ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਕਿਸਾਨੀ ਸੰਘਰਸ਼ ਦੇ ਪਿੱਛੇ ਕਿਹੜੀਆਂ ਤਾਕਤਾਂ ਹਨ?

  ਅੱਜ ਜਦੋਂ ਕਿਸਾਨੀ ਸੰਘਰਸ਼ ਸਿਖਰਾਂ ਨੂੰ ਛੂਹ ਰਿਹਾ ਹੈ ਤਾਂ ਕਿਸਾਨ ਵਿਰੋਧੀ ਤੇ ਪੰਥ ਵਿਰੋਧੀ ਤਾਕਤਾਂ ਦਾ ਸਵਾਲ ਹੈ ਕਿ ਕਿਸਾਨ ਸੰਘਰਸ਼ ਦੇ ਪਿੱਛੇ ਕਿਹੜੀਆਂ ਤਾਕਤਾਂ ਦਾ ਹੱਥ ਹੈ? ਪੰਜਾਬ ਦੀ ਭੋਇੰ, ਪੰਜਾਬ ਦੇ ਵਿਰਸੇ, ਪੰਜਾਬ ਦੀ ਧਰਤ ਤੇ ਜੰਮੀ ਪਲੀ ਸਿੱਖ ਕੌਮ ਤੋਂ ਨਾ ਵਾਕਫ਼ ਲੋਕਾਂ ਲਈ ਇਹ ਸਵਾਲ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ।
  ਉਹ ਹੈਰਾਨ ਹਨ ਕਿ ਅਨਪੜ੍ਹ ਕਿਸਾਨਾਂ ਨੂੰ ਜੰਗੀ ਕਾਫਲੇ ਵਾਂਗ ਤੁਰਨ ਦੀ ਟ੍ਰੇਨਿੰਗ ਕਿਸ ਨੇ ਦਿੱਤੀ? ਇਨ੍ਹਾਂ ਕੋਲ ਖਾਣ ਪੀਣ ਲਈ ਰਸਦ ਕਿਥੋਂ ਆ ਰਹੀ ਹੈ? ਇਨ੍ਹਾਂ ਲੋਕਾਂ ਦਾ ਭੋਜਨ ਕੌਣ ਤਿਆਰ ਕਰ ਰਿਹਾ ਹੈ? ਇਹ ਕਿੰਜ ਜੀਅ ਰਹੇ ਹਨ? ਇਨ੍ਹਾਂ ਦੇ ਫ਼ੋਨ ਕਿਵੇਂ ਚਾਰਜ ਹੋ ਰਹੇ ਹਨ? ਇਨ੍ਹਾਂ ਨੂੰ ਇੱਥੇ ਪਹੁੰਚਣ ਲਈ ਖਰਚਾ ਕਿਸ ਨੇ ਦਿੱਤਾ? ਇਨ੍ਹਾਂ ਉੱਤੇ ਠੰਢ ਦਾ ਕੋਈ ਅਸਰ ਕਿਉਂ ਨਹੀਂ ਹੈ? ਇਨ੍ਹਾਂ ਵਿਚ ਇਹ ਸਬਰ ਕਿੱਥੋਂ ਆਇਆ? ਇਹ ਇੱਕ ਮਹੀਨੇ ਬਾਅਦ ਵੀ ਕਿਉਂ ਨਹੀਂ ਅੱਕ ਰਹੇ? ਇਹ ਫੋਰਸਾਂ ਤੋਂ ਕਿਉਂ ਨਹੀਂ ਡਰਦੇ? ਇਹ ਫੋਰਸਾਂ ਵੱਲੋਂ ਲਾਏ ਬੈਰੀਕੇਡ ਤੋਡ਼ ਕੇ ਕਿਵੇਂ ਪਹੁੰਚ ਗਏ? ਇਹ ਅੰਗਰੇਜ਼ੀ ਕਿਵੇਂ ਬੋਲ ਲੈਂਦੇ ਹਨ?

  ਇਹ ਟਵਿੱਟਰ ਤੇ ਕਿਵੇਂ ਛਾ ਗਏ ਹਨ? ਇਨ੍ਹਾਂ ਭਾਰਤੀ ਮੀਡੀਆ ਦਾ ਪ੍ਰਭਾਵ ਕਿਉਂ ਨਹੀਂ ਕਬੂਲ ਕੀਤਾ? ਇਨ੍ਹਾਂ ਦਾ ਆਪਣਾ ਮੀਡੀਆ ਕਿੰਨੇ ਸਥਾਪਤ ਕੀਤਾ? ਇਹ ਜੰਗਲ ਪਾਣੀ ਤੇ ਇਸ਼ਨਾਨ ਕਿਥੇ ਕਰ ਰਹੇ ਹਨ? ਕੱਪੜੇ ਕੌਣ ਧੋ ਰਿਹਾ ਹੈ? ਸਾਰੇ ਇੱਕੋ ਜ਼ੁਬਾਨ ਕਿਵੇਂ ਬੋਲ ਰਹੇ ਹਨ? ਛੋਟੇ ਤੋਂ ਲੈ ਕੇ ਬਜ਼ੁਰਗ ਕਿਸਾਨ ਤੱਕ ਸਭ ਦੀ ਜ਼ੁਬਾਨ ਤੇ ਤਿੰਨ ਬਿੱਲ ਵਾਪਸ ਕਰਾਉਣ ਦੀ ਗੱਲ ਹੀ ਕਿਉਂ ਹੈ? ਇਹ ਅੱਧ ਅਸਾਮਾਨ ਤਕ ਉੱਚੇ ਟਾਵਰਾਂ ਉੱਪਰ ਬਿਨਾਂ ਕਿਸੇ ਸੁਰੱਖਿਆ ਤੋਂ ਚੜ੍ਹ ਕੇ ਝੰਡੇ ਕਿਉਂ ਝੁਲਾ ਰਹੇ ਹਨ?
  ਇਸ ਤੋਂ ਇਲਾਵਾ ਹੋਰ ਅਨੇਕਾਂ ਸਵਾਲ ਹੋਣਗੇ ਜੋ ਹਿੰਦੋਸਤਾਨ ਵਾਸੀਆਂ ਨੂੰ ਤੰਗ ਕਰ ਰਹੇ ਹੋਣਗੇ, ਪਰ ਆਓ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਦੇ ਹਾਂ। ਗੱਲ ਕਰਦੇ ਹਾਂ ਇਸ ਸੰਘਰਸ਼ ਦੇ ਪਿੱਛੇ ਖੜ੍ਹੀਆਂ ਤਾਕਤਾਂ ਦੀ।
  ਇਸ ਸੰਘਰਸ਼ ਨੂੰ ਜੋ ਤਾਕਤ ਮਿਲ ਰਹੀ ਹੈ ਉਹ ਹੈ ਗੁਰੂ ਦਾ ਆਸਰਾ। ਅਰਦਾਸਾਂ ਕਰਕੇ ਤੁਰੇ ਜਥੇ ਮਰਨ-ਮਰਾਉਣ ਲਈ ਹਰਦਮ ਤਿਆਰ ਹਨ। ਇਨ੍ਹਾਂ ਨੂੰ ਜੋਸ਼ ਉਸ ਦਿਨ ਮਿਲਿਆ ਜਿਸ ਦਿਨ ਹਰਿਆਣਾ ਦੇ ਖੱਟਰ ਨੇ ਐਲਾਨ ਕੀਤਾ ਸੀ ਕਿ ਪੰਜਾਬ ਵਾਸੀਆਂ ਨੂੰ ਹਰਿਆਣੇ ਚੋਂ ਲੰਘ ਕੇ ਦਿੱਲੀ ਨਹੀਂ ਜਾਣ ਦਿੱਤਾ ਜਾਵੇਗਾ। ਜੇਕਰ ਇਹ ਐਲਾਨ ਨਾ ਕਰਦਾ ਤਾਂ ਸ਼ਾਇਦ ਵੀਹ ਤੀਹ ਹਜ਼ਾਰ ਤੋਂ ਵੱਧ ਕਿਸਾਨ ਦਿੱਲੀ ਨਾ ਜਾਂਦਾ।
  ਦਿੱਲੀ ਨਾਲ ਪੰਜ ਸਦੀਆਂ ਦੇ ਵੈਰ ਨੇ ਪੰਜਾਬ ਦੇ ਨੌਜੁਆਨਾਂ ਨੂੰ ਹਲੂਣਾ ਦਿੱਤਾ ਕਿ ਦਿੱਲੀ ਤੋਂ ਮਿਲੀ ਵੰਗਾਰ ਹਰ ਹਾਲ ਚ ਸਵੀਕਾਰ ਕਰਕੇ ਫੈਸਲਾਕੁਨ ਯੁੱਧ ਲੜਿਆ ਜਾਵੇ। ਪੰਜਾਬ ਦਾ ਪੁੱਤ ਕਦੇ ਵੀ ਦਿੱਲੀ ਦੇ ਹੱਥੋਂ ਹਾਰ ਨਹੀਂ ਦੇਖਣਾ ਚਾਹੁੰਦਾ।
  ਹਰ ਸਾਲ, ਸਾਲ ਵੀ ਕਿਉਂ, ਸਾਲ ਵਿੱਚ ਕਈ ਵਾਰ ਟਰਾਲੀਆਂ ਤੇ ਹੋਲਾ ਮਹੱਲਾ, ਮਾਘੀ ਦਾ ਮੇਲਾ, ਵਿਸਾਖੀ ਦਾ ਇਕੱਠ, ਸ਼ਹੀਦੀ ਜੋੜ ਮੇਲੇ ਆਦਿ ਥਾਵਾਂ ਤੇ ਜਾਣ ਵਾਲਿਆਂ ਨੂੰ ਟਰਾਲੀਆਂ ਬੀੜਨੀਆਂ ਔਖੀਆਂ ਨਹੀਂ ਲੱਗਦੀਆਂ। ਪੋਹ ਦੇ ਮਹੀਨਿਆਂ ਵਿਚ ਟਰਾਲੀਆਂ ਤੇ ਫ਼ਤਹਿਗੜ੍ਹ ਸਾਹਿਬ, ਚਮਕੌਰ ਸਾਹਿਬ ਪਹੁੰਚਣ ਵਾਲਿਆਂ ਵਾਸਤੇ ਦਿੱਲੀ ਪਹੁੰਚਣਾ ਵੀ ਕੋਈ ਵੱਡੀ ਗੱਲ ਨਹੀਂ ਸੀ।
  ਗੁਰਪੁਰਬਾਂ ਅਤੇ ਹੋਰ ਧਾਰਮਿਕ ਦਿਹਾੜਿਆਂ ਤੇ ਹਰ ਗਲੀ ਹਰ ਮੋੜ ਤੇ ਲੰਗਰ ਲਾਉਣ ਵਾਲਿਆਂ ਵਾਸਤੇ ਦਿੱਲੀ ਵਿੱਚ ਜਾ ਕੇ ਆਪਣੇ ਖ਼ਾਤਰ ਲੰਗਰ ਪਕਾਉਣਾ ਵੀ ਕੋਈ ਵੱਡੀ ਗੱਲ ਨਹੀਂ ਸੀ।
  ਵੰਡ ਕੇ ਛਕੋ, ਦੇਗ ਤੇਗ ਫਤਿਹ, ਪੰਗਤ-ਸੰਗਤ, ਸਰਬੱਤ ਦਾ ਭਲਾ ਆਦਿ ਵੱਡੇ ਸੰਕਲਪਾਂ ਦੇ ਵਾਰਸ ਭਾਵੇਂ ਕਿੰਨੀ ਵੀ ਆਰਥਿਕ ਮੰਦੀ ਚ ਕਿਉਂ ਨਾ ਹੋਣ ਜਦੋਂ ਸਾਂਝਾ ਕਾਰਜ ਸਾਹਮਣੇ ਆਉਂਦਾ ਹੈ ਤਾਂ ਇਹ ਮਾਇਆ ਦੇ ਢੇਰ ਲਗਾ ਦਿੰਦੇ ਹਨ। ਗੁਰੂ ਦੀ ਕਲਾ ਵਰਤਦੀ ਹੈ, ਖ਼ੂਨ ਪਸੀਨੇ ਦੀ ਕਮਾਈ ਚੋਂ ਕੱਢਿਆ ਦਸਵੰਧ ਕਦੇ ਵੀ ਥੁੜ੍ਹਦਾ ਨਹੀਂ। ਇਹ ਦਸਵੰਧ ਆਰਥਿਕ ਪੱਖੋਂ ਇਸ ਮੋਰਚੇ ਦੀ ਰੀੜ੍ਹ ਦੀ ਹੱਡੀ ਦਾ ਕੰਮ ਕਰ ਰਿਹਾ ਹੈ।
  ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਲੈ ਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਆਦਿ ਸਭ ਇਤਿਹਾਸਕ ਘਟਨਾਵਾਂ ਇਕੱਲੇ ਇਕੱਲੇ ਕਿਸਾਨ ਨੂੰ ਹੌਸਲਾ ਦੇ ਰਹੀਆਂ ਹਨ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਕਦੇ ਵੀ ਸਰੀਰਕ ਤੰਗੀਆਂ ਕਰਕੇ ਹਾਰ ਨਹੀਂ ਮੰਨ ਸਕਦੇ। ਜਿਨ੍ਹਾਂ ਦਾ ਪਿਤਾ ਮਾਛੀਵਾੜੇ ਦੇ ਜੰਗਲਾਂ ਚ ਕੰਡਿਆਂ ਦੀ ਸੇਜ ਤੇ ਸੁੱਤਾ ਹੋਵੇ ਤਾਂ ਪੁੱਤ ਭਲਾ ਸੜਕਾਂ ਤੇ ਕਿਵੇਂ ਹਾਰ ਮੰਨ ਜਾਣ।
  ਮੋਰਚੇ ਵਿੱਚ ਬਹੁਤਾਤ ਗਿਣਤੀ ਵਿਚ ਮੌਜੂਦ ਬਜ਼ੁਰਗਾਂ ਨੂੰ ਨੌਵੇਂ ਪਾਤਸ਼ਾਹ ਦੀ ਚਾਂਦਨੀ ਚੌਕ ਵਿਖੇ ਦਿੱਤੀ ਸ਼ਹਾਦਤ ਪ੍ਰੇਰਨਾ ਦਿੰਦੀ ਹੈ। ਉਹ ਆਪਣੇ ਪੁੱਤਾਂ ਤੋਂ ਪਹਿਲਾਂ ਸ਼ਹੀਦ ਹੋਣ ਨੂੰ ਕਾਹਲੇ ਹਨ।
  ਰੁਪਈਆ ਰੁਪਈਆ ਜੋੜ ਕੇ ਪਿੰਡਾਂ ਦੇ ਗੁਰੂ ਘਰਾਂ ਵਿੱਚ ਇਕੱਠੇ ਕੀਤੇ ਵੱਡੇ ਬਰਤਨ ਅਤੇ ਦੇਗਾਂ ਅੱਜ ਦਿੱਲੀ ਦੀਆਂ ਸੜਕਾਂ ਤੇ ਲੱਖਾਂ ਲੋਕਾਂ ਨੂੰ ਲੰਗਰ ਛਕਾ ਰਹੀਆਂ ਹਨ। ਸੰਗਤਾਂ ਦੇ ਚੜਾਵੇ ਨਾਲ ਵੱਡੇ ਪ੍ਰਬੰਧਕ ਬਣੇ ਕਾਰ ਸੇਵਾ ਵਾਲੇ ਬਾਬਿਆਂ ਨੇ ਲੋੜ ਪੈਣ 'ਤੇ ਪਿੱਠ ਨਹੀਂ ਦਿਖਾਈ।
  ਕਰੋੜਾਂ ਦੀ ਕਬੱਡੀ ਖੇਡਦੇ ਨੌਜਵਾਨ ਗੁਪਤ ਦਾਨ ਵਜੋਂ ਟਰੱਕ ਭਰ ਕੇ ਆਈਆਂ ਵਾਸ਼ਿੰਗ ਮਸ਼ੀਨਾਂ ਨਾਲ ਕੱਪੜੇ ਧੋਣ ਦੀ ਸੇਵਾ ਕਰ ਰਹੇ ਹਨ। ਮੋਟਰਾਂ ਦੀਆਂ ਤਾਰਾਂ ਨਾਲ ਜੱਭਣ ਵਾਲੇ ਜੱਟ ਕਿਸੇ ਇਲੈਕਟਰੀਸ਼ੀਅਨ ਤੋਂ ਘੱਟ ਨਹੀਂ। ਸਟਰੀਟ ਲਾਈਟਾਂ ਵਾਲੇ ਖੰਭਿਆਂ ਤੋਂ ਬਿਜਲੀ ਕੁਨੈਕਸ਼ਨ ਚਲ ਰਹੇ ਹਨ।
  ਕਿਸੇ ਦੇਸੀ ਮਿਸਤਰੀ ਦਾ ਜੁਗਾੜ ਲਾ ਕੇ ਬਣਾਇਆ ਪਾਥੀ ਗੀਜ਼ਰ ਅੱਜ ਦਿੱਲੀ ਦੀਆਂ ਸੜਕਾਂ ਤੇ ਬੈਠੇ ਬਜ਼ੁਰਗਾਂ ਨੂੰ ਨਿੱਘ ਦੇ ਰਿਹਾ ਹੈ। ਅੱਧਿਓਂ ਵੱਧ ਨੌਜਵਾਨ ਆਈਲੈੱਟਸ ਦੀਆਂ ਕਲਾਸਾਂ ਲਗਾ ਕੇ ਅੰਗਰੇਜ਼ੀ ਸਿੱਖੀ ਫਿਰਦੇ ਹਨ, ਜੋ ਕੈਮਰੇ ਅੱਗੇ ਪਟਾਕ ਪਟਾਕ ਬੋਲਦੇ ਹਨ ਤਾਂ ਦਿੱਲੀ ਵਾਲਿਆਂ ਨੂੰ ਵਖ਼ਤ ਪੈ ਜਾਂਦਾ ਹੈ ਇਹ ਅਨਪੜ੍ਹ ਕਿਸਾਨਾਂ ਦੇ ਪੁੱਤ ਅੰਗਰੇਜ਼ੀ ਕਿਵੇਂ ਬੋਲ ਸਕਦੇ ਹਨ।
  ਚੁਰਾਸੀ ਦੇ ਦੌਰ ਵਿੱਚ ਪੱਤਰਕਾਰਾਂ ਨੇ ਸਿੱਖਾਂ ਦੀ ਪਿੱਠ ਚ ਛੁਰਾ ਮਾਰਿਆ। ਉਸ ਸਮੇਂ ਦੇ ਮਾਰੇ ਸਿੱਖਾਂ ਨੇ ਕਦੇ ਵੀ ਮੀਡੀਆ ਤੇ ਯਕੀਨ ਨਹੀਂ ਕੀਤਾ। ਉਨ੍ਹਾਂ ਦੇ ਧੀਆਂ ਪੁੱਤਰਾਂ ਨੇ ਆਪਣੇ ਛੋਟੇ ਛੋਟੇ ਮੀਡੀਆ ਚੈਨਲ ਸ਼ੁਰੂ ਕਰ ਲਏ ਹਨ, ਹੁਣ ਬਜ਼ੁਰਗਾਂ ਨੂੰ ਅਖ਼ਬਾਰ ਤੇ ਛਪਦੇ ਅਤੇ ਟੀ ਵੀ ਤੇ ਚਲਦੇ ਖ਼ਬਰਨਾਮੇ ਉਪਰ ਯਕੀਨ ਨਹੀਂ ਪਰ ਉਨ੍ਹਾਂ ਦੇ ਮੋਬਾਇਲ ਵਿਚ ਬੋਲਦੇ ਉਨ੍ਹਾਂ ਦੇ ਧੀਆਂ ਪੁੱਤਰਾਂ ਦੀ ਇਕ ਇਕ ਗੱਲ ਤੇ ਯਕੀਨ ਹੈ।
  ਉਨ੍ਹਾਂ ਦੇ ਧੀਆਂ ਪੁੱਤਰ ਵੀ ਅੱਜ ਦੁਨੀਆਂ ਵਿੱਚ ਕੀ ਚੱਲ ਰਿਹਾ ਹੈ ਉਸ ਨੂੰ ਸਮਝਦੇ ਹਨ। ਉਹ ਦਿੱਲੀ ਦੀਆਂ ਚਾਲਾਂ ਸਮਝਦੇ ਹਨ। ਉਹ ਇਤਿਹਾਸ ਤੋਂ ਵਾਕਫ਼ ਹਨ ਤੇ ਉਹ ਕਿਸੇ ਵੀ ਕੀਮਤ ਤੇ ਵੀ ਧੋਖਾ ਨਹੀਂ ਖਾਣਾ ਚਾਹੁੰਦੇ।
  ਪਹਿਲੀ ਵਾਰ ਹੋਵੇਗਾ ਕੇ ਦਿੱਲੀ ਨੂੰ ਟਰੈਕਟਰਾਂ ਵਾਲਿਆਂ ਨਾਲ ਮੱਥਾ ਲਾਉਣਾ ਪਿਆ। ਪਿਛਲੇ ਸੰਘਰਸ਼ ਦੌਰਾਨ ਪੰਜਾਬ ਵਿੱਚ ਮਸ਼ੀਨਰੀ ਨਾ ਮਾਤਰ ਸੀ ਪਰ ਪਿਛਲੇ ਲੰਘੇ ਤਿੰਨ ਦਹਾਕਿਆਂ ਦੌਰਾਨ ਘਰ ਘਰ ਟਰੈਕਟਰ ਆਣ ਖਲੋਤਾ ਹੈ। ਟਰੈਕਟਰ ਕਿਸਾਨ ਵਾਸਤੇ ਪੁੱਤ ਹੁੰਦਾ ਹੈ। ਟਰੈਕਟਰ ਕਿਸਾਨ ਨੂੰ ਕੀ ਕੰਮ ਦੇ ਸਕਦਾ ਹੈ ਇਹ ਕੇਵਲ ਕਿਸਾਨ ਹੀ ਜਾਣਦਾ ਹੈ।
  ਇਨ੍ਹਾਂ ਸਭ ਚੀਜ਼ਾਂ ਤੋਂ ਨਾ ਵਾਕਫ਼ ਹਾਕਮ ਗਫ਼ਲਤ ਦੀ ਨੀਂਦ ਸੁੱਤਾ ਰਿਹਾ। ਟਰੈਕਟਰ ਨੇ ਦਿੱਲੀ ਆਉਣ ਤਕ ਸਵਾਰੀ ਦਾ ਕੰਮ ਕਰਨ ਤੋਂ ਇਲਾਵਾ ਰਸਤੇ ਚ ਖਡ਼੍ਹੇ ਬੈਰੀਕੇਡਾਂ ਨੂੰ ਹਟਾਉਣ ਵਿੱਚ ਸਾਥ ਦਿੱਤਾ। ਅੱਜ ਇਹ ਟਰੈਕਟਰ ਰਾਤ ਨੂੰ ਰੌਸ਼ਨੀ ਦੇ ਰਹੇ ਹਨ, ਫੋਨ ਚਾਰਜ ਕਰਨ ਲਈ ਬਿਜਲੀ ਦੇ ਰਹੇ ਹਨ। ਇਨ੍ਹਾਂ ਦੇ ਪਿੱਛੇ ਪਈਆਂ ਟਰਾਲੀਆਂ ਪੱਕੇ ਘਰ ਦਾ ਕੰਮ ਦੇ ਰਹੀਆਂ ਹਨ।
  ਦਿੱਲੀ ਦੀਆਂ ਹੱਦਾਂ ਤੇ ਇਕ ਅਸਚਰਜ ਵਰਤਾਰਾ ਵਾਪਰ ਰਿਹਾ ਹੈ ਜੋ ਸਿੱਖ ਕੌਮ ਲਈ ਤਾਂ ਸਹਿਜੇ ਹੀ ਵਾਪਰ ਰਹੀ ਚੀਜ਼ ਹੈ ਪਰ ਸਾਰੀ ਦੁਨੀਆਂ ਦੇਖ ਕੇ ਮੂੰਹ ਵਿੱਚ ਉਂਗਲਾਂ ਪਾ ਰਹੀ ਹੈ। ਕਦੇ ਹਿੰਦੋਸਤਾਨ ਦੇ ਲੋਕਾਂ ਨੂੰ ਹਾਂਗਕਾਂਗ ਦੇ ਲੋਕਾਂ ਤੋਂ ਸੰਘਰਸ਼ ਕਰਨ ਦੀਆਂ ਮੱਤਾਂ ਦੇਣ ਵਾਲਾ ਰਵੀਸ਼ ਕੁਮਾਰ ਸਿੱਖ ਕੌਮ ਵੱਲੋਂ ਲੜੇ ਜਾ ਰਹੇ ਸੰਘਰਸ਼ ਨੂੰ ਵੇਖ ਕੇ ਦੰਗ ਰਹਿ ਗਿਆ ਹੈ।
  ਕੁੱਲ ਦੁਨੀਆਂ ਵਿਚ ਮੁਸੀਬਤਾਂ ਸਮੇਂ ਲੰਗਰ ਲੈ ਕੇ ਜਾਣ ਵਾਲੇ ਸਿੱਖ ਸੇਵਾਦਾਰਾਂ ਵਾਸਤੇ ਆਪਣੇ ਭਰਾਵਾਂ ਲਈ ਖਡ਼੍ਹਨ ਦਾ ਇਹ ਪਹਿਲਾ ਮੌਕਾ ਹੈ ਤੇ ਉਹ ਬੜੇ ਚਾਅ ਨਾਲ ਇਹ ਸੇਵਾ ਨਿਭਾ ਰਹੇ ਹਨ।
  ਰਾਹੇ ਕੁਰਾਹੇ ਤੁਰੀ ਫਿਰਦੀ ਗਾਇਕੀ ਅੱਜ ਤੀਰ ਵਾਂਗ ਸਿੱਧੀ ਦਿੱਲੀ ਦੀ ਹਿੱਕ ਵਿਚ ਵੱਜਣ ਲਈ ਕਾਹਲੀ ਹੈ। ਉਸ ਗਾਇਕੀ ਕਾਰਨ ਵੀ ਵੱਡੀ ਗਿਣਤੀ ਵਿੱਚ ਨੌਜਵਾਨ ਇਸ ਅੰਦੋਲਨ ਦਾ ਹਿੱਸਾ ਬਣੇ। ਪੰਜਾਬ ਦੀ ਚੰਗੀ ਭਾਵੇਂ ਮਾੜੀ ਹਰ ਚੀਜ਼ ਇਸ ਅੰਦੋਲਨ ਵਿੱਚ ਪੰਜਾਬ ਦੇ ਹੱਕ ਵਿੱਚ ਭੁਗਤੀ।
  ਇਸ ਏਕੇ ਨੇ ਦਿੱਲੀ ਦੇ ਸਾਰੇ ਰਾਹ ਬੰਦ ਕਰ ਦਿੱਤੇ ਹਨ। ਉਸ ਕੋਲ ਜਾਂ ਤਾਂ ਕਾਨੂੰਨ ਵਾਪਸ ਲੈਣ ਜਾਂ ਗੋਲੀ ਚਲਾਉਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚਦਾ। ਜੇਕਰ ਦਿੱਲੀ ਕਾਨੂੰਨ ਵਾਪਸ ਲੈਂਦੀ ਹੈ ਤਾਂ ਇਹ ਬਿਪਰ ਦੇ ਰੱਥ ਦੀ ਪਹਿਲੀ ਬ੍ਰੇਕ ਹੋਵੇਗੀ। ਜੇਕਰ ਦਿੱਲੀ ਕਾਨੂੰਨ ਵਾਪਸ ਲੈਂਦੀ ਹੈ ਤਾਂ ਇਹ ਪੂੰਜੀਵਾਦ ਦੇ ਰੱਥ ਦੀ ਆਖ਼ਰੀ ਮੈਦਾਨ ਵਿਚ ਹਾਰ ਹੋਵੇਗੀ। ਇਸ ਤੋਂ ਪਹਿਲਾਂ ਬਿਪਰ ਸਾਰਾ ਹਿੰਦੁਸਤਾਨ ਸਰ ਕਰ ਚੁੱਕਾ ਹੈ ਅਤੇ ਪੂੰਜੀਵਾਦ ਸਾਰੀ ਦੁਨੀਆਂ ਨੂੰ ਸਰ ਕਰ ਚੁੱਕਾ ਹੈ।
  ਪੰਜਾਬ ਦੇ ਜਾਇਆਂ ਨੇ ਦੋਵਾਂ ਨੂੰ ਠੱਲ੍ਹ ਲਿਆ ਹੈ। ਜੇਕਰ ਦਿੱਲੀ ਆਪਣੇ ਇਰਾਦੇ ਤੇ ਦ੍ਰਿੜ੍ਹ ਹੈ ਕਿ ਉਸਨੇ ਕਾਨੂੰਨ ਵਾਪਸ ਨਹੀਂ ਲੈਣੇ ਤਾਂ ਉਸ ਨੂੰ ਸੰਘਰਸ਼ ਕਰ ਰਹੇ ਕਿਸਾਨਾਂ ਉੱਪਰ ਤਾਕਤ ਦਾ ਇਸਤੇਮਾਲ ਕਰਨਾ ਪਵੇਗਾ ਪਰ ਸਿੱਖ ਨੌਜਵਾਨੀ ਵੱਲੋਂ ਛੱਬੀ ਤੇ ਸਤਾਈ ਦਸੰਬਰ ਨੂੰ ਦਿਖਾਏ ਜੋਸ ਕਰਕੇ ਉਸ ਦੀ ਹਿੰਮਤ ਨਹੀਂ ਪੈ ਰਹੀ ਕਿ ਉਹ ਕਿਸੇ ਵੀ ਤਰ੍ਹਾਂ ਦਾ ਧੱਕਾ ਕਰੇ। ਗੁਰੂ ਦੇ ਓਟ ਆਸਰੇ ਅਧੀਨ ਤੁਰੇ ਕਿਸਾਨਾ ਨੂੰ ਜਿੱਤ ਦੀ ਆਸ ਹੈ। ਬਾਕੀ ਜੇ ਲੜਾਈ ਗਲ ਪੈ ਗਈ ਤਾਂ ਉਹ ਪਿਛੇ ਹਟਦੇ ਨਜਰ ਨਹੀਂ ਆਉਂਦੇ।
  - ਮਨਮੋਹਨ ਸਿੰਘ ਖ਼ਾਲਸਾ
  ਸ੍ਰੀ ਅਨੰਦਪੁਰ ਸਾਹਿਬ
  9216732351

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com