ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਵੱਡੇ ਫੈਸਲਿਆਂ ਦੇ ਪਿਛੋਕੜ ਤੋਂ ਓਹਲਾ ਕਿਓਂ ਰੱਖਦੀ ਹੈ ਸ਼੍ਰੋਮਣੀ ਕਮੇਟੀ !

  -ਗੁਰਪ੍ਰੀਤ ਸਿੰਘ ਮੰਡਿਆਣੀ

  --
  ਸ਼੍ਰੀ ਗੁਰੂ ਗਰੰਥ ਸਾਹਿਬ ਜੀ ਪਹਿਲੇ ਪ੍ਰਕਾਸ਼ ਪੁਰਬ ਵਾਲਾ ਦਿਹਾੜਾ ਅੱਜ 28 ਅਗਸਤ ਨੂੰ ਮਨਾਇਆ ਜਾ ਰਿਹਾ ਹੈ।ਇਸੇ ਸਬੰਧ ਚ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਸਮੇਤ ਸਾਰੀ ਪਰਕਰਮਾ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਇਸ ਲਈ ਸੈਂਕੜੇ ਕੁਇੰਟਲ ਫੁੱਲਾਂ ਦੀ ਵਰਤੋਂ ਕੀਤੀ ਗਈ ਹੈ ਤੇ ਅੰਦਾਜ਼ਨ 75 ਲੱਖ ਰੁਪੱਈਏ ਦਾ ਖ਼ਰਚਾ ਹੁੰਦਾ ਹੈ ਜੋ ਕਿਸੇ ਦਾਨੀ ਸੱਜਣ ਵੱਲੋਂ ਕੀਤਾ ਦੱਸਿਆ ਜਾਂਦਾ ਹੈ।ਇਹ ਸਜਾਵਟ ਬੀਤੇ 4-5 ਸਾਲ ਤੋਂ ਸ਼ੁਰੂ ਹੋਈ ਹੈ।ਕਿਸੇ ਸਿੱਖ ਜੱਥੇਬੰਦੀ ਵੱਲੋਂ ਭਾਵੇਂ ਇਸ ਤੇ ਕੋਈ ਉਜਰ ਨਹੀਂ ਕੀਤਾ ਗਿਆ ਪਰ ਸੋਸ਼ਲ ਮੀਡੀਆ

  ਤੇ ਇਸਨੂੰ ਫ਼ਜ਼ੂਲ ਖ਼ਰਚੀ ਕਹਿ ਕੇ ਅਲੋਚਨਾ ਕੀਤੀ ਗਈ ਹੈ, ਪਰ ਅਜਿਹੀ ਅਲੋਚਨਾ ਸਿੱਖਾਂ ਦੀ ਸ਼ਰਧਾ ਸਾਹਮਣੇ ਟਿਕਣ ਲਾਇਕ ਦਲੀਲ ਨਹੀਂ ਹੈ।ਦੂਜੇ ਕਿਸਮ ਦਾ ਉਜਰ ਇਹ ਹੈ ਕਿ ਅਜਿਹਾ ਕਰਨ ਨਾਲ ਰੂਹਾਨੀਅਤ ਦੇ ਸੋਮੇ ਦੀ ਬੁਨਿਆਦੀ ਦਿੱਖ ਢਕੀ ਜਾਂਦੀ ਹੈ ਤੇ ਇਸਦੀ ਦਿਖ ਨਾਲ ਹੋਰ ਛੇੜ ਛਾੜ ਕਰਨ ਦਾ ਰਾਹ ਖੁੱਲਦਾ ਹੈ।ਵਿਚਾਰਨ ਵਾਲੀ ਗੱਲ ਇਹ ਵੀ ਹੈ ਕਿ ਇਨੇ ਅਹਿਮ ਫੈਸਲੇ ਦਾ ਪਿਛੋਕੜ ਸ਼ਰੋਮਣੀ ਕਮੇਟੀ ਨੇ ਜ਼ਾਹਰ ਨਹੀਂ ਕੀਤਾ। ਇਹਦੀ ਤਜਵੀਜ਼ ਕਿੱਥੋਂ ਆਈ ਤੇ ਕਿਸ ਤਰੀਕੇ ਨਾਲ ਵਿਚਾਰੀ ਗਈ ਤੇ ਇਸਨੂੰ ਆਖ਼ਰੀ ਮਨਜ਼ੂਰੀ ਕੀਹਨੇ ਦਿੱਤੀ, ਕਮੇਟੀ ਦੇ ਪ੍ਰਧਾਨ ਨੇ, ਐਗਜੈਕਟਿਵ ਕਮੇਟੀ ਨੇ।
  2015 ਚ ਇੰਨ ਬਿੰਨ ਅੱਜ ਨਾਲ ਮਿਲਦੇ ਜੁਲਦੇ ਹਾਲਾਤਾਂ ਦੇ ਮੱਦੇਨਜਰ ਬਾਬੂਸ਼ਾਹੀ ਚ ਇਕ ਲੇਖ ਛਪਿਆ ਸੀ ਜੋ ਅੱਜ ਦੇ ਹਾਲਾਤ ਤੇ ਵੀ ਬਿਲਕੁਲ ਢੁਕਦਾ ਹੈ ਸੋ ਪਾਠਕਾਂ ਦੀ ਨਜ਼ਰ ਅੱਜ ਦੁਬਾਰਾ ਪੇਸ਼ ਕੀਤਾ ਜਾ ਰਿਹਾ ਹੈ।:—
  “ ਵੱਡੇ ਫੈਸਲਿਆਂ ਦੇ ਪਿਛੋਕੜ ਤੋਂ ਓਹਲਾ ਕਿਓਂ ਰੱਖਦੀ ਹੈ ਸ਼੍ਰੋਮਣੀ ਕਮੇਟੀ ?
  ਨਵੀਨੀਕਰਨ ਦੀ ਆੜ ਚ ਤਖਤ ਦੀ ਇਮਾਰਤ ਢਾਹੁਣ ਤੇ ਸੋਨੇ ਦੀ ਛੱਤ ਦਾ ਮਾਮਲਾ
  -ਗੁਰਪ੍ਰੀਤ ਸਿੰਘ ਮੰਡਿਆਣੀ , 13 ਸਤੰਬਰ 2015
  ਸ੍ਰੀ ਹਰਮਿੰਦਰ ਸਾਹਿਬ ਅਮ੍ਰਿਤਸਰ ਹਰਿ ਕੀ ਪਉੜੀ ਜਿਥੋਂ ਸੰਗਤਾਂ ਚੂਲ਼ਾ ਭਰਦੀਆਂ ਨੇ ਉਸ ਥਾਂ ਤੇ ਸ਼੍ਰੋਮਣੀ ਕਮੇਟੀ ਸੋ ਨੇ ਦੀ ਛੱਤ ਪਾਉਣ ਦਾ ਫੈਸਲਾ ਕੀਤਾ ਹੈ। ਸਿਧਾਂਤਕ ਪੱਖੋਂ ਇਹ ਕੋਈ ਆਮ ਫੈਸਲਾ ਨਹੀਂ ਹੈ।ਪਰ ਇਕੀਵੀਂ ਸਦੀ ਵਿੱਚ ਹੋਏ ਫੈਸਲੇ ਤੇ ਕਿਸੇ ਕਿਸਮ ਦਾ ਕੋਈ ਵੀ ਠੀਕ ਜਾਂ ਗਲਤ ਰਿਐਕਸ਼ਨ (ਰੱਦੇ ਅਮਲ/ਵਿਚਾਰ ਦੇਣੇ) ਨਹੀਂ ਹੋਇਆ ਜਿਵੇਂ ਉਨੀਵੀਂ ਸਦੀ ਵਿੱਚ ਹਰਮੰਦਿਰ ਸਾਹਿਬ ਵਿੱਚ ਬਿਜਲੀ ਜਗਾਉਣ ਦੇ ਫੈਸਲੇ ਤੇ ਹੋਇਆ ਸੀ।ਹਾਲਾਂਕਿ ਉਨ੍ਹਾਂ ਦਿਨਾਂ ਵਿੱਚ ਖਬਰ ਫੈਲਣ ਦੇ ਸਾਧਨ ਬਹੁਤ ਥੋੜ੍ਹੇ ਸੀ।ਪਰ ਅੱਜ ਕੱਲ ਕੋਈ ਵੀ ਖਬਰ ਨਾਲੋ ਨਾਲ ਸਾਰੀ ਧਰਤੀ ਦੁਆਲੇ ਮਿੰਟਾਂ 'ਚ ਗੇੜਾ ਖਾ ਜਾਂਦੀ ਹੈ।
  25 ਅਗਸਤ 2015 ਨੂੰ ਅਨੰਦਪੁਰ ਸਾਹਿਬ ਵਿੱਚ ਸ਼੍ਰੋਮਣੀ ਕਮੇਟੀ ਨੇ ਐਗਜ਼ੈਕਟਿਵ ਕਮੇਟੀ ਨੇ ਫੈਸਲਾ ਕੀਤਾ ਕਿ ਹਰਿ ਕੀ ਪਉੜੀ ਤੇ ਸੋਨੇ ਦੀ ਛੱਤ ਪਾਈ ਜਾਵੇਗੀ।ਹਰਿ ਕੀ ਪਾਉੜੀ ਸ਼੍ਰੀ ਦਰਬਾਰ ਸਾਹਿਬ ਦੇ ਮਗਰਲੇ ਪਾਸੇ ਗੁਰੂ ਰਾਮਦਾਸ ਸਰਾਂ ਵੱਲ ਨੂੰ ਉਹ ਥਾਂ ਹੈ ਜਿਥੋਂ ਸੰਗਤਾਂ ਸਰੋਵਰ ਦੇ ਜਲ ਦਾ ਚੂਲਾ ਲੈਂਦੀਆਂ ਹਨ।ਇਹਦੀ ਕਾਰ ਸੇਵਾ ਬੰਬੇ ਨਿਵਾਸੀ ਬੀਬੀ ਮਨਿੰਦਰ ਕੌਰ ਨੂੰ ਦੇ ਵੀ ਦੇ ਦਿੱਤੀ ਹੈ।ਇਹ ਖਬਰ ਸਾਰੇ ਅਖਬਾਰਾਂ ਵਿੱਚ ਛਪੀ।ਪਰ ਸਿਤਮ ਦੀ ਗੱਲ ਇਹ ਹੈ ਕਿ ਸਾਰੀ ਦੁਨੀਆਂ ਵਿੱਚ ਵਸਦੇ ਕਿਸੇ ਸਿੱਖ ਨੇ ਇਹ ਨਹੀਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਫੈਸਲਾ ਠੀਕ ਹੈ ਜਾਂ ਗਲਤ ਹੈ।ਆਓ ਇਹਦੀ ਤੁਲਨਾ ਅਠਾਰਵੀਂ ਸਦੀ ਦੇ ਅਖੀਰ ਵਿੱਚ ਹੋਏ ਇੱਕ ਅਜਿਹੇ ਹੀ ਫੈਸਲੇ ਨਾਲ ਕਰੀਏ। ਸ੍ਰੀ ਗੁਰੂ ਸਿੰਘ ਸਭਾ ਅਮ੍ਰਿਤਸਰ ਦੇ 26 ਜਨਵਰੀ 1896 ਨੂੰ ਹੋਏ 23ਵੇਂ ਸਲਾਨਾ ਇਜਲਾਸ ਵਿੱਚ ਫੈਸਲਾ ਹੋਇਆ ਕਿ ਸ੍ਰੀ ਦਰਬਾਰ ਸਾਹਿਬ ਨੂੰ ਬਿਜਲੀ ਨਾਲ ਜਗਮਗ ਕੀਤਾ ਜਾਵੇ।ਇਸ ਤੇ 20 ਹਜ਼ਾਰ ਰੁਪਏ ਖਰਚੇ ਦਾ ਅੰਦਾਜਾ ਲਾਇਆ ਗਿਆ। ਇਹ ਵੀ ਫੈਸਲਾ ਹੋਇਆ ਕਿ ਇਹਦੇ ਵਾਸਤੇ ਮਹਾਰਾਜਾ ਫਰੀਦਕੋਟ ਤੋਂ ਵੀ ਮਾਲੀ ਇਮਦਾਦ ਲਈ ਜਾਵੇ।ਬਿਜਲੀਕਰਨ ਲਈ ਇੱਕ 11 ਮੈਂਬਰੀ ਕਮੇਟੀ ਵੀ ਬਣਾਈ ਗਈ ਜੀਹਦੇ ਸਕੱਤਰ ਸਰਦਾਰ ਸੁੰਦਰ ਸਿੰਘ ਮਜੀਠੀਆ ਨੂੰ ਬਣਾਇਆ ਗਿਆ।ਪਰ ਮਈ 1897 ਚ ਬਿਜਲੀ ਲਾਉਣ ਦੇ ਕੰਮ ਦੀ ਮੁਖਾਲਫਤ ਸੁਰੂ ਹੋ ਗਈ। ਮਹਾਰਾਜਾ ਫਰੀਦਕੋਟ ਦੇ ਉਦਮ ਨਾਲ ਸ਼੍ਰੀ ਢੋਲਣ ਦਾਸ ਨੇ 29 ਜੁਲਾਈ 1897 ਨੇ ਇੱਕ ਜਰਨੇਟਰ ਲਿਆ ਕੇ ਬਿਜਲੀ ਜਗਾ ਕੇ ਵੀ ਦਿਖਾਈ।29 ਜੁਲਾਈ ਨੂੰ ਹੀ ਲਾਹੌਰ ਵਾਲੀ ਸਿੰਘ ਸਭਾ ਨੇ ਬਿਜਲੀ ਦੇ ਕੰਮ ਦਾ ਬਕਾਇਦਾ ਵਿਰੋਧ ਕੀਤਾ।ਦਲੀਲ ਇਹ ਦਿੱਤੀ ਗਈ ਕਿ ਦੁਨੀਆ ਵਿੱਚ ਕਿਸੇ ਇਸਾਈ ਅਤੇ ਮੁਸਲਿਮ ਧਰਮ ਸਥਾਨ ਵਿੱਚ ਬਿਜਲੀ ਨਹੀ ਲੱਗੀ ਹੋਈ।ਮੁਸਲਮਾਨਾਂ ਦੇ ਧਰਮ ਸਥਾਨ ਕਾਅਬਾ ਤੇ ਇਸਾਈਆਂ ਦੇ ਵੱਡੇ ਵੱਡੇ ਗਿਰਜਾਘਰਾਂ ਜਿਵੇਂ ਕਿ ਵੈਸਟ ਮਿਨਸਟਰ ਐਬੇ, ਸੇਂਟ ਪਾਲ, ਸੇਂਟ ਪੀਟਰ ਅਤੇ ਇੰਗਲੈਂਡ ਦੇ ਹੋਰ 1500 ਵੱਡੇ ਗਿਰਜਾਘਰਾਂ ਵਿੱਚੋਂ ਕਿਸੇ ਵਿੱਚ ਕੋਈ ਬਿਜਲੀ ਨਹੀਂ ਲੱਗੀ ਹੋਈ।ਸਿੱਖਾਂ ਦੀ ਇੱਕ ਹੋਰ ਅਦਬ ਲਾਇਕ ਹਸਤੀ ਸੰਤ ਖਾਲਸਾ ਦਿਆਲ ਸਿੰਘ ਹੋਤੀ ਮਰਦਾਨ ਵਾਲਿਆਂ ਨੇ ਇਸ ਮਾਮਲੇ ਦੀ ਮੁਖਾਲਫਤ ਕਰਦਿਆਂ ਕਿਹਾ ਕਿ ਬਿਜਲੀ ਫਿੱਟ ਕਰਨ ਖਾਤਰ ਦਰਬਾਰ ਸਾਹਿਬ ਦੀਆਂ ਕੰਧਾਂ ਨੂੰ ਹਥੌੜੇ ਛੈਣੀਆਂ ਨਾਲ ਭੰਨਣਾ ਸਾਡੇ ਧਰਮ ਸਥਾਨ ਦੀ ਬੇਹੁਰਮਤੀ ਹੈ।ਖਾਲਸਾ ਅਖਬਾਰ ਲਾਹੌਰ ਨੇ 6 ਅਗਸਤ 1897 ਨੂੰ ਆਪਣੇ ਐਡੀਟੋਰੀਅਲ ਵਿੱਚ ਲਿਖਿਆ ਕਿ ਦਰਬਾਰ ਸਾਹਿਬ ਕੋਈ ਮਿਊਜ਼ੀਅਮ ਨਹੀਂ ਹੈ ਜੋ ਕਿ ਦਰਸ਼ਕਾਂ ਨੂੰ ਖਿਚਣ ਖਾਤਰ ਜਗਮਗਾਇਆ ਜਾਵੇ।ਵਿਰੋਧ ਕਰਨ ਵਾਲੇ ਹੋਰ ਲੋਕਾਂ ਨੇ ਕਿਹਾ ਕਿ ਸਾਡਾ ਇਹ ਧਰਮ ਸਥਾਨ ਪੁਰਾਤਨਤਾ ਦਾ ਪ੍ਰਤੀਕ ਹੈ ਤੇ ਇਸਦੀ ਪੁਰਾਤਨਤਾ ਨੂੰ ਸਾਇੰਸ ਦੀਆਂ ਕਾਢਾਂ ਦੇ ਇਸਤੇਮਾਲ ਨਾਲ ਝੁਠਲਾਇਆ ਨਹੀਂ ਜਾਣਾ ਚਾਹੀਦਾ।ਇਸ ਵਿਰੋਧ ਕਰਕੇ ਇੱਕ ਵਾਰ ਫਿਰ ਦਰਬਾਰ ਸਾਹਿਬ ਵਿੱਚ ਬਿਜਲੀ ਫਿੱਟ ਕਰਨ ਦਾ ਕੰਮ ਰੁਕ ਗਿਆ।ਦੋਵੇਂ ਧਿਰਾਂ ਆਪੋ ਆਪਣੀਆਂ ਦਲੀਲਾਂ ਦਿੰਦੀਆਂ ਰਹੀਆਂ ।ਆਖਿਰ 16 ਵਰ੍ਹਿਆਂ ਬਾਅਦ ਜਾ ਕੇ ਬਿਜਲੀ ਲਾਉਣ ਦੇ ਵਿਚਾਰ ਦੀ ਜਿੱਤ ਹੋਈ।ਇੱਥੇ ਕਹਿਣ ਦਾ ਭਾਵ ਇਹ ਹੈ ਕਿ ਬਿਜਲੀ ਲਾਉਣ ਸਮੇਂ ਦੋਵੇਂ ਪੱਖਾਂ ਤੇ ਬਹਿਸ ਹੋਈ ਸੀ ਤੇ ਸਿੱਖ ਸੰਗਤਾਂ ਨੂੰ ਆਪੋ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਮਿਲਿਆ।ਸ਼੍ਰੋਮਣੀ ਕਮੇਟੀ ਦੇ ਹੁਣ ਵਾਲੇ ਛੱਤ ਪਾਉਣ ਦੇ ਫੈਸਲੇ ਨਾਲ ਦਰਬਾਰ ਸਾਹਿਬ ਦੀ ਅਸਲੀ ਦਿੱਖ ਵਿੱਚ ਵੱਡੀ ਤਬਦੀਲੀ ਆਉਣੀ ਹੈ।ਜੇ ਇਹਨੂੰ ਤਬਦੀਲੀ ਨਾ ਵੀ ਕਿਹਾ ਜਾਵੇ ਤਾਂ ਅਸੀਂ ਇਹਨੂੰ ਤਬਦੀਲੀ ਦਾ ਮੁੱਢ ਬੰਨਣਾ ਕਹੇ ਬਿਨਾਂ ਨਹੀਂ ਰਹਿ ਸਰਦੇ।ਜਿਵੇਂ ਦਰਸ਼ਣੀ ਡਿਊੜੀ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਜਾਂਦੇ ਪੁਲ ਤੱਕ ਛੱਤ ਪਾ ਕੇ ਇਸਦੀ ਪਹਿਲਾਂ ਹੀ ਦਿੱਖ ਬਦਲ ਦਿੱਤੀ ਗਈ ਹੈ।ਪਹਿਲਾਂ ਦਰਸ਼ਣੀ ਡਿਊੜੀ ਤੋਂ ਹੀ ਸੰਗਤਾਂ ਨੂੰ ਦਰਬਾਰ ਸਾਹਿਬ ਦੇ ਦਰਸ਼ਣ ਸ਼ੁਰੂ ਹੋ ਜਾਂਦੇ ਸੀ ਜੋ ਕਿ ਪੁਲ ਤੇ ਛੱਤ ਪਾਉਣ ਨਾਲ ਢਕੇ ਗਏ। ਪੁਲ ਤੇ ਛੱਤ ਪਾਉਣ ਤੋਂ ਪਹਿਲਾਂ ਹੋਰ ਬਹੁਤ ਸਾਰੇ ਗੁਰਦੁਆਰਿਆਂ ਨੂੰ ਜਾਂਦੇ ਰਾਹਾਂ ਤੇ ਫਾਈਬਰ ਦੀਆਂ ਛੱਤਾਂ ਪਾਈਆਂ ਗਈਆਂ ਜਦੋਂ ਕਿਸੇ ਨੇ ਉਨ੍ਹਾਂ ਨੂੰ ਨਾ ਟੋਕਿਆ ਤਾਂ ਦਰਬਾਰ ਸਾਹਿਬ ਨੂੰ ਜਾਂਦੇ ਰਾਹ(ਪੁਲ) ਤੇ ਛੱਤ ਪਾ ਦਿੱਤੀ ਗਈ।ਇਸ ਕੰਮ ਤੇ ਵੀ ਜਦੋਂ ਕਿਸੇ ਪਾਸਿਓ ਉਜਰ ਨਾ ਹੋਇਆ ਤਾਂ ਹੁਣ ਹਰਿ ਕੀ ਪਾਉੜੀ ਤੇ ਛੱਤ ਪਾਉਣ ਦਾ ਕੰਮ ਸ਼ੁਰੂ ਹੋ ਗਿਆ।ਹੁਣ ਜਦੋਂ ਇਸਤੇ ਕਿਸੇ ਪਾਸਿਓ ਕੋਈ ਵਿਰੋਧ ਦੀ ਆਵਾਜ਼ ਨਹੀਂ ਆਈ ਤਾਂ ਕੀ ਯਕੀਨ ਹੈ ਕਿ ਸ਼੍ਰੋਮਣੀ ਕਮੇਟੀ ਇਸ ਤੋਂ ਅਗਾਂਹ ਨਹੀਂ ਵਧੇਗੀ।ਫੇਰ ਦਰਬਾਰ ਸਾਹਿਬ ਦੀ ਅੰਦਰਲੀ ਪਰਿਕਰਮਾ ਤੇ ਵੀ ਛੱਤ ਪਾਉਣ ਦਾ ਕੰਮ ਸ਼ੁਰੂ ਹੋ ਸਕਦਾ ਹੈ।ਇਹਤੋਂ ਅਗਾਂਹ ਸ਼੍ਰੀ ਦਰਬਾਰ ਸਾਹਿਬ ਦੀ ਦਿੱਖ ਜੜੋਂ ਹੀ ਬਦਲਣ ਦੀ ਮਨਸੂਬਾਬੰਦੀ ਦੀ ਪੇਸ਼ਕਦਮੀ ਸ਼ੁਰੂ ਵੀ ਹੋ ਗਈ ਜਾਪਦੀ ਹੈ।ਸ਼੍ਰੋਮਣੀ ਕਮੇਟੀ ਦੀ ਜਿਸ ਮੀਟਿੰਗ ਵਿੱਚ ਛੱਤ ਪਾਉਣ ਦਾ ਫੈਸਲਾ ਹੋਇਆ ਹੈ ਉਸੇ ਮੀਟਿੰਗ ਵਿੱਚ ਗੁਰਦੁਆਰਾ ਸ਼੍ਰੀ ਕੇਸਗੜ ਸਾਹਿਬ ਦੀ ਇਮਾਰਤ ਦੇ ਨਵੀਨੀਕਰਨ ਕਰਨ ਦਾ ਵੀ ਫੈਸਲਾ ਹੋਇਆ ਹੈ।ਫੈਸਲੇ ਚ ਕਿਹਾ ਗਿਆ ਹੈ ਕਿ ਇੱਕ ਸੌ ਕਰੋੜ ਦੀ ਲਾਗਤ ਨਾਲ ਸ਼੍ਰੀ ਕੇਸਗੜ ਸਾਹਿਬ ਦੀ ਇਮਾਰਤ ਦਾ ਨਵੀਨੀਕਰਨ ਹੋਵੇਗਾ।ਨਵੀਨੀਕਰਨ ਦੀ ਕਾਰ ਸੇਵਾ ਨਿਸ਼ਕਾਮ ਸੇਵਾ ਜੱਥਾ ਬਰਮਿੰਘਮ ਦੇ ਬਾਬਾ ਮਹਿੰਦਰ ਸਿੰਘ ਨੂੰ ਦੇ ਦਿੱਤੀ ਗਈ ਹੈ।ਭਾਵੇਂ ਸ਼੍ਰੋਮਣੀ ਕਮੇਟੀ ਨੇ ਨਵੀਨੀਕਰਨ ਦੀ ਵਿਸਥਾਰ ਚ ਵਿਆਖਿਆ ਨਹੀਂ ਕੀਤੀ ਪਰ ਇਸ ਦਾ ਸਿੱਧਾ ਮਤਲਬ ਇਹ ਕਿ ਗੁਰਦੁਆਰੇ ਨੂੰ ਢਾਹ ਕੇ ਨਵਾਂ ਬਣਾਇਆ ਜਾਵੇਗਾ।ਅੱਜ ਤੱਕ ਕਿਸੇ ਇਹ ਨਹੀਂ ਕਿਹਾ ਕਿ ਇਸ ਗੁਰਦੁਆਰੇ ਦੀ ਇਮਾਰਤ ਵਿੱਚ ਕੋਈ ਕਮੀ ਆ ਗਈ ਹੈ ਜਾਂ ਇਸ ਦੀ ਦਿੱਖ ਸੋਹਣੀ ਨਹੀਂ ਹੈ।ਨਵੀਨੀਕਰਨ ਦਾ ਭਾਵ ਇਹ ਹੈ ਕਿ ਪੁਰਾਣੇ ਨੂੰ ਢਾਹ ਕੇ ਨਵਾਂ ਬਨਾਉਣਾ।ਸਿੱਖਾਂ ਦੇ ਇੱਕ ਤਖਤ ਨੂੰ ਢਾਹੁਣਾ ਪਰ ਉਹਦਾ ਕੋਈ ਕਾਰਨ ਨਾ ਦੱਸਣਾ ਤੇ ਸਭ ਤੋਂ ਵੱਡੀ ਗੱਲ ਕਿ ਇੱਡੇ ਵੱਡੇ ਫੈਸਲੇ ਤੇ ਸਿੱਖਾਂ ਦੇ ਕੰਨ ਤੇ ਜੂੰ ਜਿੰਨ੍ਹਾਂ ਵੀ ਅਸਰ ਨਾ ਹੋਣਾ ਹੈਰਾਨੀ ਦੇ ਨਾਲ ਨਾਲ ਫਿਕਰਮੰਦੀ ਦਾ ਵੀ ਬਾਇਸ ਹੈ।ਨਵਾਂ ਗੁਰਦੁਆਰਾ ਕਿਸ ਸ਼ਕਲ ਦਾ ਹੋਵੇਗਾ ਇਹ ਨਹੀਂ ਦੱਸਿਆ ਗਿਆ।ਇਹ ਵੀ ਨਹੀਂ ਦੱਸਿਆ ਕਿ ਇੱਡੇ ਵੱਡੇ ਫੈਸਲੇ ਦੀ ਗੱਲ ਕਦੋਂ ਤੇ ਕੀਹਨੇ ਸ਼ੁਰੂ ਕੀਤੀ ਤੇ ਅਜਿਹੀ ਤਜਵੀਜ ਫੈਸਲੇ ਵਿੱਚ ਬਦਲਣ ਲਈ ਕੇਹੜੇ ਕੇਹੜੇ ਦੌਰ ਚੋਂ ਗੁਜਰੀ।ਇਹੀ ਗੱਲ ਹਰ ਕੀ ਪਾਉੜੀ ਤੇ ਛੱਤ ਪਾਉਣ ਦੀ ਹੈ। ਸ਼੍ਰੋਮਣੀ ਕਮੇਟੀ ਨੇ ਇਹ ਨਹੀਂ ਦੱਸਿਆ ਕਿ ਛੱਤ ਪਾਉਣੀ ਕਿਓਂ ਜਰੂਰੀ ਹੈ ਤੇ ਇਸਦਾ ਦਰਬਾਰ ਸਾਹਿਬ ਦੇ ਮੂਲ ਨਕਸ਼ੇ ਤੇ ਕੀ ਅਸਰ ਪਵੇਗਾ।ਜੇ ਤਖਤ ਸ਼੍ਰੀ ਕੇਸਗੜ ਸਾਹਿਬ ਨੂੰ ਬਿਨਾਂ ਕਿਸੇ ਕਾਰਨੋਂ ਢਾਹ ਕੇ ਇਸਦੀ ਦਿੱਖ ਬਦਲੀ ਜਾ ਸਕਦੀ ਹੈ ਤਾਂ ਇਸ ਗੱਲ ਦੀ ਕੀ ਗਰੰਟੀ ਹੈ ਕਿ ਅਗਲੇ ਸਾਲ ਸ਼੍ਰੋਮਣੀ ਕਮੇਟੀ ਸ਼੍ਰੀ ਦਰਬਾਰ ਸਾਹਿਬ ਢਾਹ ਕੇ ਨਵਾਂ ਬਣਾਉਣ ਦੀ ਕਾਰਵਾਈ ਨਹੀਂ ਕਰੇਗੀ।ਇਸ ਤੋਂ ਪਹਿਲਾਂ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਚਕਾਰ ਲੱਗੇ ਨਿਸ਼ਾਨ ਸਾਹਿਬਾਂ ਤੇ ਲੱਗੇ ਖੰਡਿਆਂ ਦੀ ਥਾਂ ਤੀਰ ਲਾ ਦਿੱਤੇ ਗਏ ਹਨ।ਇਹਦਾ ਵੀ ਕੋਈ ਕਾਰਨ ਨਹੀਂ ਦੱਸਿਆ ਗਿਆ।ਇਹ ਕੰਮ ਕਮੇਟੀ ਦੇ ਪ੍ਰਧਾਨ ਸ. ਕਿਰਪਾਲ ਸਿੰਘ ਬਡੂੰਗਰ ਮੌਕੇ ਹੋਇਆ ਸੀ।ਇਸ ਤੋਂ ਦਰਸ਼ਣੀ ਡਿਊੜੀ ਦੇ ਪੁਰਾਤਨ ਦਰਵਾਜੇ ਲਾਹੁਣ, ਦਰਬਾਰ ਸਾਹਿਬ ਵਿੱਚ ਏਅਰ ਕੰਡੀਸ਼ਨ ਲਾਉਣ ਦਾ ਕੰਮ ਹੋਇਆ।ਹਾਲਾਂਕਿ ਗਿਰਦੋ-ਨੁਮਾ ਵਿੱਚ ਪਾਣੀ ਹੋਣ ਕਰਕੇ ਦਰਬਾਰ ਸਾਹਿਬ ਅੰਦਰੋਂ ਪਹਿਲਾਂ ਹੀ ਠੰਢਾ ਰਹਿੰਦਾ ਸੀ।ਇਸ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਵਿੱਚੋਂ ਬਖਸ਼ਿਸ਼ ਹੁੰਦੇ ਸਿਰੋਪਾਓ ਦਾ ਰੰਗ ਪੀਲੇ ਤੋਂ ਭਗਵਾਂ ਕੀਤਾ ਗਿਆ ਤਾਂ ਫਿਰ ਵੀ ਕੋਈ ਵੀ ਸਿੱਖ ਨਹੀਂ ਬੋਲਿਆ।ਇਥੋਂ ਹੀ ਦੇਖੋ ਦੇਖ ਹਰ ਥਾਂ ਸਿਰੋਪਾਓ ਦਾ ਰੰਗ ਭਗਵਾਂ ਹੋ ਗਿਆ।ਪਿੰਡਾਂ ਵਿੱਚ ਵੀ ਨਿਸ਼ਾਨ ਸਾਹਿਬ ਤੇ ਖੰਡੇ ਦੀ ਥਾਂ ਤੀਰਾਂ ਨੇ ਲੈ ਲਈ।ਪੁਰਾਤਨ ਗੁੰਬਦਾਂ ਵਾਲੇ ਆਲੀਸ਼ਾਨ ਗੁਰਦੁਆਰੇ ਢਾਹ ਕੇ ਮੰਦਰ ਇਮਾਰਤਸਾਜੀ ਵਾਂਗ ਲੰਬੀਆਂ ਉੱਚੀਆਂ ਟੀਸੀ ਕੱਢ ਇਮਾਰਤਾਂ ਗੁਰਦੁਆਰਿਆਂ ਦੀ ਬਣਨ ਲੱਗੀਆਂ ਨੇ ਤੇ ਪੁਰਾਤਨ ਗੁਰਦੁਆਰਾ ਇਮਾਰਤਸਾਜੀ ਦਾ ਭੋਗ ਪਾਇਆ ਜਾ ਰਿਹਾ ਹੈ।ਕਹਿਣ ਦਾ ਭਾਵ ਇਹ ਕੇ ਨਵੀਨੀਕਰਨ ਦੀ ਆੜ ਹੇਠ ਗੁਰਦੁਆਰਿਆਂ ਦੀ ਨਕਸ਼ਾਕਾਰੀ/ਆਰਟੀਟੈਕਟ ਵਿੱਚ ਮੁੱਢਲੀਆਂ ਤੇ ਸਿਧਾਂਤਕ ਪੱਖੋਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ।ਨਿਸ਼ਾਨ ਸਾਹਿਬ ਦਾ ਨਿਸ਼ਾਨ ਬਦਲਣਾ ਅਤੇ ਸਿਰੋਪਾਓ ਦਾ ਰੰਗ ਬਦਲਣਾ ਕੋਈ ਛੋਟੀ ਮੋਟੀ ਤਬਦੀਲੀ ਨਹੀਂ ਹੈ।ਅੱਜ ਥਾਂਈ ਕਿਸੇ ਧਰਮ ਨੇ ਆਪਣੇ ਨਿਸ਼ਾਨ ਜਾਂ ਰੰਗ ਵਿੱਚ ਤਬਦੀਲੀ ਨਹੀਂ ਕੀਤੀ।ਇਥੇ ਸਿੱਖਾਂ ਦਾ ਸਿਰਮੌਰ ਅਦਾਰਾ ਬਿਨਾਂ ਕਿਸੇ ਨੂੰ ਪਤਾ ਲਾਇਓਂ ਚੁੱਪ ਚੁਪੀਤੇ ਹੀ ਇਹ ਸਭ ਕੁੱਝ ਕਰੀ ਜਾਂਦਾ ਹੈ ਤੇ ਸਿੱਖਾਂ ਦੀਆਂ ਅੱਖਾਂ ਨੂੰ ਇਹ ਸਭ ਕੁੱਝ ਰੜਕਦਾ ਨਹੀਂ।ਇਸ ਤੋਂ ਪਹਿਲਾਂ ਕਿ ਸ਼੍ਰੋਮਣੀ ਕਮੇਟੀ ਸ਼੍ਰੀ ਹਰਮਿੰਦਰ ਸਾਹਿਬ ਨੂੰ ਨਵੀਨੀਕਰਨ ਦੇ ਨਾਂਅ ਤੇ ਕੇਸਗੜ ਵਾਂਗ ਢਾਹੁਣ ਦੇ ਰਾਹ ਪਵੇ ਸਿੱਖਾਂ ਨੂੰ ਇਹ ਚਾਹੀਦਾ ਹੈ ਕਿ ਉਹ ਸ਼੍ਰੋਮਣੀ ਨੂੰ ਇਹ ਕਹਿਣ ਕਿ ਪੰਥ ਨੂੰ ਇਹ ਜਾਣਕਾਰੀ ਦੇਵੇ ਕਿ ਸੋਨੇ ਦੀ ਛੱਤ ਪਾਉਣ ਅਤੇ ਕੇਸਗੜ ਸਾਹਿਬ ਦੀ ਇਮਾਰਤ ਨੂੰ ਢਾਹੁਣ ਦਾ ਕੀ ਪਿਛੋਕੜ ਹੈ ਤੇ ਸ਼੍ਰੋਮਣੀ ਕਮੇਟੀ ਇਹ ਹੱਕ ਨਹੀਂ ਹੈ ਕਿ ਉਹ ਸਾਡੇ ਦਰਬਾਰ ਸਾਹਿਬ ਤੇ ਤਖਤਾਂ ਦੀ ਪੁਰਾਤਨ ਦਿੱਖ ਨੂੰ ਵਿਗਾੜ ਸਕੇ।”

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  Fri, 3 Aug 18

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com