ਮਾਸਟਰ ਤਾਰਾ ਸਿੰਘ ਤੇ ਸੰਤ ਫਤਹਿ ਸਿੰਘ ਦੇ ਵੇਲੇ ਤਾਂ ਖੁੱਲ੍ਹੇ ਤੌਰ ’ਤੇ ਸਿੱਖ ਵੋਟਰਾਂ ਨੂੰ ਭਰਮਾਉਣ ਲਈ ਇਸ ਸ਼ਬਦ ਦੀ ਵਰਤੋਂ ਹੋਈ। ਸਿੱਖ ਭਾਈਚਾਰਾ ‘ਪੰਥਕ’ ਦਾ ਅਰਥ ਸਿੱਖ ਧਰਮ ਤੋਂ ਲੈਂਦਾ ਸੀ, ਜਿਸ ਲਈ ਅਕਾਲੀ ਦਲ ਉਸ ਵੇਲੇ ਦੀ ਹਾਕਮ ਧਿਰ ਕਾਂਗਰਸ ਪਾਰਟੀ ਦੀਆਂ ਕਥਿਤ ਵਧੀਕੀਆਂ ਦਾ ਵਿਰੋਧ ਕਰਨ ਲਈ ਪੰਥ ਦੇ ਖ਼ਤਰੇ ਵਿੱਚ ਹੋਣ ਦੀ ਦੁਹਾਈ ਦਿੰਦਾ ਸੀ। ਸਾਲ 1963 ’ਚ ਜਦੋਂ ਅਕਾਲੀ ਦਲ ਦੇ ਆਗੂ ਜਥੇਦਾਰ ਮੋਹਨ ਸਿੰਘ ਤੁੜ ਨੂੰ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਜੇਲ੍ਹ ਅੰਦਰ ਡੱਕਿਆ ਤਾਂ ਅਕਾਲੀ ਦਲ ਵੱਲੋਂ ਪੰਥ ਨੂੰ ਖ਼ਤਰਾ ਹੋਣ ਦੇ ਦਿੱਤੇ ਨਾਅਰੇ ਨੇ ਚੋਣ ਮੁਹਿੰਮ ਦੌਰਾਨ ਪ੍ਰਤਾਪ ਸਿੰਘ ਕੈਰੋਂ ਦੇ ਪੈਰ ਤੱਕ ਨਹੀਂ ਲੱਗਣ ਦਿੱਤੇ ਸਨ। ਕੈਰੋਂ ਕੁਝ ਵੋਟਾਂ ਦੇ ਫਰਕ ਨਾਲ ਮਸਾਂ ਚੋਣ ਜਿੱਤੇ ਸਨ। ਇਸ ਦੇ ਨਾਲ ਹੀ ਸਰਕਾਰ, ਅਕਾਲੀ ਦਲ ਵੱਲੋਂ ਦਿੱਤੇ ਜਾਂਦੇ ਇਸ ਨਾਅਰੇ ਨੂੰ ਸਦਾ ਹੀ ਖੋਹਣ ਦੀ ਤਾਕ ’ਚ ਰਹੀ ਤੇ ਇਸ ਸ਼ਬਦ ਨੂੰ ਧਰਮ ਨਾਲ ਜੋੜਨ ਦਾ ਵੀ ਦੋਸ਼ ਲਾਇਆ ਗਿਆ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਲਈ ਅੰਮ੍ਰਿਤਧਾਰੀ ਹੋਣਾ ਤੇ ਸ੍ਰੀ ਸਾਹਿਬ (ਕਿਰਪਾਨ) ਨੂੰ ਵਸਤਰਾਂ ਦੇ ਉੱਪਰੋਂ ਪਹਿਨਣ ਦੀ ਆਸ ਕੀਤੀ ਜਾਂਦੀ ਸੀ। ਇਹ ਲਿਬਾਸ ਅਕਾਲੀ ਦਲ ਦੇ ਸਰਕਲ ਪੱਧਰ ਦੇ ਜਥੇਦਾਰ ਲਈ ਵੀ ਜ਼ਰੂਰੀ ਮੰਨਿਆ ਜਾਂਦਾ ਸੀ। ਅਕਾਲੀ ਦਲ ਉਸ ਵੇਲੇ ਵੱਡੇ ਪੱਧਰ ’ਤੇ ਪੀਲੇ ਰੰਗ ਦੇ ਝੰਡਿਆਂ ਦੀ ਵਰਤੋਂ ਕਰਦਾ ਸੀ।
ਇਹ ਸਾਰਾ ਕੁਝ ਅੱਜ ਲੋਪ ਹੋ ਗਿਆ ਹੈ। ਪੱਤਰਕਾਰ ਹਰਬੀਰ ਸਿੰਘ ਭੰਵਰ ਨੇ ਕਿਹਾ ਕਿ ਵਰਤਮਾਨ ਹਾਲਾਤ ਵਿੱਚ ਅਕਾਲੀ ਦਲ ਚੋਣਾਂ ਦੌਰਾਨ ‘ਪੰਥ’ ਸ਼ਬਦ ਦੀ ਵਰਤੋਂ ਕਰਨ ਤੋਂ ਇਸ ਕਰਕੇ ਕੰਨੀ ਕਤਰਾ ਰਿਹਾ ਹੈ ਕਿਉਂਕਿ ਅਕਾਲੀ ਦਲ ਇਕੱਲੇ ਸਿੱਖਾਂ ਦੀਆਂ ਵੋਟਾਂ ਲੈ ਕੇ ਸੱਤਾ ’ਤੇ ਕਬਜ਼ਾ ਨਹੀਂ ਕਰ ਸਕਦਾ। ਅਕਾਲੀ ਦਲ ‘ਪੰਥ’ ਸ਼ਬਦ ਦੀ ਵਰਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ’ਚ ਤਾਂ ਵਰਤੋਂ ਕਰਦਾ ਹੈ, ਪਰ ਆਮ ਚੋਣਾਂ ਦੌਰਾਨ ਇਸ ਸ਼ਬਦ ਦੀ ਵਰਤੋਂ ਕਰਨ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ। ‘ਧਰਮ ਯੁੱਧ ਮੋਰਚੇ’ ਦੌਰਾਨ ਇਕ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੇ ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਤਰਨ ਤਾਰਨੀ ਨੇ ਕਿਹਾ ਕਿ ਅੱਜ ਅਕਾਲੀ ਦਲ, ਸਿੱਖਾਂ ਦੀ ਥਾਂ ’ਤੇ ਪੰਜਾਬੀਆਂ ਦੀ ਪਾਰਟੀ ਬਣ ਗਿਆ ਹੈ।


