ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ॥

  - ਗੁਰਤੇਜ ਸਿੰਘ
  ਕਿਰਸਾਣੀ ਸੰਘਰਸ਼ ਦਾ ਸੰਦਰਭ ਜਾਣਨ ਲਈ ਸਿੱਖੀ ਦਾ ਅਸਲ ਸਰੂਪ ਅਤੇ ਬਿਰਦ ਜਾਣਨਾ ਲਾਜ਼ਮੀ ਹੈ। ਸੰਸਾਰੀ ਵਿਹਾਰ ਦੀ ਨਿਗਾਹ ਤੋਂ ਸਿੱਖੀ ਦੇ ਦੋ ਮੁੱਢਲੇ ਸਰੂਪ ਹਨ। ਇੱਕ ਸਰੂਪ ਧਰਮ ਦਾ ਹੈ। ਏਸ ਸਰੂਪ ਦੀ ਨੀਂਹ ਮਾਨਵਤਾ ਵਿੱਚ ਆਦਿ ਕਾਲ ਤੋਂ ਚੱਲੀ ਆਉਂਦੀ ਰੀਤ ਅਨੁਸਾਰ ਦੋ ਮਹਾਂ-ਪੁਖਤਾ ਮਾਨਤਾਵਾਂ ਉੱਤੇ ਹੈ। ਸਾਰੀ ਸ੍ਰਿਸ਼ਟੀ ਦਾ ਇੱਕ ਅਕਾਲ ਪੁਰਖ ਅੰਦਰ ਸਮਾਏ ਹੋਣ ਦਾ ਯਕੀਨ ਪ੍ਰਥਮ ਹੈ। ਦੋਮ ਹੈ ਗੁਰੂ ਨਾਨਕ ਦਸਮੇਸ਼ ਨੂੰ ਅਕਾਲੀ ਹੋਂਦ ਦਾ ਸਾਖੀ ਅਤੇ ਅਕਾਲ ਰੂਪ ਗੁਰੂ ਪਰਮੇਸ਼ਰ ਦਾ ਜਲੌਅ ਅਤੇ ਗੁਰੂ ਪਰਮੇਸ਼ਰ ਸਰੂਪ ਪ੍ਰਵਾਣ ਕਰਨਾ। ਇਹ ਦੋਵੇਂ ਬੁਨਿਆਦੀ ਨੁਕਤੇ ਜਿਸ ਦੀ ਸਮਝ ਪ੍ਰਵਾਣ ਨਹੀਂ ਕਰਦੀ ਉਸ ਲਈ ਸਿੱਖੀ ਧਰਮ ਨਹੀਂ ਹੋ ਸਕਦੀ।
  ਇਸੇ ਤਰ੍ਹਾਂ ਸਿੱਖੀ ਨੂੰ ਇੱਕ ਸਰਬ-ਕਲਿਆਣਕਾਰੀ, ਸਦੀਵੀ ਇੰਨਕਲਾਬ ਤਸੱਵਰ ਕਰਨ ਵਾਲਿਆਂ ਲਈ ਨਾਨਕ ਦਸਮੇਸ਼ ਨੂੰ ਵੱਡਾ ਦਾਰਸ਼ਨਕ ਸਮਝਣਾ ਅਤੇ ਓਸ ਦਰਸ਼ਨ ਨੂੰ ਅਧਿਆਤਮਕਤਾ ਵਿੱਚ ਰੰਗਿਆ ਹਕੀਕੀ ਫ਼ਲਸਫ਼ਾ ਅਰਥਾਤ ਮਾਨਵਤਾ ਦੀ ਨਿਰੰਤਰ ਤਰੱਕੀ ਦਾ ਗਾਡੀ ਰਾਹ (ਪੰਥ) ਪਛਾਣਨਾ ਜ਼ਰੂਰੀ ਹੈ। ਮਨੁੱਖ ਮਾਤਰ ਦੇ ਸਰਵੋਤਮ ਦਾਨਸ਼ਵਰਾਂ ਦਾ ਇਹ ਫ਼ਰਜ਼ ਹੈ ਕਿ ਉਹ ਉਪਰੋਕਤ ਦੋਹਾਂ ਨੁਕਤਿਆਂ ਦਾ ਡੂੰਘਾ ਮੁਤਾਲਿਆ ਕਰ ਕੇ, ਆਪਣੇ ਵਿਚਾਰਾਂ ਨੂੰ ਸੋਧ-ਛਾਂਟ ਕੇ ਕਿਸੇ ਸੱਚੀ-ਸੁੱਚੀ ਤਰਤੀਬ ਵਿੱਚ ਲਿਆ ਕੇ, ਦੁਨੀਆ ਦੇ ਨਾਲ ਵਿਚਾਰ ਗੋਸ਼ਟੀ ਕਰਨ।


  ਕੇਵਲ ਦੁਨਿਆਵੀ ਪੱਧਰ ਉੱਤੇ ਵਿਚਰਦੀ ਮਾਨਸਿਕਤਾ ਸਿਰਫ਼ ਦੂਜੇ ਨੁਕਤੇ ਉੱਤੇ ਧਿਆਨ ਸੰਕੋਚ ਕੇ ਆਪਣੇ ਅਕੀਦਿਆਂ ਅਨੁਸਾਰ ਜੀਵਨ ਜਿਊਂਦੀ ਹੋਈ ਵੀ ਦਸਮੇਸ਼ ਨਾਨਕ ਦੇ ਗੁਰੂ ਗ੍ਰੰਥ ਸਰੂਪ ਤੋਂ ਭਰਪੂਰ ਅਗਵਾਈ ਲੈ ਕੇ, ਸੰਸਾਰਕ ਤਰੱਕੀ ਨੂੰ ਹਰ ਪੱਖੋਂ ਆਖ਼ਰੀ ਮੰਜ਼ਿਲ ਤੱਕ ਲੈ ਕੇ ਜਾ ਸਕਦੀ ਹੈ। ਪਰ ਅੰਮ੍ਰਿਤਧਾਰੀ ਖ਼ਾਲਸਾ ਦੋਹਾਂ ਮੁੱਢਲੇ ਸਰੋਕਾਰਾਂ ਨੂੰ ਤਨੋਂ-ਮਨੋਂ ਹੱਥ ਪਾਏ ਸਰਬ-ਲੋਹ ਦੇ ਕੜੇ ਅਤੇ ਗਾਤਰੇ ਕਿਰਪਾਨ ਵਾਂਗ ਫ਼ੌਲਾਦੀ ਯਕੀਨ ਪਰਪੱਕ ਕਰ ਕੇ ਹੀ ਮਨੁੱਖਾ ਜੀਵਨ ਦੀ ਆਖ਼ਰੀ ਮੰਜ਼ਿਲ ਅਰਥਾਤ ਜੀਵਨ-ਮੁਕਤਾ ਦੀ ਪਦਵੀ ਹਾਸਲ ਕਰ ਸਕਦਾ ਹੈ। ਦੋਹਾਂ ਅਸਥਾਵਾਂ ਰਾਹੀਂ ਸੁਰਖ਼ਰੂ ਹੋਣ ਦੀ ਪ੍ਰਕਿਰਿਆ ਵਿੱਚ ਫ਼ਰਕ ਏਸ ਲਈ ਹੈ ਕਿ ਇੱਕ ਹਿੱਸੇ ਨੇ ਕੇਵਲ ਸੁੱਚੀ ਬੁੱਧ ਨੂੰ ਸਾਧ ਕੇ ਦੁਨੀਆ ਦੇ ਭੰਬਲਭੂਸੇ ਵਿੱਚੋਂ ਸਹੀ ਰਾਹ ਲੱਭਣਾ ਹੁੰਦਾ ਹੈ। ਸੱਚ ਨੂੰ ਪ੍ਰਣਾਈ ਬੁੱਧੀ ਇਸ ਯੋਗ ਹੈ ਕਿ ਉਹ ਇਸ ਇਮਤਿਹਾਨ ਵਿੱਚ ਸਫ਼ਲ ਹੋ ਸਕੇ: "ਮਨਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ॥" ਪ੍ਰੰਤੂ ਖ਼ਾਲਸੇ ਨੂੰ ਘੋਰ ਸਾਧਨਾਂ ਦਾ ਨਿਰੰਤਰ ਆਸਰਾ ਲੈ ਕੇ ਸਦਾ ਸ਼ਬਦ ਦਾ ਪਰਚਾ ਲਾ ਕੇ ਸਿੱਖੀ ਮਾਰਗ ਉੱਤੇ ਅਡਿੱਗ ਚੱਲਣਾ ਪੈਂਦਾ ਹੈ। ਕਿਉਂਕਿ ਉਸ ਨੇ ਹਰ ਹਾਲ ਵਿੱਚ ਮਾਨਵਤਾ ਦੇ ਸਾਹਮਣੇ ਆਪਣਾ ਮਾਣਕ-ਸਰੂਪ ਪਰਗਟ ਕਰਨਾ ਹੁੰਦਾ ਹੈ ਤਾਂ ਕਿ ਸੱਚ ਦੇ ਰਾਹ ਉੱਤੇ ਚੱਲਣ ਵਾਲਿਆਂ ਦੇ ਸਾਬਤ ਕਦਮਾਂ ਵਿੱਚ ਕਦੇ ਵੀ ਥਿੜਕਣ ਨਾ ਆਵੇ: “ਕੇਤੇ ਬੰਧਨ ਜੀਅ ਕੇ ਗੁਰਮਖਿ ਮੋਖ ਦੁਆਰ॥" ਖ਼ਾਲਸਾ ਨਿਜੀ ਹਸਤੀ ਤੋਂ ਅਗਾਂਹ ਜਾ ਕੇ ਮਨੁੱਖਤਾ ਦਾ ਮਾਰਗ-ਦਰਸ਼ਕ ਸਿਰਦਾਰ ਵੀ ਹੈ। ਜਿਵੇਂ ਗੁਰੂ ਦੇ ਰਾਹ ਉੱਤੇ ਆਗੂਆਂ ਲਈ ਦੁਸ਼ਵਾਰੀਆਂ ਅਣਗਿਣਤ ਹਨ, ਇਵੇਂ ਏਸ ਰਾਹ ਉੱਤੇ ਅਧਿਆਤਮਕ ਰਹੱਸ ਦਰ ਰਹੱਸ ਦੇ ਸਾਖਿਆਤ ਦਰਸਨ-ਪਰਸਨ ਰੂਹ ਦਾ ਉਹ ਹੁਲਾਰਾ ਹਨ ਜਿਨ੍ਹਾਂ ਦਾ ਦੁਨਿਆਵੀ ਜੋੜ ਮੁੱਢੋਂ-ਸੁੱਢੋਂ ਹੀ ਹੈ ਨਹੀਂ: "ਸਚਹੁ ਓਰੈ ਸਭੁ ਕੋ ਉਪਰਿ ਸਚ ਆਚਾਰੁ॥" ਦੁਨਿਆਵੀ ਸੁੱਖ-ਸੋਭਾ ਦੇ ਮੁਕਾਬਲਤਨ ਟੈਂ-ਟੈਂ ਤੇ ਰਾਮ-ਰਾਮ ਵਾਲੀ ਹਾਲਤ ਬਣ ਜਾਂਦੀ ਹੈ।
  ਕਿਉਂ ਕਿ ਖ਼ਾਲਸਾ ਆਦਿ ਗੁਰੂ ਦੇ ਗੁਣਾਂ ਵਿੱਚ ਰਮ ਕੇ ਅਕਾਲ-ਰੂਪ ਹੋ ਵਿਚਰਦਾ ਹੈ। ਉਸ ਦਾ ਹਰ ਕਰਮ ਪ੍ਰਭੂ-ਇੱਛਾ ਅਨੁਸਾਰ ਸਰਬ- ਕਲਿਆਣਕਾਰੀ ਹੋ ਨਿੱਬੜਦਾ ਹੈ। ਉਸ ਦੀ ਹਰ ਟੇਕ ਸਰਬੱਤ ਦੇ ਭਲ਼ੇ ਉੱਤੇ ਹੈ; ਉਸ ਦਾ ਆਪਾ ਵਾਰਨ ਦਾ ਚਾਅ ਏਸ ਮਹਾਂ-ਸੱਚ ਦਾ ਜਾਮਨ ਹੈ। ਖ਼ਾਲਸੇ ਦਾ ਹਰ ਪ੍ਰਤੀਕ, ਹਰ ਰਹਿਤ, ਹਰ ਬਚਨ, ਹਰ ਫੁਰਨਾ ਅਕਾਲ ਫ਼ਤਹਿ ਵੱਲ ਸਾਧਿਆ ਹੋਇਆ ਹੁੰਦਾ ਹੈ। ਗੁਰਦੁਆਰੇ ਵਿੱਚ ਸਰਬ-ਸਾਂਝੇ ਉਪਦੇਸ਼, ਗੁਰੂ ਗ੍ਰੰਥ ਦਾ ਪ੍ਰਕਾਸ਼ ਉਸ ਨੂੰ ਭਵਿੱਖ ਦੀ ਵਿਤਕਰੇ ਰਹਿਤ ਸਮਾਜਕ ਬਣਤਰ ਦਾ ਸਾਂਝਾ ਕੇਂਦਰ ਸਥਾਪਤ ਕਰਨ ਲਈ ਕਾਫ਼ੀ ਹੈ। ਏਸ ਕੇਂਦਰ ਵਿੱਚ ਪੂਜਾ ਕੇਵਲ ਅਕਾਲ ਦੀ ਹੋ ਸਕਦੀ ਹੈ ਅਤੇ ਓਥੇ ਨਵੇਂ ਸਮਾਜ ਦੀ ਸਿਰਜਣਾ ਦੀ ਮਸ਼ਕ ਕਰਨ ਨੂੰ ਹੀ ਪੂਜਾ-ਵਿਧੀ ਜਾਣਿਆ ਜਾਂਦਾ ਹੈ। ਗੁਰਦੁਆਰੇ ਦਾ ਹਰ ਕਰਮ ਅਤੇ ਪ੍ਰਤੀਕ ― ਲੰਗਰ, ਨਗਾਰੇ, ਨਿਸ਼ਾਨ ਆਦਿ ― ਮਾਨਵਤਾ ਨੂੰ ਸਕੂਨ, ਧਰਵਾਸ ਅਤੇ ਹੌਂਸਲਾ ਦੇਣ ਲਈ ਸਿਰਜੇ ਹੋਏ ਹਨ ਅਤੇ ਏਸੇ ਲਈ ਸਿੱਖੀ ਅਤੇ ਸਿੱਖ ਫ਼ਲਸਫ਼ੇ ਦਾ ਅਨਿੱਖੜਵਾਂ ਅੰਗ ਗਿਣੇ ਜਾਂਦੇ ਹਨ। ਇੱਥੇ ਕੁਝ ਵੀ ਅਕਾਲ ਤੋਂ ਰਹਿਤ ਨਹੀਂ, ਕੁਝ ਵੀ ਅਕਾਲ ਦੇ ਬਾਹਰ ਨਹੀਂ ― ਤਾਂਹੀਓਂ ਮਨੁੱਖੀ ਮਹੱਤਵ ਅਕਾਂਖਿਆਵਾਂ ਤੋਂ ਢੇਰ ਉੱਤੇ ਉੱਠ ਕੇ ਅਕਾਲ ਫ਼ਤਹਿ ਦਾ ਡੰਕਾ ਜਾਂ ਸਿੰਘ-ਗਰਜਣਾ ਬਣ ਜਾਂਦਾ ਹੈ।
  ਮਨੁੱਖਤਾ ਦਾ ਆਰਥਕ ਤੌਰ ਉੱਤੇ ਖੁਸ਼ਹਾਲ ਹੋਣ ਦਾ ਉਸ ਦੇ ਸਦੀਵੀ ਸੁਖ ਨਾਲ ਡੂੰਘਾ ਰਿਸ਼ਤਾ ਹੈ। ਗੁਜ਼ਾਰੇ ਵਾਲਾ ਮਨੁੱਖ ਹੀ ਧਰਮ ਕਮਾ ਸਕਦਾ ਹੈ ਅਤੇ ਅਕਾਲ ਪੁਰਖ ਦੀ ਸਲਤਨਤ ਦਾ ਮੁਕੰਮਲ, ਸੁਤੰਤਰ ਸ਼ਹਿਰੀ ਬਣਨ ਦਾ ਸੁਪਨਾ ਲੈ ਸਕਦਾ ਹੈ। ਆਖ਼ਰੀ ਨਿਸ਼ਾਨੇ ਨੂੰ ਵਿਸਾਰ ਕੇ ਸੰਸਾਰੀ ਮਨੁੱਖ ਨੇ ਜੋ ਤਰਕੀਬਾਂ ਮਨੁੱਖ ਵਾਸਤੇ ਘੜੀਆਂ ਉਹ ਅੰਤ ਅਨਿਆਂ, ਤੱਦੀ ਅਤੇ ਸ਼ੋਸ਼ਣ ਦਾ ਜ਼ਰੀਆ ਬਣ ਗਈਆਂ। ਸੱਚੇ ਸਾਹਿਬ ਦੀ ਸੰਤਾਨ ਨੂੰ ਸਾਮੰਤਵਾਦ, ਰਾਜਾਸ਼ਾਹੀ, ਸਾਮਰਾਜਵਾਦ, ਪੂੰਜੀਵਾਦ ਆਦਿ-ਆਦਿ ਦੌਰਾਂ ਵਿੱਚ ਬਹੁਤ ਖੱਜਲ-ਖੁਆਰ ਹੋਣਾ ਪਿਆ। ਨਵ-ਉਦਾਰਵਾਦ ਵੀ ਉਸੇ ਚਾਲ ਚੱਲ ਰਿਹਾ ਹੈ ਅਤੇ ਬੜੀ ਤੇਜ਼ੀ ਨਾਲ ਮਨੁੱਖਤਾ ਦੇ ਗੁਲਾਮੀਕਰਣ ਵੱਲ ਵਧ ਰਿਹਾ ਹੈ ਜਿਸ ਕਾਰਣ ਸਾਰੇ ਮਨੁੱਖੀ ਭਾਈਚਾਰੇ ਦਾ ਮਨ ਗਮਗੀਨ ਅਤੇ ਰੂਹ ਬੇਚੈਨ ਹੈ। ਝੂਠੇ ਲੋਭ-ਲਾਲਚ, ਭਰਮਾਂ, ਛਲਾਵਿਆਂ ਦਾ ਬੁਲੰਦ-ਆਵਾਜ਼ ਪ੍ਰਚਾਰ ਕਰ ਕੇ ਇਸ ਦੇ ਅਲੰਬਰਦਾਰ ਸਭ ਮਨੁੱਖੀ ਸ਼ਕਤੀ ਦੇ ਸਰੋਤ ਆਪਣੇ ਕਬਜ਼ੇ ਵਿੱਚ ਕਰਨ ਵਿੱਚ ਕਾਮਯਾਬ ਹੁੰਦੇ ਜਾ ਰਹੇ ਹਨ। ਗੁਰੂ ਦੀ ਚਰ-ਛੋਹ ਧਰਤੀ ਦੇ ਲੋਕ ― ਚਾਹੇ ਕਿਸੇ ਧਰਮ ਦੇ ਹੋਣ ― ਸੁਤੰਤਰਤਾ ਦੀ ਜੀਵਨ-ਜਾਚ ਦੇ ਧਾਰਨੀ ਹਨ। ਏਸੇ ਲਈ ਇੱਥੇ ਫੂਕ ਫੂਕ ਕੇ ਪੈਰ ਰੱਖੇ ਜਾ ਰਹੇ ਹਨ। ਏਸ ਧਰਤ ਦੇ ਪੰਜਾਂ ਪਾਣੀਆਂ ਦੀ ਤਾਸੀਰ ਵੀ ਉਨ੍ਹਾਂ ਨੂੰ ਕਿਸੇ ਦੀ ਟੈਂ ਨਾ ਮੰਨਣ ਦੇ ਰਾਹ ਤੋਰਦੀ ਸੀ। ਯਾਦ ਹੋਵੇਗਾ ਕਿ ਇਸ ਧਰਤੀ ਦੇ ਜਾਇਆਂ ਨੇ ਬ੍ਰਾਹਮਣੀ ਪ੍ਰਥਾ ਦੇ ਮਰਿਆਦਾ-ਪੁਰਸ਼ੋਤਮ ਦੇ ਘੋੜੇ ਦੀਆਂ ਵਾਗਾਂ ਵੀ ਫੜ ਲਈਆਂ ਸਨ ਕਿਉਂਕਿ ਉਸ ਉੱਤੇ ਪਈ ਖੁਰਜੀ ਵਿੱਚ ਮਨੂੰ-ਸਮ੍ਰਿਤੀ ਦੀ ਧੌਂਸ ਸੀ।
  ਜਦੋਂ ਮਹਾਂਮਾਰੀ ਦਾ ਕਵਚ ਪਾ ਕੇ ਉਹ ਧੌਂਸ ਫੇਰ ਬੁੱਕਲ-ਮੀਡੀਆ ਰਾਹੀਂ ਟੈਲੀਵਿਜ਼ਨ ਦੇ ਜ਼ਰਖ਼ਰੀਦ ਘੋੜੇ ਉੱਤੇ ਸਵਾਰ ਹੋ ‘ਸਾਧ ਦੀ ਧਰਤੀ’ ਉੱਤੇ ਕਬਜ਼ਾ ਕਰਨ ਲਈ ਉਮੜੀ ਤਾਂ ਪੰਜਾਬ ਦੇ ਜਾਇਆਂ ਨੇ ਇੱਕ ਵਾਰ ਫੇਰ ਏਸ ਦਾ ਅਸ਼ਵਮੇਧ ਯੱਗ ਰੋਕ ਦਿੱਤਾ। ਸੰਸਾਰ ਦੇ ਅਨੇਕਾਂ ਪੜ੍ਹੇ-ਲਿਖੇ ਸਮਾਜ ਹੁੰਦਿਆਂ ਨਵੇਂ ਉਦਾਰਵਾਦ ਦਾ ਘਾਤਕ ਰਹੱਸ ਕੇਵਲ ਅਕਾਲ-ਅਹਿਰਣ ਉੱਤੇ ਗੁਰੂ-ਵਦਾਨ ਦੀਆਂ ਸੱਟਾਂ ਨਾਲ ਚੰਡਿਆਂ ਨੂੰ ਹੀ ਸਮਝ ਆਇਆ। ਠੰਢੀਆਂ ਯੱਖ ਰਾਤਾਂ, ਪਾਣੀ-ਤੋਪਾਂ, ਟਿੱਬਿਆਂ, ਟੋਇਆਂ ਨੂੰ ਟੱਪਦੇ ਇਹ ਬੁਰੇ ਦੇ ਘਰ ਦੇ ਐਨ ਬੂਹੇ ਉੱਤੇ ਆ ਬੈਠੇ। ਇਨ੍ਹਾਂ ਦੇ ਹੱਥ ਉਹ ਨਿਸ਼ਾਨ ਸੀ ਜਿਸ ਦੀ ਮਨੁੱਖਤਾ ਦੇ ਮਹਿਰਮ ਵਜੋਂ ਪਛਾਣ ਅੱਜ ਕੈਨੇਡਾ, ਅਮਰੀਕਾ ਨਿਊਜ਼ੀਲੈਂਡ, ਔਸਟ੍ਰੇਲੀਆ, ਬੰਗਲਾਦੇਸ਼, ਕਸ਼ਮੀਰ ਆਦਿ ਵਿੱਚ ਸਥਾਪਤ ਹੋ ਚੁੱਕੀ ਹੈ। ਭਲ਼ੇ ਮਨੁੱਖਾਂ ਹੱਥ ਭਲ਼ਾ ਨਿਸ਼ਾਨ ਦੇਖ ਕੇ ਸਾਰੀ ਹਿੰਦ ਦੇ ਦੁਖੀਏ ਨਾਲ ਆ ਜੁੜੇ ― ਕੰਨਿਆ ਕੁਮਾਰੀ ਤੱਕ ਕੰਨਸੋਆਂ ਜਾ ਪਹੁੰਚੀਆਂ।
  ਦੁਨੀਆ ਜਾਣ ਗਈ ਹੈ ਕਿ ਹਿੰਦ ਦੀ ਸਰਕਾਰ (ਹਰ ਆਪਣੇ ਘਰ ਸੁਲਤਾਨ) ‘ਹੰਨੇ-ਹੰਨੇ ਮੀਰ’ ਦੀ ਖ਼ੁਦਦਾਰੀ ਭੰਨ ਕੇ ਉਸ ਨੂੰ ਕਾਰਪੋਰੇਟ ਘਰਾਣਿਆਂ ਦੇ ਦਰ ਉੱਤੇ ਮਜ਼ਦੂਰ ਬਣ ਖੜ੍ਹਾ ਵੇਖਣਾ ਚਾਹੁੰਦੀ ਹੈ। ਇਸ ਨੂੰ ਅੰਦਾਜ਼ਾ ਨਹੀਂ ਹੈ ਕਿ ਕਿੰਨੇ ਕੁ ਮਜ਼ਦੂਰਾਂ ਦੀ ਲੋੜ ਹੈ। ਪਹਿਲਾਂ ਬਿਹਾਰ, ਝਾਰਖੰਡ, ਯੂ.ਪੀ. ਦੇ ਏਸੇ ਮਨਸ਼ਾ ਹੇਠ ਮਜ਼ਦੂਰ ਬਣਾਏ ਲੋਕਾਂ ਨੂੰ ਇਹ ਫ਼ੈਕਟਰੀਆਂ ਵਿੱਚ ਰੁਜ਼ਗਾਰ ਨਹੀਂ ਦੇ ਸਕੇ। ਨਾ ਇਸ ਕੋਲ ਨਵੇਂ ਬਣਨ ਵਾਲੇ ਮਜ਼ਦੂਰਾਂ ਲਈ ਰੁਜ਼ਗਾਰ ਦੇ ਜ਼ਰੂਰੀ ਸਾਧਨ ਹਨ, ਨਾ ਹੀ ਉਨ੍ਹਾਂ ਨੂੰ ਫ਼ੈਕਟਰੀਆਂ ਵਿੱਚ ਕੰਮ ਕਰਨ ਯੋਗ ਬਣਾਉਣ ਲਈ ਸਿੱਖਿਆ ਦੇਣ ਦੇ ਸਾਧਨ। ਬੇਰੁਜ਼ਗਾਰਾਂ ਦੀਆਂ ਧਾੜਾਂ ਮਨੁੱਖਤਾ ਲਈ ਕਿੰਨਾਂ ਵੱਡਾ ਖ਼ਤਰਾ ਬਣਨਗੀਆਂ, ਇਨ੍ਹਾਂ ਨੂੰ ਅੰਦਾਜ਼ਾ ਹੀ ਨਹੀਂ। ਹੱਥ ਦੀਵਾ ਲੈ ਕੇ ਖੂਹ ਵਿੱਚ ਡਿੱਗਣ ਨਾਲ ਮਨੂੰ-ਸਮ੍ਰਿਤੀ ਸਥਾਪਤ ਨਹੀਂ ਹੋ ਸਕਣੀ।
  ਹੁਣ ਜ਼ਿਮੀਂਦਾਰ ਦਾ ਮਸਲਾ ਸੰਸਾਰ-ਵਿਆਪੀ ਸੰਤਾਪ ਦਾ ਪ੍ਰਤੀਕ ਬਣ ਚੁੱਕਿਆ ਹੈ। ਸਭ ਦੀਆਂ ਨਿਗਾਹਾਂ ਨਿਸ਼ਾਨ ਸਾਹਿਬ ਉੱਤੇ ਹਨ ਜਿਸ ਨੂੰ ਜਾਤਾਂ-ਪਾਤਾਂ, ਧਰਮਾਂ, ਦੇਸ਼ਾਂ, ਨਸਲਾਂ, ਕਬੀਲਿਆਂ ਤੋਂ ਉੱਚੇ ਉੱਠਣ ਵਾਲੇ ਸੱਚ ਦਾ ਅਤੇ ਸਭ ਦਾ ਸਾਂਝਾ ਨਿਸ਼ਾਨ ਜਾਣਦੇ ਹਨ। ਕਈ ਦੇਸ਼ਾਂ ਦੇ ਝੰਡਿਆਂ ਨੇ ਇਸ ਦੇ ਨਾਲ ਝੂਲ ਕੇ ਨਿਰੋਲ ਮਨੁੱਖਤਾ ਦੇ ਸਰੋਕਾਰਾਂ ਨੂੰ ਗਲ਼ ਲਾ ਕੇ ਮਾਣ ਹਾਸਲ ਕੀਤਾ। ਹਿੰਦ ਦਾ ਤਿਰੰਗਾ ਤਾਂ ਹੈ ਹੀ ਇਸੇ ਖ਼ੇਤ ਦੀ ਪੈਦਾਵਾਰ। ਯਕੀਨ ਬਣਦਾ ਜਾ ਰਿਹਾ ਹੈ ਕਿ ਕੁੱਲ ਲੁਕਾਈ ਦੇ ਸੁਹਿਰਦ ਸਹਿਯੋਗ ਨਾਲ ਅਕਾਲ ਫ਼ਤਹਿ ਦੇ ਦਿਨ ਕਰੀਬ ਆ ਰਹੇ ਹਨ। ਸਾਧ ਦੀ ਧਰਤੀ ਸਾਧ ਫੇਰ ਮਾਣਨਗੇ ਅਤੇ ਕਬਜ਼ਾ ਕਰਨ ਦੇ ਚਾਹਵਾਨ ਤਸਕਰਾਂ ਨੂੰ 310 ਸਾਲ ਬਾਅਦ ਫੇਰ ਮੂੰਹ ਦੀ ਖਾਣੀ ਪਵੇਗੀ।

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com