ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਕਿਸਾਨੀ ਸੰਘਰਸ਼ ਦੇ ਨਾਂ

  -ਮਨਜੀਤ ਕੌਰ ਸੇਖੋਂ, ਯੂ.ਐੱਸ.ਏ.

  --- 

  ਮਹੀਨੇ ਤੋਂ ਵੱਧ ਹੋ ਗਿਆ ਮੇਰੇ ਦੇਸ਼ ਦੇ ਕਿਰਸਾਣ ਆਪਣੇ ਮਨਾਂ ਨੂੰ ਹਾਲੀ ਬਣਾ ਕੇ, ਆਪਣੇ ਕਰਮ ਨੂੰ ਕਿਰਸਾਣੀ ਕਰਕੇ, ਮਿਹਨਤ ਮੁਸ਼ੱਕਤਾਂ ਦਾ ਪਾਣੀ ਲਾ ਕੇ, ਆਪਣੇ ਪਿੰਡਿਆਂ ਨੂੰ ਖੇਤ ਬਣਾ ਕੇ ਅਸਮਾਨ ਦੀ ਛੱਤ ਥੱਲੇ ਦਿੱਲੀ ਦੀਆਂ ਹੱਦਾਂ ’ਤੇ ਆਰਪਾਰ ਦੀ ਜੰਗ ਲੜ੍ਹ ਰਹੇ ਹਨ। ਪੋਹ ਦਾ ਮਹੀਨਾ ਸੜ੍ਹਕਾਂ ’ਤੇ ਹੰਢਾ ਰਹੇ ਹਨ। ਇਹ ਬਾਬੇ ਨਾਨਕ ਦੀ ਕਿਰਸਾਣੀ ਹੈ, ਇਸ ਨੂੰ ਮਿਟਾਉਣ ਵਾਲਾ ਕੋਈ ਅਜੇ ਤੱਕ ਪੈਦਾ ਨਹੀਂ ਹੋਇਆ। ਭਾਈ ਲਹਿਣਾ ਜੀ ਜਦੋਂ ਪਹਿਲੀ ਵਾਰ ਬਾਬੇ ਨਾਨਕ ਨੂੰ ਮਿਲਣ ਗਏ ਤਾਂ ਬਾਬੇ ਨਾਨਕ ਦੇ ਹੱਥੀਂ-ਪੈਰੀਂ ਬਿਆਈਆਂ, ਮਿੱਟੀ ਨਾਲ ਲਿਬੜੇ ਹੱਥਾਂ ਵਿੱਚ ਦਾਤਰੀ, ਮੋਢੇ ’ਤੇ ਕਹੀ ਨਜਰੀਂ ਪਈ। ਲਹਿਣਾ ਜੀ ਨੇ ਸੋਚਿਆ ਇਸ ਕਿਰਸਾਣ ਤੋਂ ਬਾਬੇ ਨਾਨਕ ਦਾ ਪਤਾ ਪੁੱਛਿਆ ਜਾਵੇ। ਭਾਈ ਲਹਿਣਾ ਜੀ ਘੋੜੇ ’ਤੇ ਸਵਾਰ ਸਨ ਤੇ ਬਾਬਾ ਨਾਨਕ ਆਪ ਘੋੜੇ ਦੀ ਲਗ਼ਾਮ ਫੜ੍ਹ ਮੂਹਰੇ-ਮੂਹਰੇ ਤੁਰ ਪਏ। ਸੋ ਸਾਡੇ ਤਾਂ ਰੋਮ ਰੋਮ ਵਿੱਚ ਕਿਰਸਾਣੀ ਹੈ। ਕਿਰਸਾਣੀ ਸਾਡਾ ਕਿੱਤਾ ਨਹੀਂ, ਸਾਡੀ ਬੰਦਗੀ ਹੈ।

  ਸਾਡੇ ਅੰਨਦਾਤਾ ਸੱਚ ਦੇ ਮਾਰਗ ’ਤੇ ਹਨ ਇਸ ਕਰਕੇ ਇਸ ਸੰਘਰਸ਼ ਨੂੰ ਦੇਸ਼ ਵਿਦੇਸ਼ ਤੋਂ ਸਤ ਪ੍ਰਤੀਸ਼ਤ ਸਮਰਥਨ ਮਿਲ ਰਿਹਾ ਹੈ। ਮਾਤਾ ਗੁਜ਼ਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦਾ ਠੰਢੇ ਬੁਰਜ ਵਿੱਚ ਰਹਿਣ ਦਾ ਅਹਿਸਾਸ ਅੱਜ ਇਨ੍ਹਾਂ ਮਰਜਿਊੜਿਆਂ ਨੂੰ ਵੀ ਹੋ ਰਿਹਾ ਹੈ। ਪੋਹ ਦਾ ਮਹੀਨਾ ਇਤਿਹਾਸਕ ਮਹੀਨਾ ਹੈ। ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਸੰਨ 1705 ਈ. ਵਿੱਚ ਵੀ ਅੱਤ ਦੇ ਪੰਜ ਮਹੀਨਿਆਂ ਬਾਅਦ ਖ਼ਾਲਸਾ ਰਾਜ ਦੀ ਸਥਾਪਨਾ ਹੋਈ।

  ਮੈਨੂੰ ਲੱਗਦਾ ਅਸੀਂ ਖ਼ਾਲਸਾ ਰਾਜ ਦੀ ਪਰਿਭਾਸ਼ਾ ਨੂੰ ਸੰਕੀਰਣ ਨਾ ਕਰੀਏ। ਖ਼ਾਲਸ ਤੋਂ ਭਾਵ ਇਸ ਵਿੱਚ ਵੱਸਣ ਵਾਲੇ ਲੋਕਾਂ ਦੀ ਸੋਚ ਵਿੱਚ ਖ਼ਾਲਿਸ ਭਾਵ ਸ਼ੁੱਧ ਸੋਚ ਹੋਵੇ, ਸ਼ੁਭ ਭਾਵਨਾਵਾਂ ਦੇ ਧਾਰਨੀ ਹੋਣ। ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਰਾਜ ਵਿੱਚ ਚਾਰ ਉਦਾਸੀਆਂ ਕੀਤੀਆਂ, ਕੈਦ ਕੱਟੀ, ਚੱਕੀ ਚਲਾਈ। “ਜਬੈ ਬਾਣਿ ਲਾਗਿਉ, ਤਬੈ ਰੋਸ ਜਾਗਿਉ” ਤੇ ਅਕਾਲ ਪੁਰਖ ਅੱਗੇ ਗਿਲ਼ਾ ਵੀ ਕੀਤਾ “ਏਤੀ ਮਾਰਿ ਪਈ ਕੁਰਲਾਣੈ ਤੈਂ ਕੀ ਦਰਦੁ ਨ ਆਇਆ।” ਪਰ ਕਿਤੇ ਵੋਟਾਂ ਲਈ ਚੋਣ ਪਰਚਾਰ ਨਹੀਂ ਕੀਤਾ।

  ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥

  ਅਸੀਂ ਆਪਣੇ ਸੁਪਨਿਆਂ ਨੂੰ ਮੋਕਲੇ ਕਰੀਏ, ਧਰਤੀ ਦੇ ਇੱਕ ਟੋਟੇ ਦੀ ਬਜਾਏ ਸਾਰੀ ਧਰਤ ’ਤੇ ਖ਼ਾਲਸਾ ਰਾਜ ਦਾ ਸੁੱਪਨਾ ਤੱਕੀਏ। ਹਰਿਆਣਾ-ਪੰਜਾਬ ਇੱਕ ਹੋਣ ਦਾ ਸੁਪਨਾ ਲੈਣ ਦੇ ਨਾਲ-ਨਾਲ ਸਾਰੇ ਦੇਸ਼ ਨੂੰ ਪੰਜਾਬ ਨਾਲ ਜੋੜ ਲਈਏ, ਬਲਕਿ ਪਾਕਿਸਤਾਨ ਵੀ ਹੱਦਾਂ ਸਰਹੱਦਾਂ ਤੋਂ ਮੁਕਤ ਹੋ ਜਾਵੇ। ਹਿੰਦੂ ਮੁਸਲਿਮ ਸਿੱਖ ਈਸਾਈ ਆਪਸ ’ਚ ਸਭ ਭਾਈ-ਭਾਈ ਬਣਨ ਦੇ ਸੰਕਲਪ ਨਾਲ ਇਸ ਵਕਤ ਨਿੱਜੀ ਰੰਜਿਸ਼ਾਂ ਨੂੰ ਮਿਟਾ ਸਿਰਫ਼ ਤੇ ਸਿਰਫ਼ ਇੱਕ ਦੂਸਰੇ ਦੇ ਨੈਣਾਂ ਵਿੱਚ ਕਿਰਸਾਣੀ ਨੂਰ ਤੱਕੀਏ। ਇਸ ਵੱਡੀ ਮੁਹਿੰਮ ਨੂੰ ਸਰ ਕਰਨ ਲਈ ਇੱਕਮੁੱਠ ਹੋ ਜਾਈਏ। ਸੋਚ ਦਾ ਸੁੱਚਾ ਹੋਣਾ, ਖ਼ਾਲਿਸ ਹੋਣਾ ਤੇ ਜੀਵਨ ਦਾ ਮਨੋਰਥ ਸਦਾ ‘ਸਿੱਖੀ’ ਜਾਣਾ ਹੋਵੇ ਤਾਂ ਫਿਰ ਕੀ ਫ਼ਰਕ ਪੈਂਦਾ ਕਿਸੇ ਦਾ ਵਿਸ਼ਵਾਸ ਕਿੱਥੇ ਹੈ, ਅਕੀਦਾ ਕਿੱਥੇ ਹੈ<

  ਕੁੱਝ ਦਿਨ ਪਹਿਲਾਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਵਸ ਸੀ। ਕਿਸੇ ਨੇ ਸੁਭਾਵਿਕ ਹੀ ਕਿਰਸਾਣ ਧਰਨੇ ’ਤੇ ਬੈਠੇ ਮੁਸਲਮਾਨ ਵੀਰਾਂ ਵੱਲੋਂ ਲਾਏ ਲੰਗਰ ਦੀ ਪੋਸਟ ਸਾਂਝੀ ਕੀਤੀ। ਉਪਰੰਤ ਕੁੱਝ ਅਜਿਹੀਆਂ ਟਿੱਪਣੀਆਂ ਪੜ੍ਹੀਆਂ, ਜਿੰਨ੍ਹਾਂ ਨੂੰ ਪੜ੍ਹ ਕੇ ਖਦਸ਼ਾ ਜਿਹਾ ਹੋਣ ਲੱਗਾ ਮਤੇ ਸਾਡੀ ਏਕਤਾ ਨੂੰ ਖ਼ਰੋਂਚ ਨਾ ਆ ਜਾਵੇ। ਇੱਕ ਸੱਜਣ ਨੇ ਵੈਸੇ ਤਾਂ ਅਣਭੋਲ ਹੀ ਆਪਣੀ ਨਿਰਛਲ ਸ਼ਰਧਾ ’ਚੋਂ ਲਿਖਿਆ ਸੀ ਕਿ ਘੱਟੋ ਘੱਟ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਵਾਲੇ ਦਿਨ ਮੁਸਲਮਾਨਾਂ ਦੇ ਸਮਰਥਨ ਦੀ ਪੋਸਟ ਨਾ ਪਾਈ ਜਾਵੇ। ਪਰ ਜੇ ਅਸੀਂ ਆਪਣਾ ਤੀਸਰਾ ਨੇਤਰ ਖੋਲ੍ਹ ਕੇ ਵੇਖੀਏ ਤਾਂ ਉਨ੍ਹਾਂ ਮੁਸਲਮਾਨ ਵੀਰਾਂ ਦਾ ਇਤਿਹਾਸ ਫਰੋਲੀਏ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੁੱਤਰਾਂ ਦਾ ਦਰਜਾ ਦਿੱਤਾ।

  ਇਤਿਹਾਸ ਵਾਚੀਏ, ਅਸੀਂ ਨਿਹੰਗ ਖ਼ਾਂ ਦਾ ਦੇਣ ਕਦੀ ਨੀ ਮੋੜ ਸਕਦੇ। ਔਰੰਗਜ਼ੇਬ ਦੇ ਖ਼ੌਫ਼ ਤੋਂ ਬੇਖ਼ੌਫ਼ ਹੋ ਕੇ ਦਸ਼ਮੇਸ਼ ਪਿਤਾ ਨੂੰ ਬੇਨਤੀ ਕੀਤੀ, “ਮਹਾਰਾਜ! ਮੇਰੇ ਗ੍ਰਹਿ ਚਰਨ ਪਾਉ।” ਚੱਪਾ ਚੱਪਾ ਕਲਗੀਧਰ ਦਾ ਵੈਰੀ ਹੈ। ਦੁਸ਼ਮਣ ਸੂਹ ਲੈਂਦਾ ਫਿਰਦਾ ਹੈ। ਕਲਗੀਧਰ ਪਿਤਾ ਜ਼ਖ਼ਮੀ ਸਿੰਘਾਂ ਦੇ ਨਾਲ ਨਿਹੰਗ ਖ਼ਾਨ ਦੇ ਘਰ ਠਹਿਰਦੇ ਹਨ। ਭਾਈ ਬਚਿੱਤਰ ਸਿੰਘ ਦੀ ਹਾਲਤ ਗ਼ਹਿਰੇ ਜ਼ਖ਼ਮਾਂ ਕਾਰਣ ਬਹੁਤ ਹੀ ਨਾਜ਼ਕ ਹੈ। ਜਾਣ ਗਏ ਕਿ ਨਾਲ ਲਿਜਾਣ ਜੋਗੇ ਨ੍ਹੀ, ਉੱਥੇ ਹੀ ਛੱਡ ਕੇ ਅਗਾਂਹ ਨੂੰ ਕੂਚ ਕਰ ਗਏ। ਦੁਸ਼ਮਣ ਸੂਹੀਏ ਦਗੜ-ਦਗੜ ਕਰਦੇ ਆ ਪਹੁੰਚੇ। “ਪਤਾ ਲੱਗਾ ਤੇਰੇ ਘਰ ਗੁਰੂ ਗੋਬਿੰਦ ਸਿੰਘ ਠਹਿਰੇ ਨੇ<” ਘਰ ਦੀ ਤਲਾਸ਼ੀ ਹੋ ਰਹੀ ਹੈ। ਨਿਹੰਗ ਖ਼ਾਂ ਨੇ ਭਾਈ ਬਚਿੱਤਰ ਸਿੰਘ ਵਾਲਾ ਦਰਵਾਜ਼ਾ ਬੰਦ ਕਰਕੇ ਬੇਟੀ ਮੁਮਤਾਜ਼ ਨੂੰ ਦੇਖਭਾਲ ਲਈ, ਓਹੜ ਪੋਹੜ ਕਰਨ ਲਈ ਅੰਦਰ ਬਿਠਾ ਦਿੱਤਾ। ਕੋਤਵਾਲ ਤੇ ਸਿਪਾਈਆਂ ਨੇ ਪੁੱਛਿਆ, “ਦਰਵਾਜ਼ਾ ਕਿਉਂ ਬੰਦ ਹੈ<” ਕਿਹਾ “ਇਸ ਵਿੱਚ ਮੇਰੀ ਧੀ ਤੇ ਜਵਾਈ ਹਨ।” ਜ਼ਰਾ ਸੋਚੋ ਨਿਹੰਗ ਖ਼ਾਂ ਨੇ ਇਹ ਸ਼ਬਦ ਕਿਸ ਜ਼ੁਰੱਅਤ ਨਾਲ ਆਖੇ ਹੋਣਗੇ। ਭਾਈ ਬਚਿੱਤਰ ਸਿੰਘ ਸ਼ਹਾਦਤ ਦੀ ਸਰਦਲ ’ਤੇ ਸਨ ਤੇ ਉਹ ਜ਼ਿਆਦਾ ਜੀਅ ਨਹੀਂ ਸਕੇ।

  ਕੁੱਝ ਅਰਸੇ ਬਾਅਦ ਬਾਪ ਨੇ ਮੁਮਤਾਜ਼ ਦੇ ਨਿਕਾਹ ਦੀ ਗੱਲ ਤੋਰਨੀ ਚਾਹੀ ਤਾਂ ਮੁਮਤਾਜ਼ ਬੋਲੀ, “ਅੱਬਾ! ਮੈਂ ਭਾਈ ਬਚਿੱਤਰ ਸਿੰਘ ਦੀ ਵਿਧਵਾ ਹਾਂ। ਤੁਸੀਂ ਉਸ ਦਿਨ ਖ਼ੁਦ ਹੀ ਦਾਮਾਦ ਤਸਲੀਮ ਕੀਤਾ ਸੀ। ਹੁਣ ਮੈਂ ਉਸ ਦੀ ਵਿਧਵਾ ਬਣ ਕੇ ਪਤੀਬ੍ਰਤਾ ਹੋ ਕੇ ਜੀਵਾਂਗੀ। ਮੁਮਤਾਜ ਨੇ ਇੱਕ ਸੌ ਪੱਚੀ ਸਾਲ ਉਮਰ ਭੋਗੀ। ਇਹ ਹੁੰਦੇ ਨੇ ਧੀਆਂ ਦੇ ਸਿਦਕ।

  ਯਾਦ ਕਰੀਏ ਸਾਈਂ ਮੀਆਂ ਮੀਰ ਜੀ ਨੂੰ। ਗੁਰੂ ਸਾਹਿਬ ਨੇ ਉਨ੍ਹਾਂ ਤੋਂ ਸਿੱਖਾਂ ਦੇ ਮਰਕਜ਼ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰਖਵਾਇਆ। ਭਾਈ ਮਰਦਾਨਾ ਜੀ 56 ਸਾਲ ਗੁਰੂ ਨਾਨਕ ਦੇਵ ਜੀ ਨਾਲ ਰਹੇ। ਗ਼ਨੀ ਖ਼ਾਂ ਤੇ ਨਬੀ ਖ਼ਾਂ ਸਦਾ ਸਾਡੇ ਚੇਤਿਆਂ ਵਿੱਚ ਵੱਸਦੇ ਹਨ, ਜਿਹੜੇ ਗੁਰੂ ਪਾਤਿਸ਼ਾਹ ਨੂੰ ‘ਉੱਚ ਦਾ ਪੀਰ’ ਕਹਿ ਕੇ ਦੁਸ਼ਮਣ ਮੁਗ਼ਲਾਂ ਪਾਸੋਂ ਬਚਾ ਕੇ ਲੈ ਗਏ। ਸਾਹਿਬਜ਼ਾਦਿਆਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ ਸ਼ੇਰ ਖ਼ਾਂ ਮਲੇਰਕੋਟਲਾ ਅੱਗੇ ਅਸੀਂ ਸਦਾ ਨਤਮਸਤਕ ਰਹਾਂਗੇ।

  ਅਸੀਂ ਇਨ੍ਹਾਂ ਪਾਕਿ ਰੂਹਾਂ ਨੂੰ ਸਿਜਦਾ ਕਰਨ ਦੀ ਥਾਂ ਔਰੰਗਜ਼ੇਬ ਬਾਰੇ ਕਿਉਂ ਸੋਚੀਏ< ਜਿਸ ਨੇ ਆਪਣੇ ਦੋ ਸਕੇ ਭਰਾਵਾਂ ਨੂੰ ਵੀ ਕਤਲ ਕਰਵਾਇਆ। ਇੱਕ ਦੀਆਂ ਅੱਖਾਂ ਕਢਵਾ ਦਿੱਤੀਆਂ। ਆਪਣੇ ਪਿਤਾ ਨੂੰ ਜ਼ੇਲ੍ਹ ਵਿੱਚ ਡੱਕਿਆ। ਆਪਣੀ ਸਕੀ ਭੈਣ ਨੂੰ ਪਿਤਾ ਦੀ ਦੇਖਭਾਲ ਕਰਨ ਬਹਾਨੇ ਜ਼ੇਲ੍ਹ ’ਚ ਸੁੱਟ ਦਿੱਤਾ। ਔਰੰਗਜ਼ੇਬ ਈਦ ਵਾਲੇ ਦਿਨ ਕੱਪੜੇ ਨਾਲ ਥਾਲੀ ਢੱਕ ਕੇ ਪਿਤਾ ਪਾਸ ਜੇਲ੍ਹ ਵਿੱਚ ਪਹੁੰਚਿਆ, ਪਿਤਾ ਨੇ ਸੋਚਿਆ ਕੋਈ ਈਦ ਦਾ ਨਜ਼ਰਾਨਾ ਲੈ ਕੇ ਆਇਐ, ਹੁਣ ਮੈਨੂੰ ਜ਼ੇਲ੍ਹ ਤੋਂ ਵੀ ਰਿਹਾ ਕਰ ਦੇਵੇਗਾ। ਕੱਪੜਾ ਚੁੱਕਿਆ ਤਾਂ ਵੇਖਿਆ ਔਰੰਗਜ਼ੇਬ ਆਪਣੇ ਸਕੇ ਭਰਾ ਦਾ ਸਿਰ ਕਲਮ ਕਰਕੇ ਪਿਤਾ ਨੂੰ ਪਰੋਸ ਰਿਹਾ ਸੀ। ਪਿਤਾ ਨੂੰ ਪਾਣੀ ਦੀ ਘੁੱਟ ਵੱਲੋਂ ਵੀ ਤਰਸਾ ਕੇ ਮਾਰਿਆ। ਔਰੰਗਜ਼ੇਬ ਨੇ ਨਾ ਕੋਈ ਭਾਣਜਾ ਬਖ਼ਸ਼ਿਆ ਨਾ ਭਣੇਵਾਂ। ਫਿਰ ਉਹ ਗੁਰੂ ਸਾਹਿਬ ਦਾ ਕਿੱਥੋਂ ਸਕਾ ਹੋਣਾ ਸੀ, ਜੋ ਆਪਣੇ ਖ਼ੂਨ ਦੇ ਰਿਸ਼ਤਿਆਂ ਦਾ ਸਕਾ ਨਹੀਂ ਸੀ। ਉਹ ਮੋਰਚੇ ’ਤੇ ਬੈਠੇ ਇਨ੍ਹਾਂ ਮੁਸਲਮਾਨ ਵੀਰਾਂ ਦਾ ਵੀ ਨਹੀਂ ਸੀ। ਆਉ ਆਪਾਂ ਉਨ੍ਹਾਂ ਦੇ ਸਮਰਥਨ ਚੋਂ ਬਾਬਾ ਫ਼ਰੀਦ ਜੀ ਦੇ ਦਰਸ਼ਨ ਕਰੀਏ, ਭਗਤ ਕਬੀਰ ਜੀ, ਸਾਈਂ ਮੀਆਂ ਮੀਰ ਦਾ, ਨਿਹੰਗ ਖ਼ਾਂ, ਗ਼ਨੀ ਖ਼ਾਂ, ਨਬੀ ਖ਼ਾਂ ਦਾ ਅਕਸ ਉਨ੍ਹਾਂ ਦੇ ਮਸਤਕ ਵਿੱਚੋਂ ਲੱਭੀਏ ਤੇ ਏਕੇ ਦਾ ਸਬੂਤ ਦੇ ਕੇ ਕੇਂਦਰ ਸਰਕਾਰ ਦੇ ਮਾੜੇ ਮਨਸੂਬਿਆਂ ਨੂੰ ਫ਼ੇਲ੍ਹ ਕਰੀਏ। ‘ਬਰਿਆਨੀ ਪਿੱਛੇ ਸ਼ਹਾਦਤ ਭੁਲਾ ਦਿੱਤੀ’ ਆਦਿ ਟਿੱਪਣੀਆਂ ਲਿਖ ਕੇ ਆਪਣੇ ’ਚ ਵਿਰਲਾਂ ਨਾ ਬਣਾ ਲਈਏ। ਇਸ ਪੋਹ ਦੀ ਠੰਢ ’ਚ ਇੱਕ ਦੂਜੇ ਦੀਆਂ ਸੁੱਚੀਆਂ ਭਾਵਨਾਵਾਂ ਨਾਲ ਨੇੜੇ-ਨੇੜੇ ਜੁੜ ਕੇ ਬੈਠੀਏ ਤੇ ਨਿੱਘ ਮਾਣੀਏ।

  ਅੱਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥

  ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥ (ਭਗਤ ਕਬੀਰ ਜੀ)

  ਸਾਡੀ ਤੇ ਅਵੱਲ ਦੀ ਸਾਂਝ ਰਹੀ ਏ, ਅਜ਼ਲ ਦੀ ਸਾਂਝ ਏ। ਖ਼ੂਨ ਦੀ ਸਾਂਝ ਏ, ਮਿੱਟੀ ਦੀ ਸਾਂਝ ਏ। ਸਾਡੇ ਗੁਰੂਆਂ ਤੇ ਬਜ਼ੁਰਗਾਂ ਦੀ ਸਾਂਝ ਏ।

  ਸਰੀਰ ਦੇ ਇੱਕ ਅੰਗ ’ਚ ਖ਼ਰਾਬੀ ਹੋਣ ’ਤੇ ਡਾਕਟਰ ਉਸ ਹਿੱਸੇ ਦੀ ਸਰਜ਼ਰੀ ਕਰ ਦਿੰਦਾ ਹੈ। ਸਾਰੇ ਸਰੀਰ ਨੂੰ ਕੱਟ ਕੇ ਨਹੀਂ ਸੁੱਟ ਦਿੰਦਾ। ਇਸ ਵੇਲੇ ਦੇਖਿਆ ਧਰਨੇ ’ਤੇ ਬੈਠੀਆਂ ਪਾਕ ਰੂਹਾਂ ’ਚ ਕੋਈ ਪਾਠ ਕਰ ਰਿਹਾ ਹੈ, ਕੋਈ ਹਵਨ ਕਰ ਰਿਹਾ, ਕੋਈ ਨਮਾਜ਼ ਪੜ੍ਹ ਰਿਹਾ ਹੈ। ਸਭ ਇੱਕ ਸਿਧਾਂਤ ’ਤੇ ਪਹਿਰਾ ਦੇ ਰਹੇ ਹਨ। ਇਹ ਕਿਰਤ ਕਰਨ ਵਾਲੇ ਹਨ, ਵੰਡ ਕੇ ਛੱਕਣ ਵਾਲੇ ਹਨ। ਅਨੇਕਤਾ ਵਿੱਚ ਏਕਤਾ ਪੈਦਾ ਕਰਨੀ ਹੀ ਸਾਡੀ ਯਕੀਨੀ ਜਿੱਤ ਦੀ ਪਹਿਲੀ ਪੌੜੀ ਹੈ।

  ਖੁਆਰਿ ਹੋਇ ਸਭਿ ਮਿਲੇਂਗੇ ਬਚੇ ਸ਼ਰਣਿ ਜੋ ਹੋਇ॥

  ਅਸੀਂ ਬਹੁਤ ਖੁਆਰੀ ਹੰਢਾਈ ਹੈ, ਹੁਣ ਇੱਕਮਿੱਕ ਹੋਣ ਦਾ ਵੇਲਾ ਹੈ। “ਮਿਲਬੇ ਦੀ ਮਹਿਮਾ ਬਰਨਿ ਨ ਸਾਕਉ”, ਇੱਕ ਇਕੱਲਾ ਦੋ ਗਿਆਰਾਂ, ਹੁਣ ਆਪਣਾ ਇੱਕਮੁੱਠ ਹੋਣ ਦਾ ਵਕਤ ਹੈ। ਛੋਟੀਆਂ-ਮੋਟੀਆਂ ਰੰਜਿਸ਼ਾਂ ਨੂੰ ਇਸ ਵੱਡੇ ਕਾਰਜ ਦੀ ਫ਼ਤਹਿ ਬਾਅਦ ਸੁਲਝਾ ਲਵਾਂਗੇ।

  ਕਹਿੰਦੇ ਨੇ ਰੱਬ ਨੂੰ ਪੰਛੀ ਚੰਗੇ ਲੱਗੇ ਤਾਂ ਉਹ ਨੇ ਪੰਛੀਆਂ ਲਈ ਰੁੱਖ ਪੈਦਾ ਕਰ ਦਿੱਤੇ। ਇਨਸਾਨ ਨੂੰ ਵੀ ਪੰਛੀ ਚੰਗੇ ਲੱਗੇ, ਉਹਨੇ ਪੰਛੀਆਂ ਦੇ ਮੋਹ ’ਚ ਪਿੰਜਰੇ ਬਣਾ ਦਿੱਤੇ। ਆਪਾਂ ਤਾਂ ਖੁੱਲ੍ਹੀ-ਡੁੱਲ੍ਹੀ, ਆਜ਼ਾਦ ਤੇ ਸਾਕਾਰ ਸੋਚ ਦੇ ਧਾਰਨੀ ਬਣਨਾ। ਇਨਸਾਨ ਦਾ ਜਿੱਥੇ ਬਹਿਣ-ਖਲੋਣ ਹੋਵੇ, ਉਸ ਦਾ ਕਿਰਦਾਰ ਐਡਾ ਹੋਵੇ ਕਿ ਉਹਦੇ ਜਾਣ ਤੋਂ ਬਾਅਦ ਪਿਛਲੇ ਉਹਦੇ ਕਿਰਦਾਰ ਦੀ ਉੱਚਤਾ ਦੀ ਗੱਲ ਕਰਨ। ਸਾਡੇ ਸੈਂਕਰਾਮੈਂਟੋ ਵਿੱਚ ਕਿਰਸਾਣਾਂ ਦੇ ਹੱਕ ਵਿੱਚ ਕਾਰ ਰੈਲੀ ਹੋਈ। ਸਮਰਥਕਾਂ ਦੀ ਅਣਗਿਣਤ ਭੀੜ ਵੇਖ ਕੇ ਰੂਹ ਗਦਗਦ ਹੋਈ। ਪਰ ਕੁੱਝ ਕੁ ਨਾਂਹਵਾਚੀ ਬੈਨਰਾਂ ਤੇ ਬੋਲਾਂ ਨੇ ਬੇਚੈਨ ਵੀ ਕੀਤਾ। ਬੈਨਰ ’ਤੇ ‘ਐਫ਼’ ਸ਼ਬਦ ਚੰਗਾ ਨ੍ਹੀ ਲੱਗਾ। ਕੁੱਝ ਕੁ ਨੂੰ ਤਾਂ ਮੈਂ ਇੱਥੇ ਅੰਕਿਤ ਕਰਨ ਦਾ ਹੀਆ ਨਹੀਂ ਕਰ ਸਕਦੀ। ਭਾਰਤ ’ਚ ਵੀ ਉਹ ਨਾਹਰੇ ਸੁਣਦੇ ਹਨ ...ਮਰ ਗਿਆ...ਰੰਡੀ ਕਰ ਗਿਆ। ਤੇਰੇ ਜੀਜੇ ਆਏ ਜਾਂ ਫੁੱਫੜ ਆਏ ਜਾਂ ਹਾਇ ਹਾਇ ਕਰਨ ਦੀ ਬਜਾਏ ਕਿਉਂ ਨਾ ਅਸੀਂ ਆਪਣੇ ਮਿਸ਼ਨ ਦੀ ਸਾਕਾਰਤਾ ਲੈ ਕੇ ਚੱਲੀਏ ਜਿਵੇਂ ਜਿੱਤਾਂਗੇ ਬਈ ਜਿੱਤਾਂਗੇ...ਕਿਰਸਾਨ ਮੋਰਚਾ ਜਿੱਤਾਂਗੇ।

  ਕਲਗੀਧਰ ਪਾਤਸ਼ਾਹ ਨੇ ਜਦੋਂ ਖੰਡੇ ਦੀ ਧਾਰ ’ਚੋਂ ਖ਼ਾਲਸਾ ਪੰਥ ਸਾਜ ਕੇ ਖੰਡੇ-ਬਾਟੇ ਦੀ ਪਾਹੁਲ ਦੇਣ ਦਾ ਸੰਕਲਪ ਕੀਤਾ ਤਾਂ ਮੇਰੇ ਅਲੋਕਾਰ ਗੁਰੂ ਦੀ ਦੂਰ ਅੰਦੇਸ਼ ਮਾਤਾ ਗੁਜਰੀ ਜੀ ਨੇ ਤਿਆਰ ਪਈ ਪਾਹੁਲ ਵਿੱਚ ਆ ਕੇ ਪਤਾਸੇ ਘੋਲ ਦਿੱਤੇ। ਇਸ਼ਾਰਾ ਸੀ ਅਣਖ ਤੇ ਸੂਰਬੀਰਤਾ ਦੇ ਨਾਲ-ਨਾਲ ਜ਼ੁਬਾਨ ਦੀ ਮਿਠਾਸ ਵੀ ਅਤਿ ਲੋੜੀਂਦੀ ਹੈ। ਦਿੱਲੀ ਦੇ ਬਾਸ਼ਿੰਦਿਆਂ ਵਿੱਚ ਸਾਡੇ ਕਿਰਦਾਰ ਕਰਕੇ ਸਾਡੇ ਲਈ ਇੱਜ਼ਤ ਵਧੀ ਹੈ। ਇੱਕ ਬੀਬੀ ਤਾਂ ਮੋਹ ਵਿੱਚ ਆ ਕੇ ਇੱਥੋਂ ਤੱਕ ਵੀ ਕਹਿੰਦੀ ਸੁਣੀ ਗਈ ਕਿ ਮੈਂ ਚਾਹੁੰਦੀ ਹਾਂ ਕਿ ਮੋਦੀ ਇਹ ਮੰਗਾਂ ਨਾ ਮੰਨੇ। ਇਹ ਸਰਦਾਰ ਲੋਕ ਬਹੁਤ ਅੱਛੇ ਨੇ, ਸਾਨੂੰ ਛੱਡ ਕੇ ਨਾ ਜਾਣ। ਇੱਕ ਹੋਰ ਬੀਬਾ ਕਹਿ ਰਹੀ ਸੀ ਕਿ ਮੈਨੂੰ ਤਾਂ ਇਸ ਗੱਲ ਦਾ ਝੋਰਾ ਹੈ ਕਿ ਮੈਂ ਪੰਜਾਬ ਵਿੱਚ ਕਿਉਂ ਨਾ ਜੰਮੀ।

  ਕੇਂਦਰ ਸਰਕਾਰ ’ਤੇ ਕੋਈ ਅਸਰ ਨ੍ਹੀ ਹੋ ਰਿਹਾ। ਹਰ ਰੋਜ਼ ਸਾਡੇ ਕਿਸਾਨਾਂ, ਸੰਘਰਸ਼ਕਾਰੀਆਂ ਦੀਆਂ ਸ਼ਹਾਦਤਾਂ ਹੋ ਰਹੀਆਂ ਨੇ। ਜਾਣਦੇ ਹਾਂ ਸਿਰ ਦਿੱਤਿਆਂ ਬਾਝ ਇਹ ਸਰਦਾਰੀਆਂ, ਇਹ ਹੱਕ ਬਹਾਲ ਕਰਨੇ ਸੌਖੇ ਨਹੀਂ।

  ਦੇ ਦੇ ਕੁਰਬਾਨੀ ਵੀਰਾਂ ਦੀ, ਹਰ ਕੌਮ ਚੜ੍ਹਦੀ ਜਵਾਨੀ ਏ।

  ਕੌਮਾਂ ਦੇ ਸਿਰ ਤੇ ਰਹਿੰਦਾ ਏ, ਹਰ ਦਮ ਅਹਿਸਾਨ ਸ਼ਹੀਦਾਂ ਦਾ।

  ਚਾਹੇ ਇਹ ਸਿਰੜੀ ਯੋਧੇ ਇਤਿਹਾਸ ਸਿਰਜ ਰਹੇ ਨੇ, ਜੋ ਤਵਾਰੀਖ਼ ਦੇ ਸੁਨਹਿਰੀ ਪੰਨਿਆਂ ’ਤੇ ਸ਼ਾਮਲ ਹੋ ਰਿਹਾ ਹੈ, ਇੰਜ ਅਮਰ ਹੋ ਜਾਣਾ ਸਿਦਕਵਾਨਾਂ ਦਾ ਹੀ ਨਸੀਬ ਹੁੰਦਾ, ਪਰ ਫਿਰ ਵੀ ਦੁਆ ਗੋ ਹਾਂ ਸਭ ਸੰਘਰਸ਼ਕਾਰੀ ਸਲਾਮਤ ਰਹਿਣ ਤੇ ਕੁੱਝ ਦਿਨਾਂ ਤੱਕ ਹੋਣ ਵਾਲੀ ਬਦੀ ’ਤੇ ਨੇਕੀ ਦੀ ਜਿੱਤ ਦਾ ਜਸ਼ਨ ਮਿਲ-ਜੁਲਕੇ ਮਨਾਉਣ। ਚਾਹੇ ਅੱਜ ਤਲਵਾਰਾਂ, ਗੋਲੀਆਂ, ਬੰਬਾਂ ਦਾ ਯੁੱਧ ਨਹੀਂ। ਕੰਪਿਊਟਰ ਯੁੱਗ ਵਿੱਚ ਜੰਗ ਦੇ ਤੌਰ ਤਰੀਕੇ ਤਾਂ ਬਦਲੇ ਨੇ। ਪਰ ਹੱਕ ਸੱਚ ਲਈ ਜੂਝਣ ਵਾਲਿਆਂ ਦੀ ਕੁਰਬਾਨੀ ਆਪਣਾ ਜਲੌਅ ਦਿਖਾਉਂਦੀ ਰਹਿੰਦੀ ਹੈ।

  ਕਾਰਪੋਰੇਟ ਘਰਾਣਿਆਂ ਦੇ ਸਿਰ ’ਤੇ ਚੱਲਣ ਵਾਲੀ ਸਰਕਾਰ ਨਾਲ ਟੱਕਰ ਤਾਂ ਲੈਣੀ ਹੀ ਸੀ। ਜਿੱਤ ਜਾਣ ਜਾਂ ਮਿਟ ਜਾਣ ਦੇ ਪ੍ਰਣ ’ਤੇ ਇਹ ਸੰਘਰਸ਼ ਚੱਲ ਰਿਹਾ ਹੈ। ਇਸ ਵਿੱਚ ਕੋਈ ਵਿਚਾਲੇ ਸਮਝੌਤੇ ਦਾ ਰਸਤਾ ਨਹੀਂ। ਆਪਣੀ ਧਰਤੀ ਮਾਂ ਆਪਣੇ ਹੱਥੀਂ ਬਿਗ਼ਾਨੇ ਵੱਸ ਛੱਡ ਕੇ ਖ਼ਾਲੀ ਵਾਪਸ ਮੁੜਨ ਦਾ ਸੁਪਨਾ ਵੀ ਨਹੀਂ ਲਿਆ ਜਾ ਸਕਦਾ। ਧਰਤੀ ਦਾ ਹਰ ਜੀਅ ਧਰਤੀ ’ਤੇ ਪੈਦਾ ਹੋਣ ਵਾਲੀ ਰਿਜਕ ਨਾਲ ਜੁੜਿਆ। ਸੋ ਇਹ ਸਿਰਫ਼ ਕਿਸਾਨਾਂ ਦਾ ਸੰਘਰਸ਼ ਨਹੀਂ, ਧਰਤੀ ’ਤੇ ਸਾਹ ਲੈਣ ਵਾਲੀ ਹਰ ਬਸ਼ਰ ਦਾ ਸੰਘਰਸ਼ ਹੈ।

  ਰੱਬ ਦਾ ਕੋਈ ਵੀ ਜੀਅ ਜੋ ਤਿੰਨ-ਚਾਰ ਮਹੀਨਿਆਂ ਤੋਂ ਆਪਣੀ ਸਿਹਤ, ਉਮਰ, ਘਰ-ਬਾਰ ਦੀ ਪ੍ਰਵਾਹ ਨਾ ਕਰਦਾ ਹੋਇਆ ਸੰਘਰਸ਼ ਵਿੱਚ ਸੜਕਾਂ ’ਤੇ ਜੂਝ ਰਿਹਾ ਹੈ, ਚਾਹੇ ਉਹ ਆਮ ਕਿਸਾਨ ਹੈ ਜਾਂ ਕਿਸਾਨਾਂ ਦਾ ਨੇਤਾ ਹੈ। ਸਭ ਦਾ ਅਦਬ ਕਰੀਏ, ਇੱਕ ਦੂਜੇ ਲਈ ਸਹਿਣਸ਼ੀਲ ਰਹੀਏ। ਜੇ ਕਿਸੇ ਦੇ ਵਿਚਾਰ, ਸੁਝਾਅ ਪਸੰਦ ਨਹੀਂ ਵੀ ਆਉਂਦੇ, ਨਜ਼ਰਅੰਦਾਜ਼ ਕਰ ਦੇਈਏ। ਵਿਰੋਧ ਕਰਕੇ, ਬਹਿਸ ਕਰਕੇ, ਕਟਾਖ਼ਸ਼ੀ ਬੋਲਾਂ ਨਾਲ ਕਿਸੇ ਦਾ ਮਨੋਬਲ ਨਾ ਡੇਗੀਏ। ਬਹੁਤੀ ਵਾਰੀ ਅਗਲੇ ਦੀ ਭਾਵਨਾ ਗ਼ਲਤ ਨਹੀਂ ਹੁੰਦੀ, ਪਰ ਢੁਕਵੇਂ ਸ਼ਬਦ ਨਹੀਂ ਔੜਦੇ। ਜੇ ਕੋਈ, ਕੋਈ ਕੁਤਾਹੀ ਕਰਨ ਬਾਅਦ, ਘਰ ਦੇ ਸੁੱਖ ਤਿਆਗ ਕੇ ਮੋਰਚੇ ’ਚ ਸ਼ਾਮਲ ਹੋਣ ਆ ਗਿਆ ਤਾਂ ਇਸ ਨਾਜ਼ਕ ਘੜੀ ਗਲ ਲਾ ਲੈਣਾ ਹੀ ਦਿਆਨਤਦਾਰੀ ਹੈ। ਮਾਫ਼ ਕਰਨ ਵਾਲਾ ਹਮੇਸ਼ਾ ਮਹਾਨ ਹੁੰਦਾ ਹੈ। ਕਿਸੇ ਦਾ ਚੱਲ ਕੇ ਆ ਜਾਣਾ ਹੀ ਉਸ ਦੇ ਪਛਤਾਵੇ ਦਾ ਸੂਚਕ ਹੁੰਦਾ। ਉਂਜ ਵੀ ਜਦੋਂ ਕਿਸੇ ਬਾਹਰਲੀ ਆਫ਼ਤ ਨਾਲ ਜੂਝਣਾ ਪੈ ਜਾਵੇ ਤਾਂ ਪਰਿਵਾਰ ਦੇ ਆਪਣੇ ਅੰਦਰੂਨੀ ਮਸਲੇ ਨਿਗੂਣੇ ਹੋ ਜਾਂਦੇ ਹਨ।

  ਕੋਈ ਚੀਜ਼ ਕਿੰਨੀ ਵੀ ਬੇਅਮਲੀ ਤੇ ਫ਼ਜ਼ੂਲ ਹੋਵੇ, ਫਿਰ ਵੀ ਉਸ ਦੀ ਹੋਂਦ ਕੋਈ ਅਰਥ ਰੱਖਦੀ ਹੈ। ਜੇ ਘੜੀ ਵਕਤ ਦੱਸਣਾ ਬੰਦ ਕਰ ਦੇਵੇ ਤਾਂ ਵੀ ਚੌਵੀ ਘੰਟਿਆਂ ’ਚ ਦੋ ਵਾਰੀ ਸਹੀ ਵਕਤ ਦੱਸੇਗੀ। ਇੰਜ ਹੀ ਜੇ ਪਾਣੀ ਪੀਣ ਲਾਇਕ ਨਾ ਰਵੇ, ਕੂਰੇ ਪੈ ਗਏ ਹੋਣ, ਸੜਿਆਂਦ ਮਾਰਨ ਲੱਗ ਜਾਵੇ ਤਾਂ ਵੀ ਕਿਸੇ ਘਰ ਅਚਾਨਕ ਲੱਗੀ ਅੱਗ ਨੂੰ ਬੁਝਾਉਣ ਲਈ ਵਰਤ ਕੇ ਕਿਸੇ ਦਾ ਨੁਕਸਾਨ ਹੋਣ ਤੋਂ ਬਚਾ ਦਿੰਦਾ ਹੈ। ਸੋ ਅਸੀਂ ਨਿੱਕੀਆਂ ਰੰਜਿਸ਼ਾਂ ਨੂੰ ਖ਼ਤਮ ਕਰਨਾ ਹੈ, ਕਿਉਂਕਿ ਸਾਡਾ ਮਨੋਰਥ ਵੱਡਾ ਹੈ। ਕੁੱਲ ਮਨੁੱਖਤਾ ਸਾਡੇ ਨਾਲ ਹੈ। ਹਰ ਕੋਈ ਆਪੋ-ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ। ਸਾਰੀ ਦੁਨੀਆਂ ਵਿੱਚ ਆਪੋ ਆਪਣੇ ਅਕੀਦੇ ਅਨੁਸਾਰ ਅਰਦਾਸਾਂ ਹੋ ਰਹੀਆਂ ਹਨ, ਪਾਠ ਹੋ ਰਹੇ ਹਨ। ਦੁਰਾਡੇ ਬੈਠੇ ਲੋਕ ਜੀਅ ਜਾਨ ਨਾਲ ਯੂ.ਐੱਨ.ਓ. ਨੂੰ ਪਟੀਸ਼ਨਾਂ ਪਾ ਰਹੇ ਹਨ। ਕੋਈ ਸਾਹਿਤ ਰਚ ਰਿਹਾ, ਕੋਈ ਜਾਨ ’ਤੇ ਖੇਡ ਕੇ ਇਤਿਹਾਸ ਰਚ ਰਿਹਾ ਹੈ।

  ਇਹੋ ਜਿਹੇ ਘਾਤਕ ਕਾਨੂੰਨ ਬਹੁਤੇ ਮੁਲਕਾਂ ’ਚ ਪਹਿਲਾਂ ਹੀ ਲਾਗੂ ਹੋ ਚੁੱਕੇ ਹਨ। ਉਨ੍ਹਾਂ ਲਾਚਾਰ ਕੌਮਾਂ ਨੂੰ ਹੁਣ ਸਾਡੇ ਸੰਘਰਸ਼ ਦੀ ਕਾਮਯਾਬੀ ਨਾਲ ਬਹੁਤ ਸਾਰੀਆਂ ਉਮੀਦਾਂ ਹਨ। ਕਾਰਪੋਰੇਟ ਘਰਾਣਾ ਸਭ ਜਗ੍ਹਾ ਆਪਣੇ ਸਵਾਰਥ ਲਈ ਵਿਆਪਕ ਪੱਧਰ ’ਤੇ ਆਪਣੇ ਪੈਰ ਪਸਾਰ ਰਿਹਾ ਹੈ। ਐਮਾਜੋਨ ਦੇ ਪ੍ਰਭਾਵ ਥੱਲੇ ਬਹੁਤ ਵਧੀਆ ਚੱਲਦੇ ਸਟੋਰ ਬੰਦੇ ਹੋ ਚੁੱਕੇ ਹਨ। ਇੱਕ ਅਧਿਆਪਕ ਹੋਣ ਦੇ ਨਾਤੇ ਮੈਂ ਇੱਕ ਉਦਾਹਰਣ ਆਪਣੇ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਤਾਂ ਜੋ ਉਨ੍ਹਾਂ ਨੂੰ ਕਿਸਾਨ ਬਿੱਲਾਂ ਦੀ ਸਮਝ ਆ ਸਕੇ।

  ਸਾਡੇ ਇੱਕ ਲੋਕਲ ਸਟੋਰ ’ਤੇ ਟੁੱਥਬਰੁੱਸ਼ ਦੋ ਡਾਲਰ ਦਾ ਮਿਲਦਾ ਸੀ। ਕਦੀ ਦਿੱਕਤ ਨ੍ਹੀ ਹੋਈ, ਆਰਾਮ ਨਾਲ ਖਰੀਦ ਲਈਦਾ ਸੀ। ਅਚਾਨਕ ਆਨਲਾਇਨ ਐੱਡ ਵੇਖੀ, ਦੋ ਡਾਲਰ ਦੇ ਚਾਰ ਬਰੁੱਸ਼ ਤੇ ਸ਼ਿਪਿੰਗ ਫਰੀ। ਬੇਹੱਦ ਸਕੂਨ ਮਿਲਿਆ ਕਿ ਕਿੰਨੀ ਬੱਚਤ ਹੈ, ਫੇਰ ਸਟੋਰ ਤੱਕ ਜਾਣ ਦੀ ਵੀ ਲੋੜ ਨਹੀਂ। ਘਰ ਬੈਠਿਆਂ ਚੀਜਾਂ ਦਾ ਸੁੱਖ ਲਵੋ। ਵੇਂਹਦੇ-ਵੇਂਹਦੇ ਕੁੱਲ ਸਮਾਨ ਹੁਣ ਫਰੀ ਸ਼ਿਪਿੰਗ ਨਾਲ ਘਰ ਪਹੁੰਚਣ ਲੱਗਾ। ਸਿੱਟੇ ਵਜੋਂ ਲੋਕਲ ਸਟੋਰ ਬੰਦ ਹੋਣ ਲੱਗੇ। ਖਾਲੀ ਇਮਾਰਤਾਂ ਭਾਂ-ਭਾਂ ਕਰਨ ਲੱਗੀਆਂ। ਲੋਕੀਂ ਬੇਰੁਜ਼ਗਾਰ ਹੋਣ ਲੱਗੇ। ਘਰਾਂ ਦੀਆਂ ਕਿਸ਼ਤਾਂ ਨਾ ਦੇ ਹੋਈਆਂ, ਘਰ ਬੈਂਕਾਂ ਨੂੰ ਮੁੜਨ ਲੱਗੇ। ਅਸੀਂ ਵੱਡੇ ਛੱਲ ਤੋਂ ਬੇਖ਼ਬਰ ਸਾਂ। ਆਨਲਾਇਨ ਸਮਾਨ ਅਸੀਂ ਟੋਹ ਕੇ ਨਹੀਂ ਦੇਖ ਸਕਦੇ। ਬਹੁਤੀ ਵਾਰੀ ਇਹ ਨਿਰਾ ਛਲਾਵਾ ਹੁੰਦਾ। ਬੇਪਸੰਦ ਚੀਜ਼ ਨੂੰ ਵਾਪਸ ਮੋੜਨ ਦਾ ਖਰਚਾ ਬਹੁਤ ਪੈਂਦਾ। ਫੇਰ ਉਹ ਗਾਰਬੇਜ਼ ਗਲ ਹੀ ਪੈ ਜਾਂਦਾ।

  ਲੋਕਲ ਸਟੋਰਾਂ ਤੋਂ ਚੀਜਾਂ ਖਰੀਦਣ ਲਈ ਘਰੋਂ ਨਿਕਲਦੇ ਸਾਂ, ਲੋਕਾਂ ਨਾਲ ਮੇਲਜੋਲ ਵੱਧਦਾ ਸੀ। ਤੁਰਦੇ-ਫਿਰਦਿਆਂ ਕਸਰਤ ਹੁੰਦੀ ਸੀ। ਸਭ ਕੁੱਝ ਖ਼ਤਮ ਹੋ ਗਿਆ। ਇਨਸਾਨ ਅੰਦਰੋਂ ਬਹੁਤ ਇਕੱਲਾ ਹੋ ਗਿਆ। ਕੁਦਰਤੀ ਹੋਣ ਵਾਲੀ ਕਸਰਤ, ਹਿਲਜੁੱਲ ਬੰਦ ਹੋ ਗਈ। ਹੁਣ ਜ਼ਿਆਦਾ ਸਮਾਂ ਬੰਦ ਕਮਰੇ ’ਚ, ਸੋਸ਼ਲ ਮੀਡੀਆ ’ਤੇ ਗੁਜ਼ਰਦਾ। ਇਨਸਾਨ ਤਨਾਅ ’ਚ ਹੈ, ਫੇਸਬੁੱਕ ’ਤੇ ਸੌ ਦੋਸਤ ਹਨ, ਪਰ ਅਸਲ ਜ਼ਿੰਦਗੀ ’ਚ ਕੋਈ ਨਹੀਂ। ਹੁਣ ਕਾਰਪੋਰੇਟ ਕੰਪਨੀ ਨੇ ਅਪਾਹਜ ਕਰਕੇ ਟੁੱਥਬਰੁਸ਼ ਚਾਰ ਡਾਲਰ ਦਾ ਕਰ ਦਿੱਤਾ ਹੈ। ਸੇਲ ਟੈਕਸ ਤੇ ਸ਼ਿਪਿੰਗ ਦੇ ਖਰਚੇ ਵੱਖਰੇ। ਕਈ ਵਾਰੀ ਚੋਰੀ ਹੋਣ ਦੇ ਡਰੋਂ ਜਾਂ ਤਾਂ ਚੀਜ਼ ’ਤੇ ਇਨਸ਼ੋਰੈਂਸ ਖਰੀਦੋ ਜਾਂ ਘਰ ਅੱਗੇ ਸੀ.ਸੀ.ਟੀ.ਵੀ. ਕੈਮਰੇ ਲਾਉ।

  ਹੁਣ ਅਮੀਰ ਹੋਰ ਅਮੀਰ ਹੋ ਗਏ ਜੋ ਕੁੱਲ ਆਬਾਦੀ ਦਾ ਇੱਕ ਅੱਧਾ ਪ੍ਰਤੀਸ਼ਤ ਹੁੰਦਾ। ਔਸਤਨ ਆਦਮੀ ਗੁਰਬਤ ਦੀ ਰੇਖਾ ਤੋਂ ਹੇਠਾਂ ਚਲਾ ਗਿਆ। ਮਾਨਸਿਕ ਤਨਾਵ ਵੱਖਰਾ। ਆਮਦਨ ਘੱਟ ਹੋਣ ਕਰਕੇ ਕਿਸੇ ਤਰ੍ਹਾਂ ਦੇ ਲੋਨ ਲਈ ਕੁਆਲੀਫਾਈ ਨਹੀਂ ਹੁੰਦਾ। ਸਭ ਪਾਸੇ ਆਮ ਬੰਦੇ ਦਾ ਸੋਸ਼ਣ।

  ਇਹੀ ਕੁੱਝ ਕੇਂਦਰ ਸਰਕਾਰ ਕਿਰਸਾਨਾਂ ਨਾਲ ਕਰ ਰਹੀ ਹੈ। ਕਾਰਪੋਰਟ ਘਰਾਣੇ ਦੀਆਂ ਲਾਲਚੀ ਨਜ਼ਰਾਂ ਹੁਣ ਕਿਰਸਾਨਾਂ ਦੀ ਧਰੋਹਰ ਜ਼ਮੀਨ ’ਤੇ ਹਨ, ਕਿਉਂਕਿ ਕਿਰਸਾਣ ਤਾਂ ਕਰੋਨਾ ਮਹਾਂਮਾਰੀ ਸਮੇਂ ਵੀ ਸਭ ਦਾ ਪੇਟ ਪਾਲਦੇ ਰਹੇ। ਏਕੇ ਵਿੱਚ ਬਰਕਤ ਹੁੰਦੀ ਹੈ। ਅਸੀਂ ਖਮਿਆਜ਼ਾ ਭੁਗਤਣ ਵਾਲੇ ਜ਼ਿਆਦਾ ਹਾਂ। ਚਿੜੀਆਂ ਦੇ ਖੇਤ ਚੁੱਗ ਲੈਣ ਬਾਅਦ ਪਛਤਾਉਣ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ।

  ਇਸ ਸੰਘਰਸ਼ ਨੇ ਜਵਾਨੀ ਤੇ ਕਿਰਸਾਣੀ ਨੂੰ ਇੱਕ ਕੀਤਾ ਹੈ। ਕੋਈ ਅਲੋਕਾਰ ਹੋ ਰਿਹਾ ਹੈ। ਸਵੇਰ ਦੇ ਭੁੱਲੇ ਸ਼ਾਮ ਨੂੰ ਘਰੀਂ ਪਰਤਣ ਲੱਗੇ ਨੇ। ਸ਼ਰੀਕਾਂ ਦੀਆਂ ਲੂੰਬੜ ਚਾਲਾਂ ਦੀ ਸਮਝ ਪੈਣ ਲੱਗੀ ਹੈ। ਭਾਈ ਨੇ ਭਾਈ ਨੂੰ ਪਛਾਣ ਲਿਆ ਹੈ। ਸਾਨੂੰ ਆਪਣੇ ਮੂਲ ਦੀ ਪਛਾਣ ਆਉਣ ਲੱਗੀ ਹੈ, ਅਸੀਂ ਆਪਣੇ ਵਿਰਸੇ ਵੱਲ ਮੁੜੇ ਹਾਂ। ਉਹ ਦਿਨ ਦੂਰ ਨਹੀਂ, ਜਦੋਂ ਜਿੱਤ ਸਾਡੇ ਨਾਂ ਹੋਵੇਗੀ ਤੇ ਅਸੀਂ ਸਾਰੇ ਕਿਰਸਾਣ ਚਾਈਂ-ਚਾਈਂ ਆਪਣੇ ਹੱਕ ਲੈ ਕੇ, ਆਪਣੀ ਜਿੱਤ ਲੈ ਕੇ, ਵਾਪਸ ਆਪਣੇ ਘਰੀਂ ਪਰਤਾਂਗੇ। ਉਸ ਰਾਤ ਸਾਡੀ ਦੀਵਾਲੀ ਦੀ ਰਾਤ ਹੋਵੇਗੀ, ਜਦ ਹਰ ਕਿਰਸਾਣ ਦੇ ਬਨੇਰੇ ’ਤੇ ਜਿੱਤ ਦੇ ਦੀਪ ਬਲਣਗੇ। ਆਮੀਨ! ਸ਼ਾਲਾ ਉਹ ਘੜੀ ਛੇਤੀ ਆਵੇ!

   

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com