ਵੇਖਣ ਵਾਲੀ ਗੱਲ ਇਹ ਹੈ ਕਿ ਚੰਗੀ ਭਲੀ ਸ਼ਾਂਤੀ ਯੁੱਧ ਵਿਚ ਕਿਵੇਂ ਬਦਲ ਗਈ? ਪੁਲਿਸ ਦੀ ਇਕ ਛੋਟੀ ਜਿਹੀ ਕਾਰਵਾਈ ਪਿਛਲੇ ਦਿਨਾਂ ਤੋਂ ਤਿੱਖੇ ਹੁੰਦੇ ਜਾ ਰਹੇ ਯੁੱਧ ਦਾ ਕਾਰਨ ਬਣ ਗਈ। 13 ਅਪ੍ਰੈਲ ਦੀ ਰਾਤ ਸੀ, ਇਜ਼ਰਾਈਲ ਦੇ ਪੁਲਿਸ ਅਧਿਕਾਰੀਆਂ ਦੀ ਇਕ ਟੁਕੜੀ ਯੇਰੂਸ਼ਲਮ ਦੀ ਆਕਸਾ ਮਸਜਿਦ ਵਿਚ ਦਾਖ਼ਲ ਹੁੰਦੀ ਹੈ। ਇਹ ਮੁਸਲਮਾਨਾਂ ਦੇ ਰਮਜ਼ਾਨ ਦੇ ਪਵਿੱਤਰ ਮਹੀਨੇ ਦਾ ਪਹਿਲਾ ਦਿਨ ਸੀ ਤੇ ਉਧਰ ਇਜ਼ਰਾਈਲ ਦਾ 'ਮੈਮੋਰੀਅਲ ਡੇਅ' ਜਿਸ ਦਿਨ ਦੇਸ਼ ਆਪਣੇ ਸ਼ਹੀਦਾਂ ਨੂੰ ਯਾਦ ਕਰਦਾ ਹੈ, ਇਸ ਮੌਕੇ 'ਤੇ ਇਜ਼ਰਾਈਲ ਦੇ ਰਾਸ਼ਟਰਪਤੀ ਰਿਊਵਿਨ ਰਿਵਲਿਨ 'ਵੈਸਟਰਨ ਵਾਲ' 'ਤੇ ਭਾਸ਼ਨ ਦੇ ਰਹੇ ਸਨ ਜੋ ਮਸਜਿਦ ਦੇ ਐਨ ਕੋਲ ਹੀ ਸਥਿਤ ਇਕ ਪਵਿੱਤਰ ਯਹੂਦੀ ਸਥਾਨ ਹੈ। ਇਜ਼ਰਾਈਲ ਦੇ ਅਧਿਕਾਰੀਆਂ ਨੂੰ ਚਿੰਤਾ ਇਹ ਸੀ ਕਿ ਨਮਾਜ਼ ਨਾਲ ਰਾਸ਼ਟਰਪਤੀ ਦਾ ਇਹ ਅਹਿਮ ਭਾਸ਼ਨ ਪ੍ਰਭਾਵਿਤ ਨਾ ਹੋ ਜਾਵੇ। ਪੁਲਿਸ ਦੀ ਟੁਕੜੀ ਨੇ ਮਸਜਿਦ ਵਿਚ ਇਕ ਫਲਸਤੀਨੀ ਮੌਲਵੀ ਨੂੰ ਧੱਕਾ ਦੇ ਕੇ ਚਾਰ ਸਦੀਆਂ ਤੋਂ ਖੜ੍ਹੇ ਮੀਨਾਰਾਂ 'ਤੇ ਲੱਗੇ ਲਾਊਡ ਸਪੀਕਰਾਂ ਦੀ ਤਾਰ ਕੱਟ ਦਿੱਤੀ। ਪੁਲਿਸ ਦੀ ਇਸ ਕਾਰਵਾਈ ਨੇ ਪੁਰਾਣੀ ਸੁਲਗਦੀ ਅੱਗ 'ਤੇ ਤੇਲ ਪਾਉਣ ਦਾ ਕੰਮ ਕੀਤਾ ਤੇ ਸੱਚਮੁੱਚ ਇਸ ਘਟਨਾ ਨਾਲ ਹਾਲਾਤ ਅੱਜ ਦੇ ਭਾਂਬੜ ਵਾਲੇ ਬਣ ਗਏ। ਆਕਸਾ ਮਸਜਿਦ ਨੂੰ ਇਸਲਾਮ ਵਿਚ ਬਹੁਤ ਪਵਿੱਤਰ ਅਸਥਾਨਾਂ ਵਿਚੋਂ ਇਕ ਮੰਨਿਆ ਜਾਂਦਾ ਹੈ ਤੇ ਪੁਲਿਸ ਦੀ ਕਾਰਵਾਈ ਨੇ ਇਜ਼ਰਾਈਲ ਤੇ ਹੱਮਾਸ ਦਰਮਿਆਨ ਯੁੱਧ ਦਾ ਅਖਾੜਾ ਬੰਨ੍ਹ ਦਿੱਤਾ। ਅਰਬੀਆਂ ਤੇ ਯਹੂਦੀਆਂ ਵਿਚਾਲੇ ਵੱਡੀ ਪੱਧਰ 'ਤੇ ਇਸ ਘਟਨਾ ਨਾਲ ਫੈਲੀ ਬੇਚੈਨੀ ਨੇ ਸਥਿਤੀ ਹੀ ਬਦਲ ਕੇ ਰੱਖ ਦਿੱਤੀ। ਜਦੋਂ ਇਜ਼ਰਾਈਲ ਨੇ ਦਰਜਨਾਂ ਫਲਸਤੀਨੀਆਂ ਨੂੰ ਮਾਰ ਦਿੱਤਾ ਤੇ ਪੱਛਮੀ ਸ਼ਹਿਰਾਂ ਵਿਚ ਫੈਲੀ ਅਸ਼ਾਂਤੀ ਕਾਰਨ ਹੀ ਫਲਤੀਨੀ ਕੈਪਾਂ ਤੋਂ ਇਜ਼ਰਾਈਲ ਵਿਚ ਗੋਲੇ ਤੇ ਰਾਕੇਟ ਦਾਗੇ ਗਏ ਅਤੇ ਜਾਰਡਨ ਦੇ ਲੋਕਾਂ ਨੂੰ ਇਜ਼ਰਾਈਲ ਵੱਲ ਵਿਰੋਧ ਮਾਰਚ ਕਰਨ ਲਈ ਪ੍ਰੇਰਿਤ ਕੀਤਾ, ਲਿਬਨਾਨੀ ਪ੍ਰਦਰਸ਼ਨਕਾਰੀਆਂ ਨੂੰ ਲਿਬਨਾਨ ਨਾਲ ਆਪਣੀ ਦੱਖਣੀ ਸਰਹੱਦ ਨੂੰ ਪਾਰ ਕਰਨ 'ਚ ਅਗਵਾਈ ਦਿੱਤੀ। ਸੰਕਟ ਹੋਰ ਵੀ ਗਹਿਰਾ ਉਦੋਂ ਹੋਇਆ ਜਦੋਂ ਇਜ਼ਰਾਈਲ ਸਰਕਾਰ ਤਾਂ ਹਾਲਾਤ ਸੁਧਾਰਨ ਦੇ ਯਤਨ ਕਰ ਰਹੀ ਸੀ ਪਰ ਹੱਮਾਸ, ਜਿਸ ਨੂੰ ਇਜ਼ਰਾਈਲ ਇਕ ਅੱਤਵਾਦੀ ਗਰੁੱਪ ਮੰਨਦਾ ਹੈ, ਫਲਸਤੀਨੀ ਅੰਦੋਲਨ ਅੰਦਰ ਆਪਣਾ ਅਸਰ ਵਧਾਉਣ ਲੱਗਾ ਤੇ ਫਲਸਤੀਨੀਆਂ ਦੀ ਹੀ ਨਵੀਂ ਪੀੜ੍ਹੀ ਆਪਣੇ ਮੁੱਲਾਂ ਤੇ ਹੱਮਾਸ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਨਾਲ ਤੁਰ ਪਈ। ਅਸਲ 'ਚ ਲੜਾਈ ਦੇ ਇਸ ਹਾਲਾਤ ਬਾਰੇ ਕਹਿ ਸਕਦੇ ਹਾਂ ਕਿ ਬਰੂਦ ਤਾਂ ਪਹਿਲਾਂ ਹੀ ਪਿਆ ਸੀ ਸਿਰਫ ਤੀਲੀ ਲਗਾਈ ਗਈ।
ਇਤਿਹਾਸਕ ਪਿਛੋਕੜ ਵੱਲ ਧਿਆਨ ਮਾਰੀਏ ਤਾਂ ਤੱਥ ਇਹ ਹਨ ਕਿ ਇਜ਼ਰਾਈਲ ਦੁਨੀਆਂ ਦਾ ਇਕ ਯਹੂਦੀ ਰਾਜ ਹੈ ਜਿਹੜਾ ਮੈਡੀਟੇਰੀਅਨ ਸਾਗਰ ਦੇ ਬਿਲਕੁਲ ਪੂਰਬ ਦੇ ਵਿਚ ਸਥਿਤ ਹੈ। ਅਰਬੀ ਆਬਾਦੀ ਵੀ ਇਸੇ ਹੀ ਖਿੱਤੇ 'ਤੇ ਹੈ ਜੋ ਫਲਸਤੀਨ ਅਖਵਾਉਂਦੀ ਹੈ ਤੇ ਅਰਬੀ ਇਸੇ ਹੀ ਨਾਂਅ ਨਾਲ ਇਸੇ ਹੀ ਧਰਤੀ 'ਤੇ ਆਪਣਾ ਰਾਜ ਸਥਾਪਤ ਕਰਨਾ ਚਾਹੁੰਦੇ ਹਨ। ਯਹੂਦੀਆਂ ਤੇ ਅਰਬੀ ਮੁਸਲਮਾਨਾਂ ਦਾ ਇਸ ਧਰਤੀ 'ਤੇ ਵੀਹਵੀ ਸਦੀ ਦੇ ਆਰੰਭ ਵਿਚ ਟਕਰਾਅ ਸ਼ੁਰੂ ਹੋਇਆ ਸੀ। ਯੂਰਪ ਵਿਚ ਅੱਤਿਆਚਾਰ ਨਾਲ ਝੰਬੇ ਯਹੂਦੀ ਇੱਥੇ ਆਪਣਾ ਰਾਸ਼ਟਰੀ ਵਤਨ ਸਥਾਪਤ ਕਰਨਾ ਚਾਹੁੰਦੇ ਸਨ ਜੋ ਉਦੋਂ ਤੇ ਬਾਅਦ 'ਚ ਬ੍ਰਿਟਿਸ਼ ਸਾਮਰਾਜ ਵਿਚ ਇਕ ਅਰਬੀ ਮੁਸਲਮਾਨਾਂ ਦੀ ਬਹੁਗਿਣਤੀ ਵਾਲਾ ਇਲਾਕਾ ਸੀ। ਫ਼ਲਸਤੀਨੀ ਅਰਬੀ ਮੁਸਲਮਾਨਾਂ ਨੇ ਇਸ ਦਾ ਵਿਰੋਧ ਕੀਤਾ, ਸੰਯੁਕਤ ਰਾਸ਼ਟਰ ਦੀ ਦਖ਼ਲਅੰਦਾਜ਼ੀ ਕਾਰਗਰ ਸਿੱਧ ਨਾ ਹੋ ਸਕੀ ਤੇ ਨਤੀਜਾ ਇਹ ਹੋਇਆ ਕਿ 1947 ਤੇ 1967 ਵਿਚ ਇਜ਼ਰਾਈਲ ਦੇ ਇਰਦ ਗਿਰਦ ਅਰਬ ਦੇਸ਼ਾਂ ਨੇ ਇਸ ਖੇਤਰ ਵਿਚ ਲੜਾਈਆਂ ਲੜੀਆਂ। 1967 ਦੇ ਯੁੱਧ ਨਾਲ ਸ਼ੁਰੂ ਹੋਏ ਟਕਰਾਅ ਵਿਚ ਹੀ ਅੱਜ ਦੇ ਟਕਰਾਅ ਦੇ ਬੀਜ ਹਨ, ਕਿਉਂਕਿ ਇਜ਼ਰਾਈਲ ਨੇ ਪੱਛਮੀ ਤੇ ਗਾਜ਼ਾ ਪੱਟੀ ਦਾ ਇਲਾਕਾ ਬਹੁਗਿਣਤੀ ਫਲਸਤੀਨੀ ਲੋਕਾਂ ਲਈ ਛੱਡ ਦਿੱਤਾ ਸੀ ਪਰ ਅੱਜ ਤੱਕ ਦੋ ਤਲਵਾਰਾਂ ਇਕ ਮਿਆਨ 'ਚ ਨਾ ਪੈਣ ਕਰਕੇ ਟਕਰਾਅ ਬਣਿਆ ਹੋਇਆ ਹੈ।
ਹੱਮਾਸ ਕੀ ਹੈ? ਹੱਮਾਸ ਇਕ ਫਲਸਤੀਨੀ ਰਾਜਨੀਤਕ ਇਸਲਾਮਿਕ ਸੰਗਠਨ ਹੈ ਤੇ ਇਸ ਨੂੰ ਅੱਤਵਾਦੀ ਗਰੁੱਪ ਵੀ ਕਿਹਾ ਜਾਂਦਾ ਹੈ, ਜਿਸ ਨੇ 1987 ਵਿਚ ਸਥਾਪਤ ਹੋਣ ਪਿੱਛੋਂ ਇਜ਼ਰਾਈਲ ਨਾਲ ਜੰਗ ਛੇੜੀ ਹੋਈ ਹੈ। ਹੱਮਾਸ ਦੇ ਚਾਰਟਰ ਵਿਚ ਇਜ਼ਰਾਈਲ ਦੀ ਤਬਾਹੀ ਪ੍ਰਮੁੱਖ ਸੀ ਤੇ ਗਾਜ਼ਾ ਪੱਟੀ 'ਤੇ ਇਕ ਫਲਸਤੀਨੀ ਰਾਜ ਕਾਇਮ ਕਰਨਾ ਉਸ ਦਾ ਪਹਿਲਾ ਮਿਸ਼ਨ ਹੈ। ਇਹ ਗਰੁੱਪ ਫਲਸਤੀਨੀਆਂ ਨੂੰ ਸਮਾਜਿਕ ਸੇਵਾਵਾਂ ਦਾ ਮਜ਼ਬੂਤ ਨੈੱਟਵਰਕ ਦਿੰਦਾ ਹੈ। 2006 ਵਿਚ ਹੱਮਾਸ ਨੇ ਫਲਸਤੀਨੀ ਅਥਾਰਿਟੀ ਦੀਆਂ ਵਿਧਾਨ ਸਭਾ ਚੋਣਾਂ ਹਲਕੇ ਜਿਹੇ ਬਹੁਮਤ ਨਾਲ ਜਿੱਤੀਆਂ ਸਨ ਪਰ ਸਮੱਸਿਆ ਇਹ ਰਹੀ ਕਿ ਇਸ ਨੇ ਇਜ਼ਰਾਈਲ ਨਾਲ ਕੀਤੇ ਸਾਰੇ ਸਮਝੌਤਿਆਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।
ਗਾਜ਼ਾ ਪੱਟੀ! ਇਹ ਇਜ਼ਰਾਈਲ ਦਾ ਹੀ ਇਕ ਜ਼ਮੀਨੀ ਟੁਕੜਾ ਹੈ। ਜਿਸ ਨੂੰ ਫਲਸਤੀਨੀਆਂ ਨੇ ਆਬਾਦ ਕੀਤਾ ਹੈ, ਆਬਾਦੀ ਸੰਘਣੀ ਹੈ ਪਰ ਕਬਜ਼ਾ ਪੂਰੀ ਤਰ੍ਹਾਂ ਇਜ਼ਰਾਈਲ ਦਾ ਹੈ। ਗਾਜ਼ਾ ਪੱਟੀ ਫਲਸਤੀਨੀਆਂ ਨੂੰ ਇਕੱਤਰ ਕਰਨ ਦਾ ਇਕ ਮੰਚ ਹੈ। 2005 ਵਿਚ ਭਾਵੇਂ ਇਕਤਰਫਾ ਕਾਰਵਾਈ ਨਾਲ ਫ਼ੌਜ ਪਿੱਛੇ ਹਟ ਗਈ ਸੀ ਪਰ ਹੁਣ ਇੱਥੇ ਸਭ ਕੁਝ ਫ਼ੌਜ 'ਤੇ ਫ਼ੌਜੀ ਕਮਾਂਡਰਾਂ ਦੀ ਦੇਖ ਰੇਖ ਹੇਠ ਹੈ। ਇਜ਼ਰਾਈਲੀ ਸ਼ਾਸਕ ਗਾਜ਼ਾ ਪੱਟੀ ਨੂੰ ਯੁੱਧ ਦਾ ਇਕ ਅਜਿਹਾ ਰਨਵੇਅ ਸਮਝਦੇ ਹਨ ਜਿੱਥੋਂ ਰਾਕਟ ਤੇ ਬੰਬ ਪੂਰੇ ਦੇਸ਼ ਵਿਚ ਵਰਸਦੇ ਹਨ। ਮਿਸਰ ਨੇ 1967 ਵਿਚ ਗਾਜ਼ਾ 'ਤੇ ਕੰਟਰੋਲ ਕੀਤਾ ਤੇ 2005 'ਚ ਇਜ਼ਰਾਈਲੀ ਫ਼ੌਜੀ ਅਧਿਕਾਰੀਆਂ ਨੇ ਇਸ ਨੂੰ ਕਬਜ਼ੇ ਵਿਚ ਲੈ ਲਿਆ ਤੇ ਯਹੂਦੀਆਂ ਨੂੰ ਇੱਥੇ ਵਸਣ ਦੀ ਆਗਿਆ ਦੇ ਦਿੱਤੀ। ਉਂਝ ਗਾਜ਼ਾ ਦਾ ਸਾਰਾ ਪ੍ਰਬੰਧ ਇਸਲਾਮਿਕ ਸਟੇਟ ਹੱਮਾਸ ਵਲੋਂ ਹੀ ਕੀਤਾ ਜਾਂਦਾ ਹੈ ਜਿਸ ਨੇ 2006 ਦੀ ਚੋਣ 'ਚ ਰਾਜਨੀਤਕ ਸ਼ਕਤੀ ਹਾਸਲ ਕੀਤੀ ਸੀ। ਗਾਜ਼ਾ ਹੱਮਾਸ ਦੇ ਹੱਥਾਂ ਵਿਚ ਚਲੇ ਜਾਣ ਤੋਂ ਬਾਅਦ ਇਜ਼ਰਾਈਲੀਆਂ ਨੇ ਇੱਥੇ ਆਪਣਾ ਵਪਾਰ ਕਰਨਾ 'ਤੇ ਸਾਜ਼ੋ-ਸਾਮਾਨ ਵੇਚਣਾ ਬੰਦ ਕਰ ਦਿੱਤਾ। ਕਿਉਂਕਿ ਉਨ੍ਹਾਂ ਨੂੰ ਲਗਦਾ ਸੀ ਕਿ ਵਪਾਰ ਕਰਨ ਨਾਲ ਹੱਮਾਸ ਆਰਥਿਕ ਪੱਖੋਂ ਮਜ਼ਬੂਤ ਹੋ ਕੇ ਅਤੇ ਹਥਿਆਰ ਖ਼ਰੀਦ ਕੇ ਉਨ੍ਹਾਂ ਵਿਰੁੱਧ ਹੀ ਵਰਤ ਸਕਦਾ ਹੈ। ਭਾਵੇਂ ਇਜ਼ਰਾਈਲ ਨੇ ਨਾਕਾਬੰਦੀ ਘੱਟ ਕਰ ਦਿੱਤੀ ਹੈ ਪਰ ਬਿਜਲੀ ਤੇ ਭੋਜਨ ਤੇ ਦਵਾਈਆਂ ਦੀ ਸਪਲਾਈ ਬੰਦ ਕੀਤੀ ਹੋਈ ਹੈ ਜਿਸ ਤੋਂ ਫਲਸਤੀਨੀ ਤੇ ਹੱਮਾਸ ਜਥੇਬੰਦੀ ਔਖੀ ਹੈ।
ਦਹਾਕਿਆਂ ਤੋਂ ਉਲਝੇ ਹੋਏ ਇਜ਼ਰਾਈਲੀ ਤੇ ਫਲਸਤੀਨੀ ਹਾਲੇ ਵੀ ਕਿਸੇ ਸਮਝੌਤੇ ਨਾਲ ਜੇ ਸ਼ਾਂਤ ਹੋ ਜਾਣ ਤਾਂ ਇਹ ਉਨ੍ਹਾਂ ਲਈ ਹੀ ਨਹੀਂ ਦੁਨੀਆ ਲਈ ਵੀ ਭਲਾ ਹੋਵੇਗਾ। ਅਮਰੀਕਾ ਤੇ ਮਿਸਰ ਦੇ ਦਖ਼ਲ ਨਾਲ ਹੀ ਇਜ਼ਰਾਈਲ ਤੇ ਹੱਮਾਸ ਦਰਮਿਆਨ ਜੰਗਬੰਦੀ ਹੋਈ ਹੈ। ਹੁਣ ਇਹ ਦੇਖਣਾ ਬਣਦਾ ਹੈ ਕਿ ਅੱਗੇ ਗੱਲ ਸ਼ਾਂਤੀ ਵੱਲ ਵਧਦੀ ਹੈ ਜਾਂ ਮੁੜ ਯੁੱਧ ਭੜਕ ਪੈਂਦਾ ਹੈ। - ਐੱਸ ਅਸ਼ੋਕ ਭੌਰਾ, This email address is being protected from spambots. You need JavaScript enabled to view it.


