂਦਾ। ਪਿੱਛੇ ਜਹੇ ਭਾਰਤ ਦੀ ਮਹਾਂ ਅਦਾਲਤ ਵਲੋਂ ‘ਗੁਰੂ ਗ੍ਰੰਥ ਸਾਹਿਬ’ ਨੂੰ ਕਾਨੂਨ ਪੱਖੋਂ ਇੱਕ ‘ਪੁਰਸ਼’ (Juristic person) ਗਰਦਾਨਿਆ ਗਿਆ ਹੈ। ਅਦਾਲਤੀ ਫੈਸਲੇ ਵਿੱਚ ਕਿਹਾ ਗਿਆ ਹੈ ਕਿ “ਗੁਰੂ ਗ੍ਰੰਥ ਸਾਹਿਬ” ਨੂੰ ਗੁਦੁਆਰਿਆਂ ਵਿੱਚ ਇੱਕ ਗੁਰੂ ਵਾਂਗ ਸਤਿਕਾਰਿਆ ਜਾਂਦਾ ਹੈ ਇਸ ਲਈ ਇਹ ਇੱਕ ‘ਪੁਰਸ਼’ ਦੀ ਪਦਵੀ ਦੇ ਸਮਾਨ ਹੈ। ਏਥੇ ‘ਗੁਰੂ ਗ੍ਰੰਥ ਸਾਹਿਬ’ ਨੂੰ ‘ਪੁਰਸ਼’ ਦੀ ਪਦਵੀ ਦਿੱਤੀ ਗਈ ਹੈ ਅਤੇ ਦਸਮ ਗ੍ਰੰਥ ਨੂੰ ਕੋਈ ਮਾਨਤਾ ਨਹੀਂ ਦਿੱਤੀ ਗਈ।
  (ਖ) ਅਯੋਕੀ ਸਥਿਤੀ:
  ਸਿੱਖ ਧਰਮ ‘ਇਕ ਗ੍ਰੰਥ ਇੱਕ ਪੰਥ’ ਦੇ ਸਿਧਾਂਤ ਤੇ ਖੜਾ ਹੈ। ਪਰ ਜੇ ਕਥਤ ਦਸਮ ਗ੍ਰੰਥ ਨੂੰ ‘ਗੁਰੂ ਗ੍ਰੰਥ ਸਾਹਿਬ’ ਦੇ ਬਰਾਬਰ ਮਾਨਤਾ ਦੇਣ ਦਾ ਉਪਰਾਲਾ ਕੀਤਾ ਗਿਆ ਤਾਂ ਸਿੱਖਾਂ ਵਿੱਚ ਵੰਡੀਆ ਪੈ ਜਾਣਗੀਆ। ਇਸ ਦੇ ਆਸਾਰ ਦਿਸਣੇ ਸ਼ੁਰੂ ਹੋ ਗਏ ਹਨ। ਕੱਟੜ ਹਿੰਦੂਵਾਦੀ ਸੰਸਥਾਵਾਂ ਦੇ ਪ੍ਰਭਾਵ ਹੇਠ ਤਖਤ ਪਟਨਾ ਸਾਹਿਬ ਅਤੇ ਤਖਤ ਹਜ਼ੂਰ ਸਾਹਿਬ ਦੇ ਜਥੇਦਾਰ ਸੰਬੰਦਤ ਗੁਰਦੁਆਰਿਆਂ ਵਿੱਚ ਦੋਵੇਂ ਗ੍ਰੰਥ ਬਰੋਬਰਾਬਰ ਪਰਕਾਸ਼ ਕਰੀ ਬੈਠੇ ਹਨ। ਲਗਦਾ ਇਉਂ ਹੈ ਕਿ 100 ਸਾਲ ਬਾਅਦ ਇਤਿਹਾਸ ਮੁੜ ਕੇ ਦੁਹਰਾਇਆ ਜਾ ਰਿਹਾ ਹੈ; ਗੁਰਦੁਆਰੇ ਜਥੇਦਾਰਾਂ ਦੇ ਰੂਪ ਵਿੱਚ ਮਹੰਤਾਂ ਦੇ ਅਧਿਕਾਰ ਹੇਠ ਆ ਰਹੇ ਹਨ। ਅੰਗ੍ਰੇਜ਼ਾਂ ਵੇਲੇ ਦੀ ਸਥਿਤੀ ਪੈਦਾ ਹੋ ਰਹੀ ਹੈ ਜਦ ਮਹੰਤ ਉਦਾਸੀਆਂ ਅਤੇ ਨਿਹੰਗਾਂ ਦੇ ਬਲਬੂਤੇ ਗੁਰਦੁਆਰਿਆਂ ਵਿੱਚ ਦਸਮ ਗ੍ਰੰਥ ਨੂੰ ‘ਗੁਰੂ ਗ੍ਰੰਥ ਸਾਹਿਬ’ ਦੇ ਬਰਾਬਰ ਪ੍ਰਕਾਸ਼ ਕਰਦੇ ਸਨ ਅਤੇ ਹਰਿਮੰਦਰ ਸਾਹਿਬ ਵਿੱਚ ਬੁੱਤ ਪੂਜਾ ਹੁੰਦੀ ਸੀ। ਪਹਿਲਾਂ ਇਸ ਕੁਕਰਮ ਵਿੱਚ ਅੰਗ੍ਰੇਜ਼ ਸ਼ਾਮਿਲ ਸਨ ਅਤੇ ਹੁਣ ਕੱਟੜਵਾਦੀ ਹਿੰਦੂ ਸ਼ਾਮਿਲ ਹਨ। ਪੰਜਾਬ ਵਿੱਚ ਦਿੱਲੀ ਵਾਲਿਆਂ ਨੇ ਜੁਦਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਲਈ ਹੈ ਅਤੇ ਹਰਿਆਣਾ ਅਤੇ ਰਾਜਿਸਥਾਨ ਦੇ ਸਿੱਖ ਆਪਣੀ ਆਪਣੀ ਗੁਰਦੁਆਰਾ ਪਬੰਧਕ ਕਮੇਟੀਆਂ ਬਨਾਉਣ ਲਈ ਤਤਪਰ ਹਨ। ਜੇ ਇਹ ਰੁਝਾਨ ਚਲਦਾ ਰਿਹਾ ਤਾਂ ਬਾਹਰ ਵਸਦੇ ਸਿੱਖ ਵੀ ਆਪਣੀਆਂ ਆਪਣੀਆਂ ਪ੍ਰਬੰਧਕ ਕਮੇਟੀਆਂ ਬਨਾਉਣ ਲਈ ਮਜ਼ਬੂਰ ਹੋ ਸਕਦੇ ਹਨ। ਇਹ ਸਭ ਕੁੱਝ ਅਕਾਲ ਤਖਤ ਦੀ ਕਮਜ਼ੋਰ ਪੈਂਦੀ ਜਾ ਰਹੀ ਮਾਣ ਮਰਯਾਦਾ ਕਰਕੇ ਹੋ ਰਿਹਾ ਹੈ। ਅਕਾਲ ਤਖਤ ਜੋ ਸਿੱਖਾਂ ਦੀ ਮੀਰੀ-ਪੀਰੀ ਦੇ ਸੰਕਲਪ ਦਾ ਚਿੰਨ ਹੈ, ਕਮਜ਼ੋਰ ਜਥੇਦਾਰਾਂ ਕਰਕੇ ਆਪਣਾ ਰੁਤਵਾ ਗੁਆ ਰਿਹਾ ਹੈ। ਇਤਿਹਾਸਕ ਤੌਰ ਤੇ ਸਾਰੇ ਤਖਤਾਂ ਦੇ ਜਥੇਦਾਰਾਂ ਨਾਲੋਂ ਅਕਾਲ ਤਖਤ ਦੇ ਜਥੇਦਾਰ ਨੂੰ ਵਧੇਰੇ ਮਾਨਤਾ ਦਿੱਤੀ ਜਾਂਦੀ ਹੈ ਅਤੇ ਉਸ ਤੋਂ ਮੀਰੀ-ਪੀਰੀ ਦੇ ਸੰਕਲਪ ਨੂੰ ਕਾਇਮ ਰੱਖਣ ਦੀ ਆਸ ਕੀਤੀ ਜਾਂਦੀ ਹੈ। ਪਰ ਇਹ ਆਸ ਨਾਉਮੀਦੀ ਵਿੱਚ ਬਦਲ ਰਹੀ ਹੈ। ਇਸ ਕੁਕਰਮ ਨੂੰ ਧਰਮ ਮਰਯਾਦਾ ਪੱਖੋਂ ਅਤੇ ਜੇ ਲੋੜ ਪਈ ਤਾਂ ਕਾਨੂੰਨੀ ਤੌਰ ਤੇ ਰੋਕਣ ਦਾ ਵਕਤ ਆ ਗਿਆ।
  ਸਨ 1925 ਦੇ ਪੰਜਾਬ ਐਕਟ VIII ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਮਹੰਤਾਂ ਦੇ ਪ੍ਰਬੰਧ ਹੇਠ ਖਲਤ ਮਲਤ ਹੋ ਚੁਕੇ ਸਿੱਖ ਸਿਧਾਂਤਾਂ ਨੂੰ ਮੁੜਕੇ ਬਹਾਲ ਕਰਨ ਲਈ 1927 ਵਿੱਚ ਇੱਕ ‘ਰਹਿਤ ਮਰਯਾਦਾ ਕਮੇਟੀ’ ਸਥਾਪਤ ਕੀਤੀ ਜਿਸ ਨੇ 1927-1944 ਦੌਰਾਨ ਰਹਿਤ ਮਰਯਾਦਾ ਮੁਕੰਮਲ ਕੀਤੀ। ਪੰਜਾਂ ਅਕਾਲ ਤਖਤਾਂ ਦੇ ਜਥੇਦਾਰ ਵੀ ਇਸ ਕਮੇਟੀ ਦੇ ਮੈਂਬਰ ਸਨ ਜਿਨ੍ਹਾਂ ਨੇ ਇਸ ਨੂੰ ਮਾਨਤਾ ਦਿੱਤੀ। ਇਹ ਰਹਿਤ ਮਰਯਾਦਾ ‘ਗੁਰੂ ਮਾਨਿਉਂ ਗ੍ਰੰਥ’ ਦੇ ਸਿਧਾਂਤ ਤੇ ਅਧਾਰਤ ਹੈ, ਬਾਕੀ ਦੀਆਂ ਸਾਰੀਆਂ ਮੱਧਾਂ ਇਸ ਸਿਧਾਂਤ ਦੀ ਪਾਲਣਾ ਕਰਦੀਆਂ ਹਨ। ਇਸ ਸਿਧਾਂਤ ਦੀ ਸਰਵੋਤਮਤਾ ਨੂੰ ਨਿਸਚਿਤ ਬਨਾਉਣ ਲਈ 1944 ਵਿੱਚ ਪੰਜਾਬ ਐਕਟ VIII ਵਿੱਚ ਸੌਧ ਕੀਤੀ ਗਈ।
  ਇਸ ਸੋਧ ਦੇ ਐਕਟ 11 ਅਨੁਸਾਰ, ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਮੈਂਬਰ, ਗੁਰਦੁਆਰੇ ਦਾ ਕਾਮਾ ਜਾਂ ਤਖਤਾਂ ਦੇ ਜਥੇਦਾਰ ਕੋਈ ਧਾਰਮਕ ਕੁਰੀਤੀ ਵਿੱਚ ਭਾਈਵਾਲ ਬਣਦੇ ਹਨ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਨੂੰ ਬਰਖਾਸਤ ਕਰ ਸਕਦੀ ਹੈ। ਧਾਰਮਕ ਕੁਤਾਹੀ ਦੀ ਇੱਕ ਉਪ-ਧਾਰਾ f (ਪੰਜਾਬ ਐਕਟ ਦੇ ਕਾਂਡ 11, ਮੁੱਖ ਧਾਰਾ 134) ਅਨੁਸਾਰ ਜੇ ਕੋਈ ਪ੍ਰਬੰਧਕ ਕਿਸੇ ਧਾਰਮਕ ਕੁਰੀਤੀ ਜਾਂ ਕੁਕਰਮ ਕਰਕੇ ਕਸੂਰਵਾਰ ਠਹਿਰਾਇਆ ਜਾਂਦਾ ਹੈ ਤਾਂ ਕਮੇਟੀ ਉਸ ਦੀ ਛੁੱਟੀ ਕਰ ਸਕਦੀ ਹੈ। ਪਰ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਦੇ ਜਥੇਦਾਰਾਂ ਨੇ, ਰਹਿਤ ਮ੍ਰਯਾਦਾ ਤੇ ਦਸਤਖਤ ਕਰਨ ੳਪੁਰੰਤ ਅਤੇ ਐਕਟ ਦੀ ਇਸ ਧਾਰਾ ਨੂੰ ਜਾਣਦਿਆਂ ਹੋਇਆਂ ਵੀ ਕਥਤ ਦਸਮ ਗ੍ਰੰਥ ਨੂੰ ‘ਗੁਰੂ ਗ੍ਰੰਥ ਸਾਹਿਬ’ ਦੇ ਬਰਾਬਰ ਪ੍ਰਕਾਸ਼ ਕਰੀ ਰੱਖਿਆ। ਅਰਥਾਤ ਮਹੰਤਾਂ ਵਾਲੀ ਪ੍ਰਥਾ ਨੂੰ ਬਰਕਰਾਰ ਰੱਖਿਆ ਜੋ ਅੱਜ ਤੱਕ ਚੱਲ ਰਹੀ ਹੈ। ਸਿੱਧੇ ਸ਼ਬਦਾਂ ਵਿੱਚ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ‘ਗੁਰੂ ਮਾਨਿਉਂ ਗ੍ਰੰਥ’ ਦੀ ਕੋਈ ਪਰਵਾਹ ਨਹੀਂ ਕੀਤੀ। ਇਸੇ ਐਕਟ ਦੀ ਉਪ-ਧਾਰਾ g ਅਨੁਸਾਰ ਜੇ ਕੋਈ ਮੈਂਬਰ ‘ਗੁਰੂ ਗ੍ਰੰਥ ਸਾਹਿਬ’ ਦੇ ਸਿਧਾਂਤਾਂ ਤੋਂ ਉਲਟ ਗੁਰਦੁਆਰੇ ਵਿੱਚ ਜਾਂ ਲੋਕ ਸਥਾਨ ਤੇ ਕਿਸੇ ਕਰਮਕਾਂਡ ਨੂੰ ਮਾਨਤਾ ਦਿੰਦਾ ਹੈ ਜਾਂ ਉਸ ਵਿੱਚ ਭਾਈਵਾਲ ਬਣਦਾ ਹੈ ਤਾਂ ਉਸ ਨੂੰ ਵੀ ਬਰਖਾਸਤ ਕੀਤਾ ਜਾ ਸਕਦਾ ਹੈ। ਕਈ ਅਕਾਲੀ ਲੀਡਰ/ਮੈਂਬਰ ਵੋਟਾਂ ਦੀ ਖਾਤਰ ਹਿੰਦੂ ਕਰਮਕਾਂਡਾਂ ਅਨੁਸਾਰ ਮੱਥਿਆਂ ਤੇ ਟਿੱਕੇ ਲਗਵਾ ਕੇ ਜਾਂ ਧੋਤੀਆਂ ਪਹਿਨ ਕੇ ਹਵਨਾਂ ਵਿੱਚ ਸ਼ਰੇਆਮ ਭਾਗ ਲੈਂਦੇ ਹਨ। ਵੋਟਾਂ ਦੀ ਖਾਤਰ ਸੰਤਾਂ/ਮਹੰਤਾਂ ਦੇ ਡੇਰਿਆਂ, ਮੱਠਾਂ ਅਤੇ ਟਕਾਲਾਂ ਦੇ ਗੁਰਦੁਆਰਿਆਂ ਵਿੱਚ ਪ੍ਰਵਾਣਤ ਰਹਿਤ ਮਰਯਾਦਾ ਦਾ ਘਾਣ ਕੀਤਾ ਜਾ ਰਿਹਾ ਹੈ। ਕਈ ਸਥਾਨਾਂ ਤੇ ਦਸਮ ਗ੍ਰੰਥ ਨੂੰ ‘ਗੁਰੂ ਗ੍ਰੰਥ ਸਾਹਿਬ’ ਦੇ ਬਰਾਬਰ ਮਾਨਤਾ ਦਿੱਤੀ ਜਾ ਰਹੀ ਹੈ; ਇਤਿਹਾਸ ਮੁੜ ਕੇ ਦੁਹਰਾਇਆ ਜਾ ਰਿਹਾ ਹੈ। ਪਰ ਯਾਦ ਰਹੇ ਕਿ ਜਦ ਵੀ ਕਿਸੇ ਸਰਕਾਰ ਜਾਂ ਕਿਸੇ ਸੰਸਥਾ ਨੇ ‘ਇਕ ਪੰਥ-ਇਕ ਗ੍ਰੰਥ’ ਅਤੇ ਰਹਿਤ ਮਰਯਾਦਾ ਦੇ ਸੂਤਰ, ‘ਗੁਰੂ ਮਾਨਿਉਂ ਗ੍ਰੰਥ’ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ, ਉਸ ਨੂੰ ਮੂੰਹ ਦੀ ਖਾਣੀ ਪਈ ਹੈ। ਗੁਰੂ ਗ੍ਰੰਥ ਦੀ ਮਾਣਤਾ ਨੂੰ ਗੰਧਲਾ ਕਰਨ ਲਈ ਅੰਗ੍ਰੇਜ਼ਾਂ ਨੇ ਦਸਮ ਗ੍ਰੰਥ ਪੈਦਾ ਕਰ ਲਿਆ। ਇਸ ਨੂੰ ਮਾਨਤਾ ਦੁਆਉਣ ਲਈ ਗੁਰਦੁਆਰਿਆਂ ਵਿੱਚ ਮਹੰਤਾਂ, ਟਕਸਾਲਾਂ ਦੇ ਔਹਦੇਦਾਰਾਂ ਅਤੇ ਨਿਰਮਲਿਆਂ ਨੂੰ ਬਿਠਾ ਦਿੱਤਾ। ਪਰ ਪਿਰ ਵੀ ਇਹ ਅਦਾਰੇ ‘ਗੁਰੂ ਗ੍ਰੰਥ ਸਾਹਿਬ’ ਪ੍ਰਤੀ ਸਿੱਖਾਂ ਦੀ ਅਤਿਅੰਤ ਸ਼ਰਧਾ ਅਤੇ ਇਸ ਦੀ ਸਰਵੋਤਮਤਾ ਨੂੰ ਨਾ ਤੋੜ ਸਕੇ। ਇਸ ਤੱਥ ਦੀ ਮਹਾਨਤਾ ਨੂੰ ਸਵੀਕਾਰ ਕਰਦੇ ਹੋਏ ਮੈਲਕਮ ਨੇ ਆਪਣੀ ਪੁਸਕ Sketch of the Sikhs, 1810, ਦੇ ਅੰਤ ਵਿੱਚ ਭਵਿਖਬਾਣੀ ਕੀਤੀ ਸੀ ਜਿਸ ਦਾ ਤੋੜਸਾਰ ਇਸ ਪਰਕਾਰ ਹੈ: ਵੈਰਾਗੀ ਬੰਦੇ ਬਹਾਦਰ ਨੇ ਆਪਣੇ ਆਪ ਨੂੰ ਗਿਆਰਵਾਂ ਗੁਰੂ ਥਾਪ ਕੇ ਗੁਰੂ ਗੋਬਿੰਦ ਸਿੰਘ ਦੇ ਸੰਕਲਪ, ‘ਗੁਰੂ ਮਾਨਿਉਂ ਗ੍ਰੰਥ’ ਨੂੰ ਤੋੜਨਾ ਚਾਹਿਆ ਪਰ ਬੁਰੀ ਤਰਾਂ ਫੇਲ ਹੋ ਗਿਆ। ਇਸੇ ਤਰਾਂ ਹੋ ਸਕਦਾ ਹੈ ਕਿ ਅੰਮ੍ਰਿਤਸਰ ਦੇ ਅਕਾਲੀ ਹੁਕਮਰਾਨ, ਟਕਸਾਲਾਂ ਦੇ ਕਰਤਾ ਧਰਤਾ ਅਤੇ ਗੁਦੁਆਰਿਆਂ ਦੇ ਨਿਰਮਲੇ ਜੋ ਗੁਰੂ ਗ੍ਰੰਥ ਨੂੰ ਪੜ੍ਹਦੇ ਅਤੇ ਸਤਿਕਾਰਦੇ ਹਨ, ਗੁਰੂ ਗ੍ਰੰਥ ਪ੍ਰਤੀ ਸ਼ਰਦਾ ਵਿੱਚ ਥੋੜ੍ਹੀ ਬਾਹਲੀ ਤਬਦੀਲੀ ਲਿਆਉਣ, ਪਰ ਗੁਰੂ ਗੋਬਿੰਦ ਸਿੰਘ ਜੀ ਦੇ ‘ਗੁਰੂ ਮਾਨਿਉਂ ਗ੍ਰੰਥ’ ਦੇ ਸੰਕਲਪ ਨੂੰ ੜੋੜਨਾ ਮੁਸ਼ਕਲ ਜਾਪਦਾ ਹੈ।
  ਅੱਜ ਵੀ ਅੰਗ੍ਰੇਜ਼ਾਂ ਦੇ ਸਮੇਂ ਵਾਲੀ ਸਥਿਤੀ ਪੈਦਾ ਹੋ ਰਹੀ ਹੈ। ਅਕਾਲੀ ਪਾਰਟੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਨੂੰ ਕੰਟ੍ਰੋਲ ਕਰਦੀ ਹੈ, ਅਜ ਕਲ ਇੱਕ ਪਾਸੇ ਤਾਂ ਕੱਟੜ ਹਿੰਦੂ ਪਾਰਟੀ ਨਾਲ ਹਮ-ਬਿਸਤਰ (Bed-fellow) ਬਣੀ ਹੋਈ ਹੈ ਅਤੇ ਦੂਜੇ ਪਾਸੇ ਵੋਟਾਂ ਲੈਣ ਖਾਤਰ ਸੰਤ-ਸਮਾਜ, ਟਕਸਾਲਾਂ ਅਤੇ ਜਥੇਦਾਰਾਂ ਨਾਲ ਭਾਈਵਾਲੀ ਦਿਖਾ ਰਹੀ ਹੈ। ਉਪਰੋਂ ਕੱਟੜ ਹਿੰਦੂ ਸੰਸਥਾਵਾਂ ਸਿੱਖ ਧਰਮ ਨੂੰ ਹਿੰਦੂ ਰੰਗਣ ਦੇਣ ਲਈ ਇਨ੍ਹਾਂ ਗੱਠ ਜੋੜਾਂ ਨੂੰ ਪੱਕਾ ਕਰਨ ਵਿੱਚ ਤੁਲੀ ਹੋਈ ਹੈ। ਚਾਲ ਉਹੋ ਪੁਰਾਣੀ ਫ੍ਰੰਗੀਆਂ ਵਾਲੀ ਹੈ ਪਰ ਹੁਣ ਫ੍ਰੰਗੀ ਕਾਲੇ ਜਾਂ ਕਣਕ ਵੰਨੇ ਰੰਗ ਦੇ ਹਨ, ਤੇੜ ਧੋਤੀ ਬਨੈਣ ਪਾਈ ਹੋਈ ਹੈ ਅਤੇ ਮੱਥੇ ਤੇ ਟਿੱਕੇ ਲਾਏ ਹੋਏ ਹਨ। ਮਕਸਦ ਵੀ ਫ੍ਰੰਗੀਆਂ ਵਾਲਾ ਹੈ-ਗੁਰਦੁਆਰਿਆਂ ਵਿੱਚ ਕਥਤ ਦਸਮ ਗ੍ਰੰਥ ਨੂੰ ਪ੍ਰਕਾਸ਼ ਕਰਨਾ ਅਤੇ ਇਸ ਵਿਚਲੀ ਕਰਮਕਾਂਡਾਂ ਵਾਲੀ ਅਖਾਉਤੀ ਬਾਣੀ ਨੂੰ ਪਰਚਾਰ ਕੇ ਸਿੱਖਾਂ ਨੂੰ ਹਿੰਦੂ ਬਨਾਉਣਾ। ਪਰ ਗੁਰੂ ਗੋਬਿੰਦ ਸਿੰਘ ਦੇ ਸਕੰਲਪਾਂ, ਇੱਕ ‘ਗ੍ਰੰਥ-ਇਕ ਪੰਥ’ ਅਤੇ ‘ਗੁਰੂ ਮਾਨਿਉਂ ਗ੍ਰੰਥ’ ਨੂੰ ਕਦੇ ਵੀ ਖਲਤ ਮਲਤ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਸਿੱਖ ਧਰਮ ਵਿਰੋਧੀ ਧਿਰਾਂ ਨੂੰ ਇਹ ਯਾਦ ਰਖਣਾ ਚਾਹੀਦਾ ਹੈ ਕਿ ਇਤਿਹਾਸ ਹਮੇਸ਼ਾ ਆਪਣੇ ਆਪ ਨੂੰ ਦੁਹਰਾਉਂਦਾ ਹੈ; ਦੁਵਾਰਾ ਵੀ ਸ਼ੀਘਰ ਹੀ ਦੁਹਰਾਏਗਾ।

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com