ਜੇ ਸੁਮੇਲ ਸਿੰਘ ਸਿੱਧੂ ਚੋਣਵੀਆਂ ਟੂਕਾਂ ਦੇ ਸਹਾਰੇ ਹੀ ਆਪਣੇ ਏਜੰਡੇ ਨੂੰ ਸਥਾਪਿਤ ਕਰਨਾ ਚਾਹੁੰਦੇ ਹਨ ਤਾਂ ਉਸ ਦੇ ਸਮਾਨਅੰਤਰ ਹੋਰ ਅਨੇਕ ਟੂਕਾਂ ਨੂੰ ਲੈ ਕੇ ਕਿਸੇ ਵੀ ਧਾਰਨਾ ਨੂੰ ਰੱਦ ਕਰਨਾ ਮੁਸ਼ਕਿਲ ਨਹੀਂ ਹੁੰਦਾ। ਪਰ ਅਸੀਂ ਉਨ੍ਹਾਂ ਨਾਲ ਇਸ ਨੁਕਤੇ ਉੱਤੇ ਬਹਿਸ ਵਿਚ ਨਹੀਂ ਉਲਝਣਾ ਚਾਹੁੰਦੇ। ਜਦੋਂ ਤੁਸੀਂ ਇਕ ਵੱਡੀ ਬਹਿਸ ਕਰ ਰਹੇ ਹੁੰਦੇ ਹੋ, ਜਿਸ ਦਾ ਇਕ ਗੁੰਝਲਦਾਰ ਤੇ ਬਹੁ-ਪਰਤੀ ਸਮਾਜਿਕ ਤੇ ਇਤਿਹਾਸਕ ਪਿਛੋਕੜ ਹੈ ਤਾਂ ਇਹੋ ਜਿਹੇ ਟੇਢੇ-ਮੇਢੇ ਰਸਤਿਆਂ ‘ਤੇ ਬਹੁਤ ਸੰਭਲ ਸੰਭਲ ਕੇ ਕਦਮ ਰੱਖਣੇ ਪੈਂਦੇ ਹਨ ਅਤੇ ਫਿਰ ਇਤਿਹਾਸਕਾਰ ਦੇ ਮੋਢਿਆਂ ਉੱਤੇ ਤਾਂ ਸਗੋਂ ਦੂਹਰੀ ਜ਼ਿੰਮੇਵਾਰੀ ਆਣ ਪੈਂਦੀ ਹੈ। ਅਜਿਹੀ ਹਾਲਤ ਵਿਚ ਘਟਨਾਵਾਂ ਤੇ ਵਰਤਾਰਿਆਂ ਦੇ ਕੁੱਲ ਜੋੜ ਨੂੰ ਧਿਆਨ ਵਿੱਚ ਰੱਖਣਾ ਹੁੰਦਾ ਹੈ ਅਤੇ ਉਨ੍ਹਾਂ ਦੀ ਸੰਪੂਰਨਤਾ ਵਿਚ ਡੁਬਕੀ ਲਾ ਕੇ ਹੀ ਕੋਈ ਨਿਚੋੜ ਕੱਢਣਾ ਪੈਂਦਾ ਹੈ। ਸੱਚ ਤੇ ਝੂਠ ਦੀਆਂ ਬਾਰੀਕ ਪਰਤਾਂ ਤੇ ਮਹੀਨ ਇਸ਼ਾਰੇ ਹਰ ਪਾਸੇ ਫੈਲੇ ਹੁੰਦੇ ਹਨ। ਫੈਲੇ ਹੀ ਨਹੀਂ ਹੁੰਦੇ ਸਗੋਂ ਕਈ ਵਾਰ ਅਣਦਿਸਦੇ ਵੀ ਹੁੰਦੇ ਹਨ, ਜੋ ਕੌਮਾਂ ਦੀ ਮਾਨਸਿਕਤਾ ਵਿਚ ਡੂੰਘੇ ਉਤਰੇ ਹੁੰਦੇ ਹਨ, ਜਿਨ੍ਹਾਂ ਨੂੰ ਇਤਿਹਾਸਕਾਰ ਸਾਈਕੋ ਹਿਸਟਰੀ ਵੀ ਕਹਿੰਦੇ ਹਨ।
ਸੁਮੇਲ ਸਿੰਘ ਸਿੱਧੂ ਨੇ ਹੀਰਵੰਨੇ ਪੰਜਾਬ ਦੀ ਸਿਰਜਣਾ ਲਈ ਬਹਿਸ ਦੀ ਸ਼ੁਰੂਆਤ ਸਵਰਾਜਬੀਰ ਨਾਲ ਕੀਤੀ ਹੈ ਜੋ ਉਨ੍ਹਾਂ ਦੀਆਂ ਸੁਚੇਤ ਤੇ ਮਨਭਾਉਂਦੀਆਂ ਇੱਛਾਵਾਂ ਤੇ ਨਜ਼ਰਾਂ ਵਿੱਚ ‘ਸਾਡੇ ਦੌਰ ਦੇ ਸਿਰਮੌਰ ਪੰਜਾਬੀ ਸਿਰਜਕ’ ਹਨ। ਕੀ ਇਸ ਸ਼ਾਇਰ ਵੀਰ ਨੇ ਪੰਜਾਬ ਦੀਆਂ ਸਮਾਜਿਕ-ਰਾਜਨੀਤਕ-ਧਾਰਮਿਕ-ਸੱਭਿਆਚਾਰਕ ਸੱਚਾਈਆਂ ਬੁੱਝਣ ਦੀ ਕੋਈ ਵੱਡੀ ਕਮਾਈ ਕਰ ਲਈ ਹੈ ਕਿ ਉਹ ਧਰਮਯੁੱਧ ਦੀ ਸੇਧ ਦੀ ਸਿਰਜਣਾ ਕਰ ਸਕਦੇ ਹਨ? ਪਰ ਇੱਕ ਪਲ ਲਈ ਜੇ ਇਹ ਮੰਨ ਵੀ ਲਿਆ ਜਾਵੇ ਕਿ ਉਹ ਸਿਰਮੌਰ ਸਿਰਜਕ ਹਨ ਤਾਂ ਅਸੀਂ ਸਵਰਾਜਬੀਰ ਦੀ ਉਸ ਕਵਿਤਾ ਦੀਆਂ ਕੁਝ ਸਤਰਾਂ ਦੇ ਸ਼ਬਦ ਹੀ ਪੇਸ਼ ਕਰਦੇ ਹਾਂ ਜਿਨ੍ਹਾਂ ਉੱਤੇ ਸੁਮੇਲ ਨੇ ਕਾਫ਼ੀ ਜ਼ੋਰ ਦਿੱਤਾ ਹੈ। ਇਨ੍ਹਾਂ ਸਤਰਾਂ ਦੀ ਰੂਹ ਨੂੰ ਭਾਵੇਂ ਸੁਮੇਲ ਸਿੱਧੂ ਨੇ ਜਾਣ ਤਾਂ ਲਿਆ ਹੈ, ਪਰ ਉਹ ਅਮਲਾਂ ਵਿੱਚ ਨਹੀਂ ਉਤਰ ਸਕੇ। ਇਹ ਸਤਰਾਂ ਕੁਝ ਇਸ ਤਰ੍ਹਾਂ ਦੀਆਂ ਤਮੰਨਾ ਕਰਦੀਆਂ ਹਨ ਕਿ ਕੋਈ ‘ਇਹੋ ਜਿਹੀ ਗੱਲ’ ਕਰਨ ਵਾਲਾ ਹੋਵੇ, ਜਿਸ ਗੱਲ ਵਿੱਚ ‘ਥੋੜਾ ਸੱਚ’ ਹੋਵੇ, ‘ਥੋੜਾ ਝੱਲ’ ਹੋਵੇ ਤੇ ‘ਥੋੜਾ ਭਲਕ’ ਹੋਵੇ। ਪਰ ਸੁਮੇਲ ਦੀ ਧਾਰਨਾ ਵਿੱਚ ‘ਹੋਰ ਹੋਰ ਪਾਸਿਆਂ’ ਦਾ ‘ਥੋੜਾ ਝੱਲ’ ਤੇ ‘ਥੋੜਾ ਸੱਚ’ ਸਾਨੂੰ ਨਜ਼ਰ ਕਿਉਂ ਨਹੀਂ ਆਇਆ? ਇੱਥੋਂ ਹੀ ਸਾਫ਼ ਪਤਾ ਲੱਗਿਆ ਕਿ ਤਰਫ਼ਦਾਰੀ ਕਰਨ ਦਾ ਸ਼ੌਕ ਉਨ੍ਹਾਂ ਨੇ ਪਾਲਿਆ ਹੋਇਆ ਹੈ। ਜੇ ‘ਥੋੜਾ ਭਲਕ’ ਤੇ ‘ਥੋੜਾ ਸੱਚ’ ਲੱਭਣ ਲਈ ਸਾਨੂੰ ਪਾਸ਼ ਤੇ ਰਵੀ ਦੀਆਂ ਰਚਨਾਵਾਂ ਵੱਲ ਹੀ ਜਾਣਾ ਪੈਣਾ ਹੈ ਤਾਂ ਫਿਰ ਇਸ ਧਰਤੀ ‘ਤੇ ਕਰੀਬ ਢਾਈ ਸੌ ਸਾਲਾਂ ਵਿਚ ਸਿਰਜੇ ਉਸ ਗੁਰ-ਇਤਿਹਾਸ ਅਤੇ ਉਸ ਇਤਿਹਾਸ ਉੱਤੇ ਉਸਰੀ ਤਰਜ਼-ਏ-ਜ਼ਿੰਦਗੀ ਦੀ ਕੀ ਥਾਂ ਰਹਿ ਜਾਏਗੀ?
ਇੱਕ ਹੋਰ ਗੱਲ ਸਪਸ਼ਟ ਹੋ ਜਾਣੀ ਚਾਹੀਦੀ ਹੈ ਕਿ ਹੀਰ, ਵਾਰਿਸ ਸ਼ਾਹ, ਪੂਰਨ, ਸੁਲਤਾਨ ਬਾਹੂ, ਗ਼ੁਲਾਮ ਫਰੀਦ ਤੇ ਬੁੱਲ੍ਹੇਸ਼ਾਹ ਤੇ ਅਨੇਕਾਂ ਹੋਰ ਮਹਾਂਪੁਰਖਾਂ ਦਾ ਇਹ ਪਵਿੱਤਰ ਕਾਫ਼ਲਾ ਸਾਡੇ ਲਈ ਜਿਊਂਦਾ-ਜਾਗਦਾ, ਪਿਆਰਾ ਤੇ ਵੱਡਾ ਸੱਚ ਹੈ। ਪਰ ਇਹ ਸਭ ਕਿਨਾਰੇ ਦੇ ਸੱਚ ਹਨ। ਇਸ ਦੇ ਕੇਂਦਰ ਵਿੱਚ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਹਨ ਜਿਨ੍ਹਾਂ ਦੀ ਠੰਢੀ-ਮਿੱਠੀ ਛਾਂ ਹੇਠ ਸਾਰੇ ਸੱਚ ਇਤਿਹਾਸ ਵਿੱਚ ਮੌਲਦੇ, ਖਿੜਦੇ, ਫੈਲਦੇ ਤੇ ਵਿਗਸਦੇ ਹਨ ਅਤੇ ਵਿਗਸਦੇ ਰਹੇ ਵੀ ਹਨ। ਇਤਿਹਾਸ ਇਹੋ ਜਿਹੀਆਂ ਮਿਸਾਲਾਂ ਨਾਲ ਭਰਿਆ ਪਿਆ ਹੈ। ਜਦੋਂ ਗੁਰੂ ਗੋਬਿੰਦ ਸਿੰਘ ਖੇੜਿਆਂ ਦੇ ਵੱਸਣ ਨੂੰ ‘ਭੱਠ’ ਆਖਦੇ ਹਨ ਤਾਂ ਉਹ ਹੀਰ ਨੂੰ ਮਾਨਤਾ ਹੀ ਤਾਂ ਦੇ ਰਹੇ ਹਨ। ਭਾਈ ਗੁਰਦਾਸ ਸੱਸੀ ਪੁੰਨੂੰ ਦੇ ਇਸ਼ਕ ਨੂੰ ਕੋਈ ਵੱਡੀ ਗੱਲ ਸਮਝਦੇ ਹਨ। ਇਹ ਸਾਰੇ ਸਾਡੇ ਕਲਚਰ ਦਾ ਹਿੱਸਾ ਹਨ ਜਿਸ ਵਿੱਚ ਪ੍ਰੋਫ਼ੈਸਰ ਪੂਰਨ ਸਿੰਘ ਦੀਆਂ ਨਜ਼ਰਾਂ ਵਿੱਚ ਰਾਂਝਾ ਸਾਨੂੰ ਆਪਣਾ ਭਰਾ ਨਜ਼ਰ ਆਉਂਦਾ ਹੈ। ਸੱਭਿਆਤਾਵਾਂ ਦੇ ਚੜ੍ਹਦੇ ਤੇ ਲਹਿੰਦੇ ਸੂਰਜਾਂ ਦਾ ਮਹਾਨ ਇਤਿਹਾਸਕਾਰ ਆਰਨਲਡ ਟੌਇਨਬੀ ਇਹ ਭਵਿੱਖਬਾਣੀ ਕਰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਕੋਲ ਸਾਰੇ ਧਰਮਾਂ ਨੂੰ ਦੱਸਣ ਲਈ ਕੋਈ ‘ਵਿਸ਼ੇਸ਼ ਗੱਲ’ ਹੈ। ਉਹ ‘ਵਿਸ਼ੇਸ਼ ਗੱਲ’ ਲੱਭਣ ਲਈ ਕੀ ਪਾਸ਼ ਤੇ ਰਵੀ ਦੀਆਂ ਲਿਖਤਾਂ ਸਾਡੇ ਲਈ ਚਾਨਣ ਮੁਨਾਰਾ ਬਣਨਗੀਆਂ? ਕੀ ਗੁਰੂ ਗ੍ਰੰਥ ਸਾਹਿਬ ਦੇ ਮੁਕੰਮਲ ਤੇ ਸੰਪੂਰਨ ਸੱਚ ਦੀ ਅਗਵਾਈ ‘ਹੀਰ ਵੰਨਾ ਪੰਜਾਬ’ ਕਰੇਗਾ? ਕਰ ਸਕੇਗਾ ਵੀ? ਕੀ ਖਾਲਸਾ ਪੰਥ ਉਸ ਅਗਵਾਈ ਕਰਨ ਦੇ ਸਮਰੱਥ ਨਹੀਂ ਹੈ? ਜਾਂ ਫਿਰ ਸੁਮੇਲ ਜਿਨ੍ਹਾਂ ਉਪਰੋਕਤ ਵਿਅਕਤੀਆਂ ਦਾ ਜ਼ਿਕਰ ਕਰ ਰਹੇ ਹਨ, ਕੀ ਉਹ ਖ਼ਾਲਸਾ ਪੰਥ ਦੀ ਅਗਵਾਈ ਕਰਨਗੇ? ਉਹ ਕਿਹੜੇ ਸਮਾਜ ਵਿਗਿਆਨੀਆਂ ਤੇ ਰਾਜਨੀਤਕ ਵਿਗਿਆਨੀਆਂ ਨਾਲ ਸੁਮੇਲ ਦਾ ਸੰਪਰਕ ਹੈ ਜੋ ਹੀਰ ਵੰਨੇ ਪੰਜਾਬ ‘ਚੋਂ ਪੰਜਾਬ ਦੇ ਧਰਮ ਯੁੱਧ ਦੀ ਸੇਧ ਲੱਭਦੇ ਫਿਰਦੇ ਹਨ?
ਹਰ ਵੱਡੀ ਬਹਿਸ ਦਾ ਇੱਕ ਦਸਤੂਰ ਹੁੰਦਾ ਹੈ। ਉਸ ਬਹਿਸ ਵਿੱਚ ਸੰਜਮ ਵਿੱਚ ਰਹਿ ਕੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਕਿਸੇ ਵੱਡੇ ਤਰਕ ਨਾਲ ਸਾਹਮਣੇ ਵਾਲੇ ਦਾ ਦਿਲ ਤੇ ਦਿਮਾਗ਼ ਜਿੱਤਿਆ ਜਾਂਦਾ ਹੈ। ਪਰ ਸੁਮੇਲ ਨੇ ਕਿਸੇ ਵੱਡੇ ਛੋਟੇ ਦੀ ਪ੍ਰਵਾਹ ਹੀ ਨਹੀਂ ਕੀਤੀ। ਉਹ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਨੂੰ ਗੁਸੈਲ ਮੁਖੀ ਦਾ ਫਤਵਾ ਦੇ ਰਹੇ ਹਨ ਅਤੇ ਉਨ੍ਹਾਂ ਦੇ ਅੰਦਾਜ਼-ਏ-ਬਿਆਨਾਂ ਤੇ ਟਿੱਪਣੀਆਂ ਨੂੰ ‘ਜੱਟਕੇ ਮੁਹਾਵਰੇ’ ਦਾ ਮਿਹਣਾ ਦੇ ਕੇ ਉਨ੍ਹਾਂ ਦੇ ਕੱਦ ਨੂੰ ਛੋਟਾ ਕਰਨਾ ਚਾਹੁੰਦੇ ਹਨ। ਕੀ ਜੱਟਕੇ ਮੁਹਾਵਰੇ ਵਿੱਚ ਜ਼ਿੰਦਗੀ ਦੀਆਂ ਵੱਡੀਆਂ ਸੱਚਾਈਆਂ ਨਹੀਂ ਹੁੰਦੀਆਂ? ਕੀ ਅਕਾਦਮਿਕ ਡੰਡ ਬੈਠਕਾਂ ਹੀ ਕਿਸੇ ਵੱਡੀ ਲਹਿਰ ਦੀ ਸਿਰਜਣਾ ਕਰਦੀਆਂ ਹਨ? ਇਹ ਸਵਾਲ ਬਹਿਸ ਦੀ ਮੰਗ ਕਰਦੇ ਹਨ। ਸੰਤ ਜੀ ਦੇ ਗੁੱਸੇ ਪਿੱਛੇ ਲੁਕੇ ਕਾਰਨਾਂ ਨੂੰ ਲੱਭਣ ਲਈ ਸੁਮੇਲ ਦੀ ਖੋਜ ਨੇ ਲੰਮਾ ਸਫ਼ਰ ਨਹੀਂ ਤੈਅ ਕੀਤਾ। ਕੀ ਕਿਸੇ ‘ਕਰੁਣਾਮਈ’ ਵਿਚਾਰ ਤੋਂ ਬਿਨਾਂ ਪੂਰੇ ਦਸ ਸਾਲ ਤਕ ਮੋਢਿਆਂ ‘ਤੇ ਅਸਾਲਟਾਂ ਚੁੱਕੀਆਂ ਜਾ ਸਕਦੀਆਂ ਹਨ ਅਤੇ ਖ਼ਾਸ ਤੌਰ ‘ਤੇ ਉਸ ਸਮੇਂ ਜਦੋਂ ਮੁਕਾਬਲਾ ਇੱਕ ਵੱਡੀ ਤਾਕਤ ਨਾਲ ਹੋ ਰਿਹਾ ਹੋਵੇ? ਇਉਂ ਲੱਗਦਾ ਹੈ ਕਿ ਸੁਮੇਲ ਸਿੰਘ ਸਿੱਧੂ ਖੜੋਤੇ ਪਾਣੀਆਂ ਦਾ ਤੈਰਾਕ ਹੈ ਜਿਸ ਨੇ ਇਕ ਪੱਖ ਦੀ ਸਰਗਰਮ ਤਰਫ਼ਦਾਰੀ ਕਰਕੇ ਨਿਆਂ ਵਿਚ ਖਲਲ ਪਾਇਆ ਹੈ।


