ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਪੰਜਾਬੀ ਸੂਬਾ ਕੀ ਖੱਟਿਆ,ਕੀ ਗੁਆਇਆ (1 ਨਵੰਬਰ,ਨਵਾਂ ਪੰਜਾਬ ਦਿਵਸ ) 

  ਪ੍ਰੋ ਰਾਜਿੰਦਰ ਪਾਲ ਸਿੰਘ ਬਰਾੜ (ਡਾ)
  ਪੰਜਾਬੀ ਸੂਬਾ ਬਣਨ ਦੀ ਪ੍ਰਕ੍ਰਿਆ ਅਤੇ ਉਸ ਤੋਂ ਬਾਅਦ ਦੇ ਰਾਜਸੀ ਪ੍ਰਭਾਵਾਂ ਬਾਰੇ ਤਾਂ ਬਹੁਤ ਵਿਚਾਰ ਹੋਈ ਹੈ ਪਰ ਇਸ ਦੇ ਆਰਥਿਕ, ਧਾਰਮਿਕ ਅਤੇ ਸਮਾਜ-ਸਭਿਆਚਾਰਕ ਪੱਖਾਂ ਬਾਰੇ ਬਹੁਤ ਘੱਟ ਗੱਲ ਹੋਈ ਹੈ। ਪੰਜਾਬੀ ਸੂਬੇ ਦੀ ਮੰਗ ਪਿੱਛੇ ਕੰਮ ਕਰਦੀਆਂ ਸੱਭਿਆਚਾਰਕ ਅਕਾਂਖਿਆਵਾਂ ਅਤੇ ਸੂਬਾ ਬਣਨ ਬਾਅਦ ਦੇ ਸਭਿਆਚਾਰਕ ਰੂਪਾਂਤਰਣ ਬਾਰੇ ਤਾਂ ਹੀ ਹੋਰ ਵੀ ਘੱਟ ਗੱਲ ਹੋਈ ਹੈ।ਸ਼ਾਹ ਮੁਹੰਮਦ ਦਾ ‘ਰਾਜੀਬਾਜੀ ਵੱਸਦਾ ਪੰਜਾਬ ” ਧਰਮ ਆਧਾਰ ਤੇ ਨਾ ਕੇਵਲ ਵੰਡਿਆ ਹੀ ਗਿਆ ਸਗੋਂ ਪ੍ਰਸਪਰ ਭਿਆਨਕ ਕਤਲੇਆਮ ਨਾਲ ਧਾਰਮਿਕ ਫਿਰਕਿਆਂ ਦਰਮਿਆਨ ਨਫ਼ਰਤ ਦੇ ਬੀਜ ਵੀ ਬੀਜ਼ੇ ਗਏ। ਦੇਸ਼ ਵੰਡ ਨਾਲ ਭਾਰਤੀ ਪੰਜਾਬ ਵਿਚ ਇਕ ਵਾਰ ਹਿੰਦੂ-ਸਿੱਖਾਂ ਨੇ ਰਾਜਸੀ ਹੋਣੀ ਸਾਂਝੀ ਕਰ ਲਈ, ਮਾਲੇਰਕੋਟਲਾ ਮੁਸਲਮਾਨ ਬਹੁਗਿਣਤੀ ਹੋਣ ਦੇ ਬਾਵਜੂਦ ਇਸ ਝੱਖੜ ਝਾਜੇਂ ਵਿਚ ‘ਉਮੀਦ’ ਦਾ ਪ੍ਰਤੀਕਾਤਮਿਕ ਚਿਰਾਗ ਬਣਿਆ ।

  ਭਾਰਤੀ ਰਾਜ ਦੇ ਧਰਮ ਨਿਰਪੇਖ ਚਰਿੱਤਰ ਦੇ ਬਾਵਜੂਦ ਕਿਤੇ ਨਾ ਕਿਤੇ ਧਾਰਮਿਕ ਫਿਰਕਿਆਂ ਦੀ ਇਕ ਦੂਜੇ ਲਈ ਬੇ-ਵਿਸ਼ਵਾਸ਼ੀ ਪੈਦਾ ਹੋਈ। ਇਸ ਨੂੰ ਇਕਜੁੱਟ ਕਰਨ ਦਾ ਕੰਮ ਪੰਜਾਬੀਅਤ ਦੀ ਭਾਵਨਾ ਹੀ ਕਰ ਸਕਦੀ ਸੀ। ਇਕ ਤਰ੍ਹਾਂ ਨਾਲ ਪੰਜਾਬੀ ਭਾਸ਼ੀ ਸੂਬੇ ਦੀ ਮੰਗ ਭਾਰਤੀ ਪੰਜਾਬ ਦੇ ਲੋਕਾਂ ਨੂੰ ਸਭਿਆਚਾਰਕ ਤੌਰ ਤੇ ਇਕਜੁੱਟ ਕਰਦੀ ਸੀ। ਪੰਜਾਬ ਦੀ ਭਾਸ਼ਾ ਦਾ ਮਸਲਾ ਅਸਲ ਵਿਚ ਮੁਸਲਮ ਲੀਗ ਦੀ ਪਾਕਿਸਤਾਨ ਦੀ ਮੰਗ ਨਾਲ ਸਿਆਸੀ ਰੂਪ ਗ੍ਰਹਿਣ ਕਰਦਾ ਹੈ। ਇੰਡੀਅਨ ਮੁਸਲਿਮ ਲੀਗ ਦੀ 1940 ਵਿਚ ਕੀਤੀ ਪਾਕਿਸਤਾਨ ਦੀ ਮੰਗ ਦਾ ਸ਼੍ਰੋਮਣੀ ਅਕਾਲੀ ਦਲ ਨੇ ਡਟ ਕੇ ਵਿਰੋਧ ਕੀਤਾ ਅਤੇ ਉਸ ਨੇ ਕ੍ਰਿਪਸ ਪਰਪੋਜ਼ਲ 1942, ਰਾਜਾ ਫਾਰਮੂਲਾ 1944 ਅਤੇ ਕੈਬਨਟ ਮਿਸ਼ਨ ਦਾ ਵਿਰੋਧ ਕਰਦਿਆਂ ਉਲਟਾ ਆਪਣੇ ਲਈ ਮੁਸਲਮਾਨਾਂ ਵਾਂਗ ਹੀ ਸਿੱਖਾਂ ਨੇ ਵੀ ਵੱਖਰੇ ਖਿੱਤੇ ਜਾਂ ਅਜ਼ਾਦ ਪੰਜਾਬ ਦੀ ਮੰਗ ਕੀਤੀ। ਸਿੱਖ ਮੁਸਲਮਾਨਾਂ ਦੇ ਉਲਟ ਕਿਤੇ ਵੀ ਬਹੁਤ ਗਿਣਤੀ ਵਿਚ ਨਹੀਂ ਸਨ, ਇਸ ਲਈ ਉਨ੍ਹਾਂ ਨੇ ਭਾਰਤ ਨਾਲ ਰਲਣ ਦਾ ਫੈਸਲਾ ਕੀਤਾ ਪਰ ਇਥੇ ਵੀ ਉਹ ਆਪਣੇ ਲਈ ਵੱਖਰੇ ਖਿੱਤੇ ਜਾਂ ਸਟੇਟ ਦੀ ਆਸ ਰਖਦੇ ਸਨ। ਪਰ ਨਵੇਂ ਅਜ਼ਾਦ ਹੋਏ ਜਮਹੂਰੀ,ਧਰਮ ਨਿਰਪੱਖ, ਬਰਾਬਰ ਅਧਿਕਾਰਾਂ ਵਾਲੇ ਰਾਜ ਵਿਚ ਧਰਮ ਅਧਾਰਤ ਵੱਖਰੇ ਖਿੱਤੇ ਦੀ ਕੋਈ ਗੁੰਜਾਇਸ਼ ਨਾ ਹੋਣ ਕਰਕੇ ਸਿੱਖਾਂ ਨੇ ਆਪਣੀ ਮੰਗ ਨੂੰ ਕਿਤੇ ਨਾ ਕਿਤੇ ਧਰਮ ਨਿਰਪੱਖ ਰੂਪ ਦੇਣ ਲਈ ਪੰਜਾਬੀ ਸੂਬੇ ਦੀ ਮੰਗ ਕੀਤੀ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀ ਸਿੱਖ ਇਸ ਮੰਗ ਲਈ ਅੜ ਗਏ, ਲੇਖਕ ਮੰਗ ਨਾਲ ਖੜ ਗਏ,ਜਦੋਂ ਕਿ ਹਿੰਦੂ ਜਥੇਬੰਦੀਆਂ ਦਾ ਖਾਸ ਕਰਕੇ ਜਨ ਸੰਘ ਵਿਰੋਧ ਵਿਚ ਚੱਲ ਪਈ ਅਤੇ ਕਾਂਗਰਸ ਵਿਚ–ਵਿਚਾਲਾ ਕਰਦੀ ਰਹੀ। ਕੇਂਦਰ ਅਤੇ ਰਾਜ ਦੋਹਾਂ ਤੇ ਕਾਬਜ ਕਾਂਗਰਸ ਮੰਗ ਮੰਨਣਾ ਵੀ ਨਹੀਂ ਚਾਹੁੰਦੀ ਸੀ ਪਰ ਸਿੱਖਾਂ ਨੂੰ ਨਰਾਜ ਵੀ ਨਹੀਂ ਕਰਨਾ ਚਾਹੁੰਦੀ ਸੀ। ਜੇ ਉਸ ਸਮੇਂ ਕਾਂਗਰਸ ਪਾਰਟੀ 14 ਅਗਸਤ 1948 ਦੇ ਸਰਕਾਰੀ ਗਜਟ ਅਨੁਸਾਰ ਸਰਕਾਰ ਦੀ ਸਿਧਾਂਤਕ ਪੱਧਰ ਤੇ ਮੰਨੀ ਮੰਗ ਕਿ ਬੱਚੇ ਦੀ ਮੁਢਲੇ ਪੜਾਅ ਦੀ ਸਿੱਖਿਆ ਦਾ ਮਾਧਿਅਮ ਮਾਤ ਭਾਸ਼ਾ ਹੋਵੇਗੀ ਨੂੰ ਲਾਗੂ ਕਰ ਦਿੰਦੀ ਤਾਂ ਕਈ ਮਸਲੇ ਉੱਠਣੇ ਹੀ ਨਹੀ ਸਨ। ਲੋਕ ਰਾਜ ਦੇ ਤਕਾਜ਼ੇ ਅਨੁਸਾਰ ਸਿੱਖਿਆ ਦਾ ਮਾਧਿਅਮ ਸਥਾਨਕ ਭਾਸ਼ਾ ਨੂੰ ਬਣਾ ਦਿੱਤਾ ਜਾਂਦਾ ਤਾਂ ਇਸ ਮੰਗ ਦਾ ਫਿਰਕੂ ਅਧਾਰ ਪੈਦਾ ਹੀ ਨਹੀਂ ਹੋਣਾ ਸੀ ਅਤੇ ਭਾਸ਼ਾ ਨੇ ਧਰਮ ਨਾਲ ਨਹੀਂ ਜੁੜਨਾ ਸੀ ਅਤੇ ਅੱਗੋਂ ਜੇ ਹੋਰ ਰਾਜਾਂ ਨਾਲ ਹੀ ਪੰਜਾਬ ਦਾ ਵੀ ਭਾਸ਼ਾ ਅਧਾਰਤ ਪੁਰ–ਗਠਨ ਹੋ ਜਾਂਦਾ ਤਾਂ ਬਾਅਦ ਵਾਲੀਆਂ ਮੁਸ਼ਕਲਾਂ ਜਿਨ੍ਹਾਂ ਵਿਚ ਪੰਜਾਬ ਸੰਕਟ ਵੀ ਸ਼ਾਮਲ ਹੈ, ਤੋਂ ਬਚਿਆ ਜਾ ਸਕਦਾ ਸੀ।
  ਇਤਿਹਾਸਕ ਪੱਖੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 1954 ਦੀ ਚੋਣ ਮਹੱਤਵਪੂਰਨ ਰਹੀ। ਇਸ ਚੋਣ ਵਿਚ ਅਕਾਲੀ ਦਲ ਨੇ 111 ਸੀਟਾਂ ਜਿੱਤ ਕੇ ਪੰਜਾਬੀ ਸੂਬੇ ਦੇ ਵਿਰੋਧ ਵਾਲੇ ਕਾਂਗਰਸੀਆਂ ਦੇ ਖੜੇ ਕੀਤੇ ਸਰਕਾਰੀ ਹਮਾਇਤ ਪ੍ਰਾਪਤ ਖਾਲਸਾ ਦਲ ਨੂੰ ਕਰਾਰੀ ਹਾਰ ਦਿੱਤੀ। ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਪਾਰਟੀ ਨੇ 1927 ਦੇ ਮਦਰਾਸ ਸੈਸ਼ਨ ਵਿਚ ਸਿੰਧ ਸੂਬੇ ਦੀ ਹਮਾਇਤ ਕਰਦਿਆਂ ਮਤਾ ਪਾਸ ਕੀਤਾ ਸੀ ਕਿ ਕਾਂਗਰਸ ਇਸ ਮੱਤ ਦੀ ਧਾਰਨੀ ਹੈ ਕਿ ਸਮਾਂ ਆ ਗਿਆ ਹੈ ਕਿ ਭਾਸ਼ਾਈ ਅਧਾਰ ਤੇ ਸੂਬਿਆਂ ਦੀ ਪੁਨਰ ਵਿਉਂਤਬੰਦੀ ਹੋਵੇ। ਇਹ ਸਿਧਾਂਤ ਕਾਂਗਰਸ ਦੇ ਸੰਵਿਧਾਨ ਵਿਚ ਅਪਣਾਇਆ ਹੋਇਆ ਹੈ। ਇਹ ਮਤਾ ਅੱਗੇ ਕਹਿੰਦਾ ਹੈ ਕਿ ਸੂਬਿਆਂ ਦੀ ਪੁਨਰ ਵਿਉਂਤਬੰਦੀ ਤੁਰਤ ਹੋਣੀ ਚਾਹੀਦੀ ਹੈ ਤਾਂ ਜੋ ਜੇ ਕੋਈ ਹੋਰ ਸੂਬਾ ਵੀ ਭਾਸ਼ਾ ਅਧਾਰ ਤੇ ਪੁਨਰ ਗਠਨ ਦੀ ਮੰਗ ਕਰਦਾ ਹੈ ਤਾਂ ਉਸ ਨੂੰ ਵੀ ਇਸੇ ਅਧਾਰ ਤੇ ਵਿਚਾਰਿਆ ਜਾ ਸਕੇ। 1928 ਦੀ ਨਹਿਰੂ ਰਿਪੋਰਟ ਵਿਚ ਉਸ ਸਮੇਂ ਦੇ ਸੂਬਿਆਂ ਦੀ ਵੰਡ ਨੂੰ ਗੈਰ ਤਾਰਕਿਕ ਦੱਸਿਆ ਗਿਆ ਹੈ ਅਤੇ ਸਬੰਧਤ ਖਿੱਤੇ ਦੀ ਭਸ਼ਾਈ ਏਕਤਾ ਦੇ ਅਧਾਰ ਤੇ ਸੂਬਿਆਂ ਦੇ ਪੁਨਰ ਗਠਨ ਦਾ ਮਸਲਾ ਉਠਾਇਆ ਸੀ। ਇਥੋਂ ਤਕ ਕਿ 4 ਅਪ੍ਰੈਨ 1946 ਨੂੰ ਜਵਾਹਰ ਲਾਲ ਨਹਿਰੂ ਨੇ ਬਿਆਨ ਦਿੱਤਾ ਸੀ ਕਿ ਸੂਬਿਆਂ ਦੀ ਪੁਨਰ ਵੰਡ ਜ਼ਰੂਰੀ ਹੈ ਅਤੇ ਨਾ ਟਾਲੀ ਜਾਣ ਵਾਲੀ ਹੈ। ਮੈਂ ਅਰਧ ਖੁਦਮੁਖ਼ਤਾਰ ਇਕਾਈ ਦਾ ਪੱਖੀ ਹਾਂ। ਮੈਂ ਚਾਹੁੰਦਾ ਹਾਂ ਉਨ੍ਹਾਂ(ਭਾਵ ਸਿੱਖਾਂ ਨੂੰ) ਨੂੰ ਅਰਧ ਖੁਦਮੁਖਤਾਰ ਸੂਬੇ ਅੰਦਰ ਇਕਾਈ ਮਿਲੇ ਜਿਥੇ ਉਹ ਅਜ਼ਾਦੀ ਦਾ ਨਿੱਘ ਮਾਣ ਸਕਣ। ਇਹ ਉਹ ਸਤਰਾਂ ਹਨ ਜੋ ਵਾਰ ਵਾਰ ਦੁਹਰਾਈਆਂ ਜਾਂਦੀਆਂ ਹਨ। ਇਕ ਤਰ੍ਹਾਂ ਨਾਲ ਪਤਾ ਚਲਦਾ ਹੈ ਕਿ ਕਾਂਗਰਸ ਪਾਰਟੀ ਅਜ਼ਾਦੀ ਤੋਂ ਪਹਿਲਾਂ ਸਿਧਾਂਤਕ ਤੌਰ ਤੇ ਭਸ਼ਾਈ ਅਧਾਰ ਤੇ ਸੂਬਿਆਂ ਦੇ ਪਨਰਗਠਨ ਦੇ ਪੱਖ ਵਿਚ ਸੀ ਪਰੰਤੂ ਅਜ਼ਾਦੀ ਤੋਂ ਬਾਅਦ ਉਸ ਦਾ ਅਮਲ ਬਦਲ ਗਿਆ। 1953 ਵਿਚ ਰਾਜਾਂ ਦੇ ਪੁਨਰਗਠਨ ਲਈ ਬਣੇ ਸਟੇਟ ਰੀਆਰਗੇਨਾਈਜੇਸ਼ਨ ਕਮਿਸ਼ਨ ਨੇ ਪੰਜਾਬੀ ਸੂਬੇ ਦੀ ਥਾਂ ਪੰਜਾਬ ਵਿਚ ਪੈਪਸੂ ਅਤੇ ਪਹਾੜੀ ਇਲਾਕੇ (ਅਜੋਕਾ ਹਿਮਾਚਲ ਪ੍ਰਦੇਸ਼) ਨੂੰ ਮਿਲਾਉਣ ਦੀ ਸਿਫਾਰਸ਼ ਕੀਤੀ। ਕਮਿਸ਼ਨ ਮੈਂਬਰ ਸ੍ਰੀ ਕੁੰਜਰੂ ਅਤੇ ਹੁਕਮ ਸਿੰਘ ਦੀ ਗੱਲਬਾਤ ਦਰਸਾਉਂਦੀ ਹੈ ਕਿ ਕਮਿਸ਼ਨ ਦੀ ਮਰਜੀ ਪੰਜਾਬ ਵਿਚ ਹਿੰਦੀ ਭਾਸ਼ੀ ਪਹਾੜੀ ਇਲਾਕੇ ਸ਼ਾਮਲ ਕਰਨ ਦਾ ਮਤਲਬ ਪੰਜਾਬ ਵਿਚ ਸਿੱਖਾਂ ਨੂੰ ਘੱਟ ਗਿਣਤੀ ਵਿਚ ਰੱਖਣਾ ਸੀ। ਇਸ ਦੇ ਵਿਰੋਧ ਵਿਚ ਜਦੋਂ ਅੰਦੋਲਨ ਸ਼ੁਰੂ ਹੋਇਆ ਤਾਂ ਅਜ਼ਾਦ ਭਾਰਤ ਵਿਚ ਪਹਿਲੀ ਵਾਰ 1955 ਦੀ ਵਿਸਾਖੀ ਸਮੇਂ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਉਪਰ ਹੀ ਪਾਬੰਦੀ ਲਗਾ ਦਿੱਤੀ ਗਈ। ਉਲੰਘਣਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾਣ ਲੱਗਾ। ਇਥੋਂ ਹੀ ਸ਼੍ਰੋਮਣੀ ਅਕਾਲੀਦਲ ਨੇ ਮਾਸਟਰ ਤਾਰਾ ਸਿੰਘ ਦੀ ਅਗਵਾਈ ਵਿਚ 10 ਮਈ 1955 ਵਿਚ ਜਨਤਕ ਘੋਲ ਦਾ ਐਲਾਨ ਕਰ ਦਿੱਤਾ ਅਤੇ ਪਹਿਲੇ ਜਥੇ ਦੀ ਗ੍ਰਿਫਤਾਰੀ ਹੋਈ। ਇਸ ਮੋਰਚੇ ਵਿਚ ਅਕਾਲ ਤਖਤ ਦੇ ਜਥੇਦਾਰ, ਕਾਲਜ ਪ੍ਰਿੰਸੀਪਲ ਇਕਬਾਲ ਸਿੰਘ, ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਰਾਜ ਸਿੰਘ, ਗੁਰਬਿਲਾਸ ਸਿੰਘ, ਭੁਪਿੰਦਰ ਸਿੰਘ ਮਾਨ, ਧੰਨਾ ਸਿੰਘ ਗੁਲਸ਼ਨ, ਸਾਧੂ ਸਿੰਘ ਹਮਦਰਦ ਵਰਗਿਆਂ ਨੇ ਗ੍ਰਿਫਤਾਰੀ ਦਿੱਤੀ। 12 ਹ਼ਜਾਰ ਤੋਂ ਉਪਰ ਲੋਕ ਗ੍ਰਿਫਤਾਰ ਹੋਏ ਜਿਨ੍ਹਾਂ ਵਿਚ 400 ਤੋਂ ਵੱਧ ਔਰਤਾਂ ਸਨ। 4 ਜੁਲਾਈ 1955 ਨੂੰ ਪੁਲੀਸ ਨੇ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਇਕੱਠੇ ਹੋ ਰਹੇ ਸਿੱਖਾਂ ਨੂੰ ਖਿੰਡਾਉਣ ਲਈ ਅਥਰੂ ਗੈਸ ਛੱਡੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਵਾ ਹਰਕਿਰਸ਼ਨ ਸਿੰਘ ਅਤੇ ਹੁਕਮ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ। ਪੰਜਾਬ ਦੇ ਚੀਫ ਮਨਿਸਟਰ ਭੀਮ ਸੈਨ ਸੱਚਰ ਨੇ ਸਿੱਖਾਂ ਦਾ ਮੂਡ ਦੇਖ ਕੇ ਪੈਂਤੜਾ ਬਦਲ ਲਿਆ। 12 ਜੁਲਾਈ,1955 ਨੂੰ ਨਾਕੇਵਲ ਜਥੇ ਗਿਰਫਤਾਰ ਕਰਨੇ ਹੀ ਬੰਦ ਕਰ ਦਿੱਤੇ ਸਗੋਂ ਨਾਹਰੇ ਉਤੋਂ ਵੀ ਪਾਬੰਦੀ ਚੁੱਕ ਦਿੱਤੀ। ਪਰ ਜਦੋਂ ਕਮਿਸ਼ਨ ਦੀ ਰਿਪੋਰਟ ਆਈ ਤਾਂ ਬਿਲਕੁਲ ਉਲਟ ਸੀ। ਸਿੱਟੇ ਵਜੋਂ ਮਾਸਟਰ ਤਾਰਾ ਸਿੰਘ ਨੇ 16 ਅਕਤੂਬਰ 1955 ਵਿਚ ਅੰਮਿਰਤਸਰ ਸਿੱਖਾਂ ਦਾ ਇਕੱਠ ਸੱਦਿਆ ਜਿਸ ਵਿਚ ਕਾਂਗਰਸੀ ਸਿੱਖ ਮੈਂਬਰ ਵੀ ਸੱਦੇ ਗਏ। ਉਥੋਂ ਮੁੜ ਗੱਲਬਾਤ ਦਾ ਸਿਲਸਿਲਾ ਚੱਲਿਆ। ਗਿਆਨੀ ਕਰਤਾਰ ਸਿੰਘ ਗੱਲਬਾਤ ਚਲਾਉਣ ਵਾਲਿਆਂ ਵਿਚੋਂ ਇਕ ਸੀ ਪਰ ਬਲਦੇਵ ਸਿੰਘ ਵਿਚੋਲਾ ਬਣਿਆ। ਕਾਂਗਰਸ ਨੂੰ ਸਿੱਖਾਂ ਨਾਲ ਕੀਤੇ ਵਾਅਦੇ ਯਾਦ ਕਰਵਾਏ ਗਏ। ਇਸ ਦੋ ਧਿਰੀ ਗੱਲਬਾਤ ਦੇ ਸਿੱਟੇ ਵਜੋਂ ਰਿਜ਼ਨਲ ਫਾਰਮੂਲਾ ਬਣਿਆ। ਨਵੀਂ ਗੌਰਮਿੰਟ ਪਰਤਾਪ ਸਿੰਘ ਕੈਰੋਂ, ਗਿਆਨੀ ਗਿਆਨ ਸਿੰਘ ਰਾੜੇਵਾਲਾ, ਗਿਆਨੀ ਕਰਤਾਰ ਸਿੰਘ ਨੇ ਗੱਲਬਾਤ ਚਲਾਈ। ਹਿੰਦੀ ਰਕਸ਼ਾ ਸੰਮਤੀ ਨੇ ਅੰਦੋਲਨ ਕੀਤਾ। ਸਿੱਖ ਧਾਰਮਿਕ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਰਿਜ਼ਨਲ ਫਾਰਮੂਲਾ ਅਖੀਰ ਰੱਦ ਹੋ ਗਿਆ ਪਰ ਇਸੇ ਸਮੇਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਬਣੀ। ਇਸ ਸਮੇਂ ਫਿਰ ਅੰਦੋਲਨ ਚੱਲਿਆ। ਮਾਸਟਰ ਤਾਰਾ ਸਿੰਘ ਹੱਥੋਂ ਅਗਵਾਈ ਖੁੱਸਣ ਲੱਗੀ ਅਤੇ ਸੰਤ ਫਤਹਿ ਸਿੰਘ ਦਾ ਸੂਰਜ ਉਦੇ ਹੋਣ ਲੱਗਾ। ਪਹਿਲਾਂ ਮਾਸਟਰ ਤਾਰਾ ਸਿੰਘ ਨੇ ਮਰਨ ਵਰਤ ਰੱਖਿਆ ਜਿਸ ਨੂੰ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਅਤੇ ਸੰਤ ਫਤਹਿ ਸਿੰਘ ਨੇ ਤੁੜਵਾਇਆ। ਉਸ ਤੋਂ ਬਾਅਦ ਸੰਤ ਫਤਹਿ ਸਿੰਘ ਨੇ 10ਸਤੰਬਰ 1965 ਨੂੰ ਮਰਨ ਵਰਤ ਰੱਖਿਆ ਅਤੇ 25 ਸਤੰਬਰ 1965 ਨੂੰ ਮਰਨ ਦਿਵਸ ਮਿਥ ਲਿਆ ਅਤੇ ਅਕਾਲ ਤਖਤ ਦੀ ਛੱਤ ਤੇ ਅਗਨ ਕੁੰਡ ਬਣਾਇਆ ਗਿਆ ਪਰ ਭਾਰਤ ਪਾਕਿ ਜੰਗ ਕਾਰਨ ਇਹ ਮੋਰਚਾ ਵਾਪਿਸ ਲਿਆ ਗਿਆ। ਹਰਚਰਨ ਸਿੰਘ ਹੰਡਿਆਰਾ, ਗੁਰਚਰਨ ਸਿੰਘ ਟੌਹੜਾ ਅਤੇ ਚੰਨਣ ਸਿੰਘ ਨੇ ਮੋਹਰੀ ਭੂਮਿਕਾ ਨਿਭਾਈ। ਜੰਗ ਜਿੱਤਣ ਬਾਅਦ ਭਾਰਤ ਸਰਕਾਰ ਨੇ ਮੁੜ ਇਕ ਕਮੇਟੀ ਬਣਾਈ ਜਿਸ ਵਿਚ ਸ਼੍ਰੀਮਤੀ ਇੰਦਰਾ ਗਾਂਧੀ, ਵਾਈ ਵੀ ਚਵਾਨ ਅਤੇ ਮਹਾਂਵੀਰ ਤਿਆਗੀ ਸ਼ਾਮਲ ਸਨ। ਗਿਆਨੀ ਜੈਲ ਸਿੰਘ, ਜਨਰਲ ਮੋਹਨ ਸਿੰਘ, ਨਰੈਣ ਸਿੰਘ ਸ਼ਾਹਬਾਜ਼ਪੁਰੀ ਵਰਗਿਆਂ ਦੀ ਸ਼ਮੂਲੀਅਤ ਨਾਲ ਪਾਰਲੀਮਾਨੀ ਕਮੇਟੀ ਬਣੀ ਜਿਸ ਨੇ ਅਖੀਰ ਪਾਰਲੀਮੈਂਟ ਵਿਚ ਬਿਲ ਪਾਸ ਕਰ ਦਿੱਤਾ। ਇਸ ਪ੍ਰਕਾਰ 1 ਨਵੰਬਰ, 1966 ਨੂੰ ਮੌਜੂਦਾ ਪੰਜਾਬ ਹੋਂਦ ਵਿਚ ਆ ਗਿਆ।
  ਫਾਇਦੇ :
  1. ਅਕਾਲੀਦਲ ਨੂੰ ਰਾਜਸੀ ਫਾਇਦਾ ਹੋਇਆ। ਪੁਨਰ ਗਠਨ ਤੋਂ ਪਹਿਲਾਂ ਕਦੇ ਅਕਾਲੀਦਲ ਦਾ ਚੀਫ ਮਨਿਸਟਰ ਨਹੀਂ ਬਣਿਆ ਸੀ। ਪਰ ੳਸ ਤੋਂ ਬਾਅਦ ਅਕਾਲੀਦਲ ਵਾਰੀ ਲੈਣ ਲੱਗ ਪਿਆ ਅਤੇ ਹੁਣ ਤਾਂ ਲਗਾਤਾਰ ਦੋ ਪਾਰੀਆਂ ਵੀ ਖੇਡ ਗਿਆ ਅਤੇ ਤੀਜੀ ਵਾਰ ਜਿੱਤਣ ਦਾ ਅਭਿਲਾਸ਼ੀ ਤੇ ਵਿਸ਼ਵਾਸੀ ਹੈ।
  2. ਪੰਜਾਬੀ ਭਾਸ਼ੀ ਸਿੱਖਿਆ ਸੰਸਥਾਵਾਂ ਦਾ ਵਿਸਥਾਰ ਹੋਇਆ। ਰਿਜ਼ਨਲ ਫਾਰਮੂਲੇ ਬਾਅਦ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੁਨਰ–ਗਠਨ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮਾਧਿਅਮ ਪੰਜਾਬੀ ਬਣਿਆ। ਸਿੱਟੇ ਵਜੋਂ ਸਾਖਰਤਾ ਦਰ ਵਧੀ।
  3. ਭਾਸ਼ਾ ਵਿਭਾਗ ਸਾਰੇ ਨਵੇਂ ਪੰਜਾਬ ਵਿਖ ਪੰਜਾਬੀ ਲਈ ਕੰਮ ਕਰਨ ਲੱਗਾ। ਸਾਹਿਤਕ ਜਥੇਬੰਦੀਆਂ ਹੋਂਦ ਵਿਚ ਆਈਆਂ ਅਤੇ ਪੰਜਾਬੀ ਸਾਹਿਤਕਾਰਾਂ ਨੂੰ ਸਰਕਾਰੀ ਮਾਣ–ਸਨਮਾਨ ਮਿਲਣ ਲੱਗੇ।
  4. ਨੋਕਰੀਆਂ ਵਿਚ ਪੰਜਾਬੀ ਭਾਸ਼ਾ ਦੀ ਪੁੱਛ–ਪਰਤੀਤ ਹੋਈ। ਸਰਕਾਰੀ ਨੋਕਰੀਆਂ ਵਿਚ ਪੇਂਡੂ ਲੋਕ ਆਉਣ ਲੱਗੇ। ਪੰਜਾਬੀ ਸਭਿਆਚਾਰ ਦੀ ਚੜ੍ਹਾਈ ਹੋਈ।
  ਨੁਕਸਾਨ
  1 ਆਰਥਿਕ ਤੌਰ ਤੇ ਵੱਡਾ ਨੁਕਸਾਨ ਹੋਇਆ। ਨਵੀਂ ਸਨਅਤ ਦਿੱਲੀ ਦੁਆਲੇ, ਪਾਣੀਪਤ, ਗੁੜਗਾਉਂ, ਫਰੀਦਾਬਾਦ(ਹਰਿਆਣਾ), ਨੋਇਡਾ (ਯੂ.ਪੀ),ਪਰਵਾਣੂ,ਬਦੀ, ਸੋਲਨ(ਹਿਮਾਚਲ) ਵਿਚ ਚਲੀ ਗਈ। ਸਨਅਤ ਤੋਂ ਇਲਾਵਾ ਟੂਰਿਜ਼ਮ ਦਾ ਨੁਕਸਾਨ ਹੋਇਆ। ਪੰਜਾਬ ਕੋਲ ਸਮੁੰਦਰ ਪਹਿਲਾਂ ਹੀ ਨਹੀਂ ਸੀ। ਪਹਾੜੀ ਇਲਾਕੇ ਖੁੱਸਣ ਨਾਲ ਪੈਸਾ ਆਉਣ ਦੀ ਬਜਾਏ ਜਾਣ ਲੱਗਾ।
  2 ਪੰਜਾਬੀ ਭਾਸ਼ਾ ਅਤੇ ਸਿੱਖਿਆ ਦਾ ਪਸਾਰ ਮੌਜੂਦਾ ਪੰਜਾਬ ਤਕ ਸੀਮਤ ਰਹਿ ਗਿਆ। ਹਰਿਆਣੇ ਨੇ ਨਵੇਂ ਬਣੇ ਸ਼ਰੀਕ ਵਾਂਗ ਵਿਵਹਾਰ ਕਰਦਿਅਂ ਪੰਜਾਬੀ ਦੀ ਥਾਂ ਤੇਲਗੂ ਦੂਸਰੀ ਭਾਸ਼ਾ ਵਜੋਂ ਪੜ੍ਹਾਉਣੀ ਸ਼ੁਰੂ ਕੀਤੀ। ਡੋਗਰੀ ਜਿਸ ਨੂੰ ਪੰਜਬੀ ਦੀਆਂ ਭਾਸ਼ਾ ਵਿਗਿਆਨ ਦੀਆਂ ਪੁਸਤਕ ਵਿਚ ਪੰਜਾਬੀ ਦੀ ਉਪਭਾਸ਼ਾ ਦਰਸਾਇਆ ਜਾਂਦਾ ਸੀ, ਉਹ ਲਿਪੀ ਕਾਰਨ ਪਹਿਲਾਂ ਹਿੰਦੀ ਅਤੇ ਫੇਰ ਮਾਨਾਂ ਸਨਮਾਨਾਂ ਦੀ ਸਿਆਸਤ ਅਧੀਨ ਸੁਤੰਤਰ ਭਾਸ਼ਾ ਬਣ ਗਈ।
  3 ਪੰਜਾਬ ਕੋਲ ਅਜੇ ਤਕ ਵੀ ਨਾ ਆਪਣੀ ਰਾਜਧਾਨੀ ਹੈ ਅਤੇ ਨਾ ਹੀ ਹਾਈਕੋਰਟ ਹੈ।
  4 ਸਭ ਤੋਂ ਅਹਿਮ ਪੰਜਾਬ ਸੰਕਟ ਵੀ ਇਸੇ ਵਿਚੋਂ ਹੀ ਪੈਦਾ ਹੋਇਆ।
  ਮੁਕਦੀ ਗੱਲ, ਮੌਜੂਦਾ ਪੰਜਾਬ ਇਕ ਹਕੀਕਤ ਹੈ। ਨੇੜ ਭਵਿੱਖ ਵਿਚ ਇਸਦੀਆਂ ਹੱਦਾਂ ਬਦਲਣ ਦੀ ਕੋਈ ਗੁੰਜਾਇਸ਼ ਨਹੀਂ ਜਾਪਦੀ। ਬੀਤੇ ਨੂੰ ਮਿਹਣੇ ਮਾਰੀ ਜਾਣੇ ਕਮਜ਼ੋਰੀ ਦੀ ਨਿਸ਼ਾਨੀ ਹੈ। ਅੱਜ ਜਿਹੋ ਜਿਹਾ ਵੀ ਪੰਜਾਬ ਹੈ ਆਓ ਉਸ ਨੂੰ ਪ੍ਰਫੁਲਤ ਕਰਨ ਦੀ ਕੋਸ਼ਿਸ਼ ਕਰੀਏ। ਜਿਹੜੇ ਲੋਕਾਂ ਨੰ ਪੰਜਾਬੀ ਸੂਬਾ ਬਣਨ ਨਾਲ ਫਾਇਦਾ ਹੋਇਆ ਹੈ ਉਹ ਜਸ਼ਨ ਮਨਾਉਣ ਅਤੇ ਜਿਨ੍ਹਾਂ ਨੂੰ ਨੁਕਸਾਨ ਹੋਇਆ ਹੈ, ਉਹ ਭਵਿੱਖ ਵਿਚ ਚੰਗਾ ਹੋਣ ਦੀ ਆਸ ਕਰਨ।ਦੇਸ਼ ਵੰਡ ਨਾਲ ਪੰਜਾਬੀਆਂ ਦੀ ਸਭਿਆਚਾਰਕ ਰਾਜਧਾਨੀ ਲਾਹੋਰ ਖੁਸ ਗਈ ਸੀ, ਇਸ ਨਾਲ ਨਵੇਂ ਸੰਚਾਰ ਮਾਧਿਅਮਾਂ ਰੇਡੀਓ-ਫਿਲਮਾਂ ਦਾ ਕੇਂਦਰ ਵੀ ਖੁਸ ਗਿਆ ਸੀ। ਪੰਜਾਬ ਦੀ ਨਵੇਂ ਉੱਭਰ ਰਹੀ ਮਨੋਰੰਜਨੀ ਸਨਅਤ ਖਤਰੇ ਵਿਚ ਆ ਗਈ ਸੀ। ਪਹਿਲਾ ਪੰਜਾਬ ਦੇ ਲੇਖਕ ਆਪਣੇ ਪ੍ਰਗਟਾਵੇ ਲਈ ਉਰਦੂ ਜਾਂ ਹਿੰਦੀ ਵਧੇਰੇ ਠੀਕ ਸ਼ਬਦਾਂ ਵਿਚ ਹਿੰਦੁਸਤਾਨੀ ਜੁਬਾਨ ਵੱਲ ਆਪਣੇ ਸੁਭਾਅ ਅਨੁਸਾਰ ਜਾਂਦੇ ਸਨ। ਇਹ ਸੂਚੀ ਸਆਦਤ ਹਸਨ ਮੰਟੋ, ਕ੍ਰਿਸ਼ਨ ਚੰਦ, ਰਾਜਿੰਦਰ ਸਿੰਘ ਬੇਦੀ ਤੱਕ ਜਾਂਦੀ ਸੀ। ਪਰ ਦੇਸ਼ ਵੰਡ ਬਾਅਦ ਇਕ ਪਾਸੇ ਤਾਂ ਉਰਦੂ ਦਾ ਵਿਸ਼ੇਸ਼ ਫਿਰਕੇ ਨਾਲ ਜੁੜ ਜਾਣਾ ਅਤੇ ਪਾਕਿਸਤਾਨੀ ਪੰਜਾਬ ਸੀਮਤ ਹੋ ਜਾਣਾ ਅਤੇ ਦੂਜੇ ਪਾਸੇ ਸੰਸਕ੍ਰਿਤਨੁਮਾ ਪੁਸਤਕੀ ਹਿੰਦੀ ਦਾ ਪ੍ਰਭਾਵੀ ਹੋਣ ਨਾਲ ਪੰਜਾਬ ਦੇ ਪੰਜਾਬੀਆਂ ਨੂੰ ਭਾਸ਼ਾਈ ਪੱਖੋਂ ਹੀ ਨਹੀਂ ਸਭਿਆਚਾਰਕ ਪੱਖੋਂ ਵੀ ਯਤਾਮਤ ਦਾ ਅਹਿਸਾਸ ਕਰਾ ਦਿਤਾ ਸੀ। ਇਸ ਸਥਿਤੀ ਵਿਚ ਪੰਜਾਬ ਦੇ ਪੰਜਾਬੀ ਬੋਲਦੇ ਲੋਕ ਆਪਣੀਆਂ ਸਭਿਆਚਾਰਕ ਕਲਾਵਾਂ ਲਈ ਯੋਗ ਭਾਸ਼ਾਈ ਮਾਧਿਅਮ ਦੀ ਤਲਾਸ਼ ਵਿਚ ਸਨ।
  ਪੁਰਾਣੇ ਸਾਂਝੇ ਪੰਜਾਬ ਵਿਚ ਸਿੱਖਿਆ ਦਾ ਮਾਧਿਅਮ ਪੁਰਾਣੀਆਂ ਪਰੰਪਰਿਕ ਧਾਰਮਿਕ ਸੰਸਥਾਵਾਂ ਡੇਰਿਆਂ, ਧਰਮਸ਼ਲਾਵਾਂ, ਗੁਰਦੁਆਰਿਆਂ, ਠਾਕੁਰਦੁਆਰਿਆਂ, ਮਸਜਿਦ, ਮਦਰੱਸਿਆਂ ਵਿਚ ਤਾਂ ਧਾਰਮਿਕ ਗ੍ਰੰਥਾਂ ਦੇ ਭਾਸ਼ਾ ਅਨੁਸਾਰ ਹੀ ਸੀ ਪਰ ਆਮ ਕਰਕੇ ਕਿਸੇ ਪਿੰਡ ਜਾਂ ਇਲਾਕੇ ਵਿਚ ਬਹੁਗਿਣਤੀ ਦੀ ਲਿਪੀ ਹੀ ਕੰਮ ਚਲਾਉਣ ਲਈ ਸਿੱਖ ਲਈ ਜਾਂਦੀ ਸੀ। ਇਸ ਪੱਖੋਂ ਇਹ ਧਾਰਮਿਕ ਸਿੱਖਿਆ ਕੇਂਦਰ ਉਦਾਰ ਸਨ। ਅੰਗਰੇਜਾਂ ਦੇ ਆਉਣ ਨਾਲ ਹੀ ਸਿੱਖਿਆ ਦਾ ਪ੍ਰਬੰਧ ਬਦਲਿਆ । ਸਰਕਾਰੀ ਨੌਕਰੀ ਲਈ ਸਰਕਾਰੀ ਸਰਟੀਫਿਕੇਟ ਦੀ ਜਰੂਰਤ ਪੈਂਦੀ ਸੀ, ਇਸ ਸਰਟੀਫਿਕੇਟ ਲਈ ਸਰਕਾਰੀ ਸਿੱਖਿਆ ਮਹਿਕਮਾ ਸੀ ਜੋ ਸਰਕਾਰੀ ਸਕੂਲਾਂ ਅਤੇ ਪ੍ਰਾਈਵੇਟ ਸੰਸਥਾਵਾਂ ਦੇ ਸਕੂਲਾਂ ਦੀ ਪ੍ਰੀਖਿਆ ਲੈਂਦਾ ਸੀ। ਇਸ ਪ੍ਰੀਖਿਆ ਲਈ ਮਾਧਿਅਮ ਅੰਗਰੇਜੀ ਰੋਮਨ ਲਿਪੀ ਵਿਚ ਅਤੇ ਉਰਦੂ ਫਾਰਸੀ ਲਿਪੀ ਵਿਚ ਹੀ ਸੀ। ਪੰਜਾਬੀ ਅਤੇ ਹਿੰਦੀ ਵਿਸ਼ੇ ਵਜੋਂ ਤਾਂ ਪੜ੍ਹਾਈਆਂ ਜਾਂਦੀਆਂ ਸਨ, ਪਰ ਸਿੱਖਿਆ ਦਾ ਮਾਧਿਅਮ ਨਹੀਂ ਸੀ। ਦੇਸ਼ ਵੰਡ ਤੋਂ ਬਾਅਦ ਇਕ ਖਲਾਅ ਪੈਦਾ ਹੋ ਗਿਆ ਕਿ ਭਾਰਤੀ ਪੰਜਾਬ ਵਿਚ ਸਿੱਖਿਆ ਦਾ ਮਾਧਿਅਮ ਅਤੇ ਲਿਪੀ ਕੀ ਹੋਵੇ। ਪੰਜਾਬੀ ਲੋਕ ਆਪਣੀ ਸਿੱਖਿਆ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਵਿਚ ਲੈਣਾ ਚਾਹੁੰਦੇ ਸਨ। ਇਸ ਲਈ ਸਿੱਖ ਕੁਝ ਵਧੇਰੇ ਚਾਹਤ ਰਖਦੇ ਸਨ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਪੰਜਾਬੀ,ਲਿਪੀ ਗੁਰਮੁਖੀ ਸੀ। ਜਦੋਂ ਰਿਜਨਲ ਫਾਰਮੂਲੇ ਰਾਹੀਂ ਮੰਨ ਲਿਆ ਗਿਆ ਕਿ ਪੰਜਾਬ ਦੇ ਬਹੁਗਿਣਤੀ ਪੰਜਾਬੀ ਭਾਸ਼ੀ ਇਲਾਕੇ ਵਿਚ ਸਿੱਖਿਆ ਦਾ ਮਾਧਿਅਮ ਪੰਜਾਬੀ ਹੋਵੇਗਾ ਇਸ ਨਾਲ ਪਾਠ ਪੁਸਤਕਾਂ ਪ੍ਰਕਾਸ਼ਤ ਹੋਣ ਲੱਗੀਆ । ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ 1961 ਵਿਚ ਵਿਧਾਨ ਸਭਾ ਦੇ ਐਕਟ ਰਾਹ਼ ਹੋਈ ਜਿਸਦਾ ਮੁੱਖ ਉਦੇਸ਼ ਹੀ ਪੰਜਾਬੀ ਭਾਸ਼ਾ ,ਸਾਹਿਤ ਅਤੇ ਸਭਿਆਚਾਰ ਦਾ ਵਿਕਾਸ ਹੈ । ਇਸ ਨਾਲ ਪੰਜਾਬੀ ਸਭਿਆਚਾਰ ਨੂੰ ਵੱਡਾ ਹੁਲਾਰਾ ਮਿਲਿਆ ਹੈ। ਪਹਿਲਾ ਪਟਿਆਲਾ ਰਿਆਸਤ ਦਾ 1 ਜਨਵਰੀ,1948 ਨੂੰ ਪੰਜਾਬੀ ਸ਼ੈਕਸਨ ਬਣਿਆ , ਪੈਪਸੂ ਬਣਨ ਨਾਲ ਮਹਿਕਮਾ ਪੰਜਾਬੀ ਕੰਮ ਕਰਨ ਲੱਗਿਆ।ਰਾਜ ਦੇ ਪੁਨਰ ਗਠਨ ਬਾਅਦ ਮੌਜੂਦਾ ਭਾਸ਼ਾ ਵਿਭਾਗ ਹੋਂਦ ਵਿਚ ਆਇਆ ਜੋ ਪੰਜਾਬੀ ਦੇ ਨਾਲੋ ਨਾਲ ਹਿੰਦੀ ਅਤੇ ਉਰਦੂ ਦੀ ਪ੍ਰਫ਼ੁਲਤਾ ਲਈ ਵੀ ਕੰਮ ਕਰਦਾ ਹੈ। ਭਾਸ਼ਾ ਵਿਭਾਗ ਨੇ ਮਹੱਤਵਪੂਰਨ ਪੁਸਤਕਾਂ ਪ੍ਰਕਾਸ਼ਤ ਕਰਨ ,ਲੇਖਕਾਂ ਨੂੰ ਸਨਮਾਨਤ ਕਰਨ ਅਤੇ ਪੰਜਾਬੀ ਦੀ ਦਫ਼ਤਰੀ ਵਰਤੋਂ ਵਿਚ ਸਹਾਇਤਾ ਵਰਗੇ ਕਈ ਇਤਹਾਸਕ ਕੰਮ ਕੀਤੇ ਹਨ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ 1969 ਵਿਚ ਹੋਈ ,ਇਸ ਨਾਲ ਵੀ ਪੰਜਾਬੀ ਨੂੰ ਉਤਸ਼ਾਹ ਮਿਲਿਆ। ਪੰਜਾਬ ਰਾਜ ਭਾਸ਼ਾ ਐਕਟ ਬਣਨ ਅਤੇ ਸੋਧੇ ਜਾਣ ਨਾਲ ਸਰਕਾਰ ਦੇ ਮਹਿਕਮਿਆਂ ਦੀ ਪੰਜਾਬੀ ਭਾਸ਼ਾ ਪ੍ਰਤੀ ਜੁੰਮੇਵਾਰੀ ਵਿਧਾਨਕ ਹੋ ਗਈ ਹੈ। ਪੰਜਾਬੀ ਸਾਹਿਤ ਅਕਾਦਮੀ,ਪੰਜਾਬੀ ਲੇਖਕ ਸਭਾਵਾਂ ਅਤੇ ਹੋਰ ਗੈਰ ਸਰਕਾਰੀ ਜਥੇਬੰਦੀਆਂ ਅਤੇ ਅਦਾਰੇ ਪੰਜਾਬ ਦੇ ਪੁਨਰ ਗਠਨ ਬਾਅਦ ਉਤਸ਼ਾਹ ਵਿਚ ਆਏ ਹਨ।
  ਪੰਜਾਬੀ ਮਾਧਿਅਮ ਦੀ ਪੜ੍ਹਾਈ ਨੇ ਬਹੁਤ ਦੂਰਗਾਮੀ ਪ੍ਰਭਾਵ ਪਾਇਆ। ਇਸ ਨਾਲ ਪੰਜਾਬ ਦੀ ਸਾਖਰਤਾ ਦਰ ਵਧੀ,ਆਧੁਨਿਕਤਾ ਦਾ ਆਮ ਗਿਆਨ ਲੋਕਾਂ ਵਿਚ ਫੈਲਿਆ। ਸਾਹਿਤਕ ਪੁਸਤਕਾਂ ਅਤੇ ਰਿਸਾਲਿਆਂ ਦੀ ਗਿਣਤੀ ਵਧੀ। ਪੰਜਾਬੀ ਸਿੱਖਿਆ ਪ੍ਰਾਪਤ ਲੋਕ ਨੌਕਰੀ ਵਿਚ ਅੱਗੇ ਆਉਣ ਲੱਗੇ। ਪੜ੍ਹੇ ਲਿਖੇ ਅੰਗਰੇਜੀ ਜਾਣਦੇ ਅਫ਼ਸਰ ਸਾਹਿਬਾ ਦੀ ਥਾਂ ਤੇ ਪੰਜਾਬੀ ਜਾਣਦੇ ਲੋਕ ਸੇਵਾ ਵਿਚ ਆਏ। ਪੇਂਡੂ ਸਕੂਲਾਂ ਦੇ ਪੰਜਾਬੀ ਪੜ੍ਹਿਆਂ ਨੇ ਪੰਜਾਬੀ ਸਭਿਆਚਾਰ ਨੂੰ ਕਾਫ਼ੀ ਹੱਦ ਤਕ ਬਦਲ ਦਿਤਾ। ਇਕ ਵਾਰ ਆਜਾਦੀ ਨਾਲ ਜਿਹੜੀ ਅਕਾਂਖਿਆ ਪੈਦਾ ਹੋਈ ਸੀ ਕਿ ਪੰਜਾਬ ਦੀ ਸਿੱਖਿਆ ਨੂੰ ਲਾਰਡ ਮੈਕਾਲੇ ਵਾਲੀ ਲੀਂਹ ਤੋਂ ਲਾਹ ਕੇ ਮੁੜ ਸਥਾਨਕ ਭਾਸ਼ਾ ਵਿਚ ਸਿੱਖਿਆ ਦੀ ਪੜ੍ਹਾਈ ਦੀ ਲੀਹ ਤੇ ਪਾਉਣ ਦਾ ਯਤਨ ਕੀਤਾ ਜਾਵੇ,ਇਸ ਪਾਸੇ ਕੁਝ ਪ੍ਰਗਤੀ ਹੋਈ ਹੈ।ਨੌਕਰੀ ਵਿਚ ਦਸਵੀਂ ਪੱਧਰ ਦੀ ਪੰਜਾਬੀ ਭਾਸ਼ਾ ਦੀ ਸ਼ਰਤ ਅਤੇ ਕਲਰਕਾਂ/ਸਟੈਨੋਆਂ ਲਈ ਪੰਜਾਬੀ ਭਾਸ਼ਾ ਦੀ ਮੰਗ ਨਾਲ ਨਿਰੋਲ ਪੰਜਾਬੀ ਭਾਸ਼ਾ ਬੋਲਣ, ਪੜ੍ਹਨ, ਲਿਖਣ ਵਾਲਿਆਂ ਅੰਦਰ ਹੀਣ ਭਾਵਨਾ ਦੂਰ ਹੋਈ ਅਤੇ ਉਨਾਂ ਅੰਦਰ ਆਪਣੀ ਭਾਸ਼ਾ ਪ੍ਰਤੀ ਪਿਆਰ ਅਤੇ ਪੰਜਾਬੀ ਹੋਣ ਦਾ ਗੌਰਵ ਜਾਗਿਆ। ਉਚੇਰੀ ਸਿੱਖਿਆ ਦਾ ਮਾਧਿਅਮ ਪੰਜਾਬੀ ਬਣਨ ਨਾਲ ਪੰਜਾਬ ਦੇ ਵੱਡੇ ਹਿੱਸੇ ਵਿਚ ਸਿੱਖਿਆ ਦਾ ਪਾਸਾਰ ਹੋਇਆ।
  ਪੰਜਾਬੀ ਸੂਬੇ ਦੇ ਅੰਦੋਲਨ ਸਮੇਂ ਪੰਜਾਬ ਦੀ ਪ੍ਰੈਸ ਨਿਰਪੱਖ ਨਹੀਂ ਸੀ ਸਗੋਂ ਪੰਜਾਬੀ ਸੂਬੇ ਦੀ ਮੰਗ ਪੰਜਾਬੀ ਨਾਲ ਜੁੜੀ ਹੋਣ ਕਰਕੇ ਪ੍ਰੈਸ ਫਿਰਕੂ ਆਧਾਰ ਉਪਰ ਵੰਡੀ ਗਈ ਸੀ। ਪਰੰਤੂ ਪੰਜਾਬੀ ਸੂਬੇ ਦੀ ਕਾਇਮੀ ਤੋਂ ਬਾਅਦ ਹੋਲੀ ਹੋਲੀ ਪੰਜਾਬ ਦੀ ਪੈ੍ਸ ਦਾ ਰੂਪ ਬਦਲ ਗਿਆ ਹੈ। ਟ੍ਰਿਬਿਊਨ ਜਿਸ ਨੂੰ ਸਰਦਾਰ ਦਿਆਲ ਸਿੰਘ ਮਜੀਠੀਏ ਨੇ ਸ਼ੁਰੂ ਕੀਤਾ ਸੀ, ਆਪਣੀ ਕੌਮਪ੍ਰਸਤ ਪਰ ਜਿਸ ਦੀ ਆਮ ਸੇਧ ਨਿਰਪੱਖ ਰਹਿਣ ਦੀ ਹੁੰਦੀ ਸੀ,ਵਲੋਂ ਪੰਜਾਬੀ ਵਿਚ ਪੰਜਾਬੀ ਟ੍ਰਿਬਿਊਨ ਅਤੇ ਹਿੰਦੀ ਵਿਚ ਦੈਨਿਕ ਟ੍ਰਿਬਿਊਨ ਸ਼ੁਰੂ ਕਰਨਾ ਹੈ। ਮੌਜੂਦਾ ਪੰਜਾਬ ਵਿਚ ਪੰਜਾਬੀ ਟ੍ਰਿਬਿਊਨ ਨੇ ਛੇਤੀ ਹੀ ਪੰਜਾਬੀ ਅਖਬਾਰਾਂ ਵਿਚ ਆਪਣਾ ਮਹੱਤਵਪੂਰਨ ਸਥਾਨ ਬਣਾ ਲਿਆ ਹੈ। ਇਸ ਅਖਬਾਰ ਨੇ ਪੰਜਾਬੀ ਪੱਤਰਕਾਰੀ ਵਿਚ ਕਈ ਨਵੀਆਂ ਲੀਹਾਂ ਪਾਈਆਂ ਹਨ, ਇਸ ਅਖਬਾਰ ਰਾਹੀਂ ਆਧੁਨਿਕ ਵਿਗਿਆਨਕ ਧਰਮ ਨਿਰਪੱਖ ਵਿਚਾਰਾਂ ਦਾ ਪਿੰਡਾਂ ਤਕ ਪ੍ਰਚਾਰ ਪ੍ਰਸਾਰ ਹੋਇਆ ਹੈ। ਸਭ ਤੋਂ ਵੱਧ ਹੈਰਾਨੀ ਵਾਲੀ ਘਟਨਾ ਕਿਸੇ ਸਮੇਂ ਹਿੰਦੀ ਭਾਸ਼ਾ ਦੇ ਸਮਰਥਕ ਰਹੇ ਪੰਜਾਬ ਕੇਸਰੀ ਸਮੂਹ ਵਲੋਂ ਪੰਜਾਬੀ ਵਿਚ ਜੱਗਬਾਣੀ ਅਖਬਾਰ ਕੱਢਣਾ ਹੈ। ਪਹਿਲਾ ਪਹਿਲ ਇਹ ਜਾਪਦਾ ਸੀ ਇਹ ਅਖ਼ਬਾਰ ਪੰਜਾਬ ਦੇ ਸ਼ਹਿਰੀ ਹਿੰਦੂ ਦੁਕਾਨਦਾਰਾਂ ਤਕ ਸੀਮਤ ਰਹੇਗਾ ਪਰ ਇਸ ਅਖਬ਼ਾਰ ਨੇ ਪੇਂਡੂ ਪੰਜਾਬ ਵਿਚ ਵੀ ਇਕ ਪਾਠਕ ਵਰਗ ਬਣਾਇਆ ਹੈ। ਇਸ ਦੇ ਪਾਠਕ ਕੇਵਲ ਇਕ ਧਾਰਮਿਕ ਵਰਗ ਤਕ ਸੀਮਤ ਨਹੀਂ ਹਨ ਸਗੋਂ ਇਹ ਸਾਰੇ ਵਰਗਾਂ ਤਕ ਫੈਲੇ ਹੋਏ ਹਨ। ਨਵਾਂ ਜਮਾਨਾ ਅਤੇ ਲੋਕ ਲਹਿਰ ਦੇ ਨਾਲੋ ਨਾਲ ਦੇਸ਼ ਸੇਵਕ ਅਖਬਾਰ ਦਾ ਚਾਲੂ ਹੋਣਾ ਵੀ ਪੱਤਰਕਾਰੀ ਵਿਚ ਮਹੱਤਵਪੂਰਨ ਘਟਨਾ ਹੈ। ਦੇਸ਼ ਦੇ ਹਿੰਦੀ ਭਾਸ਼ੀ ਇਲਾਕਿਆਂ ਵਿਚ ਸਥਾਪਤ ਵੱਡੇ ਹਿੰਦੀ ਪੱਤਰ ਜਾਗਰਣ ਦੇ ਮਾਲਕਾਂ ਵੱਲੋਂ ਪੰਜਾਬੀ ਵਿਚ ਦੈਨਿਕ ਜਾਗਰਣ ਕੱਢਣਾ ਅਸਲੋਂ ਨਿਵੇਕਲੀ ਘਟਨਾ ਹੈ।
  ਪੰਜਾਬੀ ਦੀਆਂ ਅਖ਼ਬਾਰਾਂ, ਰਿਸਾਲਿਆਂ ਦੇ ਨਾਲੋ ਨਾਲ ਪਾਠ ਪੁਸਤਕਾਂ ਵਿਚ ਆਕਾਰ ਅਤੇ ਮਿਆਰ ਪੱਖੋਂ ਬਹੁਤ ਵਾਧਾ ਹੋਇਆ ਹੈ। ਇਸ ਸਮੇਂ ਦੌਰਾਨ ਸਾਹਿਤਕ ਪੱਖੋਂ ਬਹੁਤ ਹੁਲਾਰਾ ਮਿਲਿਆ ਹੈ। ਵੰਡ ਤੋਂ ਪਹਿਲਾਂ ਪੰਜਾਬ ਦਾ ਇਲਾਕਾ ਬਹੁਤ ਵਿਸ਼ਾਲ ਸੀ ਪਰ ਵੰਡ ਤੋਂ ਬਾਅਦ ਪੂਰਬੀ ਭਾਰਤੀ ਪੰਜਾਬ ਨੇ ਸਾਹਿਤ ਵਿਚ ਆਪਣੇ ਸ਼ਰੀਕ ਪੱਛਮੀ ਪਾਕਿਸਤਾਨੀ ਪੰਜਾਬ ਨੂੰ ਆਕਾਰ ਅਤੇ ਮਿਆਰ ਪੱਖੋਂ ਕਿਤੇ ਪਿੱਛੇ ਛੱਡ ਦਿਤਾ ਹੈ। ਪਾਕਿਸਤਾਨੀ ਪੰਜਾਬ ਦੀ ਬਹੁਗਿਣਤੀ ਦੀ ਮਾਤ ਭਾਸ਼ਾ ਭਾਵੇਂ ਪੰਜਾਬੀ ਹੈ ਪਰ ਉਥੋਂ ਦੀ ਸਿੱਖਿਆ ਅਤੇ ਸਰਕਾਰੀ ਦਫ਼ਤਰਾਂ ਦੀ ਭਾਸ਼ਾ ਉਰਦੂ ਹੋਣ ਕਰਕੇ, ਸਾਹਿਤਕ ਪੱਖੋਂ ਪੰਜਾਬੀ ਪੁਸਤਕਾਂ ਦੀ ਗਿਣਤੀ ਘੱਟ ਹੈ। ਇਸ ਦੇ ਉਲਟ ਪਾਕਿਸਤਾਨੀ ਪੰਜਾਬੀਆਂ ਤੋਂ ਭਾਰਤੀ ਪੰਜਾਬੀਆਂ ਦੀ ਗਿਣਤੀ ਭਾਵੇਂ ਘੱਟ ਹੈ ਪਰ ਪੰਜਾਬੀ ਸੂਬਾ ਬਣਨ ਕਰਕੇ ਸਾਹਿਤਕ ਪੱਖੋਂ ਬਹੁਤ ਵਿਕਾਸ ਕੀਤਾ ਹੈ।
  ਪੰਜਾਬੀ ਸੂਬਾ ਬਣਨ ਬਾਅਦ ਸਰਕਾਰੀ ਰੇਡੀਓ, ਅਕਾਸ਼ਵਾਣੀ ਉਪਰ ਪੰਜਾਬੀ ਵਿਚ ਖਬਰਾਂ ਅਤੇ ਹੋਰ ਪ੍ਰੋਗਰਾਮਾਂ ਨੂੰ ਵਧੇਰੇ ਸਮਾਂ ਮਿਲਣ ਲੱਗਿਆ ਸੀ, ਪੰਜਾਬ ਅੰਦਰ ਨਵੇਂ ਬਣੇ ਐਫ਼ ਐਮ ਰੇਡੀਓ ਨੇ ਤਾਂ ਪੰਜਾਬੀ ਦੀਆਂ ਉਪਭਾਸ਼ਾਵਾਂ ਅਤੇ ਸਥਾਨਕ ਕਲਾਕਾਰਾਂ ਨੂੰ ਹੋਰ ਵੀ ਜਿਆਦਾ ਮਾਨਤਾ ਦਿਤੀ ਹੈ। ਦੇਹਾਤੀ ਪ੍ਰੋਗਰਾਮਾਂ ਅਤੇ ਚਾਨਣ ਰਿਸ਼ਮਾਂ ਵਰਗੇ ਪ੍ਰੋਗਰਾਮਾਂ ਨੇ ਪੰਜਾਬੀ ਸਭਿਆਚਾਰ ਨੂੰ ਨਵੀਂ ਵਿਗਿਆਨਕ ਲੀਹਾਂ ਉਪਰ ਵਿਕਸਤ ਕਰਨ ਵਿਚ ਭਰਪੂਰ ਯੋਗਦਾਨ ਪਾਇਆ ਹੈ। ਟੈਲੀਵੀਜ਼ਨ ਦੀ ਆਮਦ ਭਾਵੇਂ ਪੰਜਾਬੀ ਸੂਬੇ ਦੀ ਸਥਾਪਨਾ ਤੋਂ ਲਗਭਗ ਦਹਾਕੇ ਬਾਅਦ ਹੁੰਦੀ ਹੈ, ਪਰ ਇਸ ਦਾ ਇਕ ਮੰਤਵ ਪਾਕਿਸਤਾਨੀ ਟੈਲੀਵੀਜ਼ਨ ਦਾ ਮੁਕਾਬਲਾ ਕਰਨਾ ਵੀ ਸੀ। ਇਸ ਦੇ ਪੰਜਾਬੀ ਪ੍ਰੋਗਰਾਮ ਖਾਸ ਕਰਕੇ ਗੀਤ-ਸੰਗੀਤ ਆਧਾਰਿਤ ਪ੍ਰੋਗਰਾਮਾਂ ਨੇ ਪੰਜਾਬੀ ਸਭਿਆਚਾਰ ਨੂੰ ਨਵੀਂ ਦਿਸ਼ਾ ਦਿਤੀ ਸੀ। ਪ੍ਰਾਈਵੇਟ ਚੈਨਲ ਆਉਣ ਨਾਲ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦਾ ਹੋਰ ਵੀ ਵਿਕਾਸ ਹੋਇਆ ਹੈ, ਭਾਵੇਂ ਇਹ ਟੈਲੀਵੀਜ਼ਨ ਵਪਾਰਿਕ ਹਨ ਅਤੇ ਇਨਾਂ ਦਾ ਮੁਖ ਮੰਤਵ ਵਪਾਰਿਕ ਹੈ ਪਰ ਇਸ ਦੇ ਬਾਵਜੂਦ ਇਹ ਪੰਜਾਬੀ ਦਰਸ਼ਕਾਂ ਨੂੰ ਵਿਸ਼ੇਸ਼ ਧਿਆਨ ਵਿਚ ਰਖਦੇ ਹਨ।
  ਦੇਸ਼ ਵੰਡ ਤੋਂ ਸਮੇਂ ਪੰਜਾਬ ਤੋਂ ਲਾਹੋਰ ਹੀ ਨਹੀਂ ਖੁੱਸਿਆ, ਸ਼੍ਰੀ ਨਨਕਾਣਾ ਸਾਹਿਬ, ਸ਼੍ਰੀ ਪੰਜਾ ਸਾਹਿਬ ਅਤੇ ਸ਼੍ਰੀ ਕਰਤਾਰਪੁਰ ਵਰਗੇ ਧਾਰਮਿਕ ਸਥਾਨ ਵੀ ਖੁੱਸ ਗਏ। ਪੰਜਾਬ ਦੇ ਸਥਾਨਕ ਮੇਲੇ ਤਾਂ ਪਹਿਲਾਂ ਵੀ ਲਗਦੇ ਸਨ ਪਰ ਨਵੇਂ ਪੰਜਾਬ ਬਣਨ ਤੋਂ ਬਾਅਦ ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਦਮਦਮਾ ਸਾਹਿਬ, ਸ਼੍ਰੀ ਫਤਿਹਗੜ੍ਹ ਸਾਹਿਬ, ਸ਼੍ਰੀ ਆਨੰਦਪੁਰ ਸਾਹਿਬ ਸਥਾਨ ਦੀ ਇਤਿਹਾਸਕ ਅਹਿਮੀਅਤ ਪੁਨਰ ਸਥਾਪਤ ਹੁੰਦੀ ਹੈ। ਇਨਾਂ ਮੇਲਿਆਂ ਵਿਚ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੇ ਝਲਕਾਰੇ ਮਿਲਦੇ ਹਨ। ਇਸੇ ਸਮੇਂ ਕੁਝ ਨਵੇਂ ਮੇਲੇ ਸ਼ੁਰੂ ਹੁੰਦੇ ਹਨ। ਫਰੀਦਕੋਟ ਵਿਚ ਬਾਬਾ ਫਰੀਦ ਆਗਮਨ ਦਿਵਸ, ਲੁਧਿਆਣੇ ਦਾ ਪੰਜਾਬੀ ਕਵੀ ਪ੍ਰੋ ਮੋਹਨ ਸਿੰਘ ਦੀ ਯਾਦ ਵਿਚ ਮੇਲਾ, ਜਗਦੇਓ ਕਲਾ ਦਾ ਹਾਸ਼ਮ ਸ਼ਾਹ ਮੇਲਾ, ਖੇਤੀਬਾੜੀ ਯੂਨੀਵਰਸਿਟੀ ਦਾ ਖੇਤੀ ਮੇਲਾ, ਕਿਲਾ ਰਾਏਪੁਰ ਦੀਆਂ ਪੇਂਡੂ ਖੇਡਾਂ ਦਾ ਮੇਲਾ, ਇਹ ਮੇਲੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੀ ਬਦਲ ਰਹੀ ਤਸਵੀਰ ਨੂੰ ਪੇਸ਼ ਕਰਦੇ ਹਨ। ਇਹ ਪੰਜਾਬੀ ਭਾਸ਼ਾ ਦੀ ਚੜ੍ਹਤ ਨੂੰ ਦਰਸਾਉਂਦੇ ਹਨ ਉਪਰ ਵਰਣਨ ਕੀਤੇ ਤਿੰਨ ਮੇਲੇ ਤਾਂ ਸਿੱਧੇ ਹੀ ਪੰਜਾਬੀ ਕਵੀਆਂ ਨੂੰ ਸਮਰਪਤ ਹਨ। ਖੇਤੀਬਾੜੀ ਮੇਲਾ ਨਵੇਂ ਖੇਤੀ ਗਿਆਨ ਨੂੰ ਖੇਤੀ ਕਰਨ ਵਾਲੇ ਕਿਸਾਨਾਂ ਦੀ ਭਾਸ਼ਾ ਪੰਜਾਬੀ ਵਿਚ ਪੇਸ਼ ਕਰਨ ਦਾ ਮੇਲਾ ਹੈ। ਪੇਂਡੂ ਖੇਡ ਮੇਲੇ ਵਿਚ ਸਥਾਨਕ ਦੇਸੀ ਖੇਡਾਂ ਦੀ ਚੜ੍ਹਤ ਅਤੇ ਪੰਜਾਬੀ ਵਿਚ ਹੁੰਦੀ ਕਮੈਂਟਰੀ ਦਰਸਾਉਂਦੀ ਹੈ ਕਿ ਸਚਮੁੱਚ ਪੰਜਾਬੀ ਸੂਬਾ ਬਣਨ ਨਾਲ ਨਵੇਂ ਯੁੱਗ ਦਾ ਆਰੰਭ ਹੋਇਆ ਹੈ।
  ਪੰਜਾਬ ਦੇ ਲੋਕ ਨਾਚ, ਗਿੱਧਾ, ਭੰਗੜਾ, ਮਰਦਾਂ ਦਾ ਗਿੱਧਾ, ਸੰਮੀ, ਝੁੰਮਰ, ਲੁੱਡੀ, ਧਮਾਲ ਪੁਨਰ-ਪ੍ਰਚਲਤ ਹੋਏ ਅਤੇ ਇਨਾਂ ਨੂੰ ਪਿੰਡਾਂ ਦੇ ਮੇਲਿਆਂ ਤਿਉਹਾਰਾਂ ਅਤੇ ਪਰਿਵਾਰਕ ਪ੍ਰੋਗਰਾਮਾਂ ਤੋਂ ਬਾਹਰ ਵੱਡੀਆਂ ਸਰਕਾਰੀ/ਗੈਰ-ਸਰਕਾਰੀ ਸਮਾਰੋਹਾਂ ਤੇ ਮੌਕੇ ਅਤੇ ਥਾਂ ਮਿਲਣ ਲੱਗੀ। ਨਵੇਂ ਪੈਦਾ ਹੋ ਰਹੇ ਮੌਕੇ ਜਿਵੇਂ ਕੌਮੀ ਦਿਵਸਾਂ ਦੇ ਨਾਲੋ ਨਾਲ ਸਕੂਲਾਂ/ਕਾਲਜਾਂ/ਯੂਨੀਵਰਸਿਟੀਆਂ ਦੀਆਂ ਸਟੇਜਾਂ ਤੇ ਇਹ ਲੋਕ ਨਾਚ, ਲੋਕ ਗੀਤ, ਲੋਕ ਸੰਗੀਤ ਸ਼ਾਨ ਬਣਨ ਲੱਗਾ। ਪੰਜਾਬੀ ਸਭਿਆਚਾਰ ਨੂੰ ਦੇਸ਼ ਦੀ ਆਜਾਦੀ ਸਮੇਂ ਪੰਜਾਬ ਦੀ ਵੰਡ ਨਾਲ ਵੱਡਾ ਧੱਕਾ ਲੱਗਾ ਸੀ ਪਰ ਪੰਜਾਬੀ ਸੂਬਾ ਬਣਨ ਨਾਲ ਪੰਜਾਬੀ ਸਭਿਆਚਾਰ ਮੁੜ ਜੀਵਤ ਹੋਣ ਲੱਗਿਆ। ਪੰਜਾਬੀ ਸੂਬਾ ਬਣਨ ਬਾਅਦ ਪੰਜਾਬ ਦੀਆਂ ਸਾਰੀਆਂ ਹੀ ਸ਼ਾਬਦਿਕ ਅਤੇ ਗੈਰ-ਸ਼ਾਬਦਿਕ, ਹੁਨਰੀ ਪ੍ਰਦਰਸ਼ਨੀ ਕਲਾਵਾਂ ਨੇ ਬਹੁਤ ਵਿਕਾਸ ਕੀਤਾ ਹੈ। ਇਸ ਦਾ ਕਾਰਨ ਇਨਾਂ ਕਲਾਵਾਂ ਲਈ ਸਰਕਾਰੀ ਸਰਪ੍ਰਸਤੀ ਮਿਲਣੀ ਵੀ ਹੈ ਅਤੇ ਕਲਾਵਾਂ ਦੇ ਵੱਧਣ ਫੁਲਣ ਲਈ ਯੋਗ ਮਾਹੋਲ ਮਿਲਣਾ ਵੀ ਹੈ। ਸਕੂਲਾਂ, ਕਾਲਜਾਂ ਯੂਨੀਵਰਸਿਟੀ ਤੋਂ ਇਲਾਵਾ ਰਾਜ ਵਲੋਂ ਆਯੋਜਿਤ ਵੱਖ-ਵੱਖ ਮੁਕਾਬਲਿਆਂ ਨੇ ਨਾ ਕੇਵਲ ਕਲਾ ਰੂਪਾਂ ਨੂੰ ਜਿਊਂਦਿਆਂ ਹੀ ਰੱਖਿਆ ਹੈ ਸਗੋਂ ਉਨਾਂ ਦਾ ਵਿਕਾਸ ਵੀ ਕੀਤਾ ਹੈ।
  ਰਾਜਸੀ ਸਭਿਆਚਾਰ ਦੇ ਪੱਖੋਂ ਇਹ ਗੱਲ ਕਹੀ ਜਾ ਸਕਦੀ ਹੈ, ਦੇਸ਼ ਦੇ ਆਜਾਦੀ ਤੋਂ ਪਹਿਲਾਂ ਅਕਾਲੀ ਦਲ, ਕਾਂਗਰਸ ਪਾਰਟੀ ਦੀ ਸਾਮਰਾਜ ਵਿਰੋਧੀ ਲਹਿਰ ਵਜੋਂ ਸਮਰਥਨ ਕਰਦਾ ਸੀ, ਅਕਸਰ ਅਕਾਲੀ ਦਲ ਦੇ ਵਿਅਕਤੀ ਕਾਂਗਰਸ ਚੋਣ ਨਿਸ਼ਾਨ ਤੇ ਚੋਣਾਂ ਵੀ ਲੜ੍ਹ ਲੈਂਦੇ ਸਨ, ਪਰ ਕਾਂਗਰਸ ਦੇ ਪੰਜਾਬੀ ਸੂਬੇ ਵਿਰੋਧੀ ਸਟੈਂਡ ਨਾਲ ਦੋਹਾਂ ਦੇ ਰਸਤੇ ਅਲੱਗ ਹੋ ਗਏ। ਪੰਜਾਬੀ ਸੂਬਾ ਅੰਦੋਲਨ ਨੇ ਪੰਜਾਬ ਦੇ ਰਾਜਸੀ ਮੰਚ ਤੇ ਕਾਂਗਰਸ ਅਤੇ ਅਕਾਲੀਆਂ ਨੂੰ ਪੱਕੇ ਵਿਰੋਧੀ ਬਣਾ ਦਿਤਾ। ਭਾਰਤੀ ਜਨਤਾ ਪਾਰਟੀ ਜਿਸ ਦਾ ਪੁਰਾਣਾ ਰੂਪ ਜਨਸੰਘ ਸੀ, ਪੰਜਾਬੀ ਭਾਸ਼ੀ ਨਵਾਂ ਪੰਜਾਬ ਬਣਨ ਤੋਂ ਪਹਿਲਾਂ ਲਗਭਗ ਹਰ ਪੱਖੋਂ ਅਕਾਲੀ ਦਲ ਦਾ ਵਿਰੋਧ ਕਰਦੀ ਸੀ। ਪਰ ਨਵਾਂ ਪੰਜਾਬ ਬਣਨ ਤੋਂ ਬਾਅਦ ਕੁਝ ਮੁੱਦਿਆਂ ਤੇ ਵਿਰੋਧੀ ਹੋਣ ਦੇ ਬਾਵਜੂਦ ਅਕਾਲੀ ਦਲ ਭਾਜਪਾ ਗਠਬੰਧਨ ਹੋਣ ਲੱਗ ਪਿਆ। ਇਸ ਨੂੰ ਅੰਗਰੇਜੀ ਮੁਹਾਵਰੇ ਅਨੁਸਾਰ ਸਹੂਲਤ ਦਾ ਵਿਆਹ ਆਖਿਆ ਜਾ ਸਕਦਾ ਹੈ ਪਰ ਇਹ ਇਕ ਸਚਾਈ ਹੈ ਕਿ ਹੁਣ ਦੋਵੇਂ ਪਾਰਟੀਆਂ ਘਿਉ ਖਿਚੜੀ ਹਨ। ਸਿਆਸੀ ਤੌਰ ਤੇ ਇਹ ਗੱਲ ਵੀ ਬੜੀ ਮਹੱਤਵਪੂਰਨ ਹੈ ਕਿ ਨਵੇਂ ਪੰਜਾਬ ਦੀ ਚੋਣ ਸਿਆਸਤ ਨੇ ਸਾਰੀਆਂ ਪਾਰਟੀਆਂ ਨੂੰ ਘੱਟੋ ਘੱਟ ਧਰਮ ਨਿਰਪੱਖ ਬਣਾਇਆ ਹੈ। ਸਿੱਟਾ ਕੱਢਿਆ ਜਾ ਸਕਦਾ ਹੈ ਕਿ ਪੰਜਾਬੀ ਸੂਬਾ ਅੰਦੋਲਨ ਸਮੇਂ ਕੇਂਦਰ ਸਰਕਾਰ ਦੀ ਹਿਚਕਚਾਹਟ ਨਿਰਮੂਲ ਸੀ ਪੰਜਾਬੀ ਸੂਬਾ ਬਣਨ ਨਾਲ ਕੋਈ ਵਿਸ਼ੇਸ਼ ਧਰਮ ਦਾ ਗਲਬਾ ਬਣ ਜਾਵੇਗਾ ਸਗੋਂ ਇਸ ਨੇ ਪੰਜਾਬ ਦੀ ਸਿਆਸਤ ਨੂੰ ਵਧੇਰੇ ਧਰਮ ਨਿਰਪੇਖ ਅਤੇ ਜਮਹੂਰੀ ਕਰ ਦਿਤਾ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ, ਪੰਜਾਬ ਦੇ ਪੁਨਰਗਠਨ ਬਾਅਦ ਨਵਾਂ ਪੰਜਾਬ ਆਕਾਰ ਵਿਚ ਬਹੁਤ ਛੋਟਾ ਹੈ, ਪੁਰਾਣੇ ਸਾਂਝੇ ਪੰਜਾਬ ਦਾ ਪੰਜਵਾਂ ਹਿੱਸਾ ਵੀ ਨਹੀਂ ਹੈ। ਇਸ ਦੇ ਕਈ ਇਲਾਕੇ ਜੋ ਪੰਜਾਬ ਤੋਂ ਬਾਹਰ ਰਹਿ ਗਏ, ਨਾਲ ਲਗਦੇ ਪੰਜਾਬੀ ਬੋਲਦੇ ਇਲਾਕਿਆਂ ਦਾ ਵਿਵਾਦ, ਚੰਡੀਗੜ੍ਹ ਦਾ ਯੂਨੀਅਨ ਟੈਰੇਟਰੀ ਬਣੇ ਰਹਿਣਾ, ਪਾਣੀਆਂ ਦੇ ਹੈੱਡ ਵਰਕਸ ਦਾ ਕੰਟਰੋਲ ਨਾ ਹੋਣਾ, ਨਿਰੋਲ ਆਪਣੀ ਹਾਈਕੋਰਟ ਦਾ ਨਾ ਹੋਣਾ, ਪੰਜਾਹ ਸਾਲ ਬੀਤ ਜਾਣ ਤੇ ਵੀ ਦਫ਼ਤਰਾਂ ਵਿਚ ਪੰਜਾਬੀ ਦੀ ਪੂਰੀ ਵਰਤੋਂ ਦਾ ਨਾ ਹੋਣਾ, ਕਈ ਪ੍ਰਾਈਵੇਟ ਸਕੂਲਾਂ ਵਿਚ ਪੜਾਈ ਦਾ ਮਾਧਿਅਮ ਅੰਗ੍ਰੇਜੀ ਹੋਣਾ, ਸਾਰੀ ਉਚੇਰੀ ਪੜਾਈ ਅਜੇ ਪੰਜਾਬੀ ਵਿਚ ਸੰਭਵ ਨਹੀਂ ਹੋਈ, ਨਵੇਂ ਮੀਡੀਆ ਅਤੇ ਆਮ ਗੱਲਬਾਤ ਵਿਚ ਅੰਗ੍ਰੇਜੀ-ਹਿੰਦੀ ਦੀ ਬੇਲੋੜੀ ਵਰਤੋਂ ਹੁੰਦੀ ਹੈ। ਇਹ ਕੁਝ ਚੁਣੌਤੀਆਂ ਹਨ ਜਿਨ੍ਹਾਂ ਨਾਲ ਪੰਜਾਬੀਆਂ ਨੇ ਅਜੇ ਨਜਿੱਠਣਾ ਹੈ। ਇਸ ਦੇ ਬਾਵਜੂਦ ਇਹ ਗੱਲ ਆਖੀ ਜਾ ਸਕਦੀ ਹੈ ਕਿ ਪੰਜਾਬ ਸੂਬੇ ਦੇ ਬਣਨ ਤੋਂ ਬਾਅਦ ਪੰਜਾਬੀ ਸਭਿਆਚਾਰ ਨੇ ਆਪਣਾ ਗੌਰਵ ਸਥਾਪਤ ਕੀਤਾ ਹੈ। ਸਿੱਖਿਆ ਦਾ ਮਾਧਿਅਮ ਪੰਜਾਬੀ ਬਣਨ ਨਾਲ, ਨੌਕਰੀ ਵਿਚ ਪੰਜਾਬੀ ਭਾਸ਼ਾ ਜਾਣਨ ਦੀ ਲੋੜ ਅਤੇ ਪੰਜਾਬੀ ਪੱਖੀ ਰਾਜਸੀ ਨੇਤਾਵਾਂ ਦਾ ਸਿਆਸੀ ਦਬਦਬਾ ਵੱਧਣ ਨਾਲ ਪੰਜਾਬੀ ਭਾਸ਼ੀ ਲੋਕਾਂ ਵਿਚ ਸਵੈ-ਵਿਸ਼ਵਾਸ਼ ਭਰਿਆ ਅਤੇ ਉਹ ਆਪਣੀਆਂ ਸਭਿਆਚਾਰਕ ਸਿਰਜਨਾਵਾਂ ਤੇ ਮਾਣ ਕਰਨ ਲੱਗੇ । ਇਹ ਵੀ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਸਭਿਆਚਾਰ ਨੇ ਆਪਣਾ ਡੰਕਾ ਕੇਵਲ ਪੰਜਾਬ ਵਿਚ ਹੀ ਨਹੀਂ ਸਗੋਂ ਭਾਰਤ ਦੇ ਹੋਰ ਰਾਜਾਂ ਸਮੇਤ ਕੁਲ ਦੁਨੀਆਂ ਵਿਚ ਵਜਾਇਆ ਹੈ। ਇਸ ਦੇ ਝੰਡੇ ਪੰਜ ਦਰਿਆਵਾਂ ਦੇ ਨਾਲੋ-ਨਾਲ ਸੱਤ ਸਮੁੰਦਰੋ ਪਾਰ ਵੀ ਝੂਲਦੇ ਹਨ।

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com