ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਪੰਜਾਬੀਆਂ ਨੇ ਜੁਝਾਰੂ ਜਜ਼ਬਾ ਦੁਹਰਾਇਆ

  - ਬਲਵਿੰਦਰ ਸਿੰਘ ਚਾਹਲ
  ਭਾਰਤ ਦੀ ਸੱਤਾਧਾਰੀ ਭਾਜਪਾ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਨੇ ਸਾਰੇ ਦੇਸ਼ ਵਿਚ ਹਲਚਲ ਪੈਦਾ ਕਰ ਦਿੱਤੀ ਹੈ। ਅੱਜ ਦੇਸ਼ ਭਰ ਦੇ ਕਿਸਾਨਾਂ ਵੱਲੋਂ ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿਚ ਰੋਸ ਮੁਜ਼ਾਹਰੇ ਹੋ ਰਹੇ ਹਨ। ਇਨ੍ਹਾਂ ਰੋਸ ਮੁਜ਼ਾਹਰਿਆਂ ਦੀ ਸ਼ੁਰੂਆਤ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ। ਜਿਸ ਨੂੰ ਪੰਜਾਬ ਦੇ ਕਿਸਾਨਾਂ ਦੇ ਨਾਲ ਹੋਰ ਬਹੁਤ ਸਾਰੇ ਲੋਕਾਂ ਨੇ ਵੀ ਵੱਡਾ ਹੁੰਗਾਰਾ ਦਿੱਤਾ, ਪਰ ਭਾਰਤ ਸਰਕਾਰ ਨੇ ਕਿਸਾਨਾਂ ਦੇ ਸੰਘਰਸ਼ ਨੂੰ ਅੱਖੋਂ ਪਰੋਖੇ ਕਰਦਿਆਂ ਇਸ ਨੂੰ ਕੁਝ ਦਿਨਾਂ ਦਾ ਰੌਲਾ ਰੱਪਾ ਸਮਝ ਕੇ ਬਹੁਤਾ ਧਿਆਨ ਨਾ ਦਿੱਤਾ। ਰਾਸ਼ਟਰੀ ਪੱਧਰ ਦਾ ਭਾਰਤੀ ਮੀਡੀਆ ਵੀ

  ਸਰਕਾਰ ਪੱਖੀ ਹੋਣ ਕਰਕੇ ਇਸ ਸਭ ਤੋਂ ਪਾਸੇ ਹੀ ਰਿਹਾ, ਪਰ ਕਿਸਾਨ ਜਥੇਬੰਦੀਆਂ ਆਪਣੇ ਮਤਭੇਦ ਹੋਣ ਦੇ ਬਾਵਜੂਦ ਇਕ ਮੁੱਦੇ ’ਤੇ ਸਹਿਮਤ ਰਹੀਆਂ ਅਤੇ ਉਨ੍ਹਾਂ ਨੇ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਅਤੇ ਇਨ੍ਹਾਂ ਕਾਨੂੰਨਾਂ ਦਾ ਡਟਵਾਂ ਵਿਰੋਧ ਕਰਨ ਲਈ ਬੀਤੇ ਕੁਝ ਦਿਨ ਪਹਿਲਾਂ ਆਪਣੇ ਚਾਲੇ ਦਿੱਲੀ ਵੱਲ ਨੂੰ ਪਾ ਦਿੱਤੇ। ਜਿਸ ਦਾ ਲੋਕਾਂ ਨੇ ਹੋਰ ਵੀ ਭਰਵਾਂ ਸਾਥ ਦਿੱਤਾ। ਜਿਸ ਵਿਚ ਹਰਿਆਣਾ ਦੀ ਖੱਟੜ ਸਰਕਾਰ ਵੱਲੋਂ ਲਾਈਆਂ ਰੋਕਾਂ ਦੇ ਬਾਵਜੂਦ ਲੋਕਾਂ ਦਾ ਇਕੱਠ ਅੱਗੇ ਵੱਧਦਾ ਗਿਆ। ਰਾਹ ਵਿਚ ਖੜ੍ਹੀਆਂ ਕੀਤੀਆਂ ਸਰਕਾਰੀ ਰੋਕਾਂ ਤੇ ਹੋਰ ਕਈ ਪ੍ਰਕਾਰ ਦੀਆਂ ਗ਼ੈਰ ਮਨੁੱਖੀ ਰੋਕਾਂ ਵੀ ਕਿਸਾਨਾਂ ਦੇ ਕਾਫ਼ਲੇ ਨੂੰ ਰੋਕ ਨਾ ਸਕੀਆਂ। ਅਖੀਰ ਵਿਚ ਕਿਸਾਨ ਦਿੱਲੀ ਪੁੱਜ ਗਏ ਜਿਸ ਵਿਚ ਪੰਜਾਬ ਦੇ ਕਿਸਾਨਾਂ ਦੇ ਨਾਲ ਨਾਲ ਹਰਿਆਣਾ ਦੇ ਕਿਸਾਨਾਂ ਨੇ ਵੀ ਵੱਡਾ ਯੋਗਦਾਨ ਪਾਇਆ।
  ਇਸ ਸੰਘਰਸ਼ ਨੂੰ ਪੰਜਾਬ ਦੇ ਲੋਕਾਂ ਨੇ ਆਰੰਭਿਆ ਅਤੇ ਹੌਲੀ ਹੌਲੀ ਇਸ ਸੰਘਰਸ਼ ਨੇ ਰਾਸ਼ਟਰੀ ਸੰਘਰਸ਼ ਦਾ ਰੂਪ ਧਾਰਨ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬੀਆਂ ਨੇ ਆਪਣਾ ਇਤਿਹਾਸ ਦੁਹਰਾ ਦਿੱਤਾ ਹੈ। ਅੱਜ ਫਿਰ ਪੰਜਾਬ ਦੇ ਲੋਕ ਇਕਮੁੱਠ ਹੋ ਕੇ ਲੜ ਰਹੇ ਹਨ। ਪੰਜਾਬੀਆਂ ਨੇ ਆਪਣੇ ਜੁਝਾਰੂ ਸੁਭਾਅ ਦਾ ਬਾਖ਼ੂਬੀ ਸਬੂਤ ਦਿੱਤਾ ਹੈ। ਜਿਨ੍ਹਾਂ ਪੰਜਾਬੀਆਂ ਨਾਲ ਕਹਾਵਤਾਂ ਜੁੜੀਆਂ ਹੋਈਆਂ ਹਨ ‘ਪੰਜਾਬ ਜੰਮਿਆਂ ਨੂੰ ਨਿੱਤ ਮੁਹਿੰਮਾਂ’ ਉਹ ਗੱਲ ਇਕ ਵਾਰ ਫਿਰ ਜੱਗ ਜ਼ਾਹਰ ਹੋਈ ਹੈ। ਕੋਈ ਸਮਾਂ ਸੀ ਜਦੋਂ ਸਿਕੰਦਰ ਵਰਗਾ ਦੁਨੀਆਂ ਦਾ ਜੇਤੂ ਬਾਦਸ਼ਾਹ ਪੰਜਾਬ ਦੀ ਧਰਤੀ ’ਤੇ ਪੈਰ ਪਾਉਂਦਾ ਹੈ ਤਾਂ ਉਸ ਨੂੰ ਪੋਰਸ ਜਿਹਾ ਬਹਾਦਰ ਰਾਜਾ ਟੱਕਰ ਦਿੰਦਾ ਹੈ। ਬੇਸ਼ੱਕ ਸਿਕੰਦਰ ਦੀ ਵੱਡੀ ਤੇ ਤਾਕਤਵਰ ਫ਼ੌਜ ਅੱਗੇ ਪੋਰਸ ਹਾਰ ਜਾਂਦਾ ਹੈ, ਪਰ ਉਹ ਆਪਣੇ ਬਹਾਦਰੀ ਵਾਲੇ ਗੁਣਾਂ ਕਰਕੇ ਸਿਕੰਦਰ ਦਾ ਦਿਲ ਜਿੱਤ ਲੈਂਦਾ ਹੈ। ਜਦੋਂ ਬਾਬਰ ਪੰਜਾਬ ਉੱਪਰ ਚੜ੍ਹਾਈ ਕਰਦਾ ਹੈ ਤਾਂ ਉਹ ਬਹੁਤ ਸਾਰੇ ਲੋਕਾਂ ਨੂੰ ਜੇਲ੍ਹ ਵਿਚ ਬੰਦ ਕਰ ਦਿੰਦਾ ਹੈ। ਜਿਨ੍ਹਾਂ ਵਿਚ ਗੁਰੂ ਨਾਨਕ ਸਾਹਿਬ ਵੀ ਸਨ। ਗੁਰੂ ਜੀ ਨੇ ਬਾਬਰ ਨੂੰ ਬੜੀ ਜ਼ੋਰਦਾਰ ਤੇ ਰੋਹਬਦਾਰ ਸ਼ੈਲੀ ਵਿਚ ਫਟਕਾਰਿਆ ਸੀ। ਉਨ੍ਹਾਂ ਤਾਂ ਰੱਬ ਨੂੰ ਉਲ੍ਹਾਮਾਂ ਦੇ ਦਿੱਤਾ ਸੀ ‘ਏਤੀ ਮਾਰ ਪਈ ਕੁਰਲਾਣੇ, ਤੈਂ ਕੀ ਦਰਦੁ ਨਾ ਆਇਆ।’ ਗੁਰੂ ਸਾਹਿਬ ਨੇ ਕਿਸੇ ਤਰ੍ਹਾਂ ਦੇ ਡਰ ਭੈਅ ਤੋਂ ਮੁਕਤ ਹੋ ਕੇ ਲੋਕਾਂ ਲਈ ਆਵਾਜ਼ ਚੁੱਕੀ ਸੀ।
  ਇਸੇ ਇਤਿਹਾਸ ਨੂੰ ਦੁਹਰਾਉਂਦੇ ਹੋਏ ਗੁਰੂ ਹਰਗੋਬਿੰਦ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਨੇ ਜ਼ਾਲਮਾਂ ਨਾਲ ਟੱਕਰ ਲੈਣੀ ਜਾਰੀ ਰੱਖੀ। ਬੇਸ਼ੱਕ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਇਸ ਦੀ ਭੇਟ ਚੜ੍ਹ ਗਿਆ। ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰਾਖੀ ਲਈ ਆਪਣਾ ਸੀਸ ਬਲੀਦਾਨ ਕਰ ਦਿੱਤਾ, ਪਰ ਜ਼ਾਲਮ ਦੀ ਈਨ ਨਾ ਮੰਨੀ। ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਥੇ ਸਿੱਖ ਰਾਜ ਦੀ ਨੀਂਹ ਰੱਖੀ ਉੱਥੇ ਉਨ੍ਹਾਂ ਨੇ ਬੇਜ਼ਮੀਨੇ ਲੋਕਾਂ ਨੂੰ ਜ਼ਮੀਨਾਂ ਦੀ ਮਾਲਕੀ ਬਖ਼ਸ਼ੀ ਅਤੇ ਸਮਾਂ ਆਉਣ ’ਤੇ ਬਹਾਦਰੀ ਤੇ ਬਲੀਦਾਨ ਦੀ ਮਿਸਾਲ ਕਾਇਮ ਕੀਤੀ ਜੋ ਸਦਾ ਲਈ ਇਤਿਹਾਸ ਦੇ ਪੰਨਿਆਂ ’ਤੇ ਉੱਕਰੀ ਗਈ।
  ਅਹਿਮਦ ਸ਼ਾਹ ਅਬਦਾਲੀ ਵਾਰ ਵਾਰ ਪੰਜਾਬ ’ਤੇ ਹਮਲੇ ਕਰਦਾ ਸੀ ਤਾਂ ਉਸ ਨੂੰ ਸਿੱਖ ਹੀ ਟੱਕਰ ਦਿੰਦੇ ਸਨ। ਵੱਡੇ ਘੱਲੂਘਾਰੇ ਦੌਰਾਨ ਅਬਦਾਲੀ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਆਪਣੀ ਪੂਰੀ ਵਾਹ ਲਾ ਦਿੰਦਾ ਹੈ, ਪਰ ਸਿੱਖ ਅੱਧੋਂ ਵੱਧ ਮਾਰੇ ਜਾਣੇ ਦੇ ਬਾਵਜੂਦ ਅਬਦਾਲੀ ਦਾ ਵਿਰੋਧ ਨਹੀਂ ਛੱਡਦੇ। ਸਿੱਖ ਇਕਮੁੱਠ ਹੋ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ ਰਹਿਨੁਮਾਈ ਵਿਚ ਅਬਦਾਲੀ ਦਾ ਡਟਵਾਂ ਵਿਰੋਧ ਕਰਦੇ ਹੋਏ ਬੜੀ ਵਿਉਂਤਬੰਦੀ ਨਾਲ ਲੜਦੇ ਰਹੇ। ਅਖੀਰ ਵਿਚ ਅਬਦਾਲੀ ਨੇ ਸਿੱਖਾਂ ਨੂੰ ਇਹ ਸੁਨੇਹਾ ਘੱਲਿਆ ਕਿ ਤੁਸੀਂ ਮੇਰੀ ਈਨ ਮੰਨ ਲਵੋ ਮੈਂ ਤੁਹਾਨੂੰ ਪੰਜਾਬ ਦਾ ਰਾਜ ਭਾਗ ਸੌਂਪ ਦਿਆਂਗਾ, ਪਰ ਸਿੱਖਾਂ ਨੇ ਅਧੀਨਗੀ ਵਾਲੇ ਰਾਜ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ। ਅਖੀਰ ਸਿੱਖਾਂ ਨੇ ਖ਼ੁਦ ਦਿੱਲੀ ਫਤਹਿ ਕਰਕੇ ਖਾਲਸਾ ਰਾਜ ਦਾ ਝੰਡਾ ਝੁਲਾਇਆ ਸੀ। ਸਿੱਖਾਂ ਨੇ ਨਾਦਰਸ਼ਾਹ ਜਿਹੇ ਲੁਟੇਰੇ ਧਾੜਵੀਆਂ ਨੂੰ ਲੁੱਟ ਕੇ ਪੰਜਾਬੀਆਂ ਦੀ ਬਹਾਦਰੀ ਅਤੇ ਇਨ੍ਹਾਂ ਦੇ ਜਿਊਂਦੇ ਹੋਣ ਦਾ ਅਹਿਸਾਸ ਹੀ ਨਹੀਂ ਕਰਵਾਇਆ ਸੀ ਸਗੋਂ ਉਸ ਦੀ ਕੈਦ ਵਿਚੋਂ ਹਜ਼ਾਰਾਂ ਅਬਲਾਵਾਂ ਤੇ ਹੋਰ ਲੋਕਾਂ ਨੂੰ ਆਜ਼ਾਦ ਕਰਵਾ ਕੇ ਉਨ੍ਹਾਂ ਦੇ ਘਰੀਂ ਪਹੁੰਚਾਇਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਵੀ ਆਪਣੀ ਬਹਾਦਰੀ ਨਾਲ ਵਿਸ਼ਾਲ ਸਿੱਖ ਰਾਜ ਸਥਾਪਤ ਕੀਤਾ ਸੀ ਅਤੇ ਜਿਨ੍ਹਾਂ ਲੋਕਾਂ ਨੇ ਪੰਜਾਬੀਆਂ ਤੇ ਭਾਰਤ ਵਾਸੀਆਂ ਦਾ ਜੀਣਾ ਹਰਾਮ ਕੀਤਾ ਹੋਇਆ ਸੀ ਉਨ੍ਹਾਂ ਨੂੰ ਨੱਥ ਪਾ ਕੇ ਉਨ੍ਹਾਂ ਦੇ ਘਰਾਂ ਵਿਚ ਡੱਕ ਦਿੱਤਾ ਸੀ। ਇਹ ਸਭ ਇੱਥੋਂ ਦੀ ਮਿੱਟੀ, ਇੱਥੋਂ ਦਾ ਇਤਿਹਾਸ, ਸਿੱਖ ਗੁਰੂ ਸਾਹਿਬਾਨ ਵੱਲੋਂ ਦਿੱਤੇ ਸੰਸਕਾਰਾਂ ਦੀ ਬਦੌਲਤ ਹੀ ਸੰਭਵ ਹੋ ਸਕਿਆ ਹੈ। ਪੰਜਾਬ ਦੀ ਮਿੱਟੀ ਵਿਚ ਇਕ ਸ਼ਕਤੀ ਹੈ ਕਿ ਇੱਥੋਂ ਦੇ ਜੰਮੇ ਹੋਏ ਕਦੇ ਵੀ ਵੈਰੀ ਨੂੰ ਕਬੂਲ ਨਹੀਂ ਕਰਦੇ। ਸਿੱਖ ਰਾਜ ਦੇ ਖ਼ਾਤਮੇ ਤੋਂ ਬਾਅਦ ਪੰਜਾਬੀ ਹੀ ਅਜਿਹੀ ਕੌਮ ਸੀ ਜਿਸ ਨੇ ਬਹੁਤ ਜਲਦੀ ਅੰਗਰੇਜ਼ਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜਿਨ੍ਹਾਂ ਵਿਚ ਭਾਈ ਮਹਾਰਾਜ ਸਿੰਘ ਜੀ ਦਾ ਨਾਂ ਸਭ ਤੋਂ ਅੱਗੇ ਆਉਂਦਾ ਹੈ। ਦੇਸ਼ ਦੀ ਆਜ਼ਾਦੀ ਦੀ ਲੜਾਈ ਦੌਰਾਨ ਮਰਨ ਵਾਲਿਆਂ ਵਿਚ ਸਭ ਤੋਂ ਵੱਡੀ ਗਿਣਤੀ ਪੰਜਾਬੀਆਂ ਦੀ ਸੀ। ਕੈਦਾਂ ਕੱਟਣ ਵਾਲੇ, ਕਾਲੇ ਪਾਣੀ ਜਾਣ ਵਾਲੇ ਤੇ ਹਰ ਮੋਰਚੇ ਵਿਚ ਸਭ ਤੋਂ ਅੱਗੇ ਹੋ ਕੇ ਲੜਨ ਵਾਲੇ ਪੰਜਾਬੀ ਸਨ। ਗ਼ਦਰ ਪਾਰਟੀ ਦਾ ਇਤਿਹਾਸ, ਕੂਕਿਆਂ ਦਾ ਇਤਿਹਾਸ, ਬੱਬਰ ਅਕਾਲੀ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਪਗੜੀ ਸੰਭਾਲ ਜੱਟਾ ਲਹਿਰ, ਨੌਜਵਾਨ ਭਾਰਤ ਸਭਾ ਤੇ ਹੋਰ ਕਈ ਮੁਹਿੰਮਾਂ ਜਿਨ੍ਹਾਂ ਵਿਚ ਪੰਜਾਬੀਆਂ ਤੇ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ। ਆਜ਼ਾਦੀ ਦੀ ਲੜਾਈ ਦੌਰਾਨ ਇਨ੍ਹਾਂ ਨੇ ਆਪਣੀ ਜਾਨ ਖੁਲਾਸੀ ਲਈ ਕਿਸੇ ਦੀ ਅਧੀਨਗੀ ਨਾ ਮੰਨ ਕੇ ਸ਼ਹਾਦਤ ਦਾ ਜਾਮ ਪੀਣ ਨੂੰ ਪਹਿਲ ਦਿੱਤੀ। ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਬਾਬਾ ਸੋਹਣ ਸਿੰਘ ਭਕਨਾ, ਕਿਸ਼ਨ ਸਿੰਘ ਗੜਗੱਜ, ਊਧਮ ਸਿੰਘ, ਮਦਨ ਲਾਲ ਢੀਂਗਰਾ ਅੱਜ ਵੀ ਪੰਜਾਬੀਆਂ ਦੇ ਨਾਇਕ ਹਨ। ਜੇਕਰ 1971 ਦੀ ਭਾਰਤ ਪਾਕਿ ਜੰਗ ਦੌਰਾਨ ਕੋਈ ਪਾਕਿਸਤਾਨ ਦੇ ਪੈਟਨ ਟੈਂਕਾਂ ਮੂਹਰੇ ਅੜਿਆ ਸੀ ਤਾਂ ਉਹ ਪੰਜਾਬ ਦੇ ਜੰਮੇ ਹੀ ਅੜੇ ਸਨ। ਉੱਪਰੋਂ ਹੁਕਮ ਆ ਰਹੇ ਸਨ ਕਿ ‘ਪੀਛੇ ਹਟ ਜਾ।’ ਪਰ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਜਿਹੇ ਬਹਾਦਰ ਜਾਂਬਾਜ਼ ਸਿੱਖ ਫ਼ੌਜੀ ਅਫ਼ਸਰ ਨੇ ਆਪ ਮਰਨਾ ਕਬੂਲ ਕਰਕੇ ਫ਼ੌਜ ਨੂੰ ਲਲਕਾਰ ਮਾਰੀ ਤਾਂ ਫ਼ੌਜ ਨੇ ਉਨ੍ਹਾਂ ਤੋਂ ਵੀ ਅੱਗੇ ਹੋ ਕੇ ਆਪਣੇ ਫ਼ੌਜੀ ਅਫ਼ਸਰ ਨੂੰ ਅਗਵਾਈ ਦੇਣ ਲਈ ਜਿਊਂਦੇ ਰਹਿਣ ਦਾ ਸੁਝਾਅ ਦਿੱਤਾ। ਜਿਸ ਦੇ ਫਲਸਰੂਪ ਪਾਕਿਸਤਾਨੀ ਫ਼ੌਜ ਦੇ ਟੈਂਕਾਂ ਦਾ ਮੂੰਹ ਮੋੜ ਕੇ ਪਾਕਿਸਤਾਨ ਵੱਲ ਕਰ ਦਿੱਤਾ ਅਤੇ ਕੁਝ ਫ਼ੌਜੀਆਂ ਦੀ ਟੁਕੜੀ ਨੇ ਪਾਕਿਸਤਾਨ ਦੇ ਹਜ਼ਾਰਾਂ ਫ਼ੌਜੀਆਂ ਦੀ ਵੱਡੀ ਗਿਣਤੀ ਨੂੰ ਹਾਰ ਦਾ ਮੂੰਹ ਦੇਖਣ ਲਈ ਮਜਬੂਰ ਕੀਤਾ।
  ਅੱਜ ਦੇ ਚੱਲ ਰਹੇ ਮੋਰਚੇ ਦਾ ਰੁਖ਼ ਦੇਖਦੇ ਹਾਂ ਤਾਂ ਪੰਜਾਬੀਆਂ ਉੱਪਰ ਇਕ ਵਾਰ ਫਿਰ ਮਾਣ ਮਹਿਸੂਸ ਹੁੰਦਾ ਹੈ। ਪੰਜਾਬੀਆਂ ਨੇ ਭਾਰਤ ਦੀ ਸਭ ਤੋਂ ਤਾਕਤਵਰ ਸਰਕਾਰ ਨਾਲ ਟੱਕਰ ਲਈ ਹੈ। ਆਜ਼ਾਦੀ ਤੋਂ ਬਾਅਦ ਪੰਜਾਬ ਉੱਪਰ ਸਮੇਂ ਸਮੇਂ ’ਤੇ ਬਹੁਤ ਭੀੜਾਂ ਪਈਆਂ ਹਨ। ਜਿਸ ਵਿਚ 1947 ਦੀ ਪੰਜਾਬ ਵੰਡ, 1966 ਵਿਚ ਪੰਜਾਬੀ ਸੂਬੇ ਦੇ ਨਾਂ ਉੱਪਰ ਇਕ ਹੋਰ ਵੰਡ ਦਾ ਥੋਪਣਾ, ਪੰਜਾਬ ਦੇ ਪਾਣੀਆਂ ਨੂੰ ਸ਼ਰੇਆਮ ਦੂਜੇ ਰਾਜਾਂ ਵਿਚ ਲੈ ਜਾਣਾ, ਹਰੀ ਕ੍ਰਾਂਤੀ ਦੇ ਨਾਂ ਹੇਠ ਪੰਜਾਬ ਵਿਚ ਜ਼ਹਿਰੀਲੀਆਂ ਦਵਾਈਆਂ ਤੇ ਖਾਦਾਂ ਦੀ ਭਾਰੀ ਲੋੜ ’ਤੇ ਜ਼ੋਰ, ਪੰਜਾਬ ਦੇ ਸਕੂਲਾਂ ਕਾਲਜਾਂ ਦਾ ਨਿੱਜੀਕਰਨ, ਪੰਜਾਬੀ ਬੋਲੀ ਨੂੰ ਸ਼ਰੇਆਮ ਦਰਕਿਨਾਰ ਕਰਨਾ, ਪੰਜਾਬ ਵਿਚ ਸਰਕਾਰੀ ਤੰਤਰ ਜ਼ਰੀਏ ਨਸ਼ਿਆਂ ਦਾ ਪਸਾਰ ਤੇ ਪੰਜਾਬ ਦੇ ਲੋਕਾਂ ਨੂੰ ਦੁਨੀਆਂ ਭਰ ਵਿਚ ਅਮਲੀ ਤੇ ਨਸ਼ਈ ਜ਼ਾਹਰ ਕਰਕੇ ਹਰ ਪੱਧਰ ਉੱਪਰ ਬਦਨਾਮ ਕੀਤਾ ਜਾਣਾ। ਪੰਜਾਬ ਤੋਂ ਬਾਹਰ ਨਿਕਲਣ ਲਈ ਇੱਥੋਂ ਦੇ ਲੋਕਾਂ ਨੂੰ ਮਜਬੂਰ ਕਰ ਦੇਣਾ। ਅਜਿਹੇ ਹੋਰ ਵੀ ਬਹੁਤ ਸਾਰੇ ਕਾਰਨ ਹਨ, ਪਰ ਜੇਕਰ ਅਸੀਂ ਥੋੜ੍ਹਾ ਜਿਹਾ ਸੰਜੀਦਾ ਹੋ ਕੇ ਸੋਚਦੇ ਹਾਂ ਕਿ ਜੋ ਕਿਸਾਨਾਂ ਦਾ ਮੋਰਚਾ ਲੱਗਾ ਹੋਇਆ ਹੈ, ਉਸ ਵਿਚ ਨੌਜਵਾਨ, ਬਜ਼ੁਰਗ, ਬੀਬੀਆਂ ਤੇ ਹਰ ਧਰਮ, ਜਾਤ, ਹਰ ਵਰਗ ਦਾ ਪੰਜਾਬੀ ਆਪਣੀ ਭੂਮਿਕਾ ਨਿਭਾ ਰਿਹਾ ਹੈ। ਫਿਰ ਜੋ ਪੰਜਾਬ ਫ਼ਿਲਮਾਂ ਵਿਚ ਦਿਖਾਇਆ ਜਾ ਰਿਹਾ ਹੈ, ਜਿਸ ਵਿਚ ਬੰਦੂਕਾਂ ਵਾਲੇ, ਨਸ਼ਿਆਂ ਵਾਲੇ, ਲੰਡੀਆਂ ਜੀਪਾਂ ਵਾਲੇ ਹੋਰ ਫੁਕਰੇ ਕਿਸਮ ਦੇ ਦ੍ਰਿਸ਼ ਦੇਖਣ ਨੂੰ ਮਿਲਦੇ ਹਨ, ਉਹ ਸਭ ਇਸ ਸੰਘਰਸ਼ ਵਿਚੋਂ ਕਿਉਂ ਗਾਇਬ ਹਨ। ਸਿੱਧਾ ਜਿਹਾ ਉੱਤਰ ਹੈ ਕਿ ਉਪਰੋਕਤ ਸਭ ਪੰਜਾਬੀਆਂ ਨੂੰ ਆਪਣੀ ਲੀਹ ਤੋਂ ਭੁੰਝੇ ਲਾਹੁਣ ਦੇ ਕੋਝੇ ਯਤਨ ਹਨ, ਪਰ ਪੰਜਾਬੀ ਅਜੇ ਵੀ ਉਸੇ ਮਿੱਟੀ ਦੇ ਜਾਏ ਹਨ ਜੋ ਸਦੀਆਂ ਤੋਂ ਸੰਘਰਸ਼ਾਂ ਵਿਚੋਂ ਗੁਜ਼ਰਦੀ ਆਈ ਹੈ। ਬੇਸ਼ੱਕ ਅਸੀਂ ਕੁਝ ਸਮੇਂ ਅਵੇਸਲੇ ਹੋ ਗਏ ਹੋਵਾਂਗੇ, ਪਰ ਸਾਡਾ ਖੂਨ ਅੱਜ ਵੀ ਉਸੇ ਖੂਨ ਦਾ ਅੰਸ਼ ਹੈ ਜੋ ਬਾਗ਼ੀ ਸੁਰਾਂ ਦੇ ਮਾਲਕਾਂ ਦਾ ਖੂਨ ਹੈ। ਅੱਜ ਉਹ ਸਾਰੇ ਮਸਲੇ, ਸਭ ਇਲਜ਼ਾਮ ਤੇ ਹੋਰ ਤੋਹਮਤਾਂ ਕਿੱਥੇ ਹਨ? ਜਿਨ੍ਹਾਂ ਵਿਚ ਪੰਜਾਬੀਆਂ ਨੂੰ ਸਿਵਾਏ ਬਦਨਾਮ ਕਰਨ ਦੇ ਕੁਝ ਵੀ ਹੋਰ ਨਜ਼ਰ ਨਹੀਂ ਆਉਂਦਾ ਸੀ। ਕਿੱਥੇ ਗਿਆ ‘ਉੜਤਾ ਪੰਜਾਬ’ ਜਿਸ ਵਿਚ ਪੰਜਾਬ ਦਾ ਹਰ ਤੰਤਰ ਨਸ਼ਈ ਦਿਖਾਇਆ ਗਿਆ ਹੈ। ਪੰਜਾਬ ਦੇ ਸੰਘਰਸ਼ਸ਼ੀਲ ਲੋਕ ਦੋ ਵੇਲੇ ਮਿਹਨਤ ਨਾਲ ਕਮਾਈ ਰੋਟੀ ਖਾਣ ਵਾਲੇ ਲੋਕ ਹਨ। ਜਿਸ ਦੀ ਤਾਜ਼ਾ ਮਿਸਾਲ ਹੈ ਮੀਟਿੰਗ ਦੌਰਾਨ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਖਾਣੇ ਦੀ ਪੇਸ਼ਕਸ਼ ਦੇਣ ’ਤੇ ਉਨ੍ਹਾਂ ਵੱਲੋਂ ਸਰਕਾਰ ਦੀ ਰੋਟੀ ਠੁਕਰਾ ਕੇ ਆਪਣੇ ਨਾਲ ਲਿਆਂਦੀ ਰੋਟੀ ਖਾਣ ਨੂੰ ਪਹਿਲ ਦੇਣੀ। ਇਸ ਤੋਂ ਵੱਡਾ ਦਾਅਵਾ ਹੋਰ ਕੀ ਹੋ ਸਕਦਾ ਹੈ। ਜਿਨ੍ਹਾਂ ਪੰਜਾਬੀਆਂ ਨੂੰ ਆਲਸੀ, ਨਿਕੰਮੇ, ਨਸ਼ਈ ਤੇ ਅਤਿਵਾਦੀ ਕਰਾਰ ਦਿੱਤਾ ਜਾਂਦਾ ਹੈ, ਉਹ ਜਿੱਥੇ ਆਪਣੇ ਲਈ ਲੰਗਰ ਲਾ ਰਹੇ ਹਨ, ਉੱਥੇ ਉਨ੍ਹਾਂ ਉੱਪਰ ਡਾਂਗਾਂ ਵਰ੍ਹਾਉਣ ਵਾਲੇ ਪੁਲੀਸ ਕਰਮੀਆਂ ਨੂੰ ਵੀ ਬਰਾਬਰ ਲੰਗਰ ਛਕਾ ਰਹੇ ਹਨ ਤੇ ਦੱਸ ਰਹੇ ਹਨ ਕਿ ਅਸੀਂ ਭਾਈ ਕਨ੍ਹਈਆ ਜੀ ਦੇ ਵਾਰਸ ਹਾਂ। ਜਿਸ ਤਰ੍ਹਾਂ ਪੰਜਾਬੀਆਂ ਨੇ ਅਹਿਮਦ ਸ਼ਾਹ ਅਬਦਾਲੀ ਦਾ ਮੁਕਾਬਲਾ ਕਰਨ ਲਈ ਰਣਨੀਤੀ ਤਿਆਰ ਕੀਤੀ ਸੀ ਅਤੇ ਬਹਾਦਰੀ, ਸੂਝਬੂਝ ਨਾਲ ਉਸ ਦਾ ਟਾਕਰਾ ਕੀਤਾ ਸੀ। ਅੱਜ ਉਹ ਝਲਕ ਫਿਰ ਨਜ਼ਰ ਆ ਰਹੀ ਹੈ ਅਤੇ ਮਹਿਸੂਸ ਹੋ ਰਿਹਾ ਹੈ ਕਿ ਕਿਸਾਨਾਂ ਦੀ ਜਿੱਤ ਹੋਵੇਗੀ ਅਤੇ ਸਰਕਾਰ ਨੂੰ ਆਪਣੇ ਫ਼ੈਸਲੇ ਵਾਪਸ ਲੈਣੇ ਪੈਣਗੇ।
  *ਪ੍ਰਧਾਨ ਸਾਹਿਤ ਸੁਰ ਸੰਗਮ ਸਭਾ, ਇਟਲੀ

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com