ਉਗਰਾਹਾਂ ਦੀ ਨਜ਼ਰ 'ਚ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਜ਼ਿਆਦਾ ਕੋਈ ਕੱਟੜ ਸਿੱਖ ਨਹੀਂ ਹੋ ਸਕਦਾ।
ਪਰ ਜਦੋਂ ਭਿੰਡਰਾਂਵਾਲੇ ਮੰਜੀ ਸਾਹਿਬ ਤੋਂ ਬੋਲਦੇ ਸਨ ਤਾਂ ਕਈ ਵਾਰ ਸਟੇਜ 'ਤੇ ਉਨ੍ਹਾਂ ਦਾ ਵਿਰੋਧੀ ਅਤੇ ਐਲਾਨੀਆ ਨਾਸਤਿਕ ਲੇਖਕ ਖ਼ੁਸ਼ਵੰਤ ਸਿੰਘ ਵੀ ਬੈਠਾ ਹੁੰਦਾ ਸੀ।
ਇਸ ਗੱਲ ਦੇ ਹਜ਼ਾਰਾਂ ਪ੍ਰਮਾਣ ਨੇ ਕੇ ਸਿੱਖ ਆਮ ਹਲਾਤਾਂ ਵਿੱਚ ਗੈਰ ਸਿੱਖ ਜਾਂ ਨਾਸਤਿਕ ਨੂੰ ਆਮ ਜੀਵਨ ਜਾਂ ਸਿਆਸਤ ਵਿੱਚ ਅਛੂਤ ਨਹੀਂ ਸਮਝਦਾ। ਆਮ ਸਿੱਖ ਤਾਂ ਛੱਡੋ, ਆਮ ਆਦਮੀ ਪਾਰਟੀ ਦੇ ਉਭਾਰ ਵੇਲੇ ਕਹਿੰਦੇ ਕਹਾਉਂਦੇ ਖਾਲਿਸਤਾਨੀ ਅਤੇ ਸਿੱਖ ਬੁੱਧੀਜੀਵੀ ਵੀ ਹਿੰਦੂ ਨੇਤਾ ਅਰਵਿੰਦ ਕੇਜਰੀਵਾਲ ਦੀ ਲੀਡਰਸ਼ਿਪ ਥੱਲੇ ਆਉਣ ਨੂੰ ਤਿਆਰ ਹੋ ਗਏ ਸਨ।
ਇਸ ਗੱਲ ਦੇ ਜਿੰਨੇ ਮਰਜ਼ੀ ਪ੍ਰਮਾਣ ਮਹਿਕਮਾ ਪੰਜਾਬੀ ਤੋਂ ਲੈ ਲਿਓ ਕਿ ਸਿੱਖ ਦੂਜੇ ਬੰਦੇ ਦੇ ਸਿਰਫ ਗੈਰ ਸਿੱਖ ਜਾਂ ਨਾਸਤਿਕ ਹੋਣ ਕਰਕੇ ਓਸ ਦਾ ਆਮ ਜੀਵਨ ਵਿੱਚ ਜਾਂ ਉਸ ਦੀ ਸਿਆਸਤ ਦਾ ਵਿਰੋਧ ਨਹੀਂ ਕਰਦੇ।
ਇਸ ਕਰਕੇ ਉਗਰਾਹਾਂ ਵਲੋਂ ਸਥਾਪਿਤ ਕੀਤੀ ਜਾ ਰਹੀ ਗੱਲ ਬਿਲਕੁਲ ਝੂਠ ਹੈ ਕਿ ਸਿੱਖ ਜੋਗਿੰਦਰ ਸਿੰਘ ਉਗਰਾਹਾਂ ਅਤੇ ਉਨ੍ਹਾਂ ਦੀ ਜਥੇਬੰਦੀ ਦਾ ਨਾਸਤਿਕ ਹੋਣ ਦੇ ਭੁਲੇਖੇ 'ਚ ਵਿਰੋਧ ਕਰ ਰਹੇ ਨੇ।
ਉਗਰਾਹਾਂ ਦਾ ਵਿਰੋਧ ਉਨਾਂ ਦੇ ਆਸਤਕ ਜਾਂ ਨਾਸਤਕ ਹੋਣ ਕਰਕੇ ਨਹੀਂ ਹੋ ਰਿਹਾ। ਆਉ ਦੱਸੀਏ ਕਿ ਉਗਰਾਹਾਂ ਦਾ ਵਿਰੋਧ ਕਿਉਂ ਹੋ ਰਿਹਾ ਹੈ।
ਉਗਰਾਹਾਂ ਦਾ ਵਿਰੋਧ ਉਨਾਂ ਦੀ ਸਿਆਸਤ ਕਰਕੇ ਹੋ ਰਿਹਾ ਹੈ। ਉਗਰਾਹਾਂ ਦੀ ਸਾਰੀ ਸਿਆਸਤ ਕਮਿਊਨਿਜਮ ਦੇ ਵਿਚਾਰ 'ਤੇ ਖੜੀ ਹੈ।
ਕਈ ਵਾਰ ਕੋਈ ਵਿਚਾਰ ਸਿਧਾਂਤਕ ਤੌਰ 'ਤੇ ਸਹੀ ਹੁੰਦਾ ਹੈ ਪਰ ਜਦੋਂ ਆਮ ਜ਼ਿੰਦਗੀ ਵਿੱਚ ਲਾਗੂ ਕੀਤਾ ਜਾਂਦਾ ਤਾਂ ਨਤੀਜੇ ਉਵੇਂ ਨਹੀਂ ਆਉਂਦੇ।
ਪਰ ਕਮਿਊਨਿਜਮ ਦੇ ਮੂਲ ਸਿਧਾਂਤ 'ਚ ਹੀ ਸਮੱਸਿਆ ਹੈ। ਇਸ ਕਰਕੇ ਜਦੋਂ ਇਸ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕੀਤਾ ਗਿਆ ਤਾਂ ਬਹੁਤ ਵੱਡੇ ਪੱਧਰ 'ਤੇ ਕਤਲੇਆਮ ਹੋਇਆ। ਸਿਰਫ ਗੈਰ ਕਾਮਰੇਡਾਂ ਦਾ ਹੀ ਨਹੀਂ। ਉਨਾਂ ਦਾ ਵੀ ਜੋ ਆਪਣੇ ਆਪ ਨੂੰ ਕਾਮਰੇਡ ਮੰਨਦੇ ਸਨ। ਅਜਿਹੇ ਕਾਮਰੇਡਾਂ ਦਾ ਕਤਲ ਵੀ ਉਨਾਂ ਕਾਮਰੇਡਾਂ ਨੇ ਹੀ ਕੀਤਾ ਜੋ ਆਪਣੇ ਆਪ ਨੂੰ ਜ਼ਿਆਦਾ ਬਿਹਤਰ ਕਾਮਰੇਡ ਮੰਨਦੇ ਸਨ।
ਇਸ ਕਰਕੇ ਕਮਿਊਨਿਸਮ ਨੂੰ ਗੁਰੂ ਨਾਨਕ ਸਾਹਿਬ ਜਾਂ ਸਿੱਖੀ ਦੇ ਸਿਧਾਂਤ ਨਾਲ ਮੇਲ ਕੇ ਦੇਖਣਾ ਬਚਕਾਨਾ ਵਿਚਾਰ ਹੈ। ਸਿੱਖੀ ਵਿੱਚ ਪਰਾਏ ਵਿਚਾਰ ਨੂੰ ਨਸ਼ਟ ਕਰਨ ਦਾ ਕੋਈ ਸਿਧਾਂਤ ਨਹੀਂ। ਹਥਿਆਰਬੰਦ ਵਾਰ ਵੀ ਉਦੋਂ ਹੀ ਕਰਨ ਦਾ ਹੁਕਮ ਹੈ ਜਦੋਂ ਕੋਈ ਅੱਤ ਚੁੱਕ ਲਵੇ। ਸਿਰਫ ਵਿਚਾਰਕ ਰੌਲ਼ੇ ਕਰਕੇ ਕਤਲ ਕਰਨਾ ਸਿੱਖੀ ਦਾ ਸਿਧਾਂਤ ਨਹੀਂ।
ਦੂਜੇ ਪਾਸੇ ਕਮਿਊਨਿਸਮ 'ਚ ਇਹ ਗੱਲ ਸਾਫ ਹੈ ਕਿ ਪੂਰਨ ਇਨਕਲਾਬ ਲਈ ਹਰ ਤਰ੍ਹਾਂ ਦੀ ਵੰਨ ਸੁਵੰਨਤਾ ਦਾ ਅੰਤ ਜ਼ਰੂਰੀ ਹੈ। ਬੋਲਣ ਦੀ ਅਜ਼ਾਦੀ ਕਮਿਊਨਿਜਮ 'ਚ ਨਹੀਂ ਹੈ਼। ਇਕ ਸਮੇਂ ਤਾਂ ਰੂਸ 'ਚ ਚਰਚਾਂ ਢਾਹ ਦਿੱਤੀਆਂ ਗਈਆਂ ਸੀ। ਐਨੀ ਨਫ਼ਰਤ ਹੈ ਕਮਿਊਨਿਸਟਾਂ ਵਿੱਚ ਪਰਾਏ ਵਿਚਾਰ ਵਾਸਤੇ। ਭਾਵ ਕਮਿਊਨਿਸਮ ਦੀ ਸਿਆਸਤ ਸਿਰਫ ਵਿਰੋਧੀ ਵਿਚਾਰ 'ਤੇ ਹੀ ਨਹੀਂ, ਪਰਾਏ ਵਿਚਾਰ ਨੂੰ ਵੀ ਬਰਦਾਸ਼ਤ ਨਹੀਂ ਕਰਦੀ।
ਸੱਭ ਤੋਂ ਵੱਡੀ ਮੌਕੇ ਦੀ ਗੱਲ।
ਜੋਗਿੰਦਰ ਸਿੰਘ ਉਗਰਾਹਾਂ ਦੀ ਕਮਿਊਨਿਜਮ ਦੀ ਸਿਆਸਤ ਕਿਸਾਨ ਨੂੰ ਮਜ਼ਦੂਰ ਬਣਾਉਣ ਦੀ ਸਿਆਸਤ ਹੈ। ਕਮਿਊਨਿਜਮ ਦੇ ਸਿਧਾਂਤ ਮੁਤਾਬਕ ਕੋਈ ਵੀ ਜ਼ਮੀਨਾਂ ਦਾ ਮਾਲਕ ਨਹੀਂ ਹੋ ਸਕਦਾ। ਸਾਰੇ ਮਜ਼ਦੂਰ ਹੋਣਗੇ। ਜ਼ਮੀਨ ਦੀ ਮਾਲਕ ਸਿਰਫ ਸਰਕਾਰ ਹੋਵੇਗੀ।
ਉਗਰਾਹਾਂ ਦੀ ਕਿਸਾਨਾਂ ਨੂੰ ਮਗਰ ਲਾਕੇ ਮਜ਼ਦੂਰੀ ਤੱਕ ਲੈ ਜਾਣ ਦੀ ਇਸੇ ਸਿਆਸਤ ਦਾ ਵਿਰੋਧ ਹੋ ਰਿਹਾ। ਨਾ ਕਿ ਉਨ੍ਹਾਂ ਦੇ ਸਿੱਖ, ਹਿੰਦੂ ਜਾਂ ਨਾਸਤਕ ਹੋਣ ਦਾ।
ਮਹਿਕਮਾ ਪੰਜਾਬੀ


