ਹਰ ਦਿਨ ਨੂੰ ਇੱਕ ਨਵੇਂ ਤਰੀਕੇ ਨਾਲ ਜੀਵੇ, ਕੁਝ ਇਸ ਤਰ੍ਹਾਂ ਕਿ ਇਹ ਦਿਨ ਉਸ ਦੀ ਜ਼ਿੰਦਗੀ ਦੀ ਯਾਦਗਾਰ ਬਣ ਜਾਵੇ। ਜ਼ਿੰਦਗੀ ਨੂੰ ਜਿਉਣ ਲਈ ਆਤਮ-ਵਿਸ਼ਵਾਸ ਅਤੇ ਪਿਆਰ ਦੀ ਬਹੁਤ ਜ਼ਰੂਰਤ ਹੁੰਦੀ ਹੈ। ਅਸਲ ਵਿੱਚ ਇਹ ਦੋਵੇਂ ਚੀਜ਼ਾਂ ਇੱਕ ਦੂਜੇ ਨਾਲ ਬਹੁਤ ਡੂੰਘੇ ਤਰੀਕੇ ਨਾਲ ਜੁੜੀਆਂ ਹੋਈਆਂ ਹਨ। ਜੇਕਰ ਇਨਸਾਨ ਵਿੱਚ ਆਤਮ-ਵਿਸ਼ਵਾਸ ਹੋਵੇ ਤਾਂ ਉਸ ਵਿੱਚ ਸਹਿਣਸ਼ੀਲਤਾ ਅਤੇ ਹੌਸਲਾ ਜਦੋਂ ਮਿਲੇਗਾ ਤਾਂ ਲਾਜ਼ਮੀ ਤੌਰ ’ਤੇ ਕੁਝ ਨਵਾਂ, ਪਰ ਚੰਗਾ ਵਾਪਰੇਗਾ।
ਆਤਮ-ਵਿਸ਼ਵਾਸ ਕਿਸੇ ਨੂੰ ਵੀ ਜਮਾਂਦਰੂ ਨਹੀਂ ਮਿਲਿਆ ਹੁੰਦਾ ਸਗੋਂ ਇਹ ਤਾਂ ਮਨੁੱਖ ਨੂੰ ਆਪਣੇ ਅੰਦਰੋਂ ਖ਼ੁਦ ਹੀ ਪੈਦਾ ਕਰਨਾ ਹੁੰਦਾ ਹੈ। ਹਾਂ, ਕਦੇ-ਕਦੇ ਸਾਡੇ ਮਾਂ-ਪਿਓ ਜਾਂ ਮਿੱਤਰ ਸਾਨੂੰ ਹੌਸਲਾ ਦਿੰਦੇ ਹਨ ਜਿਸ ਦੇ ਨਾਲ ਆਤਮ-ਵਿਸ਼ਵਾਸ ਪੈਦਾ ਹੁੰਦਾ ਹੈ। ਆਤਮ-ਵਿਸ਼ਵਾਸ ਨੂੰ ਵਧਾਉਣ ਲਈ ਪਰਮਾਤਮਾ ਦੀ ਓਟ ਲੈਣੀ ਵੀ ਚੰਗੀ ਹੈ। ਅਸੀਂ ਜਿੰਨਾ ਉਸ ਦਾ ਸਿਮਰਨ ਕਰਾਂਗੇ, ਮਨ ਵਿੱਚ ਅੰਦਰੂਨੀ ਸ਼ਕਤੀ ਦਾ ਵਿਕਾਸ ਓਨਾ ਹੀ ਵਧਦਾ ਜਾਵੇਗਾ।
ਕਦੇ-ਕਦੇ ਅਸੀਂ ਆਪਣੇ ਆਪ ਨੂੰ ਬਹੁਤ ਕਮਜ਼ੋਰ ਅਤੇ ਛੋਟਾ ਮਹਿਸੂਸ ਕਰਦੇ ਹਾਂ। ਭਾਵ ਸਾਡੇ ਵਿੱਚ ਆਤਮ-ਵਿਸ਼ਵਾਸ ਦੀ ਕਮੀ ਹੋ ਗਈ ਹੁੰਦੀ ਹੈ, ਪਰ ਸਾਨੂੰ ਹਮੇਸ਼ਾਂ ਇਹ ਗੱਲ ਯਾਦ ਰੱਖਣੀ ਹੋਵੇਗੀ ਕਿ ਇਸ ਕਮੀ ਦੀ ਦਵਾਈ ਕਿਸੇ ਵੀ ਡਾਕਟਰ, ਵੈਦ ਜਾਂ ਹਕੀਮ ਤੋਂ ਨਹੀਂ ਮਿਲੇਗੀ। ਇਸ ਦਾ ਵਿਸਥਾਰ ਸਾਨੂੰ ਆਪਣੇ ਅੰਦਰ ਆਪ ਹੀ ਪੈਦਾ ਕਰਨਾ ਹੋਵੇਗਾ। ਜ਼ਿੰਦਗੀ ਵਿੱਚ ਬਹੁਤ ਵਾਰੀ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਹਨ ਕਿ ਮਨੁੱਖ ਆਪਣੇ-ਆਪ ਨੂੰ ਅੰਦਰੋਂ ਟੁੱਟਿਆ-ਟੁੱਟਿਆ ਮਹਿਸੂਸ ਕਰਦਾ ਹੈ। ਇਹੀ ਅਸਲੀ ਸਮਾਂ ਹੁੰਦਾ ਹੈ ਉਸ ਦੀ ਪ੍ਰੀਖਿਆ ਦਾ। ਜੇਕਰ ਇਨਸਾਨ ਇਸ ਸਮੇਂ ਆਪਣੇ ਅੰਦਰ ਹੌਸਲਾ ਅਤੇ ਆਤਮ-ਵਿਸ਼ਵਾਸ ਜੁਟਾ ਲਵੇ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਉਸ ਨੂੰ ਕਮਜ਼ੋਰ ਨਹੀਂ ਕਰ ਸਕਦੀ। ਉਹ ਆਪਣੀ ਮੰਜ਼ਿਲ ਪਾ ਕੇ ਹੀ ਰਹਿੰਦਾ ਹੈ। ਉਂਜ ਤਾਂ ਜ਼ਿੰਦਗੀ ਵਿੱਚ ਜਿੰਨੀਆਂ ਮੁਸੀਬਤਾਂ ਅਤੇ ਦੁੱਖ ਆਉਣਗੇ ਓਨਾ ਹੀ ਜ਼ਿੰਦਗੀ ਜਿਉਣ ਦਾ ਆਨੰਦ ਵਧਦਾ ਜਾਂਦਾ ਹੈ ਕਿਉਂਕਿ ਇਨ੍ਹਾਂ ਹਾਲਤਾਂ ਵਿੱਚੋਂ ਲੰਘਦਿਆਂ ਸਾਨੂੰ ਜ਼ਿੰਦਗੀ ਦੇ ਤਜਰਬੇ ਹਾਸਲ ਹੁੰਦੇ ਹਨ।
ਹੁਣ ਗੱਲ ਆਉਂਦੀ ਹੈ ਪਿਆਰ ਦੀ। ਪਿਆਰ ਮਨੁੱਖੀ ਸੁਭਾਅ ਦਾ ਅਤਿ ਜ਼ਰੂਰੀ ਹਿੱਸਾ ਹੈ। ਸਾਡੀ ਜ਼ਿੰਦਗੀ ਵਿੱਚ ਵੀ ਇਸ ਦਾ ਇੱਕ ਅਲੱਗ ਮੁਕਾਮ ਹੈ। ਪਿਆਰ ਹੀ ਹੈ ਜੋ ਮਨੁੱਖ ਨੂੰ ਇੱਕ ਦੂਜੇ ਦੇ ਨਾਲ ਜੋੜ ਕੇ ਰੱਖਦਾ ਹੈ। ਆਪਸ ਵਿੱਚ ਇੱਕ ਸਾਂਝ ਪੈਦਾ ਕਰਦਾ ਹੈ। ਪਿਆਰ ਦੀ ਲੋਚਾ ਛੋਟੇ ਤੋਂ ਲੈ ਕੇ ਵੱਡੇ ਮਨੁੱਖ ਦੇ ਦਿਲ ਵਿੱਚ ਹੁੰਦੀ ਹੈ। ਜਿਸ ਤਰ੍ਹਾਂ ਅਸੀਂ ਹੋਰਾਂ ਤੋਂ ਆਪਣੇ ਪ੍ਰਤੀ ਪਿਆਰ ਅਤੇ ਇੱਜ਼ਤ ਦੀ ਆਸ ਰੱਖਦੇ ਹਾਂ ਬਿਲਕੁਲ ਉਸੇ ਤਰ੍ਹਾਂ ਦੂਜੇ ਵੀ ਸਾਡੇ ਤੋਂ ਇਹੀ ਉਮੀਦ ਰੱਖਦੇ ਹਨ। ਕਹਿੰਦੇ ਹਨ ਕਿ ਪਿਆਰ ਵਿੱਚ ਬਹੁਤ ਤਾਕਤ ਹੈ। ਹਾਂ, ਇਸ ਸਬੰਧੀ ਸਾਨੂੰ ਇੱਕ ਗੱਲ ਦਾ ਖ਼ਾਸ ਧਿਆਨ ਰੱਖਣਾ ਹੁੰਦਾ ਹੈ ਕਿ ਜੋ ਪਿਆਰ ਅਸੀਂ ਕਿਸੇ ਪ੍ਰਤੀ ਪ੍ਰਗਟ ਕਰ ਰਹੇ ਹਾਂ ਉਸ ਵਿੱਚ ਕੋਈ ਵੀ ਮਿਲਾਵਟ ਨਾ ਹੋਵੇ। ਇਹ ਅਸੀਂ ਜਿੰਨਾ ਕਿਸੇ ਨੂੰ ਦਿਆਂਗੇ ਉਸ ਤੋਂ ਵੱਧ ਕੇ ਸਾਨੂੰ ਮਿਲੇਗਾ। ਕਿਸੇ ਦੇ ਨਾਲ ਵਿਚਰਨ ਵਿੱਚ ਪਿਆਰ ਦੀ ਇੱਕ ਖ਼ਾਸ ਭੂਮਿਕਾ ਹੁੰਦੀ ਹੈ। ਇਤਿਹਾਸ ਗਵਾਹ ਹੈ ਕਿ ਅਜਿਹੇ ਲੋਕਾਂ ਨੇ ਪਿਆਰ ਅਤੇ ਆਤਮ-ਵਿਸ਼ਵਾਸ ਰਾਹੀਂ ਇੱਕ ਆਨੰਦ ਭਰਪੂਰ ਅਤੇ ਯਾਦਗਾਰ ਜ਼ਿੰਦਗੀ ਗੁਜ਼ਾਰੀ ਹੈ।
ਇਸ ਦੇ ਨਾਲ-ਨਾਲ ਜ਼ਿੰਦਗੀ ਵਿੱਚ ਜਿਸ ਚੀਜ਼ ਦੀ ਬਹੁਤ ਅਹਿਮੀਅਤ ਹੈ, ਉਹ ਹੈ ਕਿਸੇ ਇਨਸਾਨ ਜਾਂ ਚੀਜ਼ ਪ੍ਰਤੀ ਸਾਡਾ ਨਜ਼ਰੀਆ। ਜਿਸ ਤਰ੍ਹਾਂ ਹਰ ਗੱਲ ਦੇ ਦੋ ਪਹਿਲੂ ਹੁੰਦੇ ਹਨ ਉਸੇ ਤਰ੍ਹਾਂ ਹਰ ਘਟਨਾ ਨੂੰ ਵੇਖਣ ਜਾਂ ਸਮਝਣ ਲਈ ਹਰ ਇਨਸਾਨ ਵਿੱਚ ਆਪਣਾ ਇੱਕ ਵੱਖਰਾ ਨਜ਼ਰੀਆ ਹੁੰਦਾ ਹੈ। ਸਾਡਾ ਨਜ਼ਰੀਆ ਸਾਡੀ ਸੋਚ ’ਤੇ ਨਿਰਭਰ ਕਰਦਾ ਹੈ। ਜੇਕਰ ਸਾਡੀ ਸੋਚ ਸਾਕਾਰਤਮਕ ਹੋਵੇਗੀ ਤਾਂ ਸਾਡਾ ਜ਼ਿੰਦਗੀ ਪ੍ਰਤੀ ਨਜ਼ਰੀਆ ਵੀ ਉਸਾਰੂ ਹੀ ਹੋਵੇਗਾ। ਜੇਕਰ ਅਸੀਂ ਆਪਣੇ ਅਸੂਲਾਂ ’ਤੇ ਚੱਲਦੇ ਹੋਏ ਪੂਰੀ ਮਿਹਨਤ ਨਾਲ ਆਪਣੇ ਉਦੇਸ਼ ਵੱਲ ਵਧਾਂਗੇ ਤਾਂ ਕਿਸਮਤ ਵਰਗੀ ਕੋਈ ਵੀ ਤਾਕਤ ਸਾਨੂੰ ਸਫਲ ਹੋਣ ਤੋਂ ਨਹੀਂ ਰੋਕ ਸਕਦੀ। ਸਾਨੂੰ ਆਪਣੇ ਆਪ ਨੂੰ ਇੰਨਾ ਮਜ਼ਬੂਤ ਬਣਾਉਣਾ ਹੋਵੇਗਾ ਕਿ ਆਪਣੀ ਕਿਸੇ ਵੀ ਅਸਫਲਤਾ ਨੂੰ ਕਿਸਮਤ ਦੇ ਲੜ ਨਾ ਬੰਨ੍ਹੀਏ। ਅਕਸਰ ਲੋਕ ਆਪਣੀ ਸਫਲਤਾ ਨੂੰ ਮਿਹਨਤ ਦਾ ਨਤੀਜਾ ਅਤੇ ਅਸਫਲਤਾ ਨੂੰ ਕਿਸਮਤ ਦਾ ਧੋਖਾ ਸਮਝਦੇ ਹਨ। ਜੇਕਰ ਅਸੀਂ ਪੂਰਾ ਜ਼ੋਰ ਲਗਾ ਕੇ ਹਰ ਕੰਮ ਨੂੰ ਭਰਪੂਰ ਜੋਸ਼, ਉਤਸ਼ਾਹ, ਮਿਹਨਤ ਅਤੇ ਲਗਨ ਨਾਲ ਕਰਾਂਗੇ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਇੱਥੋਂ ਤਕ ਕਿ ਕਿਸਮਤ ਵੀ ਸਾਡਾ ਰਾਹ ਨਹੀਂ ਰੋਕੇਗੀ। ਲੋੜ ਹੈ ਤਾਂ ਕਦਮ ਚੁੱਕਣ ਦੀ ਅਤੇ ਲਗਨ ਨਾਲ ਨੇਪਰੇ ਚਾੜ੍ਹਨ ਲਈ ਦ੍ਰਿੜਤਾ ਪੈਦਾ ਕਰਨ ਦੀ। ਆਪਣੀ ਹਾਰ/ਜਿੱਤ ਨੂੰ ‘ਕਿਸਮਤ ਦੀ ਖੇਡ’ ਕਹਿ ਕੇ ਇਸ ਦੇ ਪਿੱਛੇ ਆਪਣੀ ਲਗਨ ਅਤੇ ਸਮਰੱਥਾ ਨੂੰ ਲੁਕਾਉਣ ਦਾ ਇੱਕ ਬਹਾਨਾ ਹੈ, ਇਸ ਤੋਂ ਵੱਧ ਕੁਝ ਵੀ ਨਹੀਂ।